Playing With Fire ( Netflix Web Series )

 

Director : Mafer Suarez , Riccardo Gabriell

 

Screenplay : Jullia Mantejo , Jose Luis Acosta

 

Cast : Jason Day , Margarita Rosa De Francisko , Carlos Ponce , Gaby Espino , Laura Perico Alejandro

Review : Harpal Singh

 

 

ਸਪੈਨਿਸ਼ ਭਾਸ਼ਾ ਦੀ ਇਹ ਵੈਬ ਸੀਰੀਜ਼ ਦਾ ਅਸਲੀ ਟਾਈਟਲ Jugar Con Fuego ਹੈ ਪਰ ਨੈਟਫਲਿਕਸ ਉਪਰ ਇਹ playing with fire ਦੇ ਨਾਮ ਨਾਲ ਮੌਜੂਦ ਹੈ...


ਜਿਦਾਂ ਕਿ ਸੀਰੀਜ਼ ਦਾ ਨਾਮ ਹੀ ' ਅੱਗ ਨਾਲ ਖੇਡਣਾ ' ਹੈ...ਏਸਦਾ ਹੀਰੋ ਇਕੋ ਸਮੇਂ ਤਿੰਨ ਔਰਤਾਂ ਦੇ ਨਾਲ ਰਿਸ਼ਤੇ ਚ ਰਹਿੰਦਾ ਹੈ...ਤੇ ਉਸਦਾ ਇਹ ਰਿਸ਼ਤਾ ਵਾਕਿਆ ਹੀ ਅੱਗ ਨਾਲ ਖੇਡਣਾ ਹੀ ਸਾਬਤ ਹੁੰਦਾ ਹੈ...


ਜੇ ਤੁਸੀਂ ਇਹ ਸੀਰੀਜ਼ ਨਹੀਂ ਦੇਖੀ ਤਾਂ ਇਹ ਸਮੀਖਿਆ ਏਥੇ ਹੀ ਪੜ੍ਹਨਾ ਬੰਦ ਕਰ ਸਕਦੇ ਹੋ...ਕਿਉਂਕਿ ਅੱਗੇ ਪੜ੍ਹਨ ਤੋਂ ਬਾਦ ਤੁਸੀਂ ਜਾਣ ਜਾਓਗੇ ਕਿ ਮੈਂ ਕਹਾਣੀ ਦੇ ਕਈ ਸਾਰੇ ਸਸਪੈਂਸ ਡਿਸਕਸ ਕਰ ਰਿਹਾ ਹਾਂ ਜੋ ਸੀਰੀਜ਼ ਦੇਖ ਕੇ ਹੀ ਪੜ੍ਹਨੇ ਚਾਹੀਦੇ ਨੇ...

 

 

 



ਕਹਾਣੀ ਦਾ ਵਿਸ਼ਾ ਭਾਵੇਂ ਕਾਮੁਕ ਹੈ...ਪਰ ਇਥੇ ਕਾਮੁਕਤਾ ਨੂੰ ਪ੍ਰਮੁੱਖਤਾ ਦੇਣ ਦੇ ਨਾਲ ਕਹਾਣੀ ਨੂੰ ਦਿਲਕਸ਼ ਅੰਦਾਜ਼ ਚ ਪੇਸ਼ ਕਰਨ ਨੂੰ ਵੀ  ਤਰਜੀਹ ਦਿਤੀ ਗਈ ਹੈ....


ਕਹਾਣੀ ਦੇ ਨਾਇਕ Fabrizo ਦਾ ਅੰਦਾਜ਼ ਬਹੁਤ ਸ਼ਾਨਦਾਰ ਹੈ...ਉਸਦੀ ਸਮਾਈਲ ਕਿੰਨੀਆਂ ਹੀ ਔਰਤਾਂ ਨੂੰ ਉਤੇਜਿਤ ਕਰਨ ਚ ਕਾਮਯਾਬ ਸਾਬਤ ਹੋਣ ਲਾਇਕ ਹੈ....ਜਿਦਾਂ ਕਿ ਕਹਾਣੀ ਚ ਇਹ ਦਿਖਾਇਆ ਗਿਆ ਹੈ ਕਿ Febrizo ਨੂੰ ਇਹ ਵਰ ਮਿਲਿਆ ਹੋਇਆ ਹੈ..ਕਿ ਉਹ ਦੁਨੀਆਂ ਦੀ ਕਿਸੇ ਵੀ ਔਰਤ ਨੂੰ ਹਾਸਲ ਕਰ ਸਕਦਾ ਹੈ...ਪਰ ਉਦੋਂ ਤੱਕ ਹੀ...ਜਦੋਂ ਤਕ ਉਸਨੂੰ ਕਿਸੇ ਦਾ ਨਾਲ ਸੱਚਾ ਪਿਆਰ ਨਹੀਂ ਹੋ ਜਾਂਦਾ...


Fabrizo ਦੀ Camila ਦੇ ਨਾਲ ਸ਼ੁਰੂਆਤੀ ਕੈਮਿਸਟਰੀ ਨਾ ਸਿਰਫ ਹਾਟ ਫੀਲ ਕਰਵਾਉਂਦੀ ਹੈ...ਐਦਾਂ ਲਗਨ ਲੱਗ ਜਾਂਦਾ ਹੈ ਕਿ ਦੋਨੋਂ ਸੱਚੇ ਪ੍ਰੇਮੀ ਨੇ....ਪਰ Fabrizo ਦਾ ਕਿਰਦਾਰ ਜਲਦੀ ਹੀ ਆਪਣੀ ਅਸਲੀਅਤ ਦਿਖਾਉਂਦਾ ਹੈ...ਕਿ ਇਹ ਨੌਜਵਾਨ ਬਸ ਕਿਸੇ ਔਰਤ ਦੇ ਸ਼ਰੀਰ ਤੱਕ ਹੀ ਸੀਮਤ ਹੈ....ਤੇ Camila ਨੂੰ ਪਾਸੇ ਕਰਦਾ ਹੋਇਆ Fabrizo ਵੱਡੀ ਉਮਰ ਦੀ Martina ਵਲ ਆਕਰਸ਼ਿਤ ਹੋ ਜਾਂਦਾ ਹੈ....ਇਹ ਆਕਰਸ਼ਣ ਹੀ ਕਹਾਣੀ ਦਾ ਮੋੜ ਸਾਬਤ ਹੁੰਦਾ ਹੈ...ਤੇ ਇਸ ਇਕ ਰਿਸ਼ਤੇ ਦੇ ਨਾਲ ਹੀ ਕਈ ਸਾਰੇ ਪਰਿਵਾਰ ਤਬਾਹ ਹੋ ਜਾਂਦੇ ਨੇ...ਤੇ ਕੁਛ ਤਬਾਹ ਹੋਣ ਕੰਢੇ ਜਾ ਪੁੱਜਦੇ ਨੇ....


Martina ਦੀ ਬੇਟੀ Andrea ਮੇਰੀ ਫੇਵਰਟ ਪਾਤਰ ਹੈ....ਉਸਦੀਆਂ ਅੱਖਾਂ ਚ ਇਮਾਨਦਾਰੀ ਝਲਕਦੀ ਹੈ....ਉਹ ਏਨਾ ਸਭ ਔਰਤਾਂ ਤੋਂ ਵੱਖਰੀ ਹੈ....ਤੇ ਦਿਲੋਂ ਜਾਨ ਨਾਲ Fabrizo ਦੀ ਦਿਵਾਨੀ ਹੋ ਜਾਂਦੀ ਹੈ...


ਕਹਾਣੀ ਹਰ ਐਪੀਸੋਡ ਦੇ ਨਾਲ ਹੋਰ ਰੋਚਕ ਹੁੰਦੀ ਜਾਂਦੀ ਹੈ....ਰੋਮਾਂਸ ਦੇ ਨਾਲ ਥਰਿੱਲ ਸ਼ਾਮਲ ਰਹਿੰਦਾ ਹੈ....ਤੇ ਕਿਤੇ ਵੀ ਕਹਾਣੀ ਦੀ ਸਪੀਡ ਥਮਦੀ ਨਹੀਂ....ਪਰ ਆਪਣੇ ਅੰਤਲੇ ਦੋਨਾਂ ਐਪੀਸੋਡ ਚ ਜਾ ਕੇ ਇਹ ਦਰਸ਼ਕਾਂ ਨੂੰ ਉਮੀਦ ਦੇ ਉਲਟ ਇਕ ਅਜਿਹੇ ਅੰਤ ਵਲ ਲੈ ਜਾਂਦੀ ਹੈ ਜਿਥੇ ਹਰੇਕ ਦਰਸ਼ਕ ਦਾ ਦਿਲ ਟੁੱਟਣਾ ਤੈਅ ਹੈ....ਤੇ ਔਰਤਾਂ ਸਮੇਤ ਦਰਸ਼ਕਾਂ ਦਾ ਵੀ ਪਿਆਰਾ Fabrizo ਮਰ ਜਾਂਦਾ ਹੈ...ਬੇਸ਼ਕ ਉਸਦੀ ਲਾਸ਼ ਨਹੀਂ ਦਿਖਾਈ ਜਾਂਦੀ.....ਪਰ ਇਹ ਇਕ ਅਜਿਹਾ ਅੰਤ ਹੈ ਜਿਸਨੂੰ ਸਹਿ ਸਕਣਾ ਬਹੁਤ ਔਖਾ ਸਾਬਤ ਹੁੰਦਾ ਹੈ....ਪਰ ਸੀਰੀਜ਼ ਦੇ ਨਾਲ ਚਮਕ ਰਹੀ ਟੈਗ ਲਾਈਨ ' ਸੀਜਨ ਵਨ ' ਇਕ ਉਮੀਦ ਕਾਇਮ ਰੱਖਦੀ ਹੈ....ਇਕ ਆਵਾਜ਼ ਆਉਂਦੀ ਹੈ ਦਿਲ ਅੰਦਰੋਂ....ਕਿ ਸੀਜਨ ਟੂ ਚ ਕੋਈ ਚਮਤਕਾਰ ਹੋਵੇਗਾ ਤੇ Fabrizo ਵਾਪਸ ਮੁੜ ਆਵੇਗਾ.....ਤੇ ਮੇਰੀ ਫੇਵਰਟ ਕਿਰਦਾਰ Andrea ਦੇ ਬੁੱਲਾਂ ਤੇ ਪਿਆਰਾ ਹਾਸਾ ਪਰਤ ਆਵੇਗਾ....



Camila ਮੈਨੂੰ Andrea ਤੋਂ ਬਾਦ ਦੂਜੇ ਨੰਬਰ ਤੇ ਪਸੰਦ ਹੈ....ਉਸਦੀਆਂ ਅੱਖਾਂ ਚ ਕੁਛ ਅਜੀਬ ਹੈ ਜੋ ਕਿਸੇ ਵੀ ਮਰਦ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦਾ ਹੈ....ਪਰ ਇਸ ਕਹਾਣੀ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ...ਕਿ ਇਥੇ ਆਪਣੇ ਕਿਰਦਾਰ ਤੋਂ ਫਿਸਲੀਆਂ ਦੋਨੋਂ ਹੀ ਔਰਤਾਂ ਅੰਤ ਚ ਕੁਛ ਵੀ ਨਹੀਂ ਗਵਾਉਂਦੀਆਂ...ਪਰ ਆਪਣੇ ਪਿਆਰ ਚ ਪੱਕੀ ਰਹੀ ਕੁੜੀ ਦਾ ਸਭ ਕੁਛ ਗੁਆਚ ਜਾਂਦਾ ਹੈ....ਮੈਂ ਜੇ ਇਸ ਕਹਾਣੀ ਦਾ ਕਦੀ ਲੇਖਕ ਹੋਵਾਂ....ਤਾਂ Andrea ਨੂੰ ਉਸਦਾ Fabrizo ਵਾਪਸ ਲਿਆ ਦਵਾਂ....


Camila ਦੇ ਬੁੱਢੇ ਪਰ ਆਕਰਸ਼ਕ ਘਰਵਾਲੇ ਦੇ ਰੋਲ ਵਿੱਚ Tony Plana ਨੇ ਬਹੁਤ ਸੋਹਣਾ ਕੰਮ ਕੀਤਾ ਹੈ....ਉਹ ਇਕ ਪ੍ਰੇਮੀ ਤੇ ਸ਼ੱਕੀ ਘਰਵਾਲੇ ਦੀ ਭੂਮਿਕਾ ਚ ਲਾਜਵਾਬ ਰਿਹਾ ਹੈ....ਤੇ ਬਹੁਤ ਥਾਵਾਂ ਤੇ ਤਰਸ ਦਾ ਇਕ ਪਾਤਰ ਬਣ ਕੇ ਸਾਹਮਣੇ ਆਉਂਦਾ ਹੈ....ਤੇ ਫੇਰ....ਅੰਤ ਚ ਆਪਣੀ ਬੇਵਫਾ ਵਹੁਟੀ ਨੂੰ ਮੁਆਫੀ ਦੇ ਕੇ ਮਹਾਨ ਸਾਬਤ ਹੁੰਦਾ ਹੈ....



  Martina ਦੇ ਘਰਵਾਲੇ ਦੇ ਰੋਲ ਚ Carlos ਬੇਸ਼ਕ ਇਕ ਨੌਜਵਾਨ ਕੁੜੀ ਦਾ ਬਾਪ ਬਣਿਆ ਹੈ...ਪਰ ਉਸਦੇ ਫੀਚਰ ਕਿਸੀ ਵੀ ਨੌਜਵਾਨ ਨੂੰ ਉਸਦੇ ਸਾਹਮਣੇ ਫਿੱਕਾ ਪਾਉਂਦੇ ਨੇ....ਸ਼ੱਕੀ ਹਸਬੈਂਡ ਦੇ ਰੋਲ ਚ ਉਹ ਨਾ ਸਿਰਫ ਖਤਰਨਾਕ ਲਗਿਆ ਹੈ ਬਲਕਿ ਕਿਸੀ ਥਾਂ ਤੇ ਉਹ ਘਟ ਕਸੂਰਵਾਰ ਵੀ ਜਾਪਦਾ ਹੈ....ਤੇ ਮਹਿਸੂਸ ਹੁੰਦਾ ਹੈ ਕਿ ਨਿਆਂ ਇਸਦੇ ਨਾਲ ਵੀ ਨਹੀਂ ਹੋਇਆ....



Fabrizo ਦੀ ਵੇਸਵਾ ਮਾਂ ਦੇ ਰੋਲ ਚ Leticia ਕਿਸੇ ਚਲਾਕ ਲੋਮੜੀ ਵਰਗੀ ਲਗਦੀ ਹੈ....ਏਸਦਾ ਰੋਲ ਵੀ ਮਜ਼ੇਦਾਰ ਹੈ....
ਏਨਾ ਕਲਾਕਾਰਾਂ ਤੋਂ ਬਿਨਾਂ ਵੀ ਬਹੁਤ ਸਾਰੇ ਚੇਹਰੇ ਯਾਦ ਰਹਿੰਦੇ ਨੇ....ਜਿੰਨਾ ਨੂੰ ਭੁਲਣ ਦਾ ਕੋਈ ਮਤਲਬ ਹੀ ਨਹੀਂ ਹੈ...


ਸੀਰੀਜ਼ ਦਾ ਪਿਛੋਕੜ ਸੰਗੀਤ ਬਹੁਤ ਸੋਹਣਾ ਹੈ....ਪਰ ਜੇ ਤੁਸੀਂ ਚੰਗੇ ਹੈਡਫੋਨਸ ਨਹੀਂ ਵਰਤ ਰਹੇ...ਤਾਂ ਮਤਲਬ ਆਹੀ ਹੈ ਕਿ ਤੁਸੀਂ ਕਹਾਣੀ ਦਾ ਮਜ਼ਾ ਅਧੂਰਾ ਹੀ ਲੈ ਰਹੇ ਹੋ....ਸੱਤਵੇਂ ਅੱਠਵੇਂ ਐਪੀਸੋਡ ਚ ਤਾਂ ਬੈਕਗਰਾਊਂਡ ਸਕੋਰ ਪੂਰੇ ਜ਼ੋਬਨ ਤੇ ਰਹਿੰਦਾ ਹੈ....


ਬਹੁਤ ਸਾਰੇ ਸੀਨ ਮੇਰੀਆਂ ਅੱਖਾਂ ਅਗੇ ਅਜੇ ਵੀ ਤਰੋਤਾਜ਼ਾ ਨੇ....


 - Fabrizo ਦਾ ਸਭ ਨੂੰ ਕੌਫੀ ਪੇਸ਼ ਕਰਨਾ...ਸਭ ਦੀਆਂ ਅੱਖਾਂ ਉਪਰ ਪੱਟੀ ਬਣਨਾ...ਕੋਫੀ ਦੀ ਤਾਰੀਫ ਕਰਨਾ...ਤੇ ਨਾਲ      ਨਾਲ Camila ਨੂੰ ਛੇੜਨਾ...ਇਹ ਇਕ ਬੇਹਤਰੀਨ ਦ੍ਰਿਸ਼ ਬਣਿਆ ਹੈ...


- Camila ਦੇ ਹਸਬੈਂਡ ਦਾ ਆਪਣੀ ਵਹੁਟੀ ਨੂੰ ਪੁਛਣਾ ' ਤੂੰ ਇਮਾਨਦਾਰ ਹੈਂ ਨਾ ? ' ਦਿਲ ਚ ਤਰਸ ਉਗਾਉਂਦਾ ਹੈ...


- Camila ਦੇ ਬਹੁਤ ਸਾਰੇ ਕਾਮੁਕ ਦ੍ਰਿਸ਼ ਵੀ ਫਿਲਮਾਂਕਣ ਪੱਖੋਂ ਗਜ਼ਬ ਸ਼ੂਟ ਹੋਏ ਨੇ....



ਸੀਰੀਜ਼ ਦੇ ਇਕ ਦ੍ਰਿਸ਼ ਨੇ ਮੈਨੂੰ ਹਲਕਾ ਹੈਰਾਨ ਕੀਤਾ...ਜਦੋਂ ਇਕ ਕੁੜੀ ਜੋ ਕਿਸੇ ਬਦਮਾਸ਼ ਦੀ ਜ਼ਬਰਦਸਤੀ ਦਾ ਸ਼ਿਕਾਰ ਹੁੰਦੀ ਹੈ....ਉਸਦਾ ਪ੍ਰੇਮੀ ਉਸਨੂੰ ਪੁਲਿਸ ਕੋਲ ਜਾਣ ਲਈ ਬੋਲਦਾ ਹੈ...ਤਾਂ ਪ੍ਰੇਮਿਕਾ ਜੁਆਬ ਦਿੰਦੀ ਹੈ -

" ਨਹੀਂ...ਪੁਲਿਸ ਕੋਲ ਨਹੀਂ ਜਾਣਾ...ਉਹ ਉਲਟਾ ਮੈਨੂੰ ਹੀ ਕਸੂਰਵਾਰ ਸਾਬਤ ਕਰ ਦੇਣਗੇ...ਉਹ ਮੇਰੇ ਕੱਪੜਿਆਂ ਬਾਰੇ ਬੋਲਣਗੇ ਕਿ ਮੈਂ ਛੋਟੇ ਕਪੜੇ ਕਿਉਂ ਪਾਏ ਨੇ "

ਇਸ ਸੀਨ ਨੇ ਯਕੀਨ ਦਵਾਇਆ ਕਿ ਕੁੜੀਆਂ ਲਈ ਤੰਗ ਮਾਨਸਿਕਤਾ ਸਿਰਫ ਸਾਡੇ ਸਮਾਜ ਚ ਹੀ ਨਹੀਂ ਹੈ...ਇਹ ਸਰਹੱਦਾਂ ਦੇ ਪਾਰ ਬੈਠੇ ਬਹੁਤ ਲੋਕਾਂ ਕੋਲ ਹੈ...ਤੇ ਔਰਤ ਅਡਵਾਂਸ ਦੇਸ਼ਾਂ ਚ ਵੀ ਕੱਪੜਿਆਂ ਤੋਂ ਸਾਬਤ ਕੀਤੀ ਜਾਂਦੀ ਹੈ ਕਿ ਉਹ ਕਿਦਾਂ ਦੇ ਕਿਰਦਾਰ ਦੀ ਮਾਲਕ ਹੈ...




ਸੀਰੀਜ਼ ਚ ਸਭ ਤੋਂ ਸੋਹਣੀ ਚੀਜ਼ ਜੋ ਹੋਰ ਲੱਗੀ...ਕਿ ਇਹ ਇਕ ਨਿੱਕੇ ਜਿਹੇ ਕਸਬੇ ਚ ਫਿਲਮਾਈ ਗਈ ਕਹਾਣੀ ਹੈ...ਓਹੀ ਥੋੜੇ ਜਿਹੇ ਘਰ...ਓਹੀ ਕੋਫੀ ਦੇ ਖੇਤ... ਓਹੀ ਸ਼ਰਾਬਖਾਨਾ....ਓਹੀ ਗੋਦਾਮ....ਏਦਾਂ ਲਗਣ ਲੱਗ ਜਾਂਦਾ ਹੈ ਜਿਵੇ ਅਸੀਂ ਵੀ ਇਸ ਨਿੱਕੇ ਟਾਉਨ ਦੇ ਵਾਸੀ ਹਾਂ....


ਇਸ ਸੀਰੀਜ਼ ਨੂੰ ਮੈਂ ਬਾਲਗਾਂ ਦੇ ਲਈ ਸਹੀ ਮਣਾਂਗਾ.....


ਇਹ ਨੈਟਫਲਿਕਸ ਚ ਹਿੰਦੀ ਸਬਟਾਈਟਲ ਦੇ ਨਾਲ ਮੌਜੂਦ ਹੈ...ਤੇ ਉਹਨਾਂ ਲਈ ਬਿਲਕੁਲ ਪ੍ਰਫੈਕਟ ਚੋਇਸ ਹੈ ਜਿੰਨਾ ਨੂੰ ਕਿਸੇ ਕਹਾਣੀ ਚ ਇੰਟਰਟੇਨਮੈਂਟ ਦੀ ਤਲਾਸ਼ ਰਹਿੰਦੀ ਹੈ....


ਯਕੀਨਨ ਇਹ ਇਕੋ ਬੈਠਕ ਚ ਦੇਖੇ ਜਾਣ ਲਾਇਕ ਹੈ....ਤੇ ਗੈਂਗਸਟਰਾਂ ਦੀਆਂ ਢੇਰ ਸਾਰੀਆਂ ਚਲ ਰਹੀਆਂ ਵੈਬ ਸੀਰੀਜ਼ਾਂ ਤੋਂ ਹੱਟ ਕੇ ਮਹਿਸੂਸ ਕਰਵਾਉਂਦੀ ਹੈ...


ਮੈਂ ਇਸ ਸੀਰੀਜ਼ ਨੂੰ ਹਫਤਾ ਹੋ ਗਿਆ ਦੇਖੇ ਨੂੰ...ਪਰ ਅਜੇ ਵੀ ਇਸਦੇ ਕਿਰਦਾਰ ਮੇਰੀਆਂ ਅੱਖਾਂ ਅੱਗੇ ਘੁੰਮਦੇ ਰਹਿੰਦੇ ਨੇ....ਤੇ ਮੈਂ ਸੋਚਦਾ ਰਹਿੰਦਾ ਹਾਂ...ਕਾਸ਼...ਉਦਾਂ ਨਾ ਹੁੰਦਾ...ਐਦਾਂ ਹੋ ਜਾਂਦਾ.....ਐਦਾਂ ਨਾ ਹੁੰਦਾ....ਉਦਾਂ ਹੋ ਜਾਂਦਾ...


ਇਸਦੇ ਦੂਸਰੇ ਸੀਜਨ ਦੀ ਉਡੀਕ ਰਹੇਗੀ...


ਰੇਟਿੰਗ - 4/5


harpal1980.singh@gmail.com