RAINY DAY
Writer : Harpal Singh
ਮੀਂਹ ਸੋਹਣਾ ਹੈ...
ਪਰ ਜਦੋਂ ਇਹ ਦਿਨ ਦੇ ਸਮੇਂ ਆਵੇ ਤਾਂ ਡਿਊਟੀ ਤੋਂ ਦੇਰੀ ਕਰਵਾ ਦਿੰਦਾ ਹੈ...
ਭਿੱਜਦੇ ਵੀ ਜਾਓ ਤਾਂ ਕਿਸੇ ਦਾ ਫੋਨ ਨਾ ਚੁੱਕਿਆ ਜਾਵੇ ਤਾਂ ਵੀ ਸਭ ਨੂੰ ਘੜੀ ਮੁੜੀ ਫੋਨ ਨਾ ਚੁੱਕੇ ਜਾਣ ਦਾ ਕਾਰਨ ਦਸਣਾ ਪੈਂਦਾ ਹੈ...
ਮੀਂਹ ਦਾ ਮਜ਼ਾ ਉਦੋਂ ਹੀ ਹੈ ਜਦੋਂ ਵੇਹਲੇ ਹੋਵੋ...
ਦੋਸਤਾਂ ਨਾਲ ਹੋਵੋ...
ਆਪਣੇ ਪ੍ਰੇਮੀ ਪ੍ਰੇਮਿਕਾ ਨਾਲ ਹੋਵੋ...
ਤੇ ਕੋਈ ਕਾਹਲ ਨਾ ਹੋਵੇ...
ਬਸ ਮਨ ਭਾਉਂਦਾ ਸਾਥ ਹੋਵੇ ਤੇ ਮੀਂਹ ਨੂੰ ਦੇਖਣਾ ਹੋਵੇ....
ਪਰ ਕਈ ਵਾਰ ਸੋਚਦਾ ਹਾਂ ਕਿ ਆਪਾਂ ਆਪਣੀ ਮਸ਼ਰੂਫੀਅਤ ਦੇ ਹਿਸਾਬ ਨਾਲ ਮੌਸਮ ਨੂੰ ਚੰਗਾ ਜਾਂ ਖਰਾਬ ਆਖਣ ਲੱਗ ਜਾਂਦੇ ਹਾਂ...ਜਦੋਂ ਕਿ ਹਰ ਮੌਸਮ ਚ ਕੋਈ ਨਾ ਕੋਈ ਰੰਗ ਹੁੰਦਾ ਹੈ.. ਬਸ ਆਪਾਂ ਕੋਲ ਹੀ ਕਈ ਵਾਰ ਮਾਨਣ ਦਾ ਸਮਾਂ ਨਹੀਂ ਹੁੰਦਾ ਤੇ ਕਦੀ ਮੂਡ ਨਹੀਂ ਹੁੰਦਾ..ਆਪਾਂ ਆਨੰਦ ਨੂੰ ਮਾਨਣ ਲਈ ਵੀ ਸ਼ਰਤਾਂ ਰੱਖਦੇ ਹਾਂ...
" ਮੀਂਹ ਦੇ ਮੌਸਮ ਚ ਕੁਛ ਲਿਖਣ ਦਾ ਦਿਲ ਤਾਂ ਕਰਦਾ ਹੀ ਹੋਵੇਗਾ.. ਹੈ ਨਾ ? " ਮੇਰੀ ਦੋਸਤ ਮੈਨੂੰ ਪੁੱਛਦੀ ਹੈ...
" ਹਾਂ...ਮੀਂਹ ਵਾਲਾ ਮੌਸਮ ਹਮੇਸ਼ਾਂ ਮੈਨੂੰ ਕੁਝ ਨਵਾਂ ਲਿਖਣ ਲਈ ਤਿਆਰ ਕਰਦਾ ਹੈ " ਮੈਂ ਜੁਆਬ ਦਿੰਦਾ ਹਾਂ..
" ਕਿਵੇਂ ਦਾ ਲਿਖਣਾ ਚਾਹੋਗੇ...ਅੱਜ ਦੇ ਪਿਆਰੇ ਮੌਸਮ ਚ ? "
" ਮੈਂ ਇਸ ਮੀਂਹ ਚ ਇਕ ਘਰ ਨੂੰ ਦਿਖਾਉਣਾ ਚਾਹੰਗਾ...ਜੋ ਪਿੰਡ ਦੇ ਬਾਹਰਵਾਰ ਹੋਵੇ...ਜਿਸਦੇ ਆਲੇ ਦੁਆਲੇ ਹੋਰ ਕੋਈ ਘਰ ਨਾ ਹੋਵੇ...ਤੇ ਤੇਜ਼ ਮੀਂਹ ਚ ਇਸ ਘਰਦੇ ਅੰਦਰੋਂ ਇਕ ਪਰਛਾਵਾਂ ਨਿਕਲਦਾ ਦੂਰੋਂ ਕਿਸੇ ਨੂੰ ਦਿਖੇ...ਜਿਸਦੇ ਹੱਥ ਚ ਲਹੂ ਨਾਲ ਭਿੱਜਿਆ ਛੁਰਾ ਹੋਵੇ... ਤੇ ਉਸਦੇ ਚਲੇ ਜਾਣ ਤੋਂ ਬਾਦ ਉਸ ਘਰ ਅੰਦਰੋਂ ਇਕ ਚੀਕ ਗੂੰਜੇ... ਲੋਕ ਇਕੱਠੇ ਹੋ ਜਾਣ...ਤਾਂ ਪਤਾ ਲੱਗੇ ਕਿ ਘਰਦੀ ਉਪਰਲੀ ਮੰਜ਼ਲ ਚ ਬਣੇ ਕਮਰੇ ਚ ਇਕ ਨੌਜਵਾਨ ਕੁੜੀ ਦੀ ਲਾਸ਼ ਪਈ ਹੈ....ਲੋਕ ਖੁਸਰ ਫੁਸਰ ਕਰਨ ਕਿ ਬਾਹਰ ਨਿਕਲਿਆ ਪਰਛਾਵਾਂ ਕੌਨ ਸੀ...ਕੌਣ ਸੀ ਕਾਤਲ...ਮੀਂਹ ਹੋਰ ਤੇਜ਼ ਹੋ ਜਾਵੇ... ਮਾਹੌਲ ਡਰ ਨਾਲ ਭਰ ਜਾਵੇ " ਮੈਂ ਆਪਣੀ ਕਲਪਨਾ ਦਸੀ...
" ਹੇ ਪ੍ਰਮਾਤਮਾ....ਐਸੀ ਰੋਮਾਂਟਿਕ ਬਾਰਸ਼ ਚ ਵੀ ਤੁਸੀਂ ਇਹ ਕਤਲ ਦੀਆਂ ਕਹਾਣੀਆਂ ਲੈ ਆਏ ਹੋ " ਉਹ ਹੱਸ ਕੇ ਬੋਲੀ...
" ਮੇਰੀਆਂ ਕਲਪਨਾ ਚ ਏਦਾਂ ਦੀਆਂ ਕਹਾਣੀਆਂ ਹੀ ਚਲਦੀਆਂ ਨੇ...ਮੈਂ ਜੇ ਰੋਮਾਂਸ ਬਾਰੇ ਵੀ ਲਿਖਾਂਗਾ.. ਤਾਂ ਉਸ ਚ ਵੀ ਡਰ ਅਤੇ ਸਸਪੈਂਸ ਹੋਵੇਗਾ...."
" ਤੁਸੀਂ ਪਾਗਲ ਹੋ...ਜਾਂ ਸਨਕੀ " ਉਸਨੇ ਮੱਥੇ ਉਪਰ ਹੱਥ ਮਾਰਿਆ...
" ਸਨਕੀ ਹੋਏ ਬਿਨਾਂ ਲਿਖਣਾ ਔਖਾ ਹੈ.. ਥੋੜਾ ਪਾਗਲਪਨ ਨਾ ਹੋਵੇਗਾ ਤਾਂ ਲਿਖਣਾ ਨਹੀਂ ਹੋ ਸਕਦਾ..."
" ਮੈਨੂੰ ਏਨਾ ਕੁਛ ਨਹੀਂ ਪਤਾ...ਗੱਲ ਮੀਂਹ ਦੀ ਸੀ...ਕਿਧਰ ਚਲੀ ਗਈ ? " ਉਹ ਖਿਝ ਕੇ ਬੋਲੀ...
" ਚੱਲ ਆ...ਮੀਂਹ ਚ ਭਿੱਜ ਲੈਂਦੇ ਹਾਂ...ਕਿੰਨੀ ਕੁ ਵੱਡੀ ਗੱਲ ਹੈ " ਮੈਂ ਉਸਦਾ ਹੱਥ ਫੜਿਆ ...
ਉਹ ਖੜੀ ਹੋ ਗਈ ਸੀ.....ਉਸਦਾ ਹੱਥ ਮੇਰੇ ਹੱਥ ਚ ਸੀ....ਅਸੀਂ ਦੋਵੇਂ ਮੀਂਹ ਵੱਲ ਵਧੇ....
ਅਚਾਨਕ ਮੈਂ ਰੁੱਕਿਆ....ਉਸਨੇ ਮੈਨੂੰ ਖਿੱਚਣ ਦੀ ਕੋਸ਼ਿਸ਼ ਕੀਤੀ...ਪਰ ਮੈਂ ਖੜਾ ਰਿਹਾ...
" ਕੀ ਹੋਇਆ...ਤੁਰਦੇ ਨਹੀਂ " ਉਸਨੇ ਮੇਰੇ ਵੱਲ ਦੇਖਿਆ..
ਮੈਂ ਉਸਦੇ ਵੱਲ ਦੇਖਿਆ...ਤੇ ਇਸ਼ਾਰੇ ਨਾਲ ਉਸਨੂੰ ਸਾਹਮਣੇ ਛੱਤ ਵੱਲ ਦੇਖਣ ਲਈ ਆਖਿਆ...
ਉਸਦੀਆਂ ਨਜ਼ਰਾਂ ਸਾਹਮਣੇ ਛੱਤ ਵੱਲ ਚਲੀਆਂ ਗਈਆਂ....ਦੋ ਨੌਜਵਾਨ ਇਕ ਦੂਜੇ ਨਾਲ ਚਿਪਕੇ ਖੜੇ ਸੀ....ਤੇਜ਼ ਮੀਂਹ ਨੇ ਦੋਵਾਂ ਨੂੰ ਭਿਉਂ ਛੱਡਿਆ ਸੀ...ਪਰ ਦੋਨਾਂ ਨੂੰ ਜਿਵੇਂ ਕੋਈ ਖਬਰ ਨਹੀਂ ਸੀ....ਦੋਵੇਂ ਇਕ ਦੂਜੇ ਨੂੰ ਬਾਹਵਾਂ ਚ ਲਪੇਟੀ ਖੜੇ ਰਹੇ...
" ਕੀ ਸੋਚਣ ਲੱਗ ਗਈ ? " ਮੈਂ ਪੁੱਛਿਆ...
" ਕੋਈ ਏਨਾ ਦੀ ਵੀਡੀਓ ਬਣਾ ਕੇ ਫੇਸਬੁਕ ਉਪਰ ਪਾ ਦਵੇ ਤਾਂ ਫੇਰ ? "
" ਫੇਰ ਕੀ...ਫੇਰ ਲੋਕ ਆਪਣੀ ਭੜਾਸ ਕਢਣਗੇ..ਹੋਰ ਕੀ ਹੋਣਾ..."
" ਕਲ੍ਹ ਨੂੰ ਸਾਡੇ ਆਪਣੇ ਬੱਚੇ ਜੇ ਏਦਾਂ ਕਰਦੇ ਹੋਣ...ਫੇਰ ਆਪਾਂ ਕੀ ਕਰਾਂਗੇ " ਓਹ੍ਹ ਗੌਰ ਨਾਲ ਮੇਰੇ ਵੱਲ ਦੇਖ ਕੇ ਬੋਲੀ...
" ਆਪਾਂ ਕੁਛ ਨਹੀਂ ਕਰ ਸਕਦੇ...ਜੇ ਕਰਾਂਗੇ ਕੁਛ ਤਾਂ ਇਹ ਸਾਡਾ ਦਖਲ ਹੋਵੇਗਾ....ਚੰਗਾ ਦਖਲ ਹੋਵੇਗਾ ਜਾਂ ਖਰਾਬ ਦਖਲ ਹੋਵੇਗਾ ਇਹ ਹਾਲਾਤਾਂ ਉਪਰ ਨਿਰਭਰ ਕਰੇਗਾ...ਪਰ ਦਖਲ ਤਾਂ ਜਰੂਰ ਹੋਵੇਗਾ..."
" ਮਤਲਬ ਕਿ ਆਪਾਂ ਨੂੰ ਇਹ ਸਭ ਦੇਖ ਕੇ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਨੇ ? " ਉਹ ਅਜੇ ਵੀ ਆਪਣੇ ਸੁਆਲ ਕਰਦੀ ਰਹੀ...
" ਅੱਖਾਂ ਬੰਦ ਕਰਨੀਆਂ ਅਜੇ ਆਪਾਂ ਨਹੀਂ ਸਿੱਖੇ....ਜਿਸ ਦਿਨ ਸਿੱਖ ਲਵਾਂਗੇ ਜ਼ਿੰਦਗੀਆਂ ਚੋ ਚੋਰੀਆਂ ਚਕਾਰੀਆਂ ਮੁੱਕ ਜਾਣਗੀਆਂ....ਸ਼ਾਇਦ ਜ਼ਿੰਦਗੀਆਂ ਜਿਆਦਾ ਸੁਖਾਲੀਆਂ ਹੋ ਜਾਣ "
ਅਚਾਨਕ ਛੱਤ ਉਪਰ ਖੜੇ ਨੌਜਵਾਨਾਂ ਦੀ ਨਿਗਾਹ ਸਾਡੇ ਵੱਲ ਪਈ....ਦੋਵੇਂ ਤ੍ਰਭਕ ਗਏ ਸੀ....ਮੀਂਹ ਚ ਭਿੱਜੇ ਚੇਹਰਿਆਂ ਉਪਰ ਵੀ ਡਰ ਸਾਫ ਨਜ਼ਰ ਆ ਰਿਹਾ ਸੀ...
ਅਚਾਨਕ ਦੋਵੇਂ ਨੌਜਵਾਨ ਸ਼ਾਂਤ ਨਜ਼ਰ ਆਉਣ ਲੱਗੇ....ਦੋਵਾਂ ਦੇ ਚੇਹਰੇ ਉਪਰ ਖੁਸ਼ੀ ਚਮਕ ਰਹੀ ਸੀ....
ਉਸਨੇ ਨੌਜਵਾਨਾਂ ਵੱਲ ਦੇਖ ਕੇ ਆਪਣਾ ਹੱਥ ਚੁੱਕਿਆ...ਤੇ ਥੰਬ ਦਾ ਇਸ਼ਾਰਾ ਬਣਾਇਆ....
" ਇਨਜੋਏ ਯੂਅਰ ਲਾਈਫ " ਉਸਦੇ ਨੌਜਵਾਨਾਂ ਵੱਲ ਦੇਖ ਕੇ ਬੋਲੇ ਸ਼ਬਦ ਮੇਰੇ ਕੰਨਾਂ ਚ ਪਏ ਤਾਂ ਮੈਂ ਵੀ ਹੱਸ ਪਿਆ ਸੀ....
ਮੀਂਹ ਅਜੇ ਵੀ ਪੂਰੇ ਜ਼ੋਰ ਸ਼ੋਰ ਨਾਲ ਵਰ ਰਿਹਾ ਸੀ...
( ਖਤਮ )
harpal1980.singh@gmail.com

0 Comments