SAHEBZADEY ( PUNJABI STORY )

WRITTEN BY : HARPAL SINGH 







ਸਰਸਾ ਨਦੀ ਦੇ ਪਾਣੀ ਨੇ ਇਤਿਹਾਸ ਨੂੰ ਇਕ ਨਵੇਂ ਮੋੜ ਉਪਰ ਲੈ ਆ ਕੇ ਖੜਾ ਕਰਤਾ ਸੀ....
ਗੁਰੂ ਸਾਹਿਬ ਅਤੇ ਉਹਨਾਂ ਦਾ ਪਰਿਵਾਰ ਹੁਣ ਇਕ ਦੂਜੇ ਨਾਲ ਨਹੀਂ ਸੀ.....


" ਅਸੀਂ ਇਹ ਸਭ ਤਾਂ ਨਹੀਂ ਸੀ ਚਾਹਿਆ...." ਪਾਣੀ ਦੀ ਛੱਲ ਨੇ ਦੂਜੀ ਛੱਲ ਨੂੰ ਆਖਿਆ....


ਪਰ ਉਸਦਾ ਸੁਆਲ ਪਾਗਲ ਹੋ ਗਈਆਂ ਲਹਿਰਾਂ ਦੇ ਰੌਲੇ ਚ ਹੀ ਕਿਤੇ ਗੁਆਚ ਗਿਆ ਸੀ....ਰਾਤ ਹੋਰ ਜ਼ਿਆਦਾ ਡੂੰਘੀ ਅਤੇ ਠੰਡੀ ਹੋ ਗਈ ਸੀ.....ਤੇਜ਼ ਰੌਲੇ ਤੋਂ ਬਾਅਦ ਹੁਣ ਸਭ ਸ਼ਾਂਤ ਹੋ ਚੁੱਕਾ ਸੀ.....ਇਕ ਪਰਿਵਾਰ ਜੋ ਕੁਛ ਘੰਟੇ ਪਹਿਲਾਂ ਇਕ ਦੂਜੇ ਦੇ ਨਾਲ ਸੀ...ਹੁਣ ਇਕ ਦੂਜੇ ਤੋਂ ਦੂਰ ਸੀ....ਗੁਰੂ ਸਾਹਿਬ ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਰੋਪੜ ਦੇ ਕੋਲ ਇਕ ਪਿੰਡ ਜਾ ਪੁੱਜੇ ਸੀ....ਤੇ ਛੋਟੇ ਸਾਹਿਬਜ਼ਾਦੇ ਇਕ ਝੁੱਗੀ ਚ ਰਾਤ ਬਿਤਾਉਣ ਲਈ ਆਪਣੇ ਦਾਦੀ ਜੀ ਦੇ ਨਾਲ ਸੀ....


ਇਹ ਰਾਤਾਂ ਰੋਜ਼ ਵਾਲੀਆਂ ਰਾਤਾਂ ਵਰਗੀਆਂ ਨਹੀਂ ਸੀ....ਤੇ ਨਾ ਹੀ ਦਿਨ ਆਮ ਦਿਨ ਸਨ.....

ਸਮਾਂ ਆਪਣੀ ਕਲਮ ਅਤੇ ਕਾਗਜ਼ ਲੈ ਕੇ ਬੈਠ ਚੁੱਕਾ ਸੀ.....ਓ ਹੁਣ ਉਸ ਇਤਿਹਾਸ ਨੂੰ ਲਿਖਣ ਜਾ ਰਿਹਾ ਸੀ ਜੋ ਆਉਣ ਵਾਲੇ ਸਮੇਂ ਵਿਚ ਹੰਝੂ ਭਰੀਆਂ ਅੱਖਾਂ ਨਾਲ ਅਤੇ ਮਾਨ ਨਾਲ ਉਚੇ ਹੋਏ ਸਿਰਾਂ ਨਾਲ ਪੜ੍ਹਿਆ ਜਾਣਾ ਸੀ.....ਕੰਬਦੇ ਹੋਏ ਬੁੱਲਾਂ ਨਾਲ ਦਾਦੀਆਂ ਨਾਨੀਆਂ ਵਲੋਂ ਆਪਣੇ ਪੋਤਰੇ ਪੋਤਰੀਆਂ ਅਤੇ ਦੋਹਤਰੇ ਦੋਹਤਰੀਆਂ ਨੂੰ ਸੁਣਾਇਆ ਜਾਣਾ ਸੀ....ਜੋਸ਼ ਨਾਲ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਸੰਗਤਾਂ ਨੂੰ ਦਸਿਆ ਜਾਇਆ ਕਰਨਾ ਸੀ.....


ਸਮੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਦੀ ਗਾਥਾ ਲਿਖਣੀ ਸ਼ੁਰੂ ਕਰ ਦਿੱਤੀ ਸੀ.....ਕਾਲੀਆਂ ਘੁੱਪ ਰਾਤਾਂ ਸਮੇ ਦੇ ਆਲੇ ਦੁਆਲੇ ਆ ਬੈਠ ਗਈਆਂ ਸੀ.....ਜੁਗਨੂੰਆਂ ਨੇ ਜਗਣਾ ਬੁਝਣਾ ਬੰਦ ਕਰਤਾ ਸੀ....ਪਰਿੰਦੇ ਅੱਜ ਆਪਣੇ ਆਲ੍ਹਣਿਆਂ ਚ ਵਾਪਸ ਮੁੜ ਕੇ ਚੈਨ ਨਹੀਂ ਸੀ ਮਹਿਸੂਸ ਕਰ ਰਹੇ....ਓਹਨਾ ਨੇ ਆਪਣਿਆਂ ਬੱਚਿਆਂ ਨੂੰ ਆਪਣੇ ਖੰਬਾਂ ਹੇਠਾਂ ਲੁਕੋ ਲਿਆ ਸੀ.....


.......


ਹਰਪ੍ਰੀਤ ਦੀਆਂ ਅੱਖਾਂ ਚ ਅੱਜ ਨੀਂਦ ਨਹੀਂ ਸੀ....ਉਸਦੀ ਮੈਡਮ ਨੇ ਉਸਨੂੰ ਕ੍ਰਿਸਮਸ ਉਪਰ ਹੋਣ ਵਾਲੇ ਫ਼ੰਕਸ਼ਨ ਲਈ ਡਾਂਸ ਟੀਮ ਚ ਚੁਣ ਲਿਆ ਸੀ.....ਪੰਦਰਵੇ ਸਾਲ ਚ ਦਾਖਲ ਹੋ ਚੁਕੀ ਹਰਪ੍ਰੀਤ ਕੌਰ ਨੂੰ ਨੱਚਣ ਦਾ ਬੜਾ ਸ਼ੋਂਕ ਸੀ....ਤੇ ਅੱਜ ਉਸਨੂੰ ਪਹਿਲੀ ਵਾਰ ਕਿਸੇ ਵੱਡੇ ਪ੍ਰੋਗਰਾਮ ਚ ਡਾਂਸ ਕਰਨ ਦਾ ਮੌਕਾ ਮਿਲਣ ਲਗਾ ਸੀ..….ਏਹੀ ਖੁਸ਼ੀ ਉਸਨੂੰ ਸੌਣ ਨਹੀਂ ਸੀ ਦੇ ਰਹੀ....


" ਕਿੰਨਾ ਮਜ਼ਾ ਆਏਗਾ ਨਾ ਜਦੋ ਮੈਂ ਜਗਦੀਆਂ ਬੁਝਦੀਆਂ ਲਾਈਟਾਂ ਚ ਸਟੇਜ ਉਪਰ ਡਾਂਸ ਦੇ ਸਟੈਪ ਕਰ ਰਹੀ ਹੋਵਾਂਗੀ....ਵਾਓ.....ਆਈ ਐਮ ਸੋ ਹੈਪੀ " ਹਰਪ੍ਰੀਤ ਇਕੱਲੀ ਹੀ ਗੱਲਾਂ ਕਰਦੀ ਹੋਈ ਖੁਸ਼ ਹੁੰਦੀ ਰਹੀ.....


" ਹਰਪ੍ਰੀਤ ....ਸੋ ਜਾ.....ਮੈਂ ਕਦੋ ਦੀ ਵੇਖ ਰਹੀ ਹਾਂ ਤੂੰ ਅੱਖਾਂ ਖੋਲੀ ਬੈਠੀ ਹੈਂ " ਹਰਪ੍ਰੀਤ ਦੇ ਲਾਗੇ ਹੀ ਦੂਜੇ ਮੰਜੇ ਉਪਰ ਪਈ ਉਸਦੀ ਦਾਦੀ ਬੋਲੀ....


" ਤੁਸੀਂ ਸੋ ਜਾਓ ਬੀਜੀ....ਮੈਂ ਆਪੀ ਸੋ ਜਾਊਂਗੀ...ਅਜੇ ਮੈਨੂੰ ਨੀਂਦਰ ਨਹੀਂ ਆਉਂਦੀ ਪਈ...." ਹਰਪ੍ਰੀਤ ਨੇ ਦਾਦੀ ਨੂੰ ਪਿਆਰ ਨਾਲ ਜੁਆਬ ਦਿੱਤਾ...


" ਮੇਰੀਆਂ ਵੀ ਅੱਖਾਂ ਚ ਅੱਜ ਨੀਂਦ ਨਹੀਂ ਹੈ ਧੀਏ....ਧਿਆਨ ਭਟਕ ਗਿਆ ਹੈ " ਦਾਦੀ ਨੇ ਹੋਲੀ ਜਿਹੀ ਜੁਆਬ ਦਿੱਤਾ...

ਪਰ ਹਰਪ੍ਰੀਤ ਨੇ ਦਾਦੀ ਦੀ ਗੱਲ ਜਿਵੇ ਸੁਣੀ ਹੀ ਨਹੀਂ ਸੀ....ਓ ਆਪਣੇ ਹੀ ਖਿਆਲਾਂ ਚ ਡੁੱਬੀ ਰਹੀ.....

" ਕੀ ਹੋ ਗਿਆ ਬੀਜੀ...ਕਿਧਰ ਭਟਕ ਗਿਆ ਹੈ ਧਿਆਨ ਤੁਹਾਡਾ....? " ਕਮਰੇ ਚ ਹੀ ਥੋੜਾ ਪਰੇ ਪਏ ਇਕ ਹੋਰ ਮੰਜੇ ਉਪਰ ਲੰਮੇ ਪਿਆ ਕੇਵਲ ਬੋਲਿਆ....

ਕੇਵਲ ਹਰਪ੍ਰੀਤ ਦਾ ਵੱਡਾ ਭਰਾ ਸੀ....ਤੇ ਇੰਜੀਨਿਅਰਿੰਗ ਦਾ ਸਟੂਡੈਂਟ ਸੀ....ਦੋਵੇ ਭੈਣ ਭਰਾ ਇਕ ਦੂਜੇ ਨਾਲ ਤਾਂ ਪਿਆਰ ਕਰਦੇ ਹੀ ਸੀ....ਆਪਣੀ ਦਾਦੀ ਨਾਲ ਵੀ ਦੋਵਾਂ ਦਾ ਬੜਾ ਜੋੜ ਸੀ...ਦੋਵੇ ਹਮੇਸ਼ਾਂ ਆਪਣੀ ਦਾਦੀ ਦੇ ਆਲੇ ਦੁਆਲੇ ਹੀ ਸੌਂਦੇ ਸੀ....ਤੇ ਏਨਾ ਦੇ ਮੰਮੀ ਪਾਪਾ ਉਪਰਲੇ ਪੋਰਸ਼ਨ ਚ ਆਪਣੇ ਬੈੱਡਰੂਮ ਚ ਸੌਂਦੇ ਸੀ...


" ਅੱਜ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਸੀ....ਬਸ ਓਹੀ ਸਭ ਦਾ ਖਿਆਲ ਆਈ ਜਾ ਰਿਹਾ...." ਦਾਦੀ ਖਾਲੀ ਖਾਲੀ ਅੱਖਾਂ ਨਾਲ ਛੱਤ ਵਲ ਝਾਕਦੀ ਹੋਈ ਬੋਲੀ....


""ਓ ਹੋ....ਮੈਂ ਸੋਚਿਆ ਪਤਾ ਨਹੀਂ ਕੀ ਹੋ ਗਿਆ....ਤੁਸੀਂ ਵੀ ਨਾ ਬਸ...ਕਿਹੜੀਆਂ ਸਦੀਆਂ ਪਹਿਲਾਂ ਬੀਤੀਆਂ ਘਟਨਾਵਾਂ ਨੂੰ ਚੇਤੇ ਕਰੀ ਬੈਠੇ ਹੋ...." ਕੇਵਲ ਹਸਦਾ ਹੋਇਆ ਬੋਲਿਆ....


" ਵੀਰੇ....ਤੈਨੂੰ ਪਤਾ....ਅਲਫ਼ਾ ਵਨ ਸ਼ੌਪਿੰਗ ਮਾਲ ਚ ਮਨਪ੍ਰੀਤ ਔਲਖ ਆ ਰਿਹਾ....ਸਟਾਰ ਨਾਈਟ ਹੈ....ਜਾਣਾ ਤੂੰ ? " ਹਰਪ੍ਰੀਤ ਇਕ ਦਮ ਬੋਲੀ...ਉਸਨੇ ਅੱਜ ਹੀ ਸਵੇਰੇ ਅਖਬਾਰ ਚ ਸਟਾਰ ਨਾਈਟ ਦੀ ਮਸ਼ਹੂਰੀ ਵੇਖੀ ਸੀ...


" ਤੇ ਹੋਰ...ਜਾਣਾ ਹੀ ਹੈ...ਹੁੰਹ....ਮੈਂ ਕਲ ਹੀ ਸਵੇਰੇ ਪਾਸ ਲੈ ਕੇ ਆਣੇ ਹੈ " ਕੇਵਲ ਬੋਲਿਆ...


ਦਾਦੀ ਦੇ ਘੁਰਾੜਿਆਂ ਦੀ ਆਵਾਜ਼ ਕਮਰੇ ਚ ਗੂੰਜਣ ਲਗੀ ਸੀ.....


" ਲੈ..ਬੀਜੀ ਤਾਂ ਸੋ ਗਏ " ਹਰਪ੍ਰੀਤ ਦਾਦੀ ਵਲ ਵੇਖ ਕੇ ਬੋਲੀ....


" ਆਹੋ....ਚਲ ਸੋ ਜਾ ਤੂੰ ਵੀ ਪ੍ਰੀਤੀ....ਬੜੀ ਰਾਤ ਹੋ ਗਈ ਹੈ..." ਕੇਵਲ ਨੇ ਕੋਲ ਪਏ ਮੋਬਾਇਲ ਚ ਟਾਈਮ ਵੇਖਦੇ ਹੋਏ ਆਖਿਆ....


ਰਾਤ ਨੇ ਭੈਣ ਭਰਾਵਾਂ ਨੂੰ ਆਪਣੀ ਬੁੱਕਲ ਚ ਲੈ ਲਿਆ ਸੀ.....


ਰਾਤ ਨੇ ਦੋਵਾਂ ਨੂੰ ਚੁੰਮਿਆ...ਤੇ ਦਾਦੀ ਦੇ ਮੰਜੇ ਕੋਲ ਆ ਖੜੀ ਹੋਈ.....ਉਸਨੇ ਦਾਦੀ ਦੇ ਪੈਰਾਂ ਨੂੰ ਆਪਣੇ ਹੱਥਾਂ ਨਾਲ ਛੂਹਿਆ....ਤੇ ਉਥੇ ਹੀ ਬੈਠ ਗਈ....


.......


ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਸਾਹਿਬ ਜਾ ਪੁੱਜੇ ਸੀ.....ਤੇ ਛੋਟੇ ਸਾਹਿਬਜ਼ਾਦੇ ਆਪਣੇ ਦਾਦੀ ਜੀ ਨਾਲ ਤਿਆਰ ਖੜੇ ਸੀ...ਉਸ ਸ਼ਕਸ ਨਾਲ ਉਸਦੇ ਘਰ ਜਾਣ ਲਈ ਜੋ ਉਹਨਾਂ ਨੂੰ ਆਪਣੇ ਘਰ ਲੈ ਜਾਣ ਲਈ ਆਇਆ ਹੋਇਆ ਸੀ....
ਭੋਲੀ ਜੇਹੀ ਸੂਰਤ ਬਣਾਈ ਖੜਾ ਇਹ ਸ਼ਕਸ ਮਾਤਾ ਗੁਜਰੀ ਜੀ ਅੱਗੇ ਸਿਰ ਝੁਕਾਈ ਖੜਾ ਸੀ....


" ਠੀਕ ਹੈ ਗੰਗੂ....ਜੇ ਤੇਰੀ ਏਹੀ ਮਰਜ਼ੀ ਹੈ ਤਾਂ ਅਸੀਂ ਤੇਰੇ ਨਾਲ ਤੇਰੇ ਘਰ ਰਹਾਂਗੇ " ਬੱਚਿਆਂ ਦੇ ਦਾਦੀ ਜੀ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਸੀ....


ਦੋਵੇ ਨਿੱਕੇ ਭਰਾ ਆਪਣੇ ਦਾਦੀ ਜੀ ਦੇ ਕੋਲ ਕੋਲ ਆ ਖੜੇ ਹੋਏ ਸੀ....


" ਮੈਨੂੰ ਤਾਂ ਤੁਹਾਡੀ ਕੋਈ ਪ੍ਰੇਸ਼ਾਨੀ ਨਹੀਂ ਸੀ....ਤੁਸੀਂ ਫੇਰ ਵੀ ਕਿਉ ਤੁਰ ਚਲੇ ਹੋ "
ਕੁੰਮੇ ਮਾਸ਼ਕੀ ਦੀ ਝੁੱਗੀ ਨੇ ਐਤਰਾਜ਼ ਕੀਤਾ....ਪਰ ਉਸਦੀ ਆਵਾਜ਼ ਕਿਸੇ ਨੂੰ ਕਦੋਂ ਸੁਣ ਸਕਣੀ ਸੀ....


" ਅਸੀਂ ਨਹੀਂ ਜਾਣ ਦੇਣਾ ਏਨਾ ਨੂੰ....ਅਸੀਂ ਖੁਲ੍ਹਣਾ ਹੀ ਨਹੀਂ....ਸਾਡਾ ਤਾਂ ਏਨਾ ਸੋਹਣਾ ਜੀਅ ਲਗ ਗਿਆ ਏਨਾ ਪਿਆਰੇ ਬੱਚਿਆਂ ਨਾਲ " ਝੁੱਗੀ ਦੇ ਬੂਹੇ ਨੇ ਰੌਲਾ ਪਾਇਆ....ਇਹ ਬੂਹਾ ਵੀ ਕਾਹਦਾ ਬੂਹਾ ਸੀ....ਇਕ ਚਟਾਈ ਵਾਂਗ ਲਟਕਿਆ ਹੋਇਆ ਬਸ ਨਾਮ ਦਾ ਹੀ ਬੂਹਾ ਸੀ....ਜਿਸਨੂੰ ਪਰੇ ਕਰਦੇ ਹੋਏ ਦਾਦੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਬਾਹਰ ਪੈਰ ਰਖਿਆ....


"ਅਸੀਂ ਕਿਧਰ ਚਲੇ ਹਾਂ ਦਾਦੀ ਜੀ ? "


ਨਿੱਕੀਆਂ ਜ਼ਿੰਦਾਂ ਦੇ ਮੂੰਹੋਂ ਇਹ ਸੁਆਲ ਨਿਕਲਿਆ ਤਾਂ ਦਾਦੀ ਨੇ ਉਹਨਾਂ ਨੂੰ ਦਸਿਆ ਕਿ ਓ ਹੁਣ ਗੰਗੂ ਦੇ ਨਾਲ ਜਾ ਰਹੇ ਨੇ...ਤੇ ਫਿਲਹਾਲ ਹੁਣ ਉਧਰ ਹੀ ਰਹਿਣਗੇ ਕੁਛ ਦਿਨ "

ਝੁੱਗੀ ਬੱਚਿਆਂ ਨੂੰ ਦਾਦੀ ਦੇ ਨਾਲ ਜਾਂਦੇ ਹੋਏ ਦੂਰ ਤਕ ਵੇਖਦੀ ਰਹੀ.....


....


ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚ ਸਾਹਿਬਜ਼ਾਦੇ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨਾਲ ਮੌਜੂਦ ਸੀ..ਉਹਨਾਂ ਦੇ ਨਾਲ ਥੋੜੇ ਜਿਹੇ ਸਿੰਘ ਹੋਰ ਸਨ....


ਚਮਕੌਰ ਦੀ ਗੜ੍ਹੀ ਇਕ ਵੱਡੀ ਜੰਗ ਲਈ ਤਿਆਰ ਹੋ ਚੁੱਕੀ ਸੀ.....

ਥੱਕੇ ਹੋਏ ਸਿੰਘ ਜ਼ਮੀਨ ਉਪਰ ਲੰਮੇ ਪਏ ਹੋਏ ਸੀ...ਵਾਰੀ ਵਾਰੀ ਪਹਿਰਾ ਦਿੰਦੇ ਰਹੇ ਸਿੰਘ...ਤੇ ਵਾਰੀ ਵਾਰੀ ਨੀਂਦ ਵੀ ਪੂਰੀ ਕਰਦੇ ਰਹੇ....


" ਹੁਣ ਤੁਸੀਂ ਵੀ ਸੋ ਜਾਓ ਸਿੰਘੋ....ਹੁਣ ਪਹਿਰਾ ਮੈਂ ਦਿਆਂਗਾ...." ਗੁਰੂ ਗੋਬਿੰਦ ਸਿੰਘ ਜੀ ਨੇ ਪਹਿਰੇ ਉਪਰ ਖੜੇ ਸਿੰਘਾਂ ਨੂੰ ਆਖਿਆ....


ਇਹ ਵਾਰਤਾ ਲਿਖਦਾ ਹੋਇਆ ਸਮਾਂ ਇਕ ਦਮ ਰੁੱਕ ਗਿਆ ਸੀ....ਓ ਗੁਰੂ ਸਾਹਿਬ ਦੇ ਚੇਹਰੇ ਨੂੰ ਵੇਖਦਾ ਰਿਹਾ....

" ਕਿਸ ਮਿੱਟੀ ਦਾ ਬਣਿਆ ਹੈ ਇਹ ਸ਼ਕਸ...ਜਿਸਨੂੰ ਸਾਰੇ ਗੁਰੂ ਗੋਬਿੰਦ ਸਿੰਘ ਬੋਲਦੇ ਨੇ...ਇਸਦੇ ਨਿੱਕੇ ਨਿੱਕੇ ਪੁੱਤਰ...ਇਸਦੇ ਮਾਤਾ ਜੀ ਇਸ ਨਾਲੋਂ ਹੁਣੇ ਹੀ ਤਾਂ ਵਿਛੜੇ ਨੇ ਥੋੜੀ ਹੀ ਦੇਰ ਪਹਿਲਾਂ...ਪਰ ਇਸਦੇ ਚੇਹਰੇ ਉਪਰ ਦੁਖ ਦਾ ਕੋਈ ਨਿਸ਼ਾਨ ਤੱਕ ਨਹੀਂ ਹੈ...ਬਜਾਏ ਦੁੱਖ ਨਾਲ ਭਰ ਕੇ ਬੈਠਣ ਦੇ ਇਹ ਪਹਿਰਾ ਦੇਣ ਵਾਲੀ ਡਿਊਟੀ ਨਿਭਾਉਣ ਆ ਖੜਾ ਹੋਇਆ ਹੈ " ਸਮਾਂ ਆਪਣੇ ਆਪ ਨਾਲ ਗੱਲਾਂ ਕਰਦਾ ਰਿਹਾ....


ਰਾਤ ਆਪਣੇ ਆਖਰੀ ਪਹਿਰ ਵਲ ਵੱਧ ਰਹੀ ਸੀ....ਗੁਰੂ ਸਾਹਿਬ ਦੇ ਪੁੱਤਰਾਂ ਨੂੰ ਸ਼ਹੀਦ ਕਰਨ ਲਈ ਸਵੇਰ ਚੜਨ ਹੀ ਵਾਲੀ ਸੀ.....


ਥੱਕੇ ਹੋਏ ਘੋੜੇ ਜ਼ਮੀਨ ਉਪਰ ਬੈਠ ਗਏ ਸੀ....ਤੇ ਤਲਵਾਰਾਂ ਮਿਆਨਾਂ ਚੋ ਬਾਹਰ ਆਉਣ ਲਈ ਸਵੇਰੇ ਦੀ ਉਡੀਕ ਕਰ ਰਹੀਆਂ ਸੀ....


ਠੰਡ ਨੇ ਸਭ ਕੁਛ ਜਮਾ ਦਿੱਤਾ ਸੀ....ਸਿਵਾਏ ਗੁਰੂ ਅਤੇ ਗੁਰੂ ਦੇ ਸਿੰਘਾਂ ਦੀਆਂ ਨਸਾਂ ਵਿਚ ਵਗਦੇ ਲਹੂ ਦੇ.....
ਸੂਰਜ ਦੇ ਆਉਣ ਤੋਂ ਪਹਿਲਾਂ ਹੀ ਹਲਕੀ ਹਲਕੀ ਰੋਸ਼ਨੀ ਹੋਣੀ ਸ਼ੁਰੂ ਹੋ ਗਈ ਸੀ....



.........


ਹਰਪ੍ਰੀਤ ਨੇ ਫਟਾਫਟ ਅੱਖਾਂ ਖੋਲੀਆਂ... ਸਵੇਰ ਦੇ ਸੱਤ ਵੱਜ ਚੁਕੇ ਸੀ....ਉਸਦਾ ਧਿਆਨ ਆਪਣੇ ਮੰਜੇ ਉਪਰ ਲੰਮੇ ਪਏ ਕੇਵਲ ਵਲ ਗਿਆ....ਕੇਵਲ ਫੋਨ ਚ ਮਸਤ ਸੀ....

" ਸਵੇਰੇ ਸਵੇਰੇ ਤਾਂ ਫੋਨ ਨੂੰ ਸਾਹ ਲੈ ਲੈਣ ਦਿਆ ਕਰ ਵੀਰੇ " ਹਰਪ੍ਰੀਤ ਨੇ ਆਖਿਆ ਤਾਂ ਕੇਵਲ ਨੇ ਉਸ ਵਲ ਵੇਖਿਆ....


" ਸਾਹ ਤਾਂ ਹੁਣ ਮੈਂ ਇਸ ਦੋ ਟਕੇ ਦੀ ਔਰਤ ਨੂੰ ਨੀ ਲੈਣ ਦੇਣਾ " ਕੇਵਲ ਮੋਬਾਇਲ ਉਪਰ ਉਂਗਲੀਆਂ ਚਲਾਉਂਦਾ ਹੋਇਆ ਬੋਲਿਆ...


" ਕਿਹੜੀ ਔਰਤ...ਕੀ ਹੋ ਗਿਆ...ਮੈਨੂੰ ਵੀ ਦੱਸ..." ਹਰਪ੍ਰੀਤ ਉਸਦੇ ਕੋਲ ਜਾਂਦੀ ਹੋਈ ਬੋਲੀ...


" ਆਹੀ....ਰੁਪਿੰਦਰ ਹਾਂਡਾ....ਸਾਡੇ ਬੱਬੂ ਮਾਨ ਬਾਰੇ ਅਵਾ ਤਵਾ ਬੋਲੀ ਜਾਂਦੀ ਹੈ...ਇਸਦੇ ਫੇਸਬੁਕ ਪੇਜ਼ ਉਪਰ ਇਸਦੀ ਰੇਲ ਬਣਾਈ ਹੈ ਮੈਂ....ਚੰਗੀਆਂ ਗੱਲਾਂ ਕੱਢ ਕੇ ਹਟਿਆ ਹਾਂ "


" ਤੂੰ ਤੇ ਤੇਰਾ ਬੱਬੂ ਮਾਨ...ਤੇ ਤੇਰੀ ਰੁਪਿੰਦਰ ਹਾਂਡਾ...ਤੁਸੀਂ ਲਗੇ ਰਹੋ ਇਸੇ ਸਭ ਚ...ਮੈਂ ਤਾਂ ਹੋਣ ਲਗੀ ਹਾਂ ਤਿਆਰ....ਕ੍ਰਿਸਮਸ ਤੇ ਡਾਂਸ ਪ੍ਰੋਗਰਾਮ ਦੀ ਰਿਹਰਸਲ ਹੈ ਅੱਜ " ਹਰਪ੍ਰੀਤ ਵਾਸ਼ਰੂਮ ਵਲ ਚਲੀ ਗਈ...


ਹਰਪ੍ਰੀਤ ਫਟਾਫਟ ਤਿਆਰ ਹੋ ਗਈ.....


" ਪ੍ਰੀਤੀ...ਤੂੰ ਰਾਤੀ ਆਖਦੀ ਸੀ ਕਿ ਸਕੂਲ ਵਾਲਿਆਂ ਨੇ ਪੰਜ ਸੌ ਰੁਪਏ ਮੰਗਵਾਏ ਨੇ...ਕਾਹਦੇ ਪੈਸੇ ਹੈ ਇਹ....? " ਹਰਪ੍ਰੀਤ ਦੀ ਮੰਮੀ ਨੇ ਉਸਨੂੰ ਪੰਜ ਸੌ ਫੜ੍ਹਾਉਂਦੇ ਹੋਏ ਆਖਿਆ...


" ਓ ਹੋ...ਦਸਿਆ ਤਾਂ ਸੀ ਤੁਹਾਨੂੰ...ਕ੍ਰਿਸਮਸ ਦਾ ਫ਼ੰਕਸ਼ਨ ਹੈ...ਉਸਦੇ ਹੀ ਪੈਸੇ ਮੰਗਵਾਏ ਹੈ "


" ਅੱਛਾ ਅੱਛਾ....ਕ੍ਰਿਸਮਸ ਤਾਂ ਚਲੋ ਜੀ ਸਦਕੇ ਹੈ ਪਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਕਰਨ ਤਾਂ ਸਕੂਲ ਵਾਲੇ....ਇਹ ਪਤਾ ਨਹੀਂ ਕਿਉਂ ਭੁਲ ਜਾਂਦੇ ਨੇ " ਹਰਪ੍ਰੀਤ ਦੇ ਪਾਪਾ ਵੀ ਗੱਲਬਾਤ ਚ ਦਖਲ ਦਿੰਦੇ ਹੋਏ ਬੋਲੇ...


" ਮੈਂ ਜਾ ਕੇ ਆਉਂਦੀ ਹਾਂ ਕਲ ਸਕੂਲ....ਇਕ ਵਾਰ ਕਹਾਂਗੀ ਤਾਂ ਜਰੂਰ....ਮੰਨਣ ਨਾ ਮੰਨਣ ਉਹਨਾਂ ਦੀ ਮਰਜ਼ੀ ਹੈ..." ਹਰਪ੍ਰੀਤ ਦੀ ਮੰਮੀ ਬੋਲੀ...


" ਓ ਹੋ ਮੰਮੀ ਜੀ......ਤੁਸੀਂ ਆਪਣਾ ਧਾਰਮਿਕ ਪ੍ਰੋਗਰਾਮ ਨਾ ਵਿਚ ਲੈ ਆਇਆ ਕਰੋ...ਕ੍ਰਿਸਮਸ ਪੁਰੀ ਦੁਨੀਆਂ ਚ ਮਨਾਉਂਦੇ ਨੇ...ਇਸ ਚ ਇਹ ਚਾਰ ਸਾਹਿਬਜ਼ਾਦੇ ਕਿਧਰੋਂ ਆ ਗਏ....? " ਕੇਵਲ ਉਠ ਕੇ ਆਉਂਦਾ ਬੋਲਿਆ...


" ਆ ਜੋ ਤੂੰ ਪੱਗ ਬਣ ਕੇ ਜਾਂਦਾ ਹੈ ਨਾ ਰੋਜ਼ ਕਾਲਜ ਨੂੰ....ਇਹ ਤੇਰੇ ਸਿਰ ਉਪਰ ਉਹਨਾਂ ਨਿੱਕੇ ਸਾਹਿਬਜ਼ਾਦਿਆਂ ਦੇ ਸਿਦਕ ਸਦਕੇ ਹੀ ਸੱਜੀ ਹੈ..." ਕੇਵਲ ਦੀ ਮੰਮੀ ਨੇ ਗੁੱਸੇ ਚ ਆਖਿਆ...


" ਤੁਸੀਂ ਗੁੱਸੇ ਚ ਆ ਜਾਂਦੇ ਹੋ ਝੱਟ...ਮੰਨਦਾ ਹਾਂ ਇਹ ਸਭ...ਪਰ ਇਸਦਾ ਕ੍ਰਿਸਮਸ ਦੇ ਫ਼ੰਕਸ਼ਨ ਨਾਲ ਕੀ ਲੈਣਾ ਦੇਣਾ ਹੈ...ਕਲ ਨੂੰ ਤੁਸੀਂ ਅੱਖੋਗੇ ਕਿ ਏਨਾ ਦਿਨਾਂ ਚ ਦੁਨੀਆਂ ਚ ਹੀ ਕੋਈ ਕ੍ਰਿਸਮਸ ਨਾ ਮਨਾਵੇ....ਆਪੀ ਸੋਚੋ ਇਹ ਹੋ ਸਕਦਾ ਹੈ ਭਲਾ ? " ਕੇਵਲ ਬਹਿਸ ਕਰਦਾ ਹੋਇਆ ਬੋਲਿਆ...


" ਕੇਵਲ....ਮੰਮੀ ਦੀ ਗੱਲ ਨੂੰ ਛੱਡ...ਚਲ ਤੂੰ ਮੇਰੀ ਇਕ ਗੱਲ ਦਾ ਜੁਆਬ ਦੇ ? " ਕੇਵਲ ਦੇ ਪਾਪਾ ਨੇ ਆਵਾਜ਼ ਚ ਨਰਮੀ ਭਰਦੇ ਹੋਏ ਬੋਲਿਆ...


" ਹਾਂਜੀ ਪਾਪਾ..ਪੁਛੋ? "


" ਕ੍ਰਿਸਮਸ ਇਕ ਧਾਰਮਿਕ ਤਿਓਹਾਰ ਹੈ ?"


" ਜੀ ਪਾਪਾ...ਧਾਰਮਿਕ ਹੀ ਹੈ..."


" ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹਾਦਤ ਵੀ ਧਾਰਮਿਕ ਹੈ...ਹੈ ਨਾ ?"


" ਜੀ...ਇਹ ਵੀ ਧਾਰਮਿਕ ਹੈ "


" ਫੇਰ ਦੋ ਧਾਰਮਿਕ ਦਿਨਾਂ ਨੂੰ ਮਨਾਉਣ ਚ ਫਰਕ ਕਿਉ ਹੈ ??...ਕਿਉਂ ਇਕ ਦਿਨ ਨੂੰ ਤਾਂ ਸਕੂਲ ਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ....ਪਰ ਇਕ ਦਿਨ ਬਾਰੇ ਕੋਈ ਸਕੂਲ ਇਕ ਸ਼ਬਦ ਨਹੀਂ ਬੋਲਦਾ...ਏਦਾਂ ਕਿਉ ? " ਕੇਵਲ ਦੇ ਪਾਪਾ ਨੇ ਉਸਦੀਆਂ ਅੱਖਾਂ ਚ ਝਾਕਦੇ ਹੋਏ ਪੁੱਛਿਆ....

ਕੇਵਲ ਕੋਈ ਜੁਆਬ ਨਾ ਦੇ ਸਕਿਆ....ਓ ਪਰੇ ਵੇਖਣ ਲਗਿਆ ਸੀ....


" ਬੇਟੇ...ਮੰਮੀ ਦੀ ਗੱਲ ਦਾ ਗੁੱਸਾ ਨਹੀਂ ਕਰੀਦਾ....ਜਿਵੇ ਤੁਸੀਂ ਦੋਵੇ ਬੱਚੇ ਸਾਨੂੰ ਪਿਆਰੇ ਹੋ....ਗੁਰੂ ਸਾਹਿਬ ਦੇ ਬੱਚੇ ਵੀ ਉਹਨਾਂ ਨੂੰ ਪਿਆਰੇ ਸੀ...ਸਾਨੂੰ ਵੀ ਉਹਨਾਂ ਨਾਲ ਪਿਆਰ ਹੈ....ਜਦੋ ਵੀ ਏਨਾ ਬੱਚਿਆਂ ਦਾ ਸ਼ਹੀਦੀ ਦਿਨ ਆਉਂਦਾ ਹੈ ਤਾਂ ਮਨ ਉਦਾਸ ਹੋ ਜਾਂਦਾ ਹੀ ਹੈ..." ਕੇਵਲ ਦੇ ਪਾਪਾ ਉਸਦੇ ਵਲ ਵੇਖਦੇ ਹੋਏ ਬੋਲਦੇ ਰਹੇ...


" ਮੈਂ ਇਕੋ ਆਖਰੀ ਗੱਲ ਬੋਲਾਂਗਾ ਪੁੱਤਰ....ਮੈਂ ਸਵੇਰੇ ਤੇਰੀ ਅਤੇ ਪ੍ਰੀਤੀ ਦੀ ਗੱਲਬਾਤ ਸੁਣ ਰਿਹਾ ਸੀ...ਤੈਨੂੰ ਦੁੱਖ ਲਗਿਆ ਕਿ ਤੇਰੇ ਫੇਵਰਟ ਬੱਬੂ ਮਾਨ ਨੂੰ ਕਿਸੇ ਕੁੜੀ ਨੇ ਕੁਛ ਗ਼ਲਤ ਆਖ ਦਿੱਤਾ...ਤੂੰ ਦਸੇਂਗਾ...ਤੈਨੂੰ ਕਿਉ ਦੁੱਖ ਲਗਿਆ...? "


" ਪਾਪਾ..ਬੱਬੂ ਮਾਨ ਏਨਾ ਸੋਹਣਾ ਗਾਉਂਦਾ ਹੈ....ਮੈਨੂੰ ਓ ਬੜਾ ਪਸੰਦ...ਉਸਨੂੰ ਕੋਈ ਕੁਛ ਗਲਤ ਬੋਲਦਾ ਹੈ ਤਾਂ ਮੇਰੀਆਂ ਫੀਲਿੰਗਸ ਹਰਟ ਹੁੰਦੀਆਂ ਨੇ ..." ਕੇਵਲ ਆਪਣੇ ਪਾਪਾ ਵਲ ਵੇਖਦਾ ਹੋਇਆ ਬੋਲਿਆ...


" ਬੇਟੇ...ਤੁਹਾਡੀਆਂ ਫੀਲਿੰਗਸ ਇਕ ਗਾਇਕ ਕਰਕੇ ਹਰਟ ਹੋ ਗਈਆਂ...ਪਰ ਤੁਹਾਡੀ ਮੰਮੀ ਦੀਆਂ ਫੀਲਿੰਗਸ ਦਾ ਕੀ....ਗਾਇਕ ਲਈ ਫੀਲਿੰਗਸ ਹੋਣਾ ਜੇ ਜਾਇਜ਼ ਹੈ ਤਾਂ ਆਪਣੇ ਗੁਰੂ ਦੇ ਪੁੱਤਰਾਂ ਲਈ ਫੀਲਿੰਗਸ ਰੱਖਣਾ ਕਿਵੇ ਗਲਤ ਹੈ ??"

ਕੇਵਲ ਇਕ ਵਾਰ ਫੇਰ ਚੁੱਪ ਹੋ ਗਿਆ ਸੀ....ਉਸਨੂੰ ਇਕ ਦਮ ਕੋਈ ਜੁਆਬ ਨਾ ਮਿਲਿਆ....


" ਪਾਪਾ...ਮੈਂ ਧਾਰਮਿਕ ਮਸਲੇ ਉਪਰ ਬਹਿਸ ਨਹੀਂ ਕਰ ਸਕਦਾ....ਮੈਂ ਧਰਮ ਕਰਮ ਤੋਂ ਦੂਰ ਠੀਕ ਹਾਂ....ਦੁਨੀਆਂ ਚੰਨ ਉਪਰ ਜਾ ਪੁੱਜੀ ਹੈ...ਅਸੀਂ ਅਜੇ ਵੀ ਉਹੀ ਧਰਮ ਨੂੰ...ਧਰਮ ਦੀਆਂ ਕਹਾਣੀਆਂ ਨੂੰ ਫੜ ਕੇ ਬੈਠੇ ਹਾਂ..." ਕੇਵਲ ਖਿਝ ਕਏ ਬੋਲਿਆ....


" ਬੇਟੇ...ਜਿਹੜੇ ਮੁਲਕ ਚੰਨ ਉਪਰ ਪੁੱਜੇ ਨੇ...ਓ ਹੀ ਮੁਲਕ ਆਪਣਾ ਧਾਰਮਿਕ ਦਿਨ ਕ੍ਰਿਸਮਸ ਜ਼ੋਰ ਸ਼ੋਰ ਨਾਲ ਮਨਾਉਂਦੇ ਨੇ..ਉਹਨਾਂ ਦੇ ਦਿਨ ਨਾਲ ਤੁਹਾਨੂੰ ਬੱਚਿਆਂ ਨੂੰ ਕੋਈ ਐਤਰਾਜ਼ ਨਹੀਂ...ਕਿਉਂਕਿ ਓ ਸਭ ਗਲੈਮਰ ਨਾਲ ਭਰਿਆ ਹੈ...ਪਰ ਜੇ ਤੁਹਾਡੇ ਮਾਂ ਬਾਪ ਆਪਣੇ ਗੁਰੂਆਂ ਲਈ ਪਿਆਰ ਨਾਲ ਭਰਦੇ ਨੇ...ਉਦਾਸੀ ਲਈ ਭਰਦੇ ਨੇ ਉਹਨਾਂ ਦੇ ਬੱਚਿਆਂ ਲਈ...ਤਾਂ ਇਹ ਸਭ ਤੁਹਾਨੂੰ ਬੇਕਾਰ ਕਿਉ ਲਗਦਾ ਹੈ ? "


" ਮੈਂ ਚਲਾ ਹਾਂ...ਪ੍ਰੀਤੀ...ਚਲ ਆ..ਤੈਨੂੰ ਵੀ ਕਾਲਜ ਛੱਡ ਆਵਾਂ....ਏਨਾ ਦੇ ਪ੍ਰਵਚਨ ਨਹੀਂ ਮੁਕਨੇ " ਕੇਵਲ ਨੇ ਪ੍ਰੀਤੀ ਨੂੰ ਆਵਾਜ਼ ਮਾਰੀ....

ਦੋਵੇ ਭੈਣ ਭਰਾ ਬਾਹਰ ਨਿਕਲ ਗਏ....ਦੋਵਾਂ ਦੇ ਮੰਮੀ ਪਾਪਾ ਇਕ ਅਜੀਬ ਬੇਬਸੀ ਮਹਿਸੂਸ ਕਰਦੇ ਹੋਏ ਆਪਣੀ ਆਪਣੀ ਜਗ੍ਹਾ ਤੇ ਖੜੇ ਰਹੇ...


ਇਹ ਸਾਰੀ ਗੱਲਬਾਤ ਨੂੰ ਚੁੱਪ ਕਰਕੇ ਸੁਣਦੀ ਰਹੀ ਸੀ ਬੱਚਿਆਂ ਦੀ ਦਾਦੀ....ਓ ਕੁਛ ਵੀ ਨਾ ਬੋਲੀ....

" ਤੂੰ ਸੱਚੀ...ਪ੍ਰੀਤੀ ਦੇ ਸਕੂਲ ਜਾਵੇਂਗੀ...? " ਪ੍ਰੀਤੀ ਦੇ ਪਾਪਾ ਬੋਲੇ

"ਹਾਂ...ਮੈਂ ਜਰੂਰ ਜਾਵਾਂਗੀ..." ਪ੍ਰੀਤੀ ਦੀ ਮੰਮੀ ਨੇ ਜੁਆਬ ਦਿੱਤਾ...

ਧੀਏ...ਮੈਨੂੰ ਵੀ ਲੈ ਚਲੀ ਨਾਲ...ਮੈਂ ਵੀ ਗੱਲ ਕਰਾਂਗੀ " ਬੱਚਿਆਂ ਦੀ ਦਾਦੀ ਉਹਨਾਂ ਦੇ ਕੋਲ ਆ ਖੜੀ ਹੋਈ...

" ਠੀਕ ਹੈ ਬੀਜੀ...ਚਲ ਪੈਣਾ ਤੁਸੀਂ ਵੀ "

.......


ਚਮਕੌਰ ਦੀ ਗੜ੍ਹੀ ਖੂਨ ਨਾਲ ਲਾਲ ਹੋ ਗਈ ਸੀ.....ਘੋੜਿਆਂ ਦੀਆਂ ਟਾਪਾਂ....ਤੇ ਤਲਵਾਰਾਂ ਦੀ ਟਨ ਟਨ ਦੀਆਂ ਆਵਾਜ਼ਾਂ ਗੂੰਜ ਰਹੀਆਂ ਸੀ.....


ਹਵਾਵਾਂ ਨਾਲੋਂ ਤੇਜ਼ ਦੌੜਦੇ ਘੋੜਿਆਂ ਉਪਰ ਸੱਜੇ ਸਿੰਘ ਦੁਸ਼ਮਣ ਨਾਲ ਲੋਹਾ ਲੈਣ ਲੱਗੇ....


ਸਾਹਿਬਜ਼ਾਦਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਅੰਦਰ ਆ ਦਾਖਲ ਹੋਏ ਸੀ....ਚਮਕੌਰ ਦੇ ਮੈਦਾਨ ਦੀ ਧੂੜ ਨੇ ਉਚਿਆਂ ਉਠ ਕੇ ਉਹਨਾਂ ਦੇ ਮੱਥੇ ਨੂੰ ਚੁੰਮਿਆ....


ਸਮੇ ਨੇ ਉਸ ਦਿਨ ਦੇ ਵਰਕਿਆਂ ਉਪਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸ਼ਹੀਦੀ ਦੀ ਦਾਸਤਾਨ ਲਿਖਣੀ ਸ਼ੁਰੂ ਕਰਤੀ ਸੀ....ਸਮੇ ਨੂੰ ਜੰਗ ਦੇ ਮੈਦਾਨ ਚ ਗੁਰੂ ਸਾਹਿਬ ਦਾ ਇਕੋ ਪੁੱਤਰ ਵਿਖ ਰਿਹਾ ਸੀ....ਤੇ ਦੂਜਾ ਪੁੱਤਰ ਗੁਰੂ ਸਾਹਿਬ ਨਾਲ ਕਿਲੇ ਚ ਖੜਾ ਵਿਖ ਰਿਹਾ ਸੀ ਜੋ ਜੰਗ ਦੇ ਮੈਦਾਨ ਅੰਦਰ ਆਉਣ ਲਈ ਤਿਆਰ ਬਰ ਤਿਆਰ ਸੀ....


ਪਰ ਗੁਰੂ ਗੋਬਿੰਦ ਸਿੰਘ ਜੀ ਲਈ ਜੰਗ ਦੇ ਮੈਦਾਨ ਚ ਲੜ ਰਿਹਾ ਹਰ ਸਿੰਘ ਹੀ ਉਹਨਾਂ ਦਾ ਪੁੱਤਰ ਸੀ...ਤੇ ਆਪਣੇ ਨਾਲ ਕਿਲ੍ਹੇ ਚ ਖੜੇ ਸਾਰੇ ਸਿੱਖ ਵੀ ਉਹਨਾਂ ਦੇ ਹੀ ਪੁੱਤਰ ਸਨ


ਬਾਬਾ ਅਜੀਤ ਸਿੰਘ ਦੇ ਹੱਥ ਚ ਫੜ੍ਹੀ ਤਲਵਾਰ ਜਦੋ ਵੀ ਘੁੰਮੀ...ਦੁਸ਼ਮਣ ਦੇ ਮੱਥੇ ਲਹੂ ਨਾਲ ਲਿਸ਼ਕੇ ਸੀ....

ਜੰਗ ਪੂਰੇ ਜੋਬਨ ਤੇ ਸੀ....ਆਖਰ ਬਾਬਾ ਅਜੀਤ ਸਿੰਘ ਅੱਧੀ ਦਰਜਨ ਹੋਰ ਸਾਥੀਆਂ ਨਾਲ ਸ਼ਹੀਦ ਹੋ ਗਏ....

ਸਮਾਂ ਲਿਖਦੇ ਲਿਖਦੇ ਹੁਣ ਰੁੱਕ ਜਾਣਾ ਚਾਹੰਦਾ ਸੀ....ਓ ਗੁਰੂ ਗੋਬਿੰਦ ਸਿੰਘ ਜੀ ਦੇ ਚੇਹਰੇ ਨੂੰ ਗਹੁ ਨਾਲ ਤਕਣਾ ਚਾਹ ਰਿਹਾ ਸੀ....ਓ ਵੇਖਣ ਲਈ ਉਤਾਵਲਾ ਸੀ ਕਿ ਇਕ ਬਾਪ ਆਪਣੇ ਸਾਹਮਣੇ ਸ਼ਹੀਦ ਹੋਏ ਪੁੱਤਰ ਨੂੰ ਕਿਵੇਂ ਵੇਖ ਰਿਹਾ ਹੈ....ਉਸਦਾ ਚੇਹਰਾ ਕਿਵੇ ਦੇ ਹਾਵ ਭਾਵ ਨਾਲ ਭਰਿਆ ਹੋਇਆ ਹੈ....


ਸਮੇ ਨੇ ਆਪਣੀਆਂ ਨਜ਼ਰਾਂ ਗੁਰੂ ਸਾਹਿਬ ਵੱਲ ਘੁਮਾਈਆਂ.....


ਗੁਰੂ ਗੋਬਿੰਦ ਸਿੰਘ ਜੀ....ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ....ਜਿਨ੍ਹਾਂ ਨੇ ਕਦੀ ਆਪਣੇ ਪਿਤਾ ਜੀ ਨੂੰ ਸ਼ਹੀਦ ਹੋਣ ਲਈ ਜਾਣ ਲਗਿਆਂ ਵਿਦਾ ਕੀਤਾ ਸੀ....ਅੱਜ ਆਪਣੇ ਦੂਜੇ ਪੁੱਤਰ ਨੂੰ ਥਾਪੜਾ ਦੇ ਕੇ ਜੰਗ ਦੇ ਮੈਦਾਨ ਚ ਤੋਰ ਰਹੇ ਸੀ...


ਚੌਦਾਂ ਸਾਲਾਂ ਦੇ ਬਾਬਾ ਜੁਝਾਰ ਸਿੰਘ ਘੋੜੇ ਦੀ ਕਾਠੀ ਉਪਰ ਸੱਜੇ ਹੋਏ ਦੁਸ਼ਮਣ ਦੇ ਲਹੂ ਨਾਲ ਆਪਣੀ ਤਲਵਾਰ ਨੂੰ ਲਾਲ ਕਰ ਰਹੇ ਸੀ..


ਆਖਰ ਸ਼ਹੀਦ ਹੋਣਾ ਬਾਬਾ ਜੁਝਾਰ ਸਿੰਘ ਜੀ ਦੇ ਵੀ ਹਿੱਸੇ ਆ ਗਿਆ ਸੀ...


ਚਮਕੌਰ ਦੇ ਮੈਦਾਨ ਨੇ ਕੁਛ ਹੀ ਦੇਰ ਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਪੁੱਤਰਾਂ ਨੂੰ ਸ਼ਹੀਦ ਹੁੰਦੇ ਹੋਏ ਵੇਖ ਲਿਆ ਸੀ...

ਸਮਾਂ ਇਸ ਵਾਰ ਗੁਰ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਸੀ ਮਿਲਾ ਸਕਿਆ....


ਇਕ ਮਹਾਨ ਪਿਤਾ ਦੇ ਉਸ ਵਰਗੇ ਹੀ ਮਹਾਨ ਦੋ ਪੁੱਤਰ ਸ਼ਹੀਦ ਹੋ ਚੁਕੇ ਸੀ....ਹੋਰ ਵੀ ਕਈ ਸਿੰਘ ਸ਼ਹੀਦ ਹੋ ਗਏ ਸੀ....
ਪਰ ਮੁਗਲਾਂ ਦੀ ਏਡੀ ਵੱਡੀ ਸੈਨਾ ਦਾ ਇਕੱਠ ਵੀ ਚਮਕੌਰ ਦੀ ਕੱਚੀ ਗੜ੍ਹੀ ਨੂੰ ਢਾਹ ਨਹੀਂ ਸੀ ਸਕਿਆ...ਨਾ ਗੁਰੂ ਗੋਬਿੰਦ ਸਿੰਘ ਜੀ ਦਾ ਹੌਂਸਲਾ ਅਤੇ ਸਿਦਕ ਢਾਹ ਸਕਿਆ ਸੀ......


.........


ਸਮਾਂ ਅਜੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਦੋਵੇ ਪੁੱਤਰਾਂ ਦੀ ਸ਼ਹੀਦੀ ਨੂੰ ਲੈ ਉਦਾਸੀ ਚੋ ਬਾਹਰ ਨਿਕਲਿਆ ਵੀ ਨਹੀਂ ਸੀ ਕਿ ਉਸਦੀਆਂ ਅੱਖਾਂ ਡਰ ਨਾਲ ਖੁਲੀਆਂ ਰਹਿ ਗਈਆਂ...

ਜਾਨੀ ਖਾਂ ਤੇ ਮਾਨੀ ਖਾਂ ...ਦੋਵੇ ਜਣੇ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਦਾਦੀ ਸਮੇਤ ਗ੍ਰਿਫ਼ਤਾਰ ਕਰਨ ਆ ਪੁੱਜੇ ਸੀ....
ਗਨੀ ਖਾਨ ਅਤੇ ਮਨੀ ਖਾਨ...ਦੋਵੇ ਮੋਰਿੰਡੇ ਦੇ ਚੌਧਰੀ ਸੀ....ਤੇ ਹੁਣ ਸਾਹਿਬਜ਼ਾਦਿਆਂ ਨੂੰ ਅਤੇ ਉਹਨਾਂ ਦੇ ਦਾਦੀ ਜੀ ਨੂੰ ਸਰਹੰਦ ਲੈ ਕੇ ਜਾਇਆ ਜਾਣਾ ਸੀ...


" "ਕਿੰਨਾ ਬੇਸ਼ਰਮ ਹੈਂ ਤੂੰ ਗੰਗੂ....ਦੇਖ ਕਿਦਾਂ ਖੁਸ਼ ਹੋ ਰਿਹਾ ਹੈਂ " ਸਮੇ ਨੇ ਗੰਗੂ ਨੂੰ ਲਾਹਨਤਾਂ ਪਾਈਆਂ...


ਪਰ ਗੰਗੂ ਨੂੰ ਏਨਾ ਲਾਹਨਤਾਂ ਨਾਲ ਕੋਈ ਅਸਰ ਹੋਣਾ ਹੁੰਦਾ ਤਾਂ ਉਹ ਸਭ ਭਲਾ ਕਰਦਾ ਹੀ ਕਿਉ....ਓ ਕਿਉ ਦੋ ਮਾਸੂਮ ਬੱਚਿਆਂ ਨੂੰ ਅਤੇ ਇਕ ਬਜ਼ੁਰਗ ਔਰਤ ਨੂੰ ਗਿਰਫ਼ਤਾਰ ਕਰਵਾਉਂਦਾ....


ਸਮੇ ਨੇ ਗੰਗੂ ਦਾ ਨਾਮ ਗਦਾਰ ਅਤੇ ਨਮਕ ਹਰਾਮ ਲੋਕਾਂ ਦੀ ਸੂਚੀ ਵਿਚ ਵੱਡੇ ਵੱਡੇ ਅੱਖਰਾਂ ਨਾਲ ਲਿਖਿਆ....
ਫਿਲਹਾਲ ਗੰਗੂ ਸਾਹਿਬਜ਼ਾਦਿਆਂ ਨੂੰ ਗਿਰਫ਼ਤਾਰ ਕਰਵਾਉਣ ਦੇ ਬਦਲੇ ਮਿਲੇ ਹੋਏ ਇਨਾਮ ਨੂੰ ਕੇ ਖੁਸ਼ ਸੀ....


......


ਕੇਵਲ ਖੁਸ਼ ਸੀ.....ਓ ਮਨਪ੍ਰੀਤ ਔਲਖ ਦੇ ਪ੍ਰੋਗਰਾਮ ਦੇ ਪਾਸ ਲੈ ਆਇਆ ਸੀ....ਹਰਪ੍ਰੀਤ ਵੀ ਅੱਜ ਬੜੀ ਖੁਸ਼ੀ ਚ ਸੀ... ਉਸਦੀ ਅੱਜ ਰਿਹਰਸਲ ਵਧੀਆ ਰਹੀ ਸੀ....


"ਬੀਜੀ...ਤੁਸੀਂ ਅੱਜ ਫੇਰ ਜਾਗਦੇ ਪਏ ਹੋ... ? " ਹਰਪ੍ਰੀਤ ਨੇ ਦਾਦੀ ਨੂੰ ਜਾਗਦੇ ਵੇਖ ਕੇ ਪੁੱਛਿਆ...


" ਹਾਂ ਧੀਏ....ਅੱਜ ਨੀਂਦ ਕਿਵੇ ਆਉਣੀ ਹੈ ਭਲਾ....ਤੇਰੇ ਦੋ ਵੀਰ ਸ਼ਹੀਦ ਹੋ ਗਏ ਨੇ...ਤੇ ਦੋ ਵੀਰਾਂ ਨੂੰ ਜਾਲਮ ਸਿਪਾਹੀ ਫੜ੍ਹ ਕੇ ਲੈ ਗਏ ਨੇ...." ਦਾਦੀ ਉਦਾਸ ਹੋ ਕੇ ਬੋਲੀ....


" ਮੇਰੇ ਵੀਰ.??..ਕਿਹੜੇ ਵੀਰਾਂ ਨੂੰ ਕੋਈ ਫੜ੍ਹ ਕੇ ਲੈ ਗਿਆ...ਕੇਹਦੀ ਗੱਲ ਕਰੀ ਜਾਂਦੇ ਹੋ ?" ਹਰਪ੍ਰੀਤ confuse ਹੋ ਗਈ ਸੀ...
" ਬੀਜੀ...ਸੋ ਜਾਓ....ਸੌਣ ਦਵੋ ਪ੍ਰੀਤੀ ਨੂੰ ਵੀ...." ਕੇਵਲ ਖਿਝ ਕੇ ਬੋਲਿਆ...


" ਕੇਵਲ ਵੀਰੇ ਨੇ ਤਾਂ ਲਗਦਾ ਸਾਰੀ ਕਹਾਣੀ ਸੁਣੀ ਹੋਈ ਹੈ...ਮੈਂ ਵੀ ਇਕ ਦਿਨ ਜਰੂਰ ਸੁਣਾਂਗੀ ਬਿਜ਼ੀ....ਅਜੇ ਮੈਨੂੰ ਨੀਂਦ ਆ ਰਹੀ...ਸੋ ਜਾਓ ਤੁਸੀਂ ਵੀ...ਗੁਡ ਨਾਈਟ..." ਪ੍ਰੀਤੀ ਨੇ ਪਾਸਾ ਪਲਟਿਆ ਤੇ ਅੱਖਾਂ ਬੰਦ ਕਰ ਲਈਆਂ...


ਕੇਵਲ ਫੇਸਬੁਕ ਉਪਰ ਰੁਪਿੰਦਰ ਹਾਂਡਾ ਦੇ ਵਿਰੁੱਧ ਅਤੇ ਬੱਬੂ ਮਾਨ ਦੇ ਹੱਕ ਚ ਸਟੇਟਸ ਪਾਉਣ ਚ ਰੁਝ ਗਿਆ ਸੀ....
ਦਾਦੀ ਨੇ ਵੀ ਅੱਖਾਂ ਬੰਦ ਕਰ ਲਈਆਂ...ਓ ਆਉਣ ਵਾਲੇ ਕਲ ਨੂੰ ਬੱਚਿਆਂ ਦੇ ਸਕੂਲ ਚ ਉਹਨਾਂ ਦੇ ਪ੍ਰਿੰਸੀਪਲ ਨੂੰ ਮਿਲਣ ਜਾਣ ਵਾਲੀ ਸੀ...


.....


ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਉਹਨਾਂ ਦੇ ਦਾਦੀ ਜੀ ਨੂੰ ਗਿਰਫ਼ਤਾਰ ਕਰਕੇ ਸਰਹੰਦ ਲੈ ਆਂਦਾ ਗਿਆ ਸੀ....


" ਇਹ ਦੋ ਨਿਆਣੇ ਅਤੇ ਇਹ ਬੁੱਢੀ ਔਰਤ ਠੰਡ ਚ ਸਾਰੀ ਰਾਤ ਕੰਬਣਗੇ....ਤਾਂ ਆਪੀ ਏਨਾ ਦੀ ਅਕਲ ਠਿਕਾਣੇ ਆ ਜਾਵੇਗੀ..." ਵਜ਼ੀਰ ਖਾਨ ਨੇ ਮਨ ਹੀ ਮਨ ਸੋਚਿਆ...


ਠੰਡ ਦੇ ਸਭ ਤੋਂ ਠੰਡੇ ਦਿਨਾਂ ਵਿਚ ਗੁਰੂ ਸਾਹਿਬ ਦੇ ਨਿੱਕੇ ਪੁੱਤਰਾਂ ਨੂੰ ਅਤੇ ਉਹਨਾਂ ਦੇ ਮਾਤਾ ਜੀ ਨੂੰ ਇਕ ਠੰਡੇ ਬੁਰਜ ਵਿੱਚ ਰੱਖਿਆ ਗਿਆ....ਤਾਂ ਜੋ ਉਹਨਾਂ ਦਾ ਮਨੋਬਲ ਡੇਗਿਆ ਜਾ ਸਕੇ....


ਸਰਹੰਦ ਦੇ ਹਰ ਗਲੀ ਬਾਜ਼ਾਰ ਚ ਘੁਸਰ ਮੁਸਰ ਹੋਣ ਲਗ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਅਤੇ ਉਹਨਾਂ ਦੇ ਮਾਤਾ ਜੀ ਕੈਦ ਹੋ ਚੁਕੇ ਨੇ...ਸਭ ਪਾਸੇ ਅਜੀਬ ਮਾਹੌਲ ਬਣ ਗਿਆ ਸੀ....ਜਿਥੇ ਬੜੇ ਲੋਕ ਨਿੱਕੇ ਬੱਚਿਆਂ ਲਈ ਫ਼ਿਕਰਮੰਦ ਸੀ ਉਥੇ ਬੜੇ ਜਣੇ ਇਹ ਸ਼ਰਤਾਂ ਲਗਾਉਣ ਨੂੰ ਤਿਆਰ ਬੈਠੇ ਸੀ ਕਿ ਵਜ਼ੀਰ ਖਾਨ ਏਨਾ ਨਿੱਕੇ ਬੱਚਿਆਂ ਦਾ ਧਰਮ ਕਿੰਨੀ ਜਲਦੀ ਤਬਦੀਲ ਕਰਵਾ ਲਵੇਗਾ....


........


ਕੇਵਲ ਦਾ ਮਨ ਖਿਝ ਅਤੇ ਗੁਸੇ ਨਾਲ ਭਰ ਗਿਆ ਸੀ ਜਦੋਂ ਉਸਨੂੰ ਪਤਾ ਲਗਿਆ ਕਿ ਅਲਫ਼ਾ ਮਾਲ ਚ ਹੋਣ ਵਾਲੀ ਸਟਾਰ ਨਾਈਟ ਰੱਦ ਹੋ ਗਈ ਹੈ....


" ਚਲੋ ਵਧੀਆ ਹੋਇਆ....ਇਹਨਾਂ ਦਿਨਾਂ ਚ ਜਦੋ ਸਾਰਾ ਪੰਜਾਬ ਨਿੱਕੀਆਂ ਜ਼ਿੰਦਾਂ ਦੇ ਸ਼ਹੀਦੀ ਦਿਨ ਯਾਦ ਕਰ ਰਿਹਾ ਹੈ...ਉਦੋਂ ਏਦਾਂ ਦੇ ਧੂਮ ਧੜਾਕੇ ਵਾਲੇ ਪ੍ਰੋਗਰਾਮ ਜੱਚਦੇ ਵੀ ਨਹੀਂ..." ਕਾਲਜ ਚ ਮੁੰਡੇ ਇਕ ਦੂਜੇ ਨਾਲ ਗੱਲਾਂ ਕਰਦੇ ਹੋਏ ਬੋਲੇ...


" ਹਾਂ ਯਾਰ....ਸਹੀ ਹੈ...ਮੈਂ ਤਾਂ ਆਪ ਸ਼ਰਾਬ ਨਹੀਂ ਪੀਤੀ ਤਿੰਨ ਦਿਨ ਹੋ ਗਏ....ਅਜੇ ਹੋਰ ਨਹੀਂ ਪੀਣੀ ਕੁਛ ਦਿਨ....ਮੰਨਿਆ ਮੈਂ ਗੁਰੂ ਸਾਹਿਬ ਦੇ ਬੱਚਿਆਂ ਵਰਗਾ ਸਿਦਕੀ ਨਹੀਂ...ਪਰ ਮੈਂ ਕੁਛ ਤਾਂ ਕਰ ਹੀ ਸਕਦਾ ਹਾਂ ....ਬਸ...ਕੁਛ ਦਿਨ ਸ਼ਰਾਬ ਬੰਦ ਕਰਤੀ " ਇਕ ਹੋਰ ਮੁੰਡਾ ਬੋਲਿਆ...


ਕੇਵਲ ਨੂੰ ਇਹ ਗੱਲਾਂ ਬਾਤਾਂ ਖਿਝਾ ਰਹੀਆਂ ਸੀ....

" ਸ਼ਰਾਬ ਛੱਡਣ ਨਾਲ ਕੀ ਹੋਣਾ....ਜਾਂ ਤਾਂ ਪੱਕੀ ਛੱਡ....ਆ ਦੋ ਕੁ ਦਿਨ ਛਡਣਾ ਤਾਂ ਪਾਖੰਡ ਹੀ ਹੋਇਆ....ਤੁਸੀਂ ਸਾਰੇ ਸਾਰਾ ਸਾਲ ਰੱਬ ਦਾ ਨਾਮ ਨਹੀਂ ਲੈਂਦੇ....ਤੇ ਆ ਹਫਤੇ ਆਪਣੀਆਂ ਪ੍ਰੋਫਾਈਲਾਂ ਚ ਗੁਰੂ ਸਾਹਿਬ ਦੀਆਂ ਫੋਟੋਆਂ ਲਾ ਕੇ ਕੀ ਸਿੱਧ ਕਰਨਾ ਚਾਹੁੰਦੇ ਹੋ ਭਾਈ ? " ਕੇਵਲ ਗੁੱਸੇ ਚ ਬੋਲਿਆ...


" ਵੇਖ ਵੀਰ....ਮੰਨਿਆ ਅਸੀਂ ਸਾਰਾ ਸਾਲ ਰੱਬ ਦਾ ਨਾਮ ਨਹੀਂ ਲੈਂਦੇ....ਪਰ ਜੇ ਆ ਦਿਨਾਂ ਚ ਅਸੀਂ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਫੋਟੋਆਂ ਲਾਉਂਦੇ ਹਾਂ...ਜਾਂ ਉਹਨਾਂ ਨੂੰ ਯਾਦ ਕਰਕੇ ਦੋ ਕੁ ਦਿਨ ਲਈ ਵੀ ਨਸ਼ੇ ਛੱਡ ਦਿੰਦੇ ਹਾਂ...ਤਾਂ ਇਸਦਾ ਮਤਲਬ ਏਹੀ ਆ...ਕਿ ਅਜੇ ਸਾਡੇ ਅੰਦਰ ਸਿੱਖੀ ਲਈ ਭਾਵਨਾਵਾਂ ਜੀਉਂਦੀਆਂ ਨੇ....ਅਸੀਂ ਬਿਲਕੁਲ ਹੀ ਆਪਣੇ ਧਰਮ ਤੋਂ ਦੂਰ ਨਹੀਂ ਹੋ ਗਏ....ਅਜੇ ਵੀ ਕੁਛ ਹੈ ਜੋ ਸਾਡੀਆਂ ਰੂਹਾਂ ਨੂੰ ਝੰਜੋੜਦਾ ਹੈ....ਬੇਸ਼ਕ ਕੁਛ ਕੁ ਦਿਨ ਹੀ ਸਹੀ....ਪਰ ਸਾਡੇ ਮਨ ਸਿੱਖੀ ਲਈ ਪਿਆਰ ਨਾਲ ਭਰ ਜਾਂਦੇ ਨੇ....ਸਾਨੂੰ ਨਹੀਂ ਪਤਾ ਕਿ ਅਸੀਂ ਸਾਰੇ ਸਾਲ ਚ ਏਦਾਂ ਦੀਆਂ ਭਾਵਨਾਵਾਂ ਨਾਲ ਕਿਉ ਨਹੀਂ ਭਰੇ ਰਹਿੰਦੇ....ਪਰ ਏਨਾ ਕੁਛ ਕੁ ਦਿਨਾਂ ਚ ਸਾਨੂੰ ਕੀ ਹੋ ਜਾਂਦਾ...ਇਹ ਸਾਨੂੰ ਵੀ ਨਹੀਂ ਪਤਾ....ਜੂਨ ਚ...ਤੇ ਫੇਰ ਦਸੰਬਰ ਚ...ਅਸੀਂ ਆਪ ਮੁਹਾਰੇ ਹੀ ਸਿੱਖੀ ਲਈ ਦਰਦ ਅਤੇ ਪਿਆਰ ਨਾਲ ਭਰ ਜਾਂਦੇ ਹਾਂ " ਕੇਵਲ ਦਾ ਕਲਾਸਮੇਟ ਸ਼ਾਂਤ ਰਹਿ ਕੇ ਆਪਣੇ ਮਨ ਦੀਆਂ ਗੱਲਾਂ ਬੋਲਦਾ ਰਿਹਾ...
ਕੇਵਲ ਹੋਰ ਕੁਝ ਨਾ ਬੋਲ ਸਕਿਆ....


" ਸਾਨੂੰ ਪਤਾ ਭਰਾ....ਤੂੰ ਸਟਾਰ ਨਾਈਟ ਦੇ ਕੈਂਸਲ ਹੋਣ ਕਰਕੇ ਦੁੱਖੀ ਹੈਂ....ਪਰ ਮੇਰੀ ਗੱਲ ਮੰਨ ਕੇ...ਆ ਦੋ ਦਿਨ ਗੁਰਦਵਾਰੇ ਜਰੂਰ ਜਾ...ਉਥੇ ਨਹੀਂ ਜਾਣਾ...ਤਾਂ ਆਪਣੇ ਘਰ ਕਿਸੇ ਬਜ਼ੁਰਗ ਤੋਂ ਅੱਜ ਦੇ ਦਿਨ ਅਤੇ ਆਉਣ ਵਾਲੇ ਦਿਨਾਂ ਬਾਰੇ ਇਕ ਇਕ ਗੱਲ ਪੁੱਛ...ਨਿੱਕੀ ਨਿੱਕੀ ਘਟਨਾ ਨੂੰ ਜਾਣ...ਜੇ ਕਿਸੇ ਤੋਂ ਪੁੱਛਣਾ ਵੀ ਨਹੀਂ...ਤਾਂ ਆਪਣੇ ਮੋਬਾਇਲ ਚ ਹੀ ਗੁਰੂ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਨਾਲ ਇਸ ਹਫਤੇ ਵਾਪਰੀਆਂ ਘਟਨਾਵਾਂ ਬਾਰੇ ਪੜ੍ਹ....ਫੇਰ ਮਹਿਸੂਸ ਕਰੀਂ...ਕਿ ਦੁਖ ਕੀ ਹੁੰਦਾ ਹੈ...." ਕੇਵਲ ਦਾ ਇਕ ਹੋਰ ਦੋਸਤ ਉਸਦੇ ਕੋਲ ਆ ਕੇ ਬੋਲਿਆ...


" ਚੱਲ ਆ..ਮਨ ਠੀਕ ਕਰ...ਆਜਾ ਚਾਹ ਪੀਂਦੇ ਹਾਂ...ਠੰਡ ਵੀ ਦੇਖ ਕਿੰਨੀ ਹੋ ਗਈ....ਆਜਾ...ਮੈਂ ਪਿਲਾਉਂਗਾ ਅੱਜ ਚਾਹ...ਆਜੋ ਸਾਰੇ " ਇਕ ਜਣੇ ਨੇ ਸਭ ਨੂੰ ਸੁਲਹ ਮਾਰੀ...


" ਠੰਡ ਚ ਸਾਨੂੰ ਵੇਖਾਂ...ਚਾਹ ਗਰਮਾ ਗਰਮ ਵੀ ਕਿੰਨੀ ਆਸਾਨੀ ਨਾਲ ਮਿਲਦੀ....ਇਕ ਸਾਡੇ ਵੀਰ ਸੀ...ਜਿਨ੍ਹਾਂ ਨੂੰ ਠੰਡ ਚ ਗਰਮ ਦੁੱਧ ਪਿਲਾਉਣ ਵਾਲੇ ਨੂੰ ਵੀ ਆਪਣੀ ਜਾਨ ਗਵਾਉਣੀ ਪਈ ਸੀ..." ਕੋਈ ਜਣਾ ਹੌਕਾ ਭਰ ਕੇ ਬੋਲਿਆ...


ਕੇਵਲ ਸਮੇਤ ਸਾਰੇ ਜਣੇ ਉਠ ਕੇ ਕੰਟੀਨ ਵਲ ਨੂੰ ਤੁਰ ਪਏ....


.......


ਹਰਪ੍ਰੀਤ ਡਾਂਸ ਦੀ ਰਹਿਸਰਸਲ ਕਰਦੀ ਹੋਈ ਘੜੀ ਮੁੜੀ ਸਕੂਲ ਦੇ ਬਾਹਰਲੇ ਗੇਟ ਵਲ ਵੀ ਨਜ਼ਰ ਮਾਰਦੀ ਸੀ ਕਿ ਉਸਦੇ ਮੰਮੀ ਨੇ ਅੱਜ ਸਕੂਲ ਆਉਣਾ ਸੀ....ਤੇ ਉਸਨੂੰ ਏਹੀ ਫਿਕਰ ਸੀ ਕਿ ਪਤਾ ਨਹੀਂ ਉਸਦੇ ਮੰਮੀ ਪ੍ਰਿੰਸੀਪਲ ਨਾਲ ਕਿਵੇਂ ਗੱਲ ਕਰਨਗੇ....ਏਵੀ ਕੁਛ ਸਖਤ ਨਾ ਬੋਲ ਦੇਣ...ਹੋਰ ਉਸਦੇ ਭਾਅ ਦਾ ਕੋਈ ਪੰਗਾ ਖੜਾ ਕਰ ਦੇਣਗੇ .....


ਫੇਰ ਓ ਆਪਣੀ ਰਿਹਰਸਲ ਚ ਹੀ ਐਸੀ ਖੂਬੀ...ਕਿ ਉਸਨੂੰ ਪਤਾ ਵੀ ਨਾ ਲੱਗਿਆ ਕਿ ਕਦੋਂ ਉਸਦੇ ਮੰਮੀ ਅਤੇ ਦਾਦੀ ਸਕੂਲ ਚੋ ਹੋ ਕੇ ਵਾਪਸ ਵੀ ਮੁੜ ਗਏ....


ਉਸਦੀ ਰਿਹਰਸਲ ਅਜੇ ਮੁਕੀ ਹੀ ਸੀ...ਕਿ ਪ੍ਰਿੰਸੀਪਲ ਮੈਡਮ ਇਕ ਹੋਰ ਮੈਡਮ ਨਾਲ ਉਥੇ ਆ ਗਏ..

" ਹੈਲੋ ਬੱਚਿਓ....ਕੀ ਹਾਲਚਾਲ ਹੈ....ਕਿਵੇ ਚਲ ਰਹੀ ਰਿਹਰਸਲ ? " ਪ੍ਰਿੰਸੀਪਲ ਨੇ ਸਭ ਨੂੰ ਪੁੱਛਿਆ...


ਸਾਰਿਆਂ ਨੇ ਹੱਸ ਕੇ ਜੁਆਬ ਦਿੱਤਾ..." ਬਹੁਤ ਵਧੀਆ ਮੈਮ..."


" ਅੱਛਾ ਬੱਚਿਓ....ਮੈਂ ਤੁਹਾਨੂੰ ਕੁਝ ਦਸਣ ਆਈ ਹਾਂ....ਅੱਜ ਹਰਪ੍ਰੀਤ ਦੇ ਮੰਮੀ ਅਤੇ ਉਹਨਾਂ ਦੇ ਦਾਦੀ ਜੀ ਆਏ ਸੀ..." ਪ੍ਰਿੰਸੀਪਲ ਨੇ ਹਰਪ੍ਰੀਤ ਵਲ ਵੇਖਿਆ...


ਹਰਪ੍ਰੀਤ ਦੇ ਸ਼ਰੀਰ ਚ ਕੰਬਣੀ ਦੌੜ ਗਈ...ਉਸਨੂੰ ਮਨ ਹੀ ਮਨ ਆਪਣੇ ਦਾਦੀ ਅਤੇ ਮੰਮੀ ਉਪਰ ਢੇਰ ਸਾਰਾ ਗੁੱਸਾ ਆ ਰਿਹਾ ਸੀ....ਕੀ ਮਤਲਬ ਬਣਦਾ ਸੀ ਉਹਨਾਂ ਦੇ ਏਦਾਂ ਆਉਣ ਦਾ....ਹੱਦ ਕਰਤੀ ਉਹਨਾਂ ਨੇ....


" ਹਰਪ੍ਰੀਤ ਦੇ ਮੰਮੀ ਬੜੇ ਪਿਆਰੇ ਨੇ....ਉਹਨਾਂ ਨੇ ਤੁਹਾਨੂੰ ਸਾਰੇ ਬੱਚਿਆਂ ਨੂੰ ਕ੍ਰਿਸਮਸ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਭੇਜੀਆਂ ਨੇ...ਤੇ ਫ਼ੰਕਸ਼ਨ ਦੀ ਸਫਲਤਾ ਲਈ ਵੀ ਦੁਆਵਾਂ ਦਿੱਤੀਆਂ ਨੇ...." ਪ੍ਰਿੰਸੀਪਲ ਬੜੇ ਜੋਸ਼ ਨਾਲ ਸਭ ਦਸ ਰਹੀ ਸੀ....

ਹਰਪ੍ਰੀਤ ਹੈਰਾਨ ਸੀ....ਕਿ ਕਲ ਰਾਤ ਤੱਕ ਕ੍ਰਿਸਮਸ ਦੇ ਫ਼ੰਕਸ਼ਨ ਵਿਰੁੱਧ ਬੋਲਣ ਵਾਲੇ ਉਸਦੇ ਮੰਮੀ ਇਹ ਸਭ ਕਿਵੇ ਬੋਲ ਕੇ ਜਾ ਸਕਦੇ ਹੈ....ਉਸਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ....


" ਉਹਨਾਂ ਨੇ ਇਕ ਸਲਾਹ ਵੀ ਦਿੱਤੀ...ਜੋ ਮੈਨੂੰ ਬੜੀ ਜਚੀ.....ਉਹਨਾਂ ਨੇ ਆਖਿਆ ਕਿ ਅਸੀਂ ਕ੍ਰਿਸਮਸ ਦੇ ਨਾਲ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ਹੀਦੀ ਬਾਰੇ ਵੀ ਤੁਹਾਨੂੰ ਦਸੀਏ..ਇਸ ਕਰਕੇ ਅਸੀਂ ਹੁਣ ਸਲਾਹ ਕੀਤੀ ਹੈ ਕਿ ਅਸੀਂ ਕਲ ਤੁਹਾਨੂੰ ਗੁਰੂ ਸਾਹਿਬ ਦੇ ਬੱਚਿਆਂ ਨਾਲ ਵਾਪਰੀਆਂ ਘਟਨਾਵਾਂ ਬਾਰੇ ਇਕ ਡਾਕੂਮੈਂਟਰੀ ਫਿਲਮ ਵਿਖਾਵਾਂਗੇ....ਤੇ ਸਾਡੇ ਨਾਲ ਹਰਪ੍ਰੀਤ ਦੇ ਦਾਦੀ ਜੀ ਵੀ ਹੋਣਗੇ ਜੋ ਬੱਚਿਆਂ ਦੇ ਸਵਾਲਾਂ ਦਾ ਜੁਆਬ ਦੇਣਗੇ...ਓ ਸੁਆਲ...ਜੋ ਫਿਲਮ ਵੇਖਦੇ ਸਮੇ ਬੱਚਿਆਂ ਦੇ ਮਨਾਂ ਚ ਪੈਦਾ ਹੋਣਗੇ "


ਸਾਰੇ ਬੱਚੇ ਖੁਸ਼ ਹੋ ਗਏ ਸੀ.....ਹਰਪ੍ਰੀਤ ਨੂੰ ਸਮਝ ਨਹੀਂ ਸੀ ਆ ਰਹੀ...ਕਿ ਓ ਖੁਸ਼ ਹੋਵੇ ਜਾਂ ਉਦਾਸ....ਓ ਘਰ ਨੂੰ ਜਾਣ ਲਈ ਕਾਹਲੀ ਪੈ ਰਹੀ ਸੀ....ਓ ਪੁੱਛਣਾ ਚਾਹ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਹੈ.....


......


ਚਮਕੌਰ ਦੀ ਧਰਤੀ ਉਪਰ ਚੁੱਪ ਵੱਸੀ ਪਈ ਸੀ....ਪਰ ਇਸ ਦੌਰਾਨ ਇਕ ਔਰਤ ਜੰਗ ਚ ਸ਼ਹੀਦ ਸੂਰਮਿਆਂ ਦੀਆਂ ਦੇਹਾਂ ਨੂੰ ਸਿੱਖੀ ਰੀਤ ਅਨੁਸਾਰ ਸਸਕਾਰ ਕਰਨ ਲਈ ਇਕੱਠਿਆਂ ਕਰ ਰਹੀ ਸੀ....


ਜੰਗ ਮੁਕਣ ਤੋਂ ਬਾਦ ਇਹ ਸਭ ਕਰਨਾ ਵੀ ਜੰਗ ਲੜਨ ਜਿਨ੍ਹਾਂ ਹੀ ਔਖਾ ਸੀ....ਹਰਸ਼ਰਨ ਕੌਰ ਨਾਮ ਦੀ ਇਹ ਬੀਬੀ ਪੂਰੇ ਜੋਸ਼ ਨਾਲ ਆਪਣਾ ਕੰਮ ਕਰਦੀ ਰਹੀ....ਉਸਨੇ ਗੁਰੂ ਸਾਹਿਬ ਦੇ ਵੱਡੇ ਦੋਵੇ ਪੁੱਤਰਾਂ ਸਮੇਤ ਸਾਰੇ ਸ਼ਹੀਦ ਸਿਖਾਂ ਦਾ ਪੂਰੀਆਂ ਰੀਤਾਂ ਨਾਲ ਅੰਤਮ ਸਸਕਾਰ ਕੀਤਾ....


ਮੁਗ਼ਲ ਹਕੂਮਤ ਦੇ ਮਨ ਦੀ ਮਨ ਚ ਹੀ ਰਹਿ ਗਈ ਸੀ...


" ਅਸੀਂ ਏਨਾ ਸਿਖਾਂ ਦੀਆਂ ਲੋਥਾਂ ਨੂੰ ਘੋੜਿਆਂ ਦੇ ਮਗਰ ਬੰਨ੍ਹ ਕੇ ਸੜਕਾਂ ਉਪਰ ਘਸੀਟਾਂਗੇ....ਚੌਂਕ ਚ ਰੱਖ ਕੇ ਏਨਾ ਨੂੰ ਜਾਨਵਰਾਂ ਮੂਹਰੇ ਕਰਾਂਗੇ....ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕੇ ਮੁਗਲਾਂ ਨਾਲ ਟਕਰਾਉਣ ਵਾਲੇ ਦਾ ਕੀ ਹਸ਼ਰ ਹੁੰਦਾ ਹੈ "


ਇਹ ਸਭ ਗੱਲਾਂ ਉਸ ਵੇਲੇ ਦੀ ਮੁਗ਼ਲ ਹਕੂਮਤ ਸੋਚਦੀ ਹੀ ਰਹਿ ਗਈ....ਬੀਬੀ ਹਰਸ਼ਰਨ ਕੌਰ ਜੀ ਨੇ ਸਭ ਸ਼ਹੀਦਾਂ ਦਾ ਸਸਕਾਰ ਕਰਕੇ ਮੁਗ਼ਲਾਂ ਦੇ ਸਾਰੇ ਮਨਸੂਬਿਆਂ ਉਪਰ ਪਾਣੀ ਫੇਰਤਾ ਸੀ....


ਇਸ ਖਿਝ ਦਾ ਬਦਲਾ ਬੀਬੀ ਹਰਸ਼ਰਨ ਕੌਰ ਜੀ ਨੂੰ ਸ਼ਹੀਦ ਕਰਕੇ ਲਿਆ ਗਿਆ.....


ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਕਿਸੇ ਵੀ ਸਿੱਖ ਲਈ ਪਿਆਰ ਅਤੇ ਹਮਦਰਦੀ ਨਾਲ ਭਰੇ ਹੋਏ ਹੋਣ ਦਾ ਮਤਲਬ ਉਦੋਂ ਆਪਣੀ ਜਾਨ ਗਵਾਉਣਾ ਹੀ ਹੁੰਦਾ ਸੀ....ਪਰ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਿਆਂ ਦੇ ਮਨ ਉਹਨਾਂ ਲਈ ਹਮੇਸ਼ਾਂ ਪਿਆਰ ਨਾਲ ਭਰੇ ਰਹੇ....ਬੇਸ਼ਕ ਓ ਇਸ ਪਿਆਰ ਦਾ ਮੁੱਲ ਆਪਣੀ ਜਾਨ ਦੇ ਕੇ ਚੁਕਾਉਂਦੇ ਰਹੇ ਸੀ.....


......


ਕੇਵਲ ਨੇ ਮੋਬਾਇਲ ਦਾ ਡਾਟਾ ਚਾਲੂ ਕੀਤਾ ਹੀ ਸੀ ਕਿ ਕਿੰਨੇ ਹੀ ਵਾਹਟਸ ਅੱਪ ਦੇ ਮੈਸਜ ਆਉਣ ਲੱਗੇ....

ਕਿਤੇ ਕੋਈ ਕ੍ਰਿਸਮਸ ਦੀ ਮੁਬਾਰਕ ਦੇ ਰਿਹਾ ਸੀ....ਤੇ ਕੋਈ ਨਵੇਂ ਸਾਲ ਦੀ ਅਡਵਾਂਸ ਚ ਮੁਬਾਰਕ ਦਿੰਦਾ ਪਿਆ ਸੀ....
ਕੇਵਲ ਨੇ ਸਭ ਨੂੰ ਵਧਾਈ ਵਾਲੇ ਮੈਸਜ ਭੇਜੇ ਤੇ ਫੇਸਬੁਕ ਖੋਲ ਕੇ ਬੈਠ ਗਿਆ....


ਉਸਦੇ ਸਾਰੇ ਸਿੱਖ ਦੋਸਤਾਂ ਨੇ ਚਾਰ ਸਾਹਿਬਜ਼ਾਦਿਆਂ ਬਾਰੇ ਹੀ ਲਿਖ ਲਿਖ ਭਰਿਆ ਹੋਇਆ ਸੀ ਫੇਸਬੁਕ ਨੂੰ....ਉਸਨੇ ਇਸ ਸਭ ਬਾਰੇ ਕੋਈ ਵਿਸਥਾਰ ਚ ਲਿਖੀ ਲਿਖਤ ਨੂੰ ਪੜ੍ਹਨ ਲਈ ਸਰਚ ਕਰਨਾ ਸ਼ੁਰੂ ਕਰਤਾ....ਪਰ ਕਿਸੇ ਨੇ ਵੀ ਵਿਸਥਾਰ ਚ ਕੁਛ ਨਹੀਂ ਸੀ ਲਿਖਿਆ....ਸਭ ਨੇ ਇਕ ਇਕ ਜਾਂ ਦੋ ਦੋ ਲਾਈਨਾਂ ਲਿਖੀਆਂ ਹੋਈਆਂ ਸੀ ਬਸ.....ਪਰ ਕੇਵਲ ਦਾ ਮਨ ਸੀ ਕਿ ਓ ਏਨਾ ਦਿਨਾਂ ਬਾਰੇ ਸ਼ੁਰੂ ਤੋਂ ਸਭ ਕੁਝ ਪੜ੍ਹੇ...ਉਸਨੇ ਆਪਨੇ ਨਾਲ ਐੱਡ ਉਹਨਾਂ ਲੋਕਾਂ ਦੀ ਪ੍ਰੋਫਾਈਲ ਵੇਖਣੀ ਸ਼ੁਰੂ ਕਰੀ ਜੋ ਅਕਸਰ ਧਾਰਮਿਕ ਲਿਖਤਾਂ ਪਾਉਂਦੇ ਰਹਿੰਦੇ ਸੀ.....


ਅੱਧਿਓਂ ਵੱਧ ਐਸੇ ਲੋਕ ਨਜ਼ਰ ਆ ਰਹੇ ਸੀ....ਜਿਨ੍ਹਾਂ ਨੇ ਸਾਹਿਬਜ਼ਾਦਿਆਂ ਬਾਰੇ ਘਟ ਲਿਖਿਆ ਸੀ...ਪਰ ਉਹਨਾਂ ਲੋਕਾਂ ਨੂੰ ਲਾਹਨਤਾਂ ਪਾਈਆਂ ਸੀ ਜਿਨ੍ਹਾਂ ਨੇ ਏਨਾ ਦਿਨਾਂ ਚ ਕੋਈ ਖੁਸ਼ੀ ਵਾਲਾ ਸਟੇਟਸ ਅਪਡੇਟ ਕੀਤਾ ਸੀ...ਜਾਂ ਜਿਨ੍ਹਾਂ ਨੇ ਕ੍ਰਿਸਮਸ ਦੀਆਂ ਮੁਬਾਰਕਾਂ ਵੰਡੀਆਂ ਸੀ....


ਉਸਨੂੰ ਕਿਸੇ ਐਸੇ ਸਟੇਟਸ ਦੀ ਤਲਾਸ਼ ਸੀ...ਜਿਥੇ ਸਿਰਫ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੋਹਣੇ ਅਤੇ ਸੌਖੇ ਸ਼ਬਦਾਂ ਚ ਲਿਖਿਆ ਹੋਵੇ....ਬਿਨਾਂ ਕਿਸੇ ਨੂੰ ਕੋਈ ਤਾਹਨਾ ਮੇਹਣਾ ਮਾਰਿਆਂ ਮਤਲਬ ਦੀ ਗੱਲ ਕੀਤੀ ਹੋਵੇ....


ਐਨੀ ਦੇਰ ਨੂੰ ਹਰਪ੍ਰੀਤ ਨੇ ਵੀ ਘਰ ਚ ਐਂਟਰੀ ਮਾਰੀ.....ਓ ਆਉਂਦੇ ਹੀ ਮੰਮੀ ਨੂੰ ਲੱਭਣ ਲਗੀ.....ਓ ਪੁੱਛਣਾ ਚਾਹੰਦੀ ਸੀ ਕਿ ਰਾਤ ਤੱਕ ਕ੍ਰਿਸਮਸ ਦਾ ਵਿਰੋਧ ਕਰਨ ਵਾਲੀ ਉਸਦੀ ਮੌਮ ਕ੍ਰਿਸਮਸ ਦੀ ਮੁਬਾਰਕ ਕਿਵੇ ਦੇ ਕੇ ਆ ਗਈ


.....


" ਅਸੀਂ ਸਕੂਲ ਵਾਲਿਆਂ ਨੂੰ ਕਿਵੇਂ ਮਨ੍ਹਾਂ ਕਰ ਸਕਦੇ ਸੀ ਕਿ ਕ੍ਰਿਸਮਸ ਨਾ ਮਨਾਓ...ਹੋ ਸਕਦਾ ਉਥੇ ਬੜੇ ਬੱਚੇ ਓ ਵੀ ਪੜ੍ਹਦੇ ਹੋਣ ਜੋ ਈਸਾਈ ਹੋਣ..ਦੂਜੀ ਗੱਲ ਤੇਰੇ ਦਾਦੀ ਜੀ ਨੇ ਮੈਨੂੰ ਸਮਝਾਇਆ ਸੀ ਕਿ ਗੁਰੂ ਸਾਹਿਬ ਦੇ ਪਰਿਵਾਰ ਦੀ ਕੁਰਬਾਨੀ ਹਮੇਸ਼ਾਂ ਚੜ੍ਹਦੀ ਕਲਾ ਚ ਰਹਿਣ ਦੀ ਉਦਾਹਰਣ ਹੈ....ਇਸ ਸਭ ਨੂੰ ਕਿਸੇ ਮਾਤਮ ਵਾਂਗ ਨਹੀਂ ਮਨਾਉਣਾ ਅਸੀਂ....ਨਾ ਹੀ ਇਸ ਸਭ ਦਾ ਇਹ ਮਤਲਬ ਹੈ ਕਿ ਅਸੀਂ ਕਿਸੇ ਹੋਰ ਨੂੰ ਉਸਦੇ ਦਿਨ ਤਿਓਹਾਰ ਦੀ ਵਧਾਈ ਵੀ ਬੋਲਣੋਂ ਟਾਲਾ ਵਟੀਏ "


ਹਰਪ੍ਰੀਤ ਆਪਣੇ ਮੰਮੀ ਕੋਲੋ ਇਹ ਜੁਆਬ ਸੁਣ ਕੇ ਅੱਗੋਂ ਕੋਈ ਹੋਰ ਸਵਾਲ ਨਾ ਕਰ ਸਕੀ....ਓ ਚੁੱਪ ਹੋ ਗਈ ਸੀ....ਉਸਦਾ ਮਨ ਹੋਇਆ ਸੀ ਕਿ ਓ ਘੁਟ ਕੇ ਮੰਮੀ ਨੂੰ ਜੱਫੀ ਪਾ ਲਵੇ....ਪਰ ਓ ਏਦਾਂ ਕਰ ਨਾ ਸਕੀ....ਸ਼ਾਇਦ ਝੱਕ ਗਈ ਸੀ....

ਪਰ ਉਸਨੇ ਮੰਮੀ ਵੰਡੇ ਦੀ ਜੱਫੀ ਵੀ ਦਾਦੀ ਨੂੰ ਜਾ ਪਾਈ...


" ਦੇਖ ਕਿਦਾਂ ਨਿੱਕੀ ਬੱਚੀ ਵਾਂਗ ਜੱਫੀ ਪਾਈ ਖੜੀ ਹੈ ਮੈਨੂੰ....ਪਰੇ ਹੱਟ...ਮੈਨੂੰ ਗੁਰਦਵਾਰੇ ਜਾ ਲੈਣ ਦੇ " ਉਸਦੀ ਦਾਦੀ ਉਸਨੂੰ ਪਰੇ ਧਕਦੀ ਬੋਲੀ...


" ਚਲੋ...ਅੱਜ ਮੈਨੂੰ ਵੀ ਨਾਲ ਹੀ ਲੈ ਚਲੋ....ਗੁਰਦਵਾਰੇ " ਹਰਪ੍ਰੀਤ ਆਪਣੇ ਸਿਰ ਨੂੰ ਚੁੰਨੀ ਨਾਲ ਢੱਕ ਕੇ ਤਿਆਰ ਹੁੰਦੀ ਬੋਲੀ...
ਦੋਵੇ ਦਾਦੀ ਪੋਤਰੀ ਗੁਰਦੁਆਰੇ ਨੂੰ ਤੁਰ ਪਈਆਂ....


......


ਠੰਡੇ ਬੁਰਜ ਵਿੱਚ ਦਾਦੀ ਆਪਣੇ ਦੋ ਨਿੱਕੇ ਨਿੱਕੇ ਪੋਤਰਿਆਂ ਨੂੰ ਸਵਾਉਣ ਦੀ ਕੋਸ਼ਿਸ਼ ਕਰ ਰਹੀ ਸੀ....ਠੰਡ ਵੀ ਜਿਵੇ ਵਜੀਰ ਖਾਨ ਦੇ ਨਾਲ ਰਲ ਗਈ ਸੀ....ਓ ਪੂਰੇ ਜ਼ੋਰ ਨਾਲ ਪੈ ਰਹੀ ਸੀ....ਕਿ ਸ਼ਾਇਦ ਮੇਰੇ ਤੋਂ ਡਰਦੇ ਹੀ ਇਹ ਬੱਚੇ ਡੋਲ ਜਾਣਗੇ....ਤੇ ਕੀ ਪਤਾ....ਆਪਣੇ ਬੱਚਿਆਂ ਨੂੰ ਠੰਡ ਚ ਤੜਫਦੇ ਹੋਏ ਵੇਖ ਕੇ ਉਹਨਾਂ ਦੀ ਦਾਦੀ ਹੀ ਹਾਰ ਮੰਨ ਲਵੇਗੀ....


" ਮੈਨੂੰ ਨਹੀਂ ਲਗਦਾ ਇਹ ਡਰੇ ਹੋਏ ਨੇ " ਠੰਡੀ ਹਵਾ ਥੱਕ ਕੇ ਬੁਰਜ਼ ਨਾਲ ਗੱਲੀਂ ਪੈ ਗਈ ਸੀ...


" ਹਾਂ...ਮੈਂ ਵੀ ਏਹੀ ਕਹਿਣ ਲਗਾ ਸੀ...ਕਿ ਇਹ ਜ਼ਰਾ ਵੀ ਡਰੇ ਹੋਏ ਨਹੀਂ ਨੇ...ਕੋਈ ਹੋਰ ਹੁੰਦਾ....ਤਾਂ ਜਰੂਰ ਇਥੇ ਠੰਡ ਚ ਠਰਨ ਨਾਲੋਂ ਚੰਗਾ ਜਾਂ ਵਜੀਰ ਖਾਨ ਦੇ ਪੈਰੀਂ ਪੈ ਜਾਂਦਾ....ਜਾਂ ਜਰੂਰ ਹੀ ਏਥੋਂ ਹੇਠਾਂ ਛਾਲ ਮਾਰ ਕੇ ਮਰ ਜਾਂਦਾ...." ਬੁਰਜ ਬੱਚਿਆਂ ਦੇ ਅਤੇ ਉਹਨਾਂ ਦੀ ਦਾਦੀ ਦੇ ਸ਼ਾਂਤ ਚੇਹਰਿਆਂ ਵਲ ਵੇਖਦਾ ਹੋਇਆ ਬੋਲਿਆ...


" ਕੀ ਪਤਾ...ਇਹ ਸਵੇਰੇ ਮਾਫ਼ੀ ਮੰਗ ਲੈਣ....ਜਾਂ ਓ ਸਭ ਮੰਨ ਲੈਣ ਜੋ ਵਜ਼ੀਰ ਖਾਨ ਮਨਵਾਉਣਾ ਚਾਹੰਦਾ ਹੈ " ਹਵਾ ਨੇ ਅੰਦਾਜ਼ਾ ਬਿਆਨ ਕੀਤਾ ਆਪਣਾ...


" ਸਹੀ ਕਿਹਾ....ਏਥੇ ਠੰਡ ਚ ਠਰਨਾ ਔਖਾ ਹੈ...ਪਰ ਵਜੀਰ ਖਾਨ ਦੇ ਸਾਹਮਣੇ ਉਸਦੀ ਗੱਲ ਨੂੰ ਮਨਾ ਕਰਨਾ ਮਰਨ ਦੇ ਬਰਾਬਰ ਹੈ...ਸਿੱਧਾ ਆਪਣੀ ਮੌਤ ਨੂੰ ਆਵਾਜ਼ ਮਾਰਨਾ ਹੈ...ਓ ਵੀ ਕੋਈ ਸੌਖੀ ਮੌਤ ਨਹੀਂ...ਯਕੀਨਨ ਇਹ ਨਿੱਕੇ ਬੱਚੇ ਤਾਂ ਜਰੂਰ ਹੀ ਕਲ ਉਸਦੀ ਗੱਲ ਮੰਨ ਲੈਣਗੇ " ਬੁਰਜ ਇਕ ਇਕ ਅੱਖਰ ਪੂਰੇ ਵਿਸ਼ਵਾਸ ਨਾਲ ਬੋਲਦਾ ਗਿਆ....


ਹਵਾ ਇਕ ਵਾਰ ਫੇਰ ਪੂਰੇ ਜ਼ੋਰ ਨਾਲ ਚਲੀ....


ਦਾਦੀ ਅਤੇ ਪੋਤਰੇ ਠੰਡ ਚ ਹੋਰ ਸੁੰਗੜ ਗਏ....ਪਰ ਉਹਨਾਂ ਦੇ ਚੇਹਰੇ ਅਜੇ ਵੀ ਸ਼ਾਂਤ ਸੀ....ਜਿਵੇ ਓ ਹਵਾ ਦੇ ਇਰਾਦਿਆਂ ਨੂੰ ਜਾਣ ਗਏ ਹੋਣ....


ਰਾਤ ਦਾ ਅੱਜ ਜਾਣ ਦਾ ਮਨ ਨਹੀਂ ਸੀ...ਓ ਅੱਜ ਰੁਕੀ ਰਹਿਣਾ ਚਾਹੰਦੀ ਸੀ....ਉਸਦਾ ਮਨ ਉਸਨੂੰ ਕਹਿ ਰਿਹਾ ਸੀ...ਕਿ ਇਹ ਬੱਚੇ ਉਸਦੇ ਕੋਲ ਸਿਰਫ ਅੱਜ ਰਾਤ ਹੀ ਨੇ....ਕਲ ਇਹ ਨਹੀਂ ਹੋਣਗੇ....ਕਲ ਇਸ ਬੁਰਜ ਵਿੱਚ ਕੋਈ ਨਹੀਂ ਹੋਵੇਗਾ....ਖਾਲੀ ਪਿਆ ਬੁਰਜ ਉਸਨੂੰ ਵੱਡ ਖਾਨ ਨੂੰ ਆਵੇਗਾ....


ਰਾਤ ਨੇ ਬੱਚਿਆਂ ਦੇ ਚਿਹਰਿਆਂ ਨੂੰ ਢੇਰ ਸਾਰਾ ਪਿਆਰ ਕੀਤਾ....ਉਸਦੀ ਅੱਖਾਂ ਚੋ ਕਿਰਦੇ ਹੰਝੂਆਂ ਨੇ ਸਾਰੇ ਇਲਾਕੇ ਨੂੰ ਗਿੱਲਾ ਕਰਤਾ ਸੀ....ਉਸ ਰਾਤ ਰੱਜ ਕੇ ਤ੍ਰੇਲ ਪਈ ਸੀ.....


ਬੁਰਜ ਹਵਾ ਅਤੇ ਰਾਤ....ਤਿੰਨੇ ਜਾਣਦੇ ਸੀ ਕਿ ਆਉਣ ਵਾਲੇ ਕੱਲ ਕੀ ਹੋਣ ਵਾਲਾ ਸੀ....ਬੱਚਿਆਂ ਦੀ ਦਾਦੀ ਵੀ ਸਭ ਜਾਣਦੀ ਸੀ.....


ਇਹ ਸਾਰੀ ਗਾਥਾ ਲਿਖ ਰਿਹਾ ਸਮਾਂ ਰੋ ਪੈਣ ਲਈ ਤਿਆਰ ਸੀ....ਪਰ ਫਿਲਹਾਲ ਓ ਰੋ ਨਹੀਂ ਸੀ ਰਿਹਾ....ਓ ਦਾਦੀ ਅਤੇ ਬੱਚਿਆਂ ਦੇ ਚੇਹਰੇ ਤੇ ਡਰ ਦਾ ਨਾਮੋਨਿਸ਼ਾਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ....ਤਾਂ ਜੋ ਓ ਓਹਨਾ ਦੇ ਡਰ ਬਾਰੇ ਕੁਛ ਲਿਖ ਸਕੇ....ਪਰ ਉਸਨੂੰ ਅਜਿਹਾ ਕੁਛ ਵੀ ਨਾ ਲਭਿਆ....ਉਸਦੇ ਕੋਲ ਲਿਖਣ ਲਈ ਕੋਈ ਸ਼ਬਦ ਨਹੀਂ ਸੀ....ਉਸਨੇ ਆਪਣੀ ਕਲਮ ਨੂੰ ਪਾਸੇ ਰਖਿਆ...ਤੇ ਅੱਖਾਂ ਬੰਦ ਕਰ ਲਈਆਂ...


ਦਾਦੀ ਅਤੇ ਪੋਤਰੇ ਵੀ ਨੀਂਦ ਚ ਚਲੇ ਗਏ ਸੀ....ਰਾਤ ਹੋਲੀ ਹੋਲੀ ਆਪਣੇ ਆਖਰੀ ਪੜਾਅ ਵਲ ਤੁਰਨ ਲਗੀ...


.....


ਕੇਵਲ ਨੂੰ ਕਿਸੇ ਦੇ ਫੇਸਬੁਕ ਅਕਾਊਂਟ ਤੋਂ ਸਾਹਿਬਜ਼ਾਦਿਆਂ ਬਾਰੇ ਪੂਰੀ ਜਾਣਕਾਰੀ ਨਾ ਮਿਲ ਸਕੀ....ਆਖਰ ਉਸਨੇ ਆਪਣੀ ਫੇਸਬੁੱਕ ਉਪਰ ਇਕ ਸਟੇਟਸ ਹੀ ਅਪਡੇਟ ਕਰਤਾ...


" ਕਿਸੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰਿਓ.."
ਸਟੇਟਸ ਅਪਡੇਟ ਕਰਕੇ ਓ ਉਡੀਕ ਕਰਨ ਲੱਗਾ ਸਭ ਦੇ ਕਾਮੈਂਟਸ ਦੀ....ਉਸਨੂੰ ਆਸ ਸੀ ਕਿ ਉਸਨੂੰ ਸਭ ਪਤਾ ਲੱਗੇਗਾ...


" ਯਾਰ ਇਸ ਵਾਰ ਗੁਰੂ ਸਾਹਿਬ ਦਾ ਜਨਮ ਦਿਵਸ 5 ਜਨਵਰੀ ਨੂੰ ਮਨਾਉਣਾ ਹੈ ਯਾਦ ਰੱਖੀਂ....25 ਨੂੰ ਨਹੀਂ...." ਪਹਿਲਾ ਕਾਮੈਂਟ ਇਹ ਆਇਆ ਸੀ...


ਅਜੇ ਓ ਸੋਚ ਹੀ ਰਿਹਾ ਕਿ ਕੀ ਉਤਰ ਲਿਖੇ...ਇਕ ਜਣੇ ਦਾ ਹੋਰ ਕਾਮੈਂਟ ਆ ਗਿਆ ਸੀ...


" ਲੋਕ ਪਾਗਲ ਹੋ ਗਏ ਨੇ...ਵਿਚੇ ਹੀ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਮਨਾ ਰਹੇ ਨੇ...ਤੇ ਵਿਚੇ ਹੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਲਈ ਉਦਾਸ ਨੇ " ਇਕ ਜਣੇ ਨੇ ਹੋਰ ਕਾਮੈਂਟ ਕੀਤਾ ਸੀ...


" ਕੇਵਲ....ਏਨਾ ਦੇ ਆਖੇ ਨਾ ਲਗ ਜਾਵੀਂ...ਜੋ ਗੁਰਪੁਰਬ ਨੂੰ 5 ਜਨਵਰੀ ਨੂੰ ਮਨਾਉਣ ਨੂੰ ਕਾਹਲੇ ਨੇ....ਗੁਰਪੁਰਬ 25 ਨੂੰ ਹੀ ਹੈ...ਯਾਦ ਰੱਖੀਂ...ਇਸ ਗੱਲ ਨੂੰ ਅੱਗੇ ਵੀ ਸ਼ੇਅਰ ਕਰਦੇ " ਇਕ ਹੋਰ ਦੋਸਤ ਦਾ ਕਾਮੈਂਟ ਸੀ...


ਇਹ ਸਭ ਪੜ੍ਹ ਕੇ ਕੇਵਲ ਖਿਝ ਗਿਆ ਸੀ...ਉਸਦਾ ਮਨ ਕੀਤਾ ਕਿ ਫੇਸਬੁਕ ਤੋਂ ਭੱਜ ਜਾਵੇ....ਸਭ ਡਿਲੀਟ ਕਰਕੇ ਰੱਖਦੇ....ਓ confuse ਹੋ ਕੇ ਰਹਿ ਗਿਆ ਸੀ ਕਿ ਕੌਣ ਸਹੀ ਹੈ ਤੇ ਕੌਨ ਗ਼ਲਤ....ਉਸਨੇ ਆਪਣੀ ਪੋਸਟ ਡਿਲੀਟ ਕੀਤੀ....ਤੇ ਮੋਬਾਇਲ ਨੂੰ ਵਗਾਹ ਕੇ ਪਰੇ ਮਾਰਿਆ ਬਿਸਤਰੇ ਚ....ਤੇ ਆਪਣੇ ਹੱਥਾਂ ਚ ਸਿਰ ਦੇ ਕੇ ਅੱਖਾਂ ਬੰਦ ਕਰ ਲਈਆਂ....


ਅਚਾਨਕ ਉਸਨੇ ਆਪਣੇ ਸਿਰ ਉਪਰ ਕਿਸੇ ਦਾ ਹੱਥ ਮਹਿਸੂਸ ਕੀਤਾ....ਉਸਨੇ ਅੱਖਾਂ ਖੋਲੀਆਂ...ਉਸਦੇ ਦਾਦੀ ਨੇ ਉਸਦੇ ਸਿਰ ਨੂੰ ਆਪਣੀ ਛਾਤੀ ਨਾਲ ਲਾ ਲਿਆ ਸੀ....ਅੱਗੇ ਜਦੋ ਵੀ ਉਸਦੀ ਦਾਦੀ ਉਸਦੇ ਸਿਰ ਨੂੰ ਏਦਾਂ ਪਿਆਰ ਨਾਲ ਫੜਦੀ ਸੀ ਤਾਂ ਕੇਵਲ ਨੂੰ ਖਿਝ ਆਉਂਦੀ ਸੀ...ਕਿਉਂਕਿ ਉਸਦੀ ਪੱਗ ਜਾਂ ਪਰਨਾ ਢਿੱਲਾ ਹੋ ਜਾਂਦਾ ਸੀ....ਪਰ ਅੱਜ ਉਸਨੂੰ ਦਾਦੀ ਦਾ ਏਦਾਂ ਕਰਨ ਬੜਾ ਚੰਗਾ ਲਗਿਆ ਸੀ....


" ਕੀ ਹੋਇਆ ਵੀਰੇ....ਤਬੀਅਤ ਠੀਕ ਆ ਤੇਰੀ ? " ਹਰਪ੍ਰੀਤ ਨੇ ਪੁੱਛਿਆ...


ਕੇਵਲ ਨੇ ਕੋਈ ਜੁਆਬ ਨਾ ਦਿੱਤਾ......


" ਤੈਨੂੰ ਪਤਾ ਵੀਰੇ...ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਚ ਚਿਣਨ ਤੋਂ ਪਹਿਲਾਂ ਗੁਲੇਲਾਂ ਨਾਲ ਪੱਥਰ ਵੀ ਮਾਰੇ ਗਏ ਸੀ...." ਹਰਪ੍ਰੀਤ ਰੋਣਹਾਕੀ ਹੋ ਕੇ ਬੋਲੀ....


ਕੇਵਲ ਨੇ ਹਰਪ੍ਰੀਤ ਵਲ ਵੇਖਿਆ.....ਦੋਵੇਂ ਭੈਣ ਭਰਾਵਾਂ ਦੀਆਂ ਅੱਖਾਂ ਚ ਪਾਣੀ ਸਿਮ ਆਇਆ ਸੀ....

ਹਰਪ੍ਰੀਤ ਵੀ ਦਾਦੀ ਨਾਲ ਚਿੰਬੜ ਗਈ ਸੀ ਆ ਕੇ.....

ਦਾਦੀ ਨੇ ਦੋਵਾਂ ਨੂੰ ਘੁੱਟ ਕੇ ਕਲੇਜੇ ਨਾਲ ਲਾ ਲਿਆ...


.....


ਹਰਪ੍ਰੀਤ ਸਕੂਲ ਚ ਆਪਣੇ ਫ਼ੰਕਸ਼ਨ ਤੋਂ ਵੇਹਲੀ ਹੋ ਕੇ ਦਾਦੀ ਨੂੰ ਉਡੀਕਣ ਲਗੀ ਸੀ....ਕਿਉਂਕਿ ਹੁਣ ਸਾਰੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਉਪਰ ਬਣੀ ਇਕ ਡਾਕੂਮੈਂਟਰੀ ਵਿਖਾਈ ਜਾਣੀ ਸੀ ਜਿਸ ਚ ਉਸਦੇ ਦਾਦੀ ਜੀ ਨੇ ਵੀ ਬੱਚਿਆਂ ਨੂੰ ਏਨਾ ਸਭ ਘਟਨਾਵਾਂ ਬਾਰੇ ਦਸਣਾ ਸੀ...


ਉਸਨੂੰ ਜਿਆਦਾ ਉਡੀਕ ਨਹੀਂ ਕਰਨੀ ਪਈ....ਉਸਦੇ ਦਾਦੀ ਨੂੰ ਕੇਵਲ ਲੈ ਕੇ ਆਇਆ ਸੀ ਮੋਟਰਸਾਈਕਲ ਉਪਰ.....


" ਵੀਰੇ....ਤੂੰ ਵੀ ਰੁੱਕ ਜਾ....ਅਸੀਂ ਇਕੱਠੇ ਹੀ ਘਰ ਵਾਪਸ ਚਲਾਂਗੇ " ਹਰਪ੍ਰੀਤ ਨੇ ਕੇਵਲ ਨੂੰ ਰੁਕਣ ਲਈ ਆਖਿਆ....ਤਾਂ ਕੇਵਲ ਮੰਨ ਗਿਆ....


ਇਕ ਵੱਡੇ ਸਾਰੇ ਹਾਲ ਵਿਚ ਸਾਰੇ ਬੱਚੇ ਅਤੇ ਕੁਛ ਟੀਚਰ ਬੈਠ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਲਗੀ ਫਿਲਮ ਵੇਖਣ ਲਗੇ ਸੀ..


.....


ਸਾਹਿਬਜ਼ਾਦੇ ਤਿਆਰ ਸੀ ਵਜ਼ੀਰ ਖਾਨ ਦੇ ਦਰਬਾਰ ਚ ਪੇਸ਼ ਹੋਣ ਲਈ....ਉਹਨਾਂ ਦੇ ਨਿੱਕੇ ਨਿੱਕੇ ਕਦਮ ਬੁਰਜ ਦੀਆਂ ਪੌੜੀਆਂ ਉਤਰਨ ਲਗੇ...

ਦਾਦੀ ਸ਼ਾਂਤ ਚੇਹਰੇ ਨਾਲ ਬੱਚਿਆਂ ਨੂੰ ਜਾਂਦਿਆਂ ਵੇਖਦੀ ਰਹੀ....

ਅੱਠ ਸਾਲ ਦੇ ਜ਼ੋਰਾਵਰ ਸਿੰਘ ਅਤੇ ਛੇ ਸਾਲ ਦੇ ਫਤਹਿ ਸਿੰਘ ਲੋਕਾਂ ਦੀ ਭੀੜ ਚੋ ਨਿਕਲਦੇ ਹੋਏ ਸਿਪਾਹੀਆਂ ਦੇ ਘੇਰੇ ਵਿਚ ਦਰਬਾਰ ਵੱਲ ਤੁਰਦੇ ਰਹੇ....


ਵਜੀਰ ਖਾਨ ਨੇ ਜਦੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਡਰ ਤੋਂ ਬਿਨਾਂ ਵੇਖਿਆ....ਤਾਂ ਉਸਨੂੰ ਕਲੇਜੇ ਚ ਅੱਗ ਲੱਗ ਗਈ ਮਹਿਸੂਸ ਹੋਈ....ਉਸਨੂੰ ਜ਼ਰਾ ਵੀ ਉਮੀਦ ਨਹੀਂ ਸੀ ਕਿ ਏਡੇ ਛੋਟੇ ਬੱਚੇ ਉਸਦੇ ਹੀ ਦਰਬਾਰ ਚ ਉਸਦੀ ਹੀ ਈਨ ਮਨਣੋਂ ਇਨਕਾਰੀ ਹੋ ਜਾਣਗੇ...


ਉਸਨੇ ਤਾਂ ਸੋਚਿਆ ਸੀ ਕਿ ਇਹ ਬੱਚੇ ਭੀੜ ਨੂੰ ਵੇਖ ਕੇ ਹੀ ਡਰ ਜਾਣਗੇ...ਤੇ ਫੇਰ ਵਜੀਰ ਖਾਨ ਨੂੰ ਵੇਖ ਕੇ ਤਾਂ ਜਰੂਰ ਹੀ ਕੰਬਣ ਲਗ ਜਾਣਗੇ....ਪਰ ਏਦਾਂ ਦਾ ਕੁਝ ਵੀ ਨਾ ਹੋਇਆ....


ਦੀਵਾਨ ਸੁੱਚਾ ਨੰਦ ਨੇ ਐਸੇ ਮੌਕੇ ਨੂੰ ਚਾਪਲੂਸੀ ਲਈ ਸਹੀ ਸਮਝਿਆ....ਪਤਾ ਨਹੀਂ ਓ ਕਿਹੜੇ ਸਮੇ ਤੋ ਗੁਰੂ ਗੋਬਿੰਦ ਸਿੰਘ ਜੀ ਲਈ ਮਨ ਵਿਚ ਈਰਖਾ ਰੱਖੀ ਬੈਠਾ ਹੋਵੇਗਾ....ਜੋ ਉਸਨੇ ਅੱਜ ਸਾਰੀ ਈਰਖਾ ਬਾਹਰ ਕੱਢ ਦਿੱਤੀ....ਉਸਦੇ ਸ਼ਬਦਾਂ ਚੋ ਉਸਦੇ ਮਨ ਅੰਦਰ ਭਰਿਆ ਨਫਰਤ ਦਾ ਲਾਵਾ ਬਾਹਰ ਫੁੱਟ ਪਿਆ....ਉਸਨੇ ਜ਼ੋਰਦਾਰ ਲਫ਼ਜ਼ਾਂ ਚ ਏਨਾ ਬੱਚਿਆਂ ਨੂੰ ਸਖਤ ਸਜ਼ਾ ਦੇਣ ਦੀ ਹਮਾਇਤ ਕੀਤੀ....


" ਇਹ ਸੱਪ ਦੇ ਬੱਚੇ ਨੇ....ਸਪੋਲੀਏ ਨੇ ਇਹ...ਏਨਾ ਨੂੰ ਪੈਰਾਂ ਹੇਠ ਕੁਚਲ ਕੇ ਮਾਰ ਦੇਣਾ ਚਾਹੀਦਾ ਹੈ "


ਸੁੱਚਾ ਨੰਦ ਆਪ ਹੀ ਬੋਲ ਕੇ...ਆਪ ਹੀ ਗੁੱਸੇ ਚ ਕੰਬਨ ਲਗਿਆ.....


ਭੀੜ ਕਦੀ ਨਿੱਕੇ ਨਿੱਕੇ ਦੋ ਬਾਲਾਂ ਵਲ ਵੇਖ ਰਹੀ ਸੀ...ਤੇ ਕਦੀ ਸੁੱਚਾ ਨੰਦ ਵਲ...ਤੇ ਫੇਰ ਸਾਰੀਆਂ ਅੱਖਾਂ ਵਜੀਰ ਖਾਨ ਵਲ ਘੁੰਮ ਜਾਂਦੀਆਂ ਸੀ....


ਭੀੜ ਚੋ ਬੜੇ ਲੋਕ ਬੱਚਿਆਂ ਦੇ ਚੇਹਰੇ ਵੇਖਣ ਨੂੰ ਉਤਾਵਲੇ ਹੋ ਕੇ ਅੱਗੇ ਅੱਗੇ ਹੋ ਰਹੇ ਸੀ...ਸਭ ਵੇਖਣਾ ਚਾਹ ਰਹੇ ਸੀ...ਕਿ ਗੁਰੂ ਗੋਬਿੰਦ ਸਿੰਘ....ਓ ਗੁਰੂ...ਜਿਸਨੇ ਆਮ ਬੰਦਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ ਸੀ....ਜਿਸਨੇ ਚਿੜੀਆਂ ਨਾਲ ਬਾਜ ਲੜਵਾਏ ਸੀ....ਜਿਸਨੇ ਸਵਾ ਲਖ ਨਾਲ ਇਕ ਇਕ ਨੂੰ ਲੜਨ ਦਾ ਬਲ ਬਖਸ਼ਿਆ ਸੀ...ਉਸ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕੈਦ ਚ ਕਿਵੇ ਦੇ ਵਿਖਦੇ ਨੇ.. ਇਹ ਸਭ ਦੇਖਣ ਲਈ ਲੋਕ ਅੱਖਾਂ ਅੱਡੀ ਖੜੇ ਸੀ....ਓ ਸਿਰਫ ਇਕ ਵਾਰ ਬੱਚਿਆਂ ਦੇ ਮੂੰਹੋਂ ਮਾਫ਼ੀ ਮੰਗਣ ਵਾਲੇ ਲਫ਼ਜ਼ ਸੁਨ ਲੈਣਾ ਚਾਹ ਰਹੇ ਸੀ....ਓ ਬਸ ਇਕ ਵਾਰ ਬੱਚਿਆਂ ਦੇ ਚੇਹਰੇ ਤੋਂ ਬੇਬਸੀ ਵਰਗਾ ਇਹਸਾਸ ਵੇਖਣਾ ਚਾਹ ਰਹੇ....ਪਰ ਦੋਵੇ ਬੱਚੇ ਬੇਹਦ ਜੋਸ਼ ਨਾ ਭਰੇ ਹੋਏ ਸੀ....ਓ ਹਰ ਸੁਆਲ ਦਾ ਜਵਾਬ ਉਸੇ ਹਿੰਮਤ ਨਾਲ ਦੇ ਰਹੇ ਸੀ...ਜੋ ਹਿੰਮਤ ਕਿਸੇ ਵੀ ਗੁਰੂ ਦੇ ਸਿੱਖ ਕੋਲ ਹੁੰਦੀ ਹੈ....ਉਸਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਓ ਬੰਦੀ ਹੈ ਜਾਂ ਆਜ਼ਾਦ ਹੈ....ਇਕ ਸਿੱਖ ਹਰ ਹਾਲਤ ਚ ਅਡੋਲ ਇਕੋ ਜਿਹਾ ਰਹਿੰਦਾ ਹੈ...ਤੇ ਗੁਰੂ ਦੇ ਦੋਵੇਂ ਪੁੱਤਰ ਵੀ ਏਹੀ ਮਿਸਾਲ ਪੇਸ਼ ਕਰ ਰਹੇ ਸੀ....



ਦੋਵੇ ਸਾਹਿਬਜ਼ਾਦਿਆਂ ਨੇ ਓ ਹਰ ਲਾਲਚ ਠੁਕਰਾ ਦਿੱਤਾ...ਜੋ ਉਹਨਾਂ ਨੂੰ ਧਰਮ ਬਦਲਣ ਬਦਲੇ ਦਿਤਾ ਗਿਆ....

ਦੋਵੇ ਬੱਚੇ ਏਦਾਂ ਪੇਸ਼ ਆ ਰਹੇ ਸੀ...ਜਿਵੇ ਇਹ ਉਹਨਾਂ ਦਾ ਆਪਣਾ ਦਰਬਾਰ ਹੋਵੇ...ਤੇ ਓ ਦੋਵੇ ਇਸ ਦਰਬਾਰ ਦੇ ਸ਼ਹਿਨਸ਼ਾਹ ਹੋਣ...


ਵਜੀਰ ਖਾਨ ਦੀਆਂ ਅੱਖਾਂ ਚ ਅੱਖਾਂ ਪਾ ਕੇ ਵੇਖਣਾ ਹੀ ਕੋਈ ਆਮ ਗੱਲ ਨਹੀਂ ਸੀ...ਪਰ ਇਥੇ ਤਾਂ ਦੋ ਬੜੇ ਹੀ ਨਿੱਕੇ ਬਾਲ ਨਾ ਸਿਰਫ ਵਜੀਰ ਖਾਨ ਦੀਆਂ ਅੱਖਾਂ ਚ ਅੱਖਾਂ ਪਾ ਕੇ ਵੇਖ ਰਹੇ ਸੀ...ਸਗੋਂ ਉਸਨੂੰ ਠੋਕ ਕੇ ਜੁਆਬ ਵੀ ਦੇ ਰਹੇ ਸੀ....


ਦਰਬਾਰ ਚ ਖੜੀ ਭੀੜ ਨੂੰ ਅੰਦਾਜ਼ਾ ਹੋ ਗਿਆ ਸੀ....ਕਿ ਹੁਣ ਇਹ ਬਾਲ ਜਿਉਂਦੇ ਨਹੀਂ ਛੱਡੇ ਜਾਣਗੇ....ਉਹਨਾਂ ਨੂੰ ਮਾਰ ਦਿੱਤਾ ਜਾਵੇਗਾ....


ਬਸ.....ਹਰ ਕੋਈ ਏਹੀ ਵੇਖਣ ਸੁਣਨ ਲਈ ਉਤਵਲਾ ਸੀ...ਕਿ ਏਨਾ ਨੂੰ ਸਜ਼ਾ ਦਿੱਤੀ ਕਿਵੇ ਜਾਵੇਗੀ....ਏਨਾ ਨੂੰ ਖਤਮ ਕਿਵੇ ਕੀਤਾ ਜਾਵੇਗਾ....


ਕੀ ਮੌਤ ਦਾ ਡਰ ਦੋ ਬਾਲਾਂ ਨੂੰ ਮਾਨਸਿਕ ਤੌਰ ਤੇ ਤੋੜ ਸਕੇਗਾ....ਹਰ ਕੋਈ ਆਉਣ ਵਾਲੇ ਪਲਾਂ ਨੂੰ ਸੋਚ ਕੇ ਬੇਚੈਨ ਹੋ ਰਿਹਾ ਸੀ....

ਐਸੇ ਸਮੇ ਚ ਮਲੇਰਕੋਟਲੇ ਦੇ ਨਵਾਬ ਨੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ....ਉਸਨੇ ਵਜੀਰ ਖਾਨ ਨੂੰ ਆਖਿਆ ਕਿ ਬੱਚਿਆਂ ਨੂੰ ਛੱਡ ਦਿਤਾ ਜਾਵੇ....


ਪਰ ਵਜ਼ੀਰ ਖਾਨ ਟੱਸ ਤੋਂ ਮੱਸ ਨਾ ਹੋਇਆ.....


ਭੀੜ ਦੇ ਹੱਥਾਂ ਚ ਗੁਲੇਲਾਂ ਦਿਤੀਆਂ ਗਈਆਂ....ਗੁਲੇਲਾਂ ਨਾਲ ਬੱਚਿਆਂ ਉਪਰ ਪੱਥਰ ਵਰਾਏ ਗਏ.....


ਦੋ ਛੋਟੇ ਬਾਲ ਜਿਵੇ ਅੱਜ ਹਰ ਦਰਿੰਦਗੀ ਨੂੰ ਸਹਿਣ ਕਰਨ ਦੇ ਇਰਾਦੇ ਨਾਲ ਹੀ ਆਏ ਸੀ....ਓ ਡੱਟੇ ਰਹੇ....

ਵਜੀਰ ਖਾਨ ਤਾਂ ਜਿਵੇਂ ਹੁਣ ਗੁੱਸੇ ਚ ਪਾਗਲ ਹੋ ਗਿਆ ਸੀ.....


" ਏਨਾ ਦੁਸ਼ਟਾਂ ਨੂੰ ਮੇਰੇ ਸਾਹਮਣੇ ਹੀ ਜਿਉਂਦੇ ਜੀਅ ਕੰਧ ਵਿਚ ਚਿਣ ਦਿਓ...." ਵਜੀਰ ਖਾਨ ਚੀਕਦਾ ਹੋਇਆ ਬੋਲਿਆ....


ਸਮਾਂ ਲਿਖਦਾ ਲਿਖਦਾ ਰੁਕ ਗਿਆ ਸੀ....ਉਸਨੂੰ ਲਗਿਆ ਉਸਨੇ ਗ਼ਲਤ ਸੁਣਿਆ ਹੈ....ਜਰੂਰ ਉਸਨੂੰ ਕੋਈ ਭੁਲੇਖਾ ਲਗਿਆ ਹੈ.....ਭਲਾ ਏਡੇ ਬੱਚਿਆਂ ਨੂੰ ਕੋਈ ਏਦਾਂ ਦੀ ਸਜ਼ਾ ਥੋੜੀ ਨਾ ਸੁਣਾਏਗਾ....


" ਜਲਦੀ ਕਰੋ....ਏਨਾ ਨੂੰ ਜਿਉਂਦਿਆਂ ਨੂੰ ਕੰਧ ਚ ਚਿਣ ਦਵੋ....ਏਨਾ ਦੀ ਅਕਲ ਏਦਾਂ ਹੀ ਟਿਕਾਣੇ ਆਏਗੀ " ਵਜੀਰ ਖਾਨ ਦੁਬਾਰਾ ਗਰਜਿਆ.....

ਸਮਾਂ ਭਰੇ ਹੋਏ ਮਨ ਨਾਲ ਇਸ ਕਹਾਣੀ ਨੂੰ ਫੇਰ ਲਿਖਣ ਲੱਗਿਆ.....


ਦੀਵਾਨ ਸੁੱਚਾ ਨੰਦ ਦੀਆਂ ਅੱਖਾਂ ਚ ਚਮਕ ਆ ਗਈ ਸੀ......

" ਹੁਣ ਆਵੇਗਾ ਮਜ਼ਾ...." ਸੁੱਚਾ ਨੰਦ ਖੁਦ ਨਾਲ ਗੱਲਾਂ ਕਰਦਾ ਬੋਲਿਆ....


........


" ਗੁਰੂ ਜੀ ਨੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਕੋਈ ਚਮਤਕਾਰ ਕਿਉ ਨਹੀ ਕੀਤਾ ? "ਇਕ ਬੱਚਾ ਇਹ ਕਹਾਣੀ ਸੁਣਦਾ ਹੋਇਆ ਬੋਲਿਆ....


ਬਾਕੀ ਸਾਰੇ ਬੱਚੇ ਵੀ ਅਤੇ ਉਥੇ ਬੈਠੇ ਟੀਚਰ ਵੀ ਹਰਪ੍ਰੀਤ ਦੀ ਦਾਦੀ ਵਲ ਵੇਖਣ ਲਗ ਗਏ....ਦਾਦੀ ਉਥੇ ਏਨਾ ਸੁਆਲਾਂ ਦੇ ਜੁਆਬ ਦੇਣ ਲਈ ਹੀ ਤਾਂ ਸੀ...


" ਮੇਰੇ ਬੱਚਿਓ....ਸਿੱਖੀ ਚ ਚਮਤਕਾਰਾਂ ਲਈ ਕੋਈ ਥਾਂ ਨਹੀਂ ਹੈ....ਸਿੱਖੀ ਚ ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਨਹੀਂ ਹੁੰਦਾ ...

' ਬਲਿਹਾਰੀ ਕੁਦਰਤ ਵਸਿਆ '


ਸਿੱਖੀ ਚ ਭਾਣਾ ਹੁੰਦਾ ਹੈ ਤੇ ਭਾਣਾ ਮੰਨਿਆ ਜਾਂਦਾ ਹੈ....ਰੱਬ ਦੀ ਰਜ਼ਾ ਚ ਰਹਿਣਾ ਹੁੰਦਾ ਹੈ " ਦਾਦੀ ਸਾਰੇ ਬੱਚਿਆਂ ਵਲ ਵੇਖਦੀ ਹੋਈ ਬੋਲੀ...

ਸਾਰੇ ਜਣੇ ਚੁਪਚਾਪ ਸੁਨ ਰਹੇ ਸੀ.

" ਗੁਰੂ ਸਾਹਿਬ ਆਖਦੇ ਨੇ...' ਸੁਖੀ ਬਸੇ ਮੋਰੋ ਪਰਿਵਾਰਾ '

" ਏਥੇ ਗੁਰੂ ਸਾਹਿਬ ਆਪਣਾ ਪਰਿਵਾਰ ਕਿਸਨੂੰ ਬੋਲ ਰਹੇ ਨੇ?? ਮੇਰੇ ਬੱਚਿਓ...ਓ ਪੂਰੇ ਸਿੱਖ ਪੰਥ ਨੂੰ ਆਪਣਾ ਪਰਿਵਾਰ ਬੋਲ ਰਹੇ ਨੇ...ਸਿਰਫ ਅਜੀਤ ਜਾਂ ਜੁਝਾਰ ਸਿੰਘ ਹੀ ਉਹਨਾਂ ਦੇ ਪੁੱਤਰ ਨਹੀਂ ਸੀ....ਤੁਸੀਂ ਸਾਰੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਹੋ " ਦਾਦੀ ਨੇ ਇਹ ਲਫ਼ਜ਼ ਬੋਲਦੇ ਹੋਏ ਕੇਵਲ ਵਲ ਨਜ਼ਰ ਮਾਰੀ...

ਕੇਵਲ ਨੇ ਨਜ਼ਰ ਨੀਵੀ ਕਰ ਲਈ ਸੀ....ਓ ਅੱਜ ਪਹਿਲੀ ਵਾਰ ਏਨੇ ਧਿਆਨ ਨਾਲ ਆਪਣੇ ਬੀਜੀ ਦੀਆਂ ਗੱਲਾਂ ਨੂੰ ਸੁਣ ਰਿਹਾ ਸੀ....


.......


ਕਾਰੀਗਰਾਂ ਨੇ ਛੋਟੇ ਬਾਲਾਂ ਦੇ ਆਲੇ ਦੁਆਲੇ ਕੰਧ ਕਰਨੀ ਸ਼ੁਰੂ ਕਰਤੀ ਸੀ....


ਕੰਧ ਜਿਉਂ ਜਿਉਂ ਸਾਹਿਬਜ਼ਾਦਿਆਂ ਦੇ ਸਿਰਾਂ ਵਲ ਵੱਧ ਰਹੀ ਸੀ.....ਦਰਬਾਰ ਚ ਖੜੇ ਲੋਕਾਂ ਨੂੰ ਆਪਣਾ ਦਮ ਘੁੱਟਦਾ ਮਹਿਸੂਸ ਹੋਣ ਲਗਾ ਸੀ....ਸਭ ਇਸ ਉਮੀਦ ਨਾਲ ਵਜੀਰ ਖਾਨ ਵਲ ਵੇਖਦੇ ਸੀ ਕਿ ਸ਼ਾਇਦ....ਸ਼ਾਇਦ ਓ ਇਹ ਸਭ ਰੋਕ ਦਵੇਗਾ....ਉਸਦਾ ਮਨ ਬਦਲੇਗਾ....ਫੇਰ ਲੋਕੀਂ ਸਾਹਿਬਜ਼ਾਦਿਆਂ ਵਲ ਵੇਖਦੇ ਸੀ....ਕਿ ਜਰੂਰ.....ਜਰੂਰ ਹੀ ਕੋਈ ਇਕ ਜਣਾ ਤਾਂ ਡੋਲ ਜਾਵੇਗਾ....ਇਕ ਜਣਾ ਕੋਈ...ਤਾਂ ਡਰ ਜਾਵੇਗਾ ਹੀ.....


ਪਰ ਸਾਹਿਬਜ਼ਾਦੇ ਖੜੇ ਰਹੇ....ਉਦੋਂ ਤਕ....ਜਦੋ ਤਕ ਇਕ ਕੰਧ ਨਾ ਉਹਨਾਂ ਦੇ ਨਾਲ ਖੜੀ ਹੋ ਗਈ....

ਇਕ ਕੰਧ....ਜੋ ਉਹਨਾਂ ਦੇ ਸਿਰਾਂ ਤੋਂ ਉੱਚੀ ਹੋ ਗਈ ਸੀ....

ਇਕ ਕੰਧ....ਜੋ ਉਹਨਾਂ ਨੂੰ ਨੀਵਾਂ ਦਿਖਾਉਣ ਨੂੰ ਖੜੀ ਕੀਤੀ ਗਈ ਸੀ...

ਇਕ ਕੰਧ...ਜੋ ਜਾਲਮ ਨੇ ਨਫਰਤ ਦੀਆਂ ਇੱਟਾਂ ਜੋੜ ਕੇ ਬਣਾਈ ਸੀ....

ਇਕ ਕੰਧ...ਜੋ ਸੱਚ ਨੂੰ ਆਪਣੇ ਮਗਰ ਲੁਕੋ ਲੈਣ ਲਈ ਬਣੀ ਸੀ.....

ਆਖਰ ਕਾਰੀਗਰਾਂ ਨੇ ਆਖਰੀ ਇੱਟ ਨੂੰ ਰਖਿਆ....ਤੇ ਕੰਧ ਪੂਰੀ ਤਰਾਂ ਬੰਦ ਹੋ ਗਈ ਚਾਰੇ ਪਾਸਿਆਂ ਤੋਂ.....


ਸਾਹਿਬਜ਼ਾਦੇ ਹਵਾ ਨਾ ਮਿਲਣ ਕਰਕੇ ਖੜੇ ਨਾ ਰਹਿ ਸਕੇ....ਤੇ ਉਹਨਾਂ ਦੇ ਨਾਲ ਹੀ ਕੰਧ ਵੀ ਥੱਲੇ ਜਾ ਡਿਗੀ......


ਸਾਹਿਬਜ਼ਾਦਿਆਂ ਦੇ ਸ਼ਰੀਰ ਕੰਧ ਦੀਆਂ ਇਟਾਂ ਚ ਫਸੇ ਹੋਏ ਬੇਹੋਸ਼ ਹੋ ਕੇ ਜ਼ਮੀਨ ਉਪਰ ਆ ਡਿੱਗੇ ਸੀ.....

ਵਜ਼ੀਰ ਖਾਨ ਦੇ ਸਿਪਾਹੀ ਆਪਣੇ ਮਾਲਕ ਦਾ ਹੁਕਮ ਸੁਣ ਕੇ ਪੈਰਾਂ ਨਾਲ ਇਟਾਂ ਨੂੰ ਪਰੇ ਕਰਦੇ ਹੋਏ ਸਾਹਿਬਜ਼ਾਦਿਆਂ ਵਲ ਵਧੇ....
" ਅਜੇ ਵੀ ਮੌਕਾ ਹੈ....ਜਿੰਦਗੀ ਮਿਲ ਜਾਵੇਗੀ ਤੁਹਾਨੂੰ....ਵਜ਼ੀਰ ਖਾਨ ਦੀ ਗੱਲ ਮੰਨ ਜਾਓ " ਸਿਪਾਹੀ ਬੇਹੋਸ਼ ਹੋਏ ਸਾਹਿਬਜ਼ਾਦਿਆਂ ਨੂੰ ਹਿਲਾ ਹਿਲਾ ਕੇ ਬੋਲਣ ਲਗੇ....


ਪਰ ਸਾਹਿਬਜ਼ਾਦਿਆਂ ਨੇ ਅਜਿਹੀ ਹਾਲਤ ਚ ਵੀ ਵਜ਼ੀਰ ਖਾਨ ਦੀ ਪੇਸ਼ਕਸ਼ ਨੂੰ ਨਕਾਰ ਦਿੱਤਾ....

" ਅਜੇ ਇਕ ਆਖਰੀ ਮੌਕਾ ਹੈ...ਮੰਨ ਜਾਓ " ਸਿਪਾਹੀਆਂ ਦੇ ਹੱਥਾਂ ਚ ਤਿੱਖੀਆਂ ਕਟਾਰਾਂ ਚਮਕਣ ਲਗੀਆਂ ਸੀ.....

ਗੁੱਸੇ ਚ ਅੱਗ ਬਬੂਲੇ ਹੋਏ ਸਿਪਾਹੀਆਂ ਨੇ ਪਲ ਚ ਹੀ ਕਟਾਰਾਂ ਨੂੰ ਸਾਹਿਬਜ਼ਾਦਿਆਂ ਦੀਆਂ ਨਾਜ਼ੁਕ ਗਰਦਨਾਂ ਉਪਰ ਫੇਰ ਦਿਤਾ.....
ਦਰਬਾਰ ਚ ਸੰਨਾਟਾ ਛਾ ਗਿਆ ਸੀ.....

ਸਰਹੰਦ ਦੀ ਬਰਬਾਦੀ ਦੀ ਦਾਸਤਾਨ ਲਿਖੀ ਜਾ ਚੁੱਕੀ ਸੀ....

ਦੋ ਨਿੱਕੇ ਬਾਲ ਬਹਾਦਰੀ ਦੀਆਂ ਕਹਾਣੀਆਂ ਨੂੰ ਲਿਖਣ ਬੋਲਣ ਲਈ ਛੱਡ ਗਏ ਸੀ.....

ਧੁੱਪਾਂ ਏਨਾ ਬਾਲਾਂ ਦੇ ਚਿਹਰਿਆਂ ਉਪਰ ਪਿਆਰ ਕਰਨ ਨੂੰ ਤੜਫ ਕੇ ਰਹਿ ਗਈਆਂ ਸੀ.....


.....


ਦਾਦੀ ਸ਼ਾਂਤ ਖੜੀ ਸੀ.....ਪਰ ਸਣੇ ਸਾਰੇ ਬੱਚਿਆਂ ਦੇ ਟੀਚਰ ਵੀ ਰੁਮਾਲ ਨਾਲ ਅੱਖਾਂ ਪੂੰਝ ਰਹੇ ਸੀ....


ਹਰਪ੍ਰੀਤ ਨੇ ਘੁਟ ਕੇ ਦਾਦੀ ਨੂੰ ਜੱਫੀ ਪਾ ਲਈ ਸੀ....

ਕੇਵਲ ਨਜ਼ਰਾਂ ਹੇਠਾਂ ਕਰਕੇ ਹੀ ਬੈਠਾ ਰਿਹਾ....ਉਸਦੇ ਪੈਰਾਂ ਕੋਲ ਡਿਗਦੇ ਉਸਦੇ ਹੰਝੂਆਂ ਨੇ ਜ਼ਮੀਨ ਨੂੰ ਗਿੱਲਾ ਕਰਤਾ ਸੀ....

" ਏਦਾਂ ਨਹੀਂ ਰੋਣਾ ਬੱਚਿਓ..." ਦਾਦੀ ਨੇ ਇਕ ਰੋਂਦੇ ਹੋਏ ਬੱਚਿਆਂ ਨੂੰ ਚੁੱਪ ਕਰਵਾਉਂਦੇ ਹੋਏ ਆਖਿਆ...

" ਰੋਣਾ ਆ ਹੀ ਜਾਂਦਾ ਹੈ ਬੀਜੀ " ਇਕ ਟੀਚਰ ਰੁਮਾਲ ਨਾਲ ਅੱਖਾਂ ਸਾਫ ਕਰਦੀ ਹੋਈ ਬੋਲੀ...


" ਹਾਂ ਧੀਏ...ਪਰ ਸਾਨੂੰ ਰੋਣੇ ਨੂੰ ਕਮਜ਼ੋਰੀ ਨਹੀਂ ਬਣਾਉਣਾ..." ਦਾਦੀ ਬੋਲੀ...


" ਮੈਂ ਤਾਂ ਬੀਜੀ ਏਨਾ ਦਿਨਾਂ ਚ ਜ਼ਮੀਨ ਉਪਰ ਹੀ ਸੌਂਦੀ ਹਾਂ...ਸਾਰਾ ਦਿਨ ਪਾਠ ਵੀ ਕਰਦੀ ਹਾਂ " ਇਕ ਹੋਰ ਟੀਚਰ ਦਾਦੀ ਕੋਲ ਆ ਕੇ ਬੋਲੀ...


" ਪਾਠ ਕਰਦੇ ਹੋ ਵਧੀਆ ਗੱਲ ਹੈ....ਪਰ ਜਮੀਨ ਉਪਰ ਸੋਣਾ ਸਪੈਸ਼ਲ...ਇਹ ਸਭ ਕਰਨਾ ਜਰੂਰੀ ਨਹੀਂ....ਇਹ ਸਭ ਮਨਮਤ ਹੈ....ਗੁਰੂ ਸਾਹਿਬ ਸਾਨੂੰ ਚੜ੍ਹਦੀ ਕਲਾ ਚ ਰਹਿਣ ਦਾ ਸੁਨੇਹਾ ਦੇ ਕੇ ਗਏ ਨੇ....ਅਸੀਂ ਉਹਨਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਦਾ ਮਾਤਮ ਥੋਡ਼ੀ ਨਾ ਕਰਨਾ ਹੈ....ਬੇਸ਼ਕ ਅਸੀਂ ਸ਼ਹਾਦਤਾਂ ਉਪਰ ਮਿਠਾਈਆਂ ਨਹੀਂ ਵੰਡਦੇ....ਨਾ ਭੰਗੜੇ ਪਾਉਂਣੇ ਜਾਇਜ਼ ਨੇ..ਪਰ ਸਹਿਜ ਰਹਿ ਕੇ ਗੁਰੂ ਨੂੰ ਅਤੇ ਉਹਨਾਂ ਦੇ ਪੁੱਤਰਾਂ ਨੂੰ ਯਾਦ ਕਰਨਾ ਚਾਹੀਦਾ....ਨਾ ਕਿ ਆਪਣੇ ਸਰੀਰ ਨੂੰ ਤਸੀਹੇ ਦੇਣਾ ਕੋਈ ਚੰਗੀ ਗੱਲ ਹੈ...." ਦਾਦੀ ਉਸ ਟੀਚਰ ਨੂੰ ਪਿਆਰ ਨਾਲ ਸਮਝਾਉਂਦੀ ਹੋਈ ਬੋਲੀ....


ਸਾਰੇ ਬੱਚੇ ਵੀ ਦਾਦੀ ਦੁਆਲੇ ਆ ਕੱਠੇ ਹੋਏ ਸੀ......ਕੇਵਲ ਵੀ ਦਾਦੀ ਦੇ ਮਗਰ ਆ ਖੜਾ ਹੋਇਆ....


" ਤੁਸੀਂ ਫੇਰ ਜਰੂਰ ਆਇਓ ਬੀਜੀ....ਬੜਾ ਚੰਗਾ ਲਗਿਆ ਤੁਹਾਡੇ ਕੋਲੋਂ ਇਹ ਸਭ ਸੁਣ ਕੇ " ਸਾਰੇ ਬੱਚੇ ਦਾਦੀ ਨੂੰ ਵਾਰੀ ਵਾਰੀ ਜੱਫੀ ਪਾ ਕੇ ਮਿਲਣ ਲਗੇ....


" ਚਲੀਏ ਪੁੱਤਰ ? " ਦਾਦੀ ਨੇ ਮਗਰ ਮੁੜ ਕੇ ਕੇਵਲ ਨੂੰ ਆਖਿਆ...


ਕੇਵਲ ਨੇ ਇਕ ਦਮ ਦਾਦੀ ਨੂੰ ਘੁੱਟ ਕੇ ਜੱਫੀ ਪਾ ਲਈ.....ਉਸਨੇ ਆਪਣਾ ਸਿਰ ਦਾਦੀ ਦੇ ਮੋਢੇ ਉਪਰ ਸੁੱਟ ਛੱਡਿਆ ਸੀ....

ਦਾਦੀ ਨੇ ਉਸਦੇ ਸਿਰ ਨੂੰ ਪਲੋਸਿਆ...ਉਸਦੀ ਪੱਗ ਉਪਰ ਹੀ ਪਿਆਰ ਦਿੱਤਾ.....

ਹਰਪ੍ਰੀਤ ਦੋਵਾਂ ਨੂੰ ਵੇਖ ਕੇ ਪਿਆਰ ਨਾਲ ਭਰ ਗਈ ਸੀ

( ਖਤਮ ) - ਹਰਪਾਲ ਸਿੰਘ


Photo by Chander Mohan on Unsplash

harpal1980.singh@gmail.com