THAPPAD



Director : Anubhav Sinha



Cast :  Taapsi Pannu , Maya sarao , Pavail Gulati , Ratna Pathak shah , Kumund Mishra , Dia Mirza , Ram Kapoor 



Review : Harpal Singh





ਥੱਪੜ ਮਾਰਨਾ....ਖਾਸ ਕਰਕੇ ਜਦੋਂ ਇਹ ਥੱਪੜ ਇਕ ਹਸਬੈੰਡ ਵਲੋਂ ਆਪਣੀ ਵਾਈਫ ਨੂੰ ਮਾਰਿਆ ਜਾਂਦਾ ਹੈ....ਤਾਂ ਇਸਨੂੰ ਕੋਈ ਸੀਰੀਅਸ ਨਹੀਂ ਲਿਆ ਜਾਂਦਾ....ਲੋਕ ਇਸਨੂੰ ' ਏਨਾ ਤਾਂ ਚਲਦਾ ਹੈ ' ਆਖ ਕੇ ਭੁਲ ਜਾਂਦੇ ਨੇ...


ਪਰ ਇਕ ਇਮੈਜਿਨੇਸ਼ਨ ਕਰਕੇ ਦੇਖੋ....ਭਰੀ ਮਹਿਫਲ ਚ ਇਕ ਔਰਤ ਆਪਣੇ ਹਸਬੈਂਡ ਨੂੰ ਇਸ ਕਰਕੇ ਥੱਪੜ ਮਾਰ ਦਵੇ...ਕਿ ਉਹ ਖਿਝੀ ਹੋਈ ਹੈ....ਜਾਂ ਨਸ਼ੇ ਚ ਹੈ....ਤਾਂ ਸੋਚੋ....ਹਸਬੈਂਡ ਦਾ ਕੀ ਰੀਐਕਸ਼ਨ ਹੋਵੇਗਾ...??


ਹਸਬੈਂਡ ਨੂੰ ਕੁਛ ਦੇਰ ਲਈ ਇਕ ਪਾਸੇ ਕਰ ਦਵੋ....ਪਾਰਟੀ ਚ ਮੌਜੂਦ ਪ੍ਰੋਹਣਿਆਂ ਦੀ ਕੀ ਪ੍ਰਤੀਕਿਰਿਆ ਹੋਵੇਗੀ ??


ਔਰਤ ਵਲੋਂ ਮਰਦ ਨੂੰ ਮਾਰਿਆ ਗਿਆ ਥੱਪੜ ਲੋਕਾਂ ਨੂੰ ਆਸਾਨੀ ਨਾਲ ਸਹਿਣ ਹੋ ਜਾਵੇਗਾ ???


" ਕੋਈ ਨਾ...ਏਨੀ ਕੁ ਗੱਲ ਦਾ ਕੀ ਇਸ਼ੂ ਬਣਾਉਣਾ " ਆਖ ਕੇ ਸਭ ਇਸ ਨੂੰ ਭੁੱਲ ਸਕਣਗੇ ??

ਫਿਲਮ ਦੀ ਨਾਇਕਾ ਆਮ ਘਰੇਲੂ ਔਰਤਾਂ ਵਰਗੀ ਹੈ...ਸਵੇਰੇ ਜਲਦੀ ਬਿਸਤਰੇ ਨੂੰ ਛੱਡ ਦਿੰਦੀ ਹੈ....ਘਰ ਦੇ ਬਾਹਰੋਂ ਦੁੱਧ ਦੀਆਂ ਬੋਤਲਾਂ ਚੁਕਦੀ ਹੈ....ਚਾਹ ਬਣਾਉਂਦੀ ਹੈ....ਸੱਸ ਦਾ ਬਲੱਡ ਪ੍ਰੇਸ਼ਰ ਚੈਕ ਕਰਦੀ ਹੈ....ਤੇ ਇਸਦੇ ਬਦਲੇ ਚ ਉਹ ਕੀ ਚਾਹੰਦੀ ਹੈ ??

ਪਿਆਰ ਤੇ ਇਜ਼ਤ....


ਇਸ ਫਿਲਮ ਚ ਇਕ ਦ੍ਰਿਸ਼ ਆਉਂਦਾ ਹੈ...ਜਦੋਂ ਹਸਬੈਂਡ ਡਰਿੰਕ ਕਰਕੇ ਆਪਣੇ ਹੀ ਅਫਸਰ ਨਾਲ ਬਹਿਸ ਕਰਦਾ ਹੈ....ਉਸਦੀ ਵਾਈਫ ਉਸਨੂੰ ਹਟਾਉਣ ਦੀ ਕੋਸ਼ਿਸ਼ ਕਰਦੀ ਹੈ....ਹਸਬੈਂਡ ਹੱਟ ਨਹੀਂ ਰਿਹਾ...ਵਾਈਫ ਉਸਨੂੰ ਖਿੱਚਦੀ ਹੈ....ਅਚਾਨਕ ਹਸਬੈਂਡ ਆਪਣੀ ਵਾਈਫ ਨੂੰ ਥੱਪੜ ਮਾਰ ਦਿੰਦਾ ਹੈ.... ਵਾਈਫ ਜੋ ਕਿ 
ਤਾਪਸੀ ਪੰਨੂ ਹੈ ਆਲੇ ਦੁਆਲੇ ਖੜੇ ਮਹਿਮਾਨਾਂ ਵੱਲ ਦੇਖਦੀ ਹੋਈ ਚੁੱਪ ਕਰਕੇ ਆਪਣੇ ਕਮਰੇ ਚ ਚਲੀ ਜਾਂਦੀ ਹੈ....


ਤਾਪਸੀ ਦੀ ਸੱਸ ਉਸਨੂੰ ਅੰਦਰ ਬੈਠੇ ਰਹਿਣ ਦੀ ਬਜਾਏ ਬਾਹਰ ਆਉਣ ਨੂੰ ਬੋਲਦੀ ਹੈ....ਉਸਨੂੰ ਫਿਕਰ ਹੈ ਕਿ ਪ੍ਰੋਹਨੇ ਕੀ ਸੋਚਣਗੇ...ਨਾ ਕਿ ਉਸਨੂੰ ਇਹ ਫਿਕਰ ਹੈ ਕਿ ਮੇਰੀ ਨੂੰਹ ਦੇ ਮਨ ਉਪਰ ਕੀ ਬੀਤ ਰਹੀ ਹੋਵੇਗੀ ....


ਬਹੁਤੇ ਦਰਸ਼ਕ ਇਸੇ ਗੱਲ ਉਪਰ ਫੱਸੇ ਰਹਿ ਜਾਂਦੇ ਨੇ ਕਿ ਇਕ ਔਰਤ ਇਕ ਥੱਪੜ ਨੂੰ ਲੈ ਕੇ ਏਨਾ ਇਸ਼ੂ ਬਣਾ ਰਹੀ ਹੈ....ਜਦੋਂ ਕਿ ਇਸ਼ੂ ਥੱਪੜ ਦਾ ਉਦੋਂ ਹੁੰਦਾ ਹੈ...ਜਦੋਂ ਅਗਲੀ ਸਵੇਰ ਉਠ ਕੇ ਵੀ ਹਸਬੈਂਡ ਥੱਪੜ ਮਾਰਨ ਲਈ ਖੁਦ ਨੂੰ ਗਲਤ ਨਾ ਮਹਿਸੂਸ ਕਰਕੇ ਆਪਣੇ ਮੂਡ ਨੂੰ ਲੈ ਕੇ ਸਫਾਈ ਦੇਣ ਲੱਗ ਜਾਂਦਾ ਹੈ... ਕੀ ਹਸਬੈਂਡ ਆਪਣੇ ਖਰਾਬ ਮੂਡ ਚ ਆਪਣੀ ਮਾਂ ਨੂੰ ਜਾਂ ਬਾਪ ਨੂੰ ਵੀ ਐਦਾਂ ਥੱਪੜ ਰਸੀਦ ਕਰ ਸਕਦਾ ਸੀ ?? ਨਹੀਂ...ਉਹ ਐਦਾਂ ਨਹੀਂ ਸੀ ਕਰ ਸਕਦਾ....ਫੇਰ ਉਸਨੇ ਵਹੁਟੀ ਨੂੰ ਥੱਪੜ ਕਿਦਾਂ ਮਾਰਿਆ ??


 ਅਸਲ ਚ ਸਾਡੇ ਸਮਾਜ ਚ ਇਹ ਗੱਲ ਵੀ ਸਾਡੇ ਦਿਮਾਗ ਅੰਦਰ ਭਰ ਦਿੱਤੀ ਗਈ ਹੈ....ਕਿ ਜਿਥੇ ਪਿਆਰ ਹੋਵੇ....ਉਥੇ ਹੱਥ ਚੁੱਕਣ ਦਾ ਹੱਕ ਵੀ ਮਿਲ ਜਾਂਦਾ ਹੈ.... ਇਹ ਗੱਲ ਵੀ ਸਮਾਜ ਨੇ ਸਹਿਜ ਹੀ ਕਬੂਲ ਕਰ ਲਈ ਹੋਈ ਹੈ ਕਿ ਮੀਆਂ ਬੀਵੀ ਦੇ ਝਗੜੇ ਚ ਮੀਆਂ ਦਾ ਹੱਥ ਚੁੱਕਣਾ ਹੋ ਹੀ ਜਾਂਦਾ ਹੈ....


ਏਨੀ ਕੁ ਗੱਲ ਨੂੰ ਖਿੱਚਣਾ ਨਾ-ਸਮਝੀ ਮੰਨਿਆ ਜਾਂਦਾ ਹੈ.... ਪਰ ਥੱਪੜ ਮਾਰਨਾ ਕਿਉਂ ਹਿੰਸਾ ਨਹੀਂ ਹੈ ?? ਇਸਨੂੰ ਕਿਸੇ ਵੀ ਹਾਲਾਤ ਨਾਲ ਜੋੜ ਕੇ ਕਿਦਾਂ ਸਹੀ ਸਾਬਤ ਕੀਤਾ ਜਾ ਸਕਦਾ ਹੈ....


ਮੇਰੀ ਇਸੇ ਫਿਲਮ ਦੀ ਪੋਸਟ ਥੱਲੇ ਮੇਰੇ ਇਕ ਮਿੱਤਰ ਨੇ ਕੋਮੈਂਟ ਕੀਤਾ ਸੀ....ਕਿ ਹਸਬੈਂਡ ਆਪਣੀ ਵਾਈਫ ਨੂੰ ਖੂਬ ਪਿਆਰ ਵੀ ਕਰਦਾ ਹੈ....ਫੇਰ ਵੀ ਵਾਈਫ ਗੱਲ ਨੂੰ ਖਿੱਚਦੀ ਹੈ...ਤੇ ਕਿਦਾਂ ਫੇਰ ਅੰਤ ਚ ਇਕ ਸੌਰੀ ਨਾਲ ਹੀ ਮੰਨ ਵੀ ਜਾਂਦੀ ਹੈ...


ਪਿਆਰ ਕਰਨਾ ਬੇਸ਼ਕ ਕਿੰਨਾ ਵੀ ਹੋਵੇ...ਸ਼ਰੀਰਕ ਹਿੰਸਾ ਕਿਵੇਂ ਜਾਇਜ਼ ਹੈ ??


ਆਪਾਂ ਅਕਸਰ ਐਦਾਂ ਦੇ ਉਪਦੇਸ਼ ਪੜ੍ਹਦੇ ਸੁਣਦੇ ਹਾਂ ਕਿ ਪਿਆਰ ਚ ਸੌਰੀ ਵਗੇਰਾਹ ਨਹੀਂ ਹੁੰਦੀ...ਜਦੋਂ ਕਿ ਮੇਰਾ ਮੰਨਣਾ ਹੈ ਕਿ ਮੁਆਫੀ ਮੰਗਣਾ ਕਿਸੇ ਵੀ ਰਿਸ਼ਤੇ ਚ ਜਰੂਰੀ ਹੈ...ਜੇ ਕਿਸੇ ਰਿਸ਼ਤੇ ਚ ਗਲਤੀ ਹੋਣ ਦੀ ਗੁੰਜਾਇਸ਼ ਹੈ...ਤਾਂ ਮੁਆਫੀ ਮੰਗਣ ਦੀ ਵੀ ਜਰੂਰਤ ਹਮੇਸ਼ਾਂ ਹੈ...


ਫਿਲਮ ਚ ਤਾਪਸੀ ਨੂੰ ਥੱਪੜ ਵਜਣਾ....ਤੇ ਤਾਪਸੀ ਦਾ ਰੀਐਕਸ਼ਨ...ਅਤੇ ਫਿਲਮ ਵੇਖ ਰਹੇ ਦਰਸ਼ਕਾਂ ਦਾ ਰੇਈਐਕਸ਼ਨ...ਏਨਾ ਚ ਵਿਖਦਾ ਫਰਕ ਹੀ ਫਿਲਮ ਦਾ ਵਿਸ਼ਾ ਹੈ....ਜਦੋਂ ਫਿਲਮ ਦੇਖ ਰਹੇ ਦਰਸ਼ਕਾਂ ਨੂੰ ਕੁੜੀ ਦਾ ਥੱਪੜ ਖਾ ਕੇ ਤਲਾਕ ਤੱਕ ਗੱਲ ਨੂੰ ਲੈ ਜਾਣਾ ਫਾਲਤੂ ਲਗਨ ਲੱਗ ਜਾਵੇ....ਤਾਂ ਏਸਦਾ ਸਿੱਧਾ ਏਹੀ ਮਤਲਬ ਹੈ ਕਿ ਫ਼ਿਲਮ ਦਾ ਵਿਸ਼ਾ ਜਰੂਰੀ ਹੈ.....ਇਹ ਗੱਲ ਕਰਨੀ ਜ਼ਰੂਰੀ ਹੈ ਕਿ ਹਸਬੈਂਡ ਦਾ ਵਾਈਫ ਨੂੰ ਥੱਪੜ ਮਾਰਨਾ ਇਕ ਜੁਰਮ ਹੈ....

ਫਿਲਮ ਚ ਅਲੱਗ ਅਲੱਗ ਉਮਰ ਦੇ ਅਲੱਗ ਅਲੱਗ ਜੋਡ਼ੇ ਨੇ....ਜਿਨ੍ਹਾਂ ਦੀ ਆਪਣੇ ਪਾਰਟਨਰ ਨਾਲ ਵੱਖੋ ਵੱਖਰੀ ਕੈਮਿਸਟਰੀ ਹੈ....ਤੇ ਹਰ ਕੈਮਿਸਟਰੀ ਚੋ ਤੁਸੀਂ ਆਪਣੇ ਮਤਲਬ ਦਾ ਕੁਛ ਨਾ ਕੁਛ ਲੈ ਸਕਦੇ ਹੋ....ਜਿਵੇਂ ਨੌਕਰਾਣੀ ਦਾ ਰੋਜ਼ ਆਪਨੇ ਘਰਵਾਲੇ ਕੋਲੋਂ ਮਾਰ ਖਾਣਾ....ਤੇ ਮਾਰ ਖਾ ਕੇ ਵੀ ਜ਼ਰਾ ਫੀਲ ਨਾ ਕਰਨਾ....ਕਿਉਂਕਿ ਉਸਨੇ ਏਹੀ ਸਬਕ ਸਿਖਿਆ ਹੈ ਕਿ ਘਰਵਾਲੇ ਐਦਾਂ ਦੇ ਹੀ ਹੁੰਦੇ ਨੇ....


ਇਕ ਮੱਧਵਰਗੀ ਬਜ਼ੁਰਗ ਔਰਤ....ਜਿਸਨੂੰ ਉਸਦੀ ਮਾਂ ਨੇ ਸਿਖਾਇਆ ਸੀ ਕਿ ਔਰਤਾਂ ਨੂੰ ਬੜੀਆਂ ਗੱਲਾਂ ਨੂੰ ਛੱਡ ਦੇਣਾ ਚਾਹੀਦਾ ਹੈ....ਤਾਂ ਕਿ ਪਰਿਵਾਰ ਬਣਿਆ ਰਹੇ...ਉਸਦੀ ਮਾਂ ਨੂੰ ਉਸਦੀ ਮਾਂ ਨੇ ਇਹ ਗੱਲ ਸਿਖਾਈ ਸੀ...ਹੁਣ ਉਹ ਆਪਣੀ ਧੀ ਨੂੰ ਏਹੀ ਗੱਲ ਸਮਝਾਉਣ ਨੂੰ ਲੱਗੀ ਹੋਈ ਹੈ...


ਇਕ ਭਰਾ ਹੈ....ਜੋ ਆਪਣੀ ਭੈਣ ਦੇ ਵੱਜੇ ਥੱਪੜ ਲਈ ਏਨਾ ਖਰਾਬ ਫੀਲ ਨਹੀਂ ਕਰਦਾ....ਜਿੰਨਾ ਖਰਾਬ ਉਸਨੂੰ ਆਪਣੀ ਭੈਣ ਦਾ ਥੱਪੜ ਖਾਣ ਤੋਂ ਬਾਦ ਘਰ ਛੱਡ ਆਉਣਾ ਲਗਦਾ ਹੈ...


ਇਕ ਵਕੀਲ ਹੈ....ਔਰਤ ਵਕੀਲ....ਜੋ ਵਕੀਲ ਨਾਲੋਂ ਔਰਤ ਜਿਆਦਾ ਹੈ....ਤੇ ਕਾਮਯਾਬ ਵਕੀਲ ਹੋਣ ਦੇ ਬਾਵਜੂਦ ਮਰਦ ਤੋਂ ਮਿਲਿਆ ਦਰਦ ਸਹਿਣਾ ਆਪਣੀ ਰਜ਼ਾ ਸਮਝਦੀ ਹੈ....


ਫਿਲਮ ਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਇਹ ਆਪਣੇ ਵਿਸ਼ੇ ਨੂੰ ਇਕ ਦਮਦਾਰ ਤਰੀਕੇ ਨਾਲ ਦਰਸ਼ਕਾਂ ਅੱਗੇ ਨਹੀਂ ਰੱਖ ਪਾਉਂਦੀ....ਪਰ ਓਹ ਇਸ ਵਿਸ਼ੇ ਨੂੰ ਸਾਡੇ ਅੱਗੇ ਰੱਖਦੀ ਹੈ...ਇਹ ਵੀ ਵੱਡੀ ਗੱਲ ਹੈ....

ਫਿਲਮ ਦੀ ਬਣਤਰ ਥੋਡ਼ੀ ਬੋਝਲ ਹੈ...ਪਰ ਫਿਲਮ ਦੇ ਡਾਇਲਾਗ ਸੁਣਨ ਲਾਇਕ ਨੇ...ਤੇ ਜੇ ਤੁਹਾਡੇ ਅੰਦਰ ਅਜੇ ਵੀ ਆਤਮਾ ਹੈ....ਤਾਂ ਇਹ ਡਾਇਲੋਗ ਤੁਹਾਨੂੰ ਤਾਪਸੀ ਪੰਨੂ ਦੇ ਦਰਦ ਨਾਲ ਰੁ ਬ ਰੁ ਕਰਵਾ ਸਕਦੇ ਨੇ... ਅਸਲ ਚ ਫਿਲਮ ਦੇ ਸੰਵਾਦ ਫਿਲਮ ਦੇ ਥੰਮੇ ਨੇ...ਜਿੰਨਾ ਦੇ ਆਸਰੇ ਫਿਲਮ ਖੜੀ ਹੁੰਦੀ ਹੈ.... ਜੇ ਤੁਸੀਂ ਫਿਲਮ ਦੇਖਦੇ ਸਮੇਂ ਇਸਦੇ ਸੰਵਾਦਾਂ ਨੂੰ ਨਹੀਂ ਸੁਣਦੇ...ਸੰਵਾਦਾਂ ਉਪਰ ਗੌਰ ਨਹੀਂ ਕਰਦੇ....ਤਾਂ ਫਿਲਮ ਤੁਹਾਡੇ ਤੱਕ ਪੁੱਜੇਗੀ ਹੀ ਨਹੀਂ...


ਫਿਲਮ ਦੇ ਸ਼ੁਰੂ ਚ ਜਦੋਂ ਤਾਪਸੀ ਅਤੇ ਬਾਕੀ ਦੇ ਕਿਰਦਾਰਾਂ ਦੀ ਰੋਜ਼ ਦੀ ਰੂਟੀਨ ਵਿਖਾਈ ਜਾਂਦੀ ਹੈ....ਉਦੋਂ ਫਿਲਮ ਦਾ ਪਿਛੋਕੜ ਸੰਗੀਤ ਬੜਾ ਚੁਸਤ ਹੈ....ਜਿਦਾਂ ਹਰ ਪਾਤਰ ਗੁਣਗੁਨਾ ਰਿਹਾ ਹੋਵੇ... 


ਜਿਦਾਂ ਹੀ ਤਾਪਸੀ ਦੇ ਥੱਪੜ ਵਜਦਾ ਹੈ....ਫਿਲਮ ਚ ਸੱਨਾਟਾ ਕਾਇਮ ਹੋ ਜਾਂਦਾ ਹੈ.....ਬੈਕਗਰਾਊਂਡ ਸੰਗੀਤ ਖਤਮ ਹੋ ਜਾਂਦਾ ਹੈ...ਜਿਦਾਂ ਹਰ ਪਾਤਰ ਸਦਮੇ ਚ ਚਲਾ ਗਿਆ ਹੋਵੇ.... 


ਫੇਰ ਜਦੋਂ ਤਾਪਸੀ ਅਲੱਗ ਹੋਣ ਦਾ ਫੈਸਲਾ ਕਰਦੀ ਹੈ...ਤਾਂ ਬੈਕਗਰਾਊਂਡ ਸੰਗੀਤ ਇਕ ਵਾਰ ਫੇਰ ਸ਼ੁਰੂ ਹੁੰਦਾ ਹੈ...ਜਿਸਦੇ ਚ ਹਲਕਾ ਉਦਾਸੀ ਵਾਲਾ ਫੀਲ ਹੈ....



ਕੁਮੁੰਦ ਮਿਸ਼ਰਾ ਜੋ ਤਾਪਸੀ ਦੇ ਬਾਪ ਦੇ ਰੋਲ ਚ ਹੈ....ਉਸਦਾ ਡਾਇਲਾਗ - 


" ਮਾਵਾਂ ਕੋਲ ਖੁਸ਼ ਹੋਣ ਲਈ ਜਿਆਦਾ ਆਪਸ਼ਨ ਨਹੀਂ ਹੁੰਦੀਆਂ....ਉਹ ਕਿਸੇ ਹੋਰ ਦੀ ਖੁਸ਼ੀ ਨਾਲ ਵੀ ਖੁਸ਼ ਹੋ ਜਾਂਦੀਆਂ ਨੇ " ਇਹ ਸੰਵਾਦ ਵੀ ਮੈਨੂੰ ਬਹੁਤ ਪਿਆਰਾ ਅਤੇ ਭਾਵੁਕ ਜਾਪਿਆ....


" ਪਾਪਾ ਮੈਂ ਕੁਛ ਗ਼ਲਤ ਤਾਂ ਨਹੀਂ ਕਰ ਰਹੀ ? " ਤਾਪਸੀ ਆਪਣੇ ਪਿਤਾ ਨੂੰ ਪੁੱਛਦੀ ਹੈ... 

 " ਤੂੰ ਆਪਣੇ ਅੰਦਰ ਦੇਖ...ਜੇ ਤੇਰੀ ਆਤਮਾ ਤੈਨੂੰ ਠੀਕ ਕਹਿ ਰਹੀ ਹੈ ਤਾਂ ਉਸਦੀ ਆਵਾਜ਼ ਸੁਣ...ਪਰ ਸਹੀ ਹੋਣਾ ਹਮੇਸ਼ਾਂ ਹੀ ਸਭ ਸਹੀ ਨਹੀਂ ਕਰਦਾ..ਜਾਂ ਸਹੀ ਹੋਣਾ ਹਮੇਸ਼ਾਂ ਹੀ ਖੁਸ਼ੀ ਨਹੀਂ ਦਿੰਦਾ " ਪਿਤਾ ਦਾ ਜੁਆਬ ਹੁੰਦਾ ਹੈ...


ਫਿਲਮ ਚ ਬਹੁਤ ਸਾਰੇ ਡਾਇਲਾਗ ਦਿਲ ਨੂੰ ਛੁਹੰਦੇ ਨੇ....ਜਿਵੇਂ ਤਾਪਸੀ ਬੋਲਦੀ ਹੈ ਕਿ ਹਰ ਕੋਈ ਉਸਨੂੰ ਸਭ ਭੁੱਲ ਕੇ ਅੱਗੇ ਵਧ ਜਾਣ ਲਈ ਬੋਲਦਾ ਹੈ....ਪਰ ਕੋਈ ਥੱਪੜ ਮਾਰਨ ਵਾਲੇ ਨੂੰ ਇਕ ਵਾਰ ਵੀ ਇਹ ਨਹੀਂ ਆਖਦਾ ਕਿ ਤੂੰ ਗਲਤ ਕੀਤਾ ਹੈ...


ਹਰ ਅਦਾਕਾਰ ਨੇ ਆਪਣਾ ਰੋਲ ਚੰਗੀ ਤਰਾਂ ਨਾਲ ਨਿਭਾਇਆ ਹੈ....ਪਰ ਬੜੇ ਸਾਰੇ ਕਿਰਦਾਰ ਗੈਰ ਜਰੂਰੀ ਲੱਗੇ ਨੇ...ਜਿੰਨਾ ਦਾ ਨਾ ਹੋਣਾ ਵੀ ਕਹਾਣੀ ਉਪਰ ਕੋਈ ਅਸਰ ਨਹੀ ਸੀ ਕਰਨ ਵਾਲਾ...


ਫਿਲਮ ਦਾ ਪਿਛੋਕੜ ਸੰਗੀਤ ਬੜਾ ਔਸਤ ਜਿਹਾ ਹੈ...ਜੋ ਬੇਹਤਰ ਹੁੰਦਾ ਜ਼ਰਾ ਕੁ ਹੋਰ...ਤਾਂ ਫਿਲਮ ਹੋਰ ਵਧੀਆ ਲੱਗ ਸਕਦੀ ਸੀ...


" ਟੂਟ ਕੇ ਹੱਮ ਦੋਨੋਂ ਮੇਂ...ਜੋ ਬਚਾ ਵੋਹ ਕਮ ਸਾ ਹੈ " ਇਹ ਗੀਤ ਫਿਲਮ ਚ ਅਲੱਗ ਅਲੱਗ ਥਾਵਾਂ ਤੇ ਆਂਦਾ ਹੈ...ਜੋ ਸੁਣਨ ਲਾਇਕ ਹੈ...ਮਾਹੌਲ ਮੁਤਾਬਕ ਸ਼ਾਂਤ ਵੀ ਹੈ....ਤੇ ਪਾਤਰਾਂ ਦੇ ਨਾਲ ਜੁੜਦਾ ਵੀ ਹੈ....


" ਹਾਇਓ ਰੱਬਾ ਨਹੀਓ ਲਗਦਾ ਦਿਲ ਮੇਰਾ " ਵੀ ਸੋਹਣਾ ਹੈ....ਰੇਸ਼ਮਾ ਦੀ ਆਵਾਜ਼ ਵਾਲਾ ਅਸਰ ਤਾਂ ਇਸ ਚ ਨਹੀਂ ਹੈ...ਫੇਰ ਵੀ ਸਿਚੁਏਸ਼ਨ ਮੁਤਾਬਕ ਚੰਗਾ ਲਗਦਾ ਹੈ....


ਫਿਲਮ ਦਾ ਵਿਸ਼ਾ ਜਿਦਾਂ ਦਾ ਸੀ...ਉਦਾਂ ਦੇ ਵਿਸ਼ੇ ਚ ਫਿਲਮ ਨੂੰ ਦਰਸ਼ਕਾਂ ਦੇ ਵੇਖਣਯੋਗ ਬਣਾਈ ਰੱਖਣਾ ਔਖਾ ਕੰਮ ਸੀ...ਪਰ ਫਿਲਮ ਬਿਠਾਈ ਰੱਖਦੀ ਹੈ.....ਪਰ ਉਦੋਂ ਹੀ ਜਦੋਂ ਤੁਸੀਂ ਫਿਲਮ ਚ ਚੁਕੇ ਗਏ ਮਸਲੇ ਨੂੰ ਮਸਲਾ ਸਮਝੋਗੇ....ਜੇ ਤੁਹਾਡੇ ਲਈ ਇਹ ਮਸਲਾ ਹੈ ਹੀ ਨਹੀਂ....ਤਾਂ ਇਹ ਫ਼ਿਲਮ ਤੁਹਾਨੂੰ ਔਰਤ ਪੱਖੀ ਲਗੇਗੀ....ਤੇ ਤੁਹਾਡੇ ਅੰਦਰਲਾ ਮਰਦ ਅਜੇ ਵੀ ਇਸ ਥੱਪੜ ਨੂੰ ' ਯਾਰ ਇਕ ਥੱਪੜ ਹੀ ਸੀ...ਕੀ ਆਫ਼ਤ ਆ ਗਈ ਜੇ ਵੱਜ ਗਿਆ " ਆਖ ਕੇ ਦੂਜੇ ਮਰਦ ਨੂੰ ਬਰੀ ਕਰਨਾ ਜਾਰੀ ਰੱਖੇਗਾ...


ਅਸਲ ਚ ਇਹ ਫਿਲਮ ਹੀਰੋ ਹੀਰੋਈਨ ਦੀ ਨਹੀਂ ਹੈ...ਇਹ ਸਮਾਜ ਦੇ ਤਮਾਮ ਮਰਦਾਂ ਅਤੇ ਔਰਤਾਂ ਦੀ ਹੈ....ਹੈਰਾਨੀ ਉਦੋਂ ਹੋਰ ਹੁੰਦੀ ਹੈ ਜਦੋਂ ਔਰਤਾਂ ਹੀ ਥੱਪੜ ਖਾ ਕੇ ਬਗਾਵਤ ਕਰ ਰਹੀ ਔਰਤ ਖਿਲਾਫ ਭੁਗਤਣ....ਜਿਵੇ ਹਰ ਔਰਤ ਨੂੰ ਇਹ ਸਮਝ ਘੋਟ ਕੇ ਪਿਆ ਦਿਤੀ ਗਈ ਹੈ ਕਿ ਅਪਣੇ ਘਰਵਾਲੇ ਕੋਲੋਂ ਥੱਪੜ ਖਾਣਾ ਕੋਈ ਐਡੀ ਵੱਡੀ ਗੱਲ ਤਾਂ ਬਿਲ੍ਕੁਲ ਨਹੀਂ ਹੈ ਜਿਸਦਾ ਮਸਲਾ ਬਣਾਇਆ ਜਾਵੇ...


ਫੇਰ ਗੱਲ ਮਰਦ ਉਪਰ ਆਉਂਦੀ ਹੈ...ਕਿ ਉਸਨੇ ਆਪਣੀ ਔਰਤ ਨੂੰ ਥੱਪੜ ਮਾਰਨ ਤੋਂ ਬਾਦ ਕਦੀ ਅਫਸੋਸ ਪੈਦਾ ਕੀਤਾ ਹੈ ਆਪਣੇ ਮਨ ਚ...?

ਕੀ ਉਸਨੂੰ ਕੁਦੀ ਫੀਲ ਹੋਇਆ ਹੈ ਕਿ ਇਕ ਮਾਮੂਲੀ ਥੱਪੜ ਵੀ ਕਿਸੇ ਦੀ ਰੂਹ ਨੂੰ ਹਮੇਸ਼ਾਂ ਲਈ ਜ਼ਖਮੀ ਕਰ ਸਕਦਾ ਹੈ..??


ਅਨੁਭਵ ਸਿਨਹਾ ਦੀ ਇਸ ਫਿਲਮ ਨੂੰ ਵੇਖਦੇ ਹੋਏ ਮੈਨੂੰ ਪਾਕਿਸਤਾਨੀ ਫਿਲਮ ' ਪੰਜਾਬ ਨਹੀਂ ਜਾਊਂਗੀ ' ਯਾਦ ਆ ਰਹੀ ਸੀ....ਜਿਸਦੇ ਚ ਹਸਬੈਂਡ ਦਾ ਆਪਣੀ ਵਹੁਟੀ ਨੂੰ ਮਾਰਿਆ ਗਿਆ ਥੱਪੜ ਇਕ ਵੱਡਾ ਕਲੇਸ਼ ਖੜ੍ਹਾ ਕਰ ਦਿੰਦਾ ਹੈ....ਪਰ ਉਸ ਫਿਲਮ ਨੂੰ ਕੁਛ ਇਸ ਤਰ੍ਹਾਂ ਨਾਲ ਬਣਾਇਆ ਗਿਆ ਸੀ ਕਿ ਸਾਰੀ ਹਮਦਰਦੀ ਥੱਪੜ ਮਾਰਨ ਵਾਲਾ ਹੀਰੋ ਲੈ ਗਿਆ ਸੀ... ਪਰ ਥੱਪੜ ਫਿਲਮ ਅਪਣੇ ਸਬਜੈਕਟ ਨੂੰ ਕਾਮਯਾਬੀ ਨਾਲ ਪੇਸ਼ ਕਰਦੀ ਹੈ....ਪਰ ਮਜ਼ੇਦਾਰ ਤਰੀਕੇ ਨਾਲ ਪੇਸ਼ ਕਰਨ ਚ ਇਹ ਜ਼ਰਾ ਢਿੱਲੀ ਰਹਿ ਜਾਂਦੀ ਹੈ....ਤੇ ਅਨੁਭਵ ਸਿਨਹਾ ਆਪਣੀਆਂ ਪਿਛਲੀਆਂ ਫ਼ਿਲਮਾਂ ' ਮੁੱਲਕ ' ਅਤੇ ' ਆਰਟੀਕਲ ਪੰਦਰਾਂ ' ਵਾਂਗ ਇਕ ਤੇਜ਼ ਤਰਾਰ ਤੇ ਜੋਸ਼ੀਲੀ ਫਿਲਮ ਨਹੀਂ ਰੱਚ ਸਕਿਆ....ਪਰ ਇਸ ਦੇ ਬਾਵਜੂਦ ਵੀ ਏਹ ਫਿਲਮ ਹਰ ਮਰਦ ਨੂੰ ਜਰੂਰ ਹੀ ਦੇਖਣੀ ਚਾਹੀਦੀ ਹੈ....ਸ਼ਾਇਦ ਫਿਲਮ ਦਾ ਕੋਈ ਇਕ ਨਿੱਕਾ ਦ੍ਰਿਸ਼ ਵੀ ਉਸਦੇ ਮਨ ਚ ਔਰਤ ਨੂੰ ਹੋਏ ਦਰਦ ਦਾ ਐਹਸਾਸ ਕਰਵਾ ਸਕੇ....


ਫਿਲਮ ਚ ਤਾਪਸੀ ਦਾ ਕੰਮ ਸੋਹਣਾ ਹੈ.....ਕੁਮੁੰਦ ਮਿਸ਼ਰਾ ਅਤੇ ਰਤਨਾ ਪਾਠਕ ਦੇ ਸੀਨ ਕਾਫ਼ੀ ਵਧੀਆ ਬਣੇ ਨੇ...ਦੀਆ ਮਿਰਜ਼ਾ ਬੇਅਸਰ ਜਾਪੀ ਹੈ...ਮਾਇਆ ਸਰਾਓ ਲਈ ਵੀ ਤਾਰੀਫ ਹੀ ਨਿਕਲਦੀ ਹੈ...ਬਾਕੀ ਸਾਰੇ ਕਲਾਕਾਰ ਵੀ ਚੰਗੇ ਨਿਭੇ ਨੇ ਤੇ ਹਰੇਕ ਨੂੰ ਕਾਫੀ ਸਕਰੀਨ ਸਪੇਸ ਮਿਲੀ ਹੈ...


ਫਿਲਮ ਨੂੰ ਤੁਸੀਂ ਜਰੂਰ ਹੀ ਦੇਖੋ...ਜੇ ਕਿਸੇ ਦੇ ਨਾਲ ਰਿਸ਼ਤੇ ਚ ਹੋ.....

ਜੇ ਔਰਤਾਂ ਦੇ ਹੱਕ ਦੀ ਗੱਲ ਕਰਨ ਨੂੰ ਆਪਣੀ ਹੇਠੀ ਸਮਝਦੇ ਹੋ ਤਾਂ ਘਰੇ ਹੀ ਠੀਕ ਹੋ...ਇਹ ਫ਼ਿਲਮ ਤੁਹਾਨੂੰ ਬੋਰ ਕਰੇਗੀ... 

 ਬੱਚਿਆਂ ਨੂੰ ਨਾਲ ਲੈ ਕੇ ਜਾਓਗੇ...ਤਾਂ ਉਹ ਵੀ ਬੋਰ ਹੋਣਗੇ...ਤੇ ਯਕੀਨਨ ਹੋਰਨਾਂ ਦਰਸ਼ਕਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਨਗੇ... 

ਫਿਲਮ ਦੇ ਅੰਤ ਚ ਤੁਸੀਂ ਕੀ ਲੈ ਕੇ ਆ ਰਹੇ ਹੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਮਨ ਚ ਤਰਸ ਦਾ ਪਾਤਰ ਹਸਬੈੰਡ ਸੀ ਜਾਂ ਵਾਈਫ...ਤੇ ਜੇ ਤੁਹਾਡਾ ਮਨ ਤਾਪਸੀ ਦੇ ਲਈ ਹਮਦਰਦੀ ਫੀਲ ਕਰਦਾ ਹੈ....ਤਾਂ ਏਸਦਾ ਮਤਲਬ ਹੈ ਕਿ ਫਿਲਮਕਾਰ ਆਪਣੇ ਮਕਸਦ ਚ ਸਫਲ ਰਿਹਾ ਹੈ....

ਰੇਟਿੰਗ - 3/5

harpal1980.singh@gmail.com