MANDY ( Punjabi Story On True Events ) - Part 2

 writer : Harpal Singh








" ਜਾ ਜਾ...ਕਬੂਤਰ ਜਾ ਜਾ "

ਮੈਂਡੀ ਨੇ ਐਫ ਐਮ ਤੇ ਚਲਦੇ ਗਾਣੇ ਦੀ ਆਵਾਜ਼ ਹੋਰ ਉੱਚੀ ਕਰਤੀ....


ਹੱਥ ਚ ਚਾਹ ਦਾ ਮੱਗ ਲੈ ਕੇ ਬੈਠੀ ਨੇ ਆਪਣੇ ਮੋਬਾਈਲ ਦਾ ਲੌਕ ਖੋਲਿਆ.....

ਆਮਿਰ ਦਾ ਮੈਸਜ ਫੇਰ ਨਜ਼ਰ ਆ ਰਿਹਾ ਸੀ....ਓਹੀ ਕਹਾਣੀ ਥੋੜੇ ਨਵੇਂ ਸ਼ਬਦਾਂ ਚ ਸਾਹਮਣੇ ਮੌਜੂਦ ਸੀ....

ਮੈਂਡੀ ਨੂੰ ਚੜ੍ਹ ਗੁੱਸਾ ਗਿਆ ਸੀ.....ਉਸਦੀਆਂ ਉਂਗਲਾਂ ਤੇਜ਼ ਤੇਜ਼ ਮੋਬਾਈਲ ਸਕਰੀਨ ਉਪਰ ਘੁੰਮਣ ਲਗੀਆਂ....

" ਹੈਲੋ ਮਿਸਟਰ...ਤੂੰ ਆਮਿਰ ਹੈਂ ਜਾਂ ਸਲਮਾਨ...ਤੈਨੂੰ ਭਲਾ ਬੰਦਾ ਸਮਝ ਕੇ ਨਾਲ ਐੱਡ ਕੀਤਾ ਸੀ....ਪਰ ਤੂੰ ਆ ਪਤਾ ਨਹੀਂ ਕਿਹੜੇ ਮੈਸਜ ਕਰੀ ਜਾਂਦਾ ਏਂ...ਏਨਾ ਕਹਾਣੀਆਂ ਨਾਲ ਕੋਈ ਹੋਰ ਕੁੜੀ ਭਾਵੁਕ ਹੋ ਸਕਦੀ................ਮੈਂਡੀ ਨਹੀਂ...ਸਮਝਿਆ...ਖ਼ਬਰਦਾਰ ਜੇ ਦੁਬਾਰਾ ਇਕ ਵੀ ਮੈਸਜ ਕੀਤਾ " ਮੈਂਡੀ ਨੇ ਸਾਰਾ ਗੁੱਸਾ ਆਪਣਾ ਇਕੋ ਮੈਸਜ ਚ ਕੱਢ ਦਿੱਤਾ....

" ਮੈਂ ਤੁਹਾਨੂੰ ਸਕਰੇਨਸ਼ੋਟ ਦਿਖਾ ਦਿੰਦਾ ਹਾਂ...ਮੈਂ ਇਹ ਮੈਸਜ ਮੁੰਡਿਆਂ ਨੂੰ ਵੀ ਭੇਜੇ ਨੇ...ਤੁਹਾਡੇ ਨਾਮ ਅੱਗੇ ਮੈਂਡੀ ਸਿੰਘ ਲਗਿਆ ਸੀ ਤੇ ਫੋਟੋ ਤੋਂ ਵੀ ਨਹੀਂ ਸੀ ਪਤਾ ਲਗਿਆ ਕਿ ਤੁਸੀਂ ਖਾਤੂਨ ਹੋ...ਮੁਆਫੀ ਚਾਹੰਦਾ ਹਾਂ ਪਰ ਮੈਂ ਕੋਈ ਗਲਤ ਬੰਦਾ ਨਹੀਂ ਹਾਂ "

ਮੈਂਡੀ ਨੇ ਮੈਸਜ ਪੜ੍ਹਿਆ...ਤੇ ਉਸਨੂੰ ਆਪਣਾ ਗੁੱਸਾ ਘਟਦਾ ਮਹਿਸੂਸ ਹੋਇਆ...

" ਤੁਹਾਡੇ ਆ ਜਿਹੜੇ ਰਿਸ਼ਤੇਦਾਰ ਨੇ...ਸ਼ਾਇਦ ਤੁਹਾਡੇ ਦਾਦਾ ਜੀ ਦੇ ਭਰਾ ਨੇ...ਹੈ ਨਾ ? " ਮੈਂਡੀ ਬੋਲੀ...

" ਜੀ...ਬਿਲਕੁਲ "

" ਇਹ ਤੁਹਾਨੂੰ ਪਟਿਆਲਾ ਤੋਂ ਚਿੱਠੀਆਂ ਲਿਖਦੇ ਸੀ...ਤੇ ਮੇਰੇ ਖਿਆਲ ਚ ਤੁਹਾਨੂੰ ਪਟਿਆਲੇ ਦੇ ਆਲੇ ਦੁਆਲੇ ਵਾਲੇ ਇਲਾਕੇ ਚ ਹੀ ਉਹਨਾਂ ਬਾਰੇ ਪੁੱਛਣਾ ਚਾਹੀਦਾ ਹੈ...ਮੈਂ ਦਿੱਲੀ ਰਹਿੰਦੀ ਹਾਂ...ਇਸ ਲਈ ਮੈਂ ਤੁਹਾਡੇ ਕਿਸੇ ਕੰਮ ਦੀ ਨਹੀਂ..." ਮੈਂਡੀ ਨੇ ਮੈਸਜ ਭੇਜਿਆ....

" ਤੁਸੀਂ ਠੀਕ ਆਖਦੇ ਹੋ...ਪਰ ਮੈਂ ਜੋ ਆਖਰੀ ਵਾਲਾ ਖੱਤ ਦੇਖਿਆ ਸੀ ਧਿਆਨ ਨਾਲ...ਉਸਦੇ ਉਪਰ ਦਿੱਲੀ ਦੇ ਡਾਕਖਾਨੇ ਦੀ ਮੋਹਰ ਹੈ...ਸਦਰ ਬਾਜ਼ਾਰ ਨਾਮ ਦਾ ਕੋਈ ਇਲਾਕਾ ਹੈ " ਆਮਿਰ ਨੇ ਮੈਸਜ ਕੀਤਾ...

" ਸਦਰ ਬਾਜ਼ਾਰ ਇਕ ਹੈ ਤਾਂ ਸਹੀ...."

" ਵਾਹ...ਤੁਹਾਡੇ ਲਾਗੇ ਹੀ ਹੈ ? " ਆਮਿਰ ਉਤੇਜਿਤ ਹੋ ਕੇ ਬੋਲਿਆ....

" ਦੂਰ ਤਾਂ ਨਹੀਂ ਹੈ...ਪਰ ਸਦਰ ਬਾਜ਼ਾਰ ਵੀ ਕੋਈ ਛੋਟਾ ਨਹੀਂ ਹੈ....ਤੇ ਬਿਨਾਂ ਕਿਸੇ ਪਛਾਣ ਦੇ ਕਿਸੇ ਨੂੰ ਉਥੇ ਲੱਭਣਾ ਮੈਨੂੰ ਪੋਸੀਬਲ ਨਹੀਂ ਜਾਪਦਾ "

" ਹੱਮ " ਆਮਿਰ ਉਦਾਸ ਹੋ ਗਿਆ ਸੀ....

" ਪਰ...ਇਕ ਕੋਸ਼ਿਸ਼ ਕਰ ਲੈਂਦੀ ਹਾਂ...ਉਸ ਪਾਸੇ ਮੈਨੂੰ ਇਕ ਦੋ ਸਰਦਾਰ ਪਰਿਵਾਰ ਜਾਣਦੇ ਨੇ...ਇਕ ਸਹੇਲੀ ਵੀ ਰਹਿੰਦੀ ਹੈ...ਦੇਖਦੀ ਹਾਂ ਜੇ ਕੁਛ ਹੋ ਸਕੇ ਤਾਂ "

" ਮੈਂ ਦੱਸ ਨਹੀਂ ਸਕਦਾ ਕਿ ਤੁਸੀਂ ਮੈਨੂੰ ਕਿੰਨਾ ਹੋਂਸਲਾ ਦਿੱਤਾ ਹੈ...ਤੁਸੀਂ ਜਰੂਰ ਕੋਸ਼ਿਸ਼ ਕਰਿਓ...ਮੇਰੇ ਕੋਲ ਹੋਰ ਕੋਈ ਰਾਹ ਨਹੀਂ...ਤੁਹਾਡੇ ਵਰਗੇ ਕੁਛ ਚੰਗੇ ਕਿਰਦਾਰਾਂ ਦੇ ਆਸਰੇ ਹੀ ਮੈਂ ਆਪਣੇ ਵਡੇਰਿਆਂ ਨੂੰ ਲੱਭ ਸਕਦਾ ਹਾਂ "

" ਦੇਖਦੇ ਹਾਂ...ਕੀ ਹੁੰਦਾ "

ਉਸ ਦਿਨ ਮੈਂਡੀ ਅਤੇ ਅਮੀਰ ਵਿਚਕਾਰ ਏਨੀ ਹੀ ਗੱਲਬਾਤ ਹੋਈ...

......




" ਤੇਰਾ ਦਿਮਾਗ ਖਰਾਬ ਏ....ਪਾਕਿਸਤਾਨ ਤੋਂ ਪਤਾ ਨਹੀਂ ਕੌਨ ਤੈਨੂੰ ਮੈਸਜ ਕਰਦਾ ਹੈ...ਤੇ ਤੂੰ ਮਦਦ ਕਰਨ ਦਾ ਸੋਚਣ ਲੱਗ ਗਈ ਏਂ...." ਮੈਂਡੀ ਦੀ ਸਹੇਲੀ ਨੇ ਗੁੱਸੇ ਚ ਆਖਿਆ...

ਮੈਂਡੀ ਚੁੱਪ ਰਹੀ....

" ਦੇਖ...ਗੱਲ ਸੁਣ ਮੇਰੀ...ਏਵੀਂ ਕਿਸੇ ਚੱਕਰ ਚ ਨਾ ਫੱਸ ਜਾਵੀਂ...ਪਾਕਿਸਤਾਨ ਦਾ ਨਾਮ ਹੀ ਕਾਫ਼ੀ ਹੋਣਾ ਤੈਨੂੰ ਫਸਾਉਣ ਲਈ "
ਮੈਂਡੀ ਸਭ ਸੁਣਦੀ ਰਹੀ....ਤੇ ਚੁਪਚਾਪ ਉਠ ਕੇ ਘਰ ਆ ਗਈ.....

.....


ਮੈਂਡੀ ਦਾ ਦਿਲ ਇਕ ਪਾਸੇ ਆਮਿਰ ਲਈ ਸ਼ੱਕ ਨਾਲ ਵੀ ਭਰਦਾ ਸੀ...ਪਰ ਜਿੰਨੀ ਵਾਰ ਵੀ ਉਸਨੇ ਆਮਿਰ ਦੀ ਆਈ ਡੀ ਫਰੋਲੀ...ਉਸਨੂੰ ਕੁਛ ਵੀ ਐਤਰਾਜ਼ ਵਾਲਾ ਨਾ ਲੱਭਿਆ....

ਆਖਰ ਮੈਂਡੀ ਨੇ ਅੱਖਾਂ ਬੰਦ ਕੀਤੀਆਂ....ਤੇ ਕੁਛ ਦੇਰ ਇਸੇ ਹਾਲਤ ਚ ਬੈਠੀ ਰਹੀ....

" ਇਕ ਵਾਰ ਕੋਸ਼ਿਸ਼ ਕਰਾਂਗੀ....ਜੋ ਵੀ ਹੋਵੇਗਾ...ਦੇਖੀ ਜਾਊਗੀ " ਮੈਂਡੀ ਨੇ ਅੱਖਾਂ ਖੋਲੀਆਂ...ਤਾਂ ਉਸਦੇ ਬੁੱਲਾਂ ਚੋਂ ਇਹ ਸ਼ਬਦ ਨਿਕਲੇ....

.....


ਉਸ ਰਾਤ ਉਸਨੇ ਆਮਿਰ ਨਾਲ ਦੁਬਾਰਾ ਗੱਲ ਕੀਤੀ...ਤੇ ਪਰਿਵਾਰ ਦੇ ਬਾਰੇ ਜਿੰਨਾ ਵੀ ਪੁਛ ਸਕਦੀ ਸੀ...ਜਿੰਨਾ ਵੀ ਜਾਣ ਸਕਦੀ ਸੀ ਜਾਣਿਆ....

ਉਸਨੇ ਇਕ ਛੋਟੀ ਡਾਇਰੀ ਚ ਸਭ ਗੱਲਾਂ ਨੋਟ ਕਰ ਲਈਆਂ.....

" ਮੈਂਡੀ....ਤੂੰ ਜਸੂਸੀ ਨਾਵਲ ਬੜੇ ਪੜ੍ਹੇ ਨੇ...ਅੱਜ ਉਹਨਾਂ ਨਾਵਲਾਂ ਤੋਂ ਜੋ ਤੂੰ ਸਿਖਿਆ...ਉਸਨੂੰ ਅਜਮਾਉਣ ਦਾ ਵੇਲਾ ਆ ਗਿਆ ਏ...ਬਣ ਜਾ ਜਸੂਸ...ਤੇ ਲਭ ਲਿਆ ਆਮਿਰ ਦਾ ਪਰਿਵਾਰ....ਮੈਂਡੀ ਜਸੂਸ...ਜਿੰਦਾਬਾਦ..."

ਮੈਂਡੀ ਨੇ ਸ਼ੀਸ਼ੇ ਅੱਗੇ ਖੜੇ ਹੋ ਕੇ ਖੁਦ ਨੂੰ ਹੌਂਸਲੇ ਨਾਲ ਭਰਿਆ....ਤੇ ਸਦਰ ਬਾਜ਼ਾਰ ਲਈ ਨਿਕਲ ਗਈ....

....


ਮੈਂਡੀ...ਤੇਰਾ ਦਿਮਾਗ ਤਾਂ ਸਹੀ ਹੈ...ਪਤਾ ਨਹੀਂ ਕਿਸਨੇ ਤੈਨੂੰ ਫੇਸਬੁਕ ਚ ਇੱਕ ਇਮੋਸ਼ਨਲ ਕਹਾਣੀ ਸੁਣਾ ਦਿੱਤੀ...ਤੇ ਤੂੰ ਮੂੰਹ ਚੱਕ ਕੇ ਕਿਸੇ ਅਣਜਾਣ ਪਰਿਵਾਰ ਨੂੰ ਲੱਭਣ ਤੁਰ ਪਈ ਹੈਂ "

ਮੈਂਡੀ ਦੇ ਹੱਥ ਚ ਪਾਣੀ ਦਾ ਗਲਾਸ ਫਡ਼ਿਆ ਰਹਿ ਗਿਆ ਸੀ....ਸਦਰ ਬਾਜ਼ਾਰ ਚ ਉਹ ਕਿਸੇ ਮਦਦ ਦੀ ਆਸ ਨਾਲ ਆਪਣੇ ਕਿਸੇ ਪਛਾਣ ਵਾਲੇ ਘਰ ਆਈ ਸੀ....ਪਰ ਅਗਲਿਆਂ ਨੇ ਮੈਂਡੀ ਦੀ ਗੱਲ ਸੁਣ ਕੇ ਹੀ ਮੈਂਡੀ ਨੂੰ ਪਾਗਲ ਆਖ ਸੁਣਾਇਆ ਸੀ....

ਮੈਂਡੀ ਨੇ ਬਿਨਾਂ ਪਾਣੀ ਦਾ ਘੁੱਟ ਵੀ ਭਰੇ ਗਲਾਸ ਨੂੰ ਵਾਪਸ ਟੇਬਲ ਉਪਰ ਰੱਖ ਦਿੱਤਾ...ਤੇ ਆਪਣਾ ਪਰਸ ਫਡ਼ਿਆ....ਤੇ ਉਠ ਕੇ ਬਾਹਰ ਆ ਗਈ....

......


ਮੈਂਡੀ ਨੇ ਦੁਕਾਨ ਅੰਦਰ ਕਦਮ ਰੱਖਿਆ....

" ਇਕ ਪੈਪਸੀ " ਮੈਂਡੀ ਨੇ ਦੁਕਾਨ ਵਾਲੇ ਨੂੰ ਆਖਿਆ...

ਦੁਕਾਨ ਵਾਲੇ ਨੇ ਫਰਿਜ਼ ਚੋਂ ਇਕ ਠੰਡੀ ਬੋਤਲ ਫੜ੍ਹੀ...ਤੇ ਮੈਂਡੀ ਵੱਲ ਵਧਾਈ...

" ਇਸ ਮੋਹੱਲੇ ਚ ਕੋਈ ਏਦਾਂ ਦਾ ਪਰਿਵਾਰ ਹੈ ਕੋਈ ਜਿਹੜਾ ਪਾਕਿਸਤਾਨ ਤੋਂ ਆਇਆ ਹੋਵੇ ? " ਮੈਂਡੀ ਨੇ ਬੋਤਲ ਫੜਦੇ ਹੋਏ ਪੁੱਛਿਆ...

" ਮੈਨੂੰ ਤਾਂ ਏਦਾਂ ਦੇ ਕਿਸੇ ਪਰਿਵਾਰ ਬਾਰੇ ਕੋਈ ਖਬਰ ਨਹੀਂ..." ਦੁਕਾਨਦਾਰ ਨੇ ਬਿਨਾਂ ਦਿਮਾਗ ਉਪਰ ਕੋਈ ਜੋਰ ਪਾਏ ਜੁਆਬ ਦਿੱਤਾ....

" ਸਭ ਤੋਂ ਪੁਰਾਣਾ ਪਰਿਵਾਰ ਹੋਵੇ ਕੋਈ ? " ਮੈਂਡੀ ਨੇ ਕੋਲ੍ਡ ਡਰਿੰਕ ਦਾ ਘੁੱਟ ਭਰਿਆ...

ਦੁਕਾਨਦਾਰ ਨੇ ਏਦਾਂ ਮੂੰਹ ਬਣਾਇਆ ਜਿਵੇਂ ਡੂੰਘੀ ਸੋਚ ਚ ਡੁਬਿਆ ਹੋਵੇ....

" ਇਕ....ਹੈ ਤਾਂ ਸਹੀ..."

ਮੈਂਡੀ ਨੇ ਉਤਸੁਕਤਾ ਨਾਲ ਦੁਕਾਨਦਾਰ ਦੇ ਚੇਹਰੇ ਵੱਲ ਦੇਖਿਆ..

" ਇਸ ਗੱਲੀ ਚੋ ਬਾਹਰ ਨਿਕਲੋਗੇ...ਤਾਂ ਸਾਹਮਣੇ ਇਕ ਹੋਰ ਗਲੀ ਹੈ...ਉਸਦੇ ਚ ਜਾ ਕੇ ਆਖਰੀ ਘਰ ਹੈ ਜੋ...ਉਹ ਇਸ ਮੋਹੱਲੇ ਚ ਬੜੇ ਚਿਰ ਤੋਂ ਰਹਿੰਦੇ ਨੇ "

ਮੈਂਡੀ ਨੇ ਉਸਦੇ ਦਸੇ ਪਤੇ ਨੂੰ ਦਿਮਾਗ ਚ ਬਿਠਾ ਲਿਆ....

" ਪਰ ਤੁਸੀਂ ਕਿਸਨੂੰ ਲਭ ਰਹੇ ਹੋ ? " ਦੁਕਨਾਦਾਰ ਨੇ ਪੁੱਛਿਆ...

" ਹੈ ਕੋਈ....ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੈਨੂੰ ਛੇੜ ਕੇ ਭਜਿਆ ਸੀ...ਹੁਣ ਬਦਲਾ ਲੈਣ ਲਈ ਲਭਦੀ ਫਿਰਦੀ ਹਾਂ "

ਮੈਂਡੀ ਨੇ ਖਾਲੀ ਬੋਤਲ ਅਤੇ ਪੈਸੇ ਦੁਕਨਾਦਾਰ ਦੇ ਅੱਗੇ ਕਾਊਂਟਰ ਉਪਰ ਰੱਖੇ...ਤੇ ਬਾਹਰ ਨਿਕਲ ਗਈ...

ਦੁਕਨਾਦਾਰ ਹੈਰਾਨੀ ਨਾਲ ਉਸਨੂੰ ਜਾਂਦੀ ਹੋਈ ਨੂੰ ਦੇਖਦਾ ਰਿਹਾ....

......


ਸੈਂਡੀ ਨੇ ਆਪਣੀ ਸਕੂਟੀ ਘਰ ਦੇ ਅੱਗੇ ਲਗਾਈ...ਤੇ ਬੂਹੇ ਦੇ ਨਾਲ ਲੱਗੀ ਘੰਟੀ ਦੇ ਬਟਨ ਨੂੰ ਇਕ ਵਾਰ ਦਬਾਅ ਕੇ ਛੱਡ ਦਿੱਤਾ...

" ਹਾਂਜੀ ? " ਇਕ ਬਜ਼ੁਰਗ ਬੰਦੇ ਨੇ ਬੂਹਾ ਖੋਲਿਆ....

" ਮੈਂ ਮੈਂਡੀ...ਏਧਰ ਲਾਗੇ ਹੀ ਰਹਿੰਦੀ ਹਾਂ..." ਮੈਂਡੀ ਫਟਾਫਟ ਬੋਲੀ...

" ਦਸੋ ? " ਬੰਦੇ ਨੇ ਭਾਵਹੀਣ ਆਵਾਜ਼ ਚ ਪੁੱਛਿਆ...

" ਮੈਂ ਇਸ ਮੋਹੱਲੇ ਚ ਕੋਈ ਅਜਿਹਾ ਪਰਿਵਾਰ ਲਭਦੀ ਸੀ ਜਿਹੜਾ ਵੰਡ ਵੇਲੇ ਆਪਣੇ ਪਾਕਿਸਤਾਨ ਰਹਿੰਦੇ ਭਰਾ ਤੋਂ ਵਿਛੜ ਗਿਆ ਸੀ"

" ਤੁਹਾਨੂੰ ਕੋਈ ਪੈਸੇ ਤਾਂ ਨਹੀਂ ਦਿੰਦਾ..ਇਹ ਸਭ ਕਰਨ ਦੇ ? " ਬੰਦਾ ਖਰਵੀ ਜਹੀ ਬੋਲੀ ਬੋਲਿਆ...

" ਜੀ ਮੈਂ ਸਮਝੀ ਨਹੀਂ ? "

" ਪਾਕਿਸਤਾਨ ਤੋੰ ਕੌਨ ਆਇਆ ਕੌਣ ਗਿਆ...ਤੁਸੀਂ ਕੀ ਕਰਨਾ ਜਾਣ ਕੇ....ਮਦਦ ਮੰਗਣ ਆਏ ਹੋ ? " ਬੰਦਾ ਮੈਂਡੀ ਨੂੰ ਗੌਰ ਨਾਲ ਦੇਖਣ ਲੱਗਾ..

" ਤੁਸੀਂ ਗਲਤ ਸਮਝੇ ਹੋ...ਮੈਂ ਕਿਸੇ ਮਿੱਤਰ ਨੂੰ ਉਸਦੇ ਵਿਛੜੇ ਪਰਿਵਾਰ ਨਾਲ ਮਿਲਵਾਉਨ ਦੀ ਕੋਸ਼ਿਸ਼ ਕਰ ਰਹੀ ਹਾਂ " ਮੈਂਡੀ ਬੋਲੀ...

" ਜਿੰਨਾ ਦਾ ਪਰਿਵਾਰ ਹੈ...ਉਹ ਕਿਧਰ ਨੇ ? "

" ਉਹ ਤਾਂ ਪਾਕਿਸਤਾਨ ਚ ਹੀ ਨੇ "

" ਤਾਂ ਆਪ ਏਧਰ ਆ ਕੇ ਇਹ ਸਭ ਪੁੱਛਣ...ਆਪ ਕਿਉਂ ਨਹੀਂ ਪੁੱਛਦੇ...ਚੰਗੇ ਭਲੇ ਘਰ ਦੀ ਔਰਤ ਜਾਪਦੇ ਹੋ...ਏਦਾਂ ਘਰਾਂ ਚ ਪੁੱਛਗਿੱਛ ਕਰਦੇ ਚੰਗੇ ਲਗਦੇ ਹੋ ? " ਬੰਦਾ ਅਜੇ ਵੀ ਰੁੱਖਾ ਹੀ ਬੋਲ ਰਿਹਾ ਸੀ..

" ਤੁਸੀਂ ਕਿਧਰ ਦੀ ਗੱਲ ਕਿਧਰ ਲੈ ਗਏ ਹੋ...ਮੈਂ ਬਸ ਏਨਾ ਹੀ ਪੁੱਛਣਾ ਚਾਹਿਆ ਸੀ ਕਿ ਸ਼ਾਇਦ ਤੁਸੀਂ ਅਜਿਹੇ ਕਿਸੇ ਪਰਿਵਾਰ ਨੂੰ ਜਾਣਦੇ ਹੋ ਸਕਦੇ ਹੋ ਜੋ ਕਦੀ ਪਾਕਿਸਤਾਨ ਤੋਂ ਏਧਰ ਆ ਕੇ ਵਸਿਆ ਹੋਵੇ...ਕਿਉਂਕਿ ਤੁਸੀਂ ਇਸ ਮੋਹੱਲੇ ਚ ਪੁਰਾਣੇ ਰਹਿੰਦੇ ਹੋ...ਪਰ ਤੁਸੀਂ ਮਦਦ ਤਾਂ ਕੀ ਕਰਨੀ...ਉਤੋਂ ਹੋਂਸਲਾ ਤੋੜਨ ਵਾਲੀਆਂ ਗੱਲਾਂ ਬੋਲ ਰਹੇ ਹੋ...ਪਾਣੀ ਤਾਂ ਕੀ ਪੁੱਛਣਾ ਘਰ ਆਏ ਨੂੰ ਉਲਟਾ ਬੂਹੇ ਚ ਖੜਾ ਕੇ ਸਲਾਹਾਂ ਦੇਣ ਲੱਗੇ ਹੋ..." ਮੈਂਡੀ ਵੀ ਹੁਣ ਗੁੱਸੇ ਚ ਬੋਲੀ...

ਬੰਦੇ ਚੁੱਪਚਾਪ ਸਭ ਸੁਣਦਾ ਰਿਹਾ....ਇਕ ਕਦਮ ਪਿੱਛੇ ਹਟਿਆ...ਤੇ ਉਸਨੇ ਬੂਹਾ ਬੰਦ ਕਰ ਲਿਆ....

ਮੈਂਡੀ ਦਾ ਦਿਲ ਕੀਤਾ ਸੀ ਕਿ ਇਕ ਵੱਟਾ ਚੁਕੇ...ਤੇ ਬੂਹੇ ਉਪਰ ਜੋਰ ਦੀ ਮਾਰੇ....ਪਰ ਉਸਨੇ ਆਪਣੀ ਇਸ ਇੱਛਾ ਨੂੰ ਕਾਬੂ ਚ ਕੀਤਾ...ਤੇ ਖਰਾਬ ਮਨ ਨਾਲ ਵਾਪਸ ਆਉਣ ਲਈ ਸਕੂਟੀ ਨੂੰ ਸਟਾਰਟ ਕਰਨ ਲਗ ਗਈ...

.....


ਮੈਂਡੀ ਆਪਣੇ ਹਸਬੈਂਡ ਦੇ ਦਫਤਰ ਜਾਂਦਿਆਂ ਹੀ ਸਕੂਟੀ ਲੈ ਕੇ ਨਿਕਲ ਜਾਂਦੀ.....ਤੇ ਕਿੰਨੇ ਹੀ ਮੋਹੱਲੇ ਛਾਣ ਮਾਰਦੀ....ਪਰ ਕੋਈ ਨਤੀਜਾ ਨਾ ਨਿਕਲਿਆ....

" ਕੋਈ ਖਬਰ ਲੱਗੀ ? " ਆਮਿਰ ਦਾ ਮੈਸਜ ਸੀ...

ਮੈਂਡੀ ਨੂੰ ਆਮਿਰ ਦਾ ਮੈਸਜ ਹਰ ਦੂਜੇ ਕੁ ਦਿਨ ਆ ਜਾਂਦਾ ਸੀ...ਪਰ ਮੈਂਡੀ ਹਰ ਵਾਰ ਕੁਛ ਪਤਾ ਨਾ ਲੱਗਣ ਦਾ ਦੱਸ ਕੇ ਥੱਕ ਗਈ ਸੀ....

" ਮੈਂ ਬੜੀ ਕੋਸ਼ਿਸ਼ ਕੀਤੀ....ਪਰ ਕੁਝ ਖਬਰ ਨਹੀਂ ਲੱਗੀ...ਕੋਈ ਇਕ ਵੀ ਅਜਿਹਾ ਪਰਿਵਾਰ ਨਹੀਂ ਮਿਲਿਆ...ਜੋ ਪਾਕਿਸਤਾਨ ਤੋਂ ਏਧਰ ਆਇਆ ਹੋਵੇ...ਮੈਂ ਹਿੰਮਤ ਹਾਰ ਗਈ ਹਾਂ " ਮੈਂਡੀ ਨੇ ਬੜੇ ਉਦਾਸ ਮਨ ਨਾਲ ਜੁਆਬ ਟਾਈਪ ਕੀਤਾ...ਤੇ ਆਮਿਰ ਨੂੰ ਭੇਜਿਆ...

" ਮੈਨੂੰ ਪਤਾ ਹੈ ਤੁਸੀਂ ਮੇਰੇ ਪਰਿਵਾਰ ਨੂੰ ਲੱਭ ਲੈਣਾ ਹੈ...ਪਤਾ ਨਹੀਂ ਕਿਵੇਂ ਪਰ ਮੇਰਾ ਦਿਲ ਆਖਦਾ ਏ ਕਿ ਜੇ ਕੋਈ ਜਣਾ ਮੇਰੀ ਮਦਦ ਕਰ ਸਕਦਾ ਹੈ ਤਾਂ ਉਹ ਬਸ ਤੁਸੀਂ ਹੋ..." ਆਮਿਰ ਦਾ ਮੈਸਜ ਸੀ...

" ਮੈਂ ਤੁਹਾਨੂੰ ਦਸ ਨਹੀਂ ਸਕਦੀ ਕਿ ਕਿੰਝ ਦੇ ਵੰਨ ਸੁਵੰਨੇ ਲੋਕਾਂ ਨਾਲ ਮਿਲਣਾ ਪੈਂਦਾ...ਜਣੇ ਖਣੇ ਦੀਆਂ ਗੱਲਾਂ ਸੁਣ ਕੇ ਚੁੱਪ ਰਹਿਣਾ ਪੈਂਦਾ...ਲੋਕ ਮੇਰੇ ਮਗਰ ਮੈਨੂੰ ਪੱਕਾ ਸ਼ਦੈਨ ਆਖ ਕੇ ਸੱਦਦੇ ਹੋਣੇਗੇ " ਮੈਂਡੀ ਨੇ ਜੁਆਬ ਚ ਲਿਖਿਆ...

" ਤੁਸੀਂ ਹਿੰਮਤ ਨਾ ਹਾਰੋ..ਇਨਸ਼ਾਲ੍ਹਾ ਮੇਰੇ ਘਰ ਦੇ ਜੀਅ ਜਰੂਰ ਮਿਲਣਗੇ "

ਮੈਂਡੀ ਦੀ ਹਿੰਮਤ ਜਿੰਨੀ ਵਾਰ ਵੀ ਢਹਿ ਜਾਂਦੀ ਸੀ...ਆਮਿਰ ਉਸਨੂੰ ਫੇਰ ਤੋਂ ਖੜਾ ਕਰ ਦਿੰਦਾ ਸੀ...ਮੈਂਡੀ ਨੂੰ ਆਮਿਰ ਦੇ ਸ਼ਬਦਾਂ ਨਾਲ ਆਪਣੇ ਅੰਦਰ ਅਜੀਬ ਤਾਕਤ ਦਾ ਅਹਿਸਾਸ ਹੋਣ ਲਗ ਜਾਂਦਾ ਸੀ...


.....


ਮੈਂਡੀ ਨੇ ਚਾਹ ਦਾ ਕੱਪ ਆਪਣੇ ਹਸਬੈਂਡ ਅੱਗੇ ਰਖਿਆ...ਤੇ ਆਪ ਵੀ ਚਾਹ ਦਾ ਕੱਪ ਫੜ੍ਹ ਕੇ ਕੋਲ ਪਈ ਕੁਰਸੀ ਉਪਰ ਬੈਠ ਗਈ...

ਟਿੰਗ ਲਿੰਗ ਟਿੰਗ ਲਿੰਗ

ਹਸਬੈਂਡ ਦੇ ਮੋਬਾਈਲ ਨੇ ਰਿੰਗ ਵਜਾਈ.....

" ਹੈਲੋ..."

ਮੈਂਡੀ ਆਪਣੇ ਹੀ ਧਿਆਨ ਚ ਚਾਹ ਦੇ ਘੁਟ ਭਰਦੀ ਰਹੀ...

" ਤੂੰ ਯਾਰ ਇਹ ਕਿਹੜੇ ਫਤੂਰ ਨੂੰ ਜੱਫਾ ਮਾਰੀ ਬੈਠਾ ਏਂ....ਫਾਲਤੂ ਦੇ ਕੰਮ ਨੇ ਸਭ...." ਹਸਬੈਂਡ ਫੋਨ ਚ ਬੋਲ ਰਿਹਾ ਸੀ....

ਅੱਗੋਂ ਕਿਸੇ ਨੇ ਕੀ ਆਖਿਆ ਸੀ ਮੈਂਡੀ ਨੂੰ ਕੁਛ ਨਹੀਂ ਸੀ ਸੁਣ ਰਿਹਾ....

" ਯਾਰ ਗੱਲ ਸੁਣ...ਦਾਦੇ ਦਾ ਨਾਮ ਆਪਾਂ ਨੂੰ ਪਤਾ ਹੁੰਦਾ...ਕੋਈ ਹੀ ਹੁੰਦਾ ਨਿਰਾਲਾ ਜਿਸਨੂੰ ਆਪਣੇ ਪੜਦਾਦੇ ਦਾ ਨਾਮ ਵੀ ਪਤਾ ਹੁੰਦਾ ਹੋਵੇਗਾ...ਪਰ ਯਾਰ...ਉਸ ਤੋਂ ਵੀ ਅੱਗੇ ਭਲਾ ਕਿਸਨੂੰ ਕੁਛ ਯਾਦ ਰਹਿੰਦਾ ਹੈ "

ਮੈਂਡੀ ਦੇ ਕੰਨਾਂ ਚ ਗੱਲਾਂ ਪੈ ਜਰੂਰ ਰਹੀਆਂ ਸੀ ਪਰ ਪੱਲੇ ਕੁਝ ਨਹੀਂ ਸੀ ਪੈ ਰਿਹਾ...

ਹਸਬੈਂਡ ਨੇ ਗੱਲ ਖਤਮ ਕੀਤੀ ਤੇ ਫੇਰ ਅਖਬਾਰ ਚ ਰੁੱਝ ਗਿਆ..

" ਕੀ ਗੱਲ ਕਰ ਰਹੇ ਸੀ...ਦਾਦੇ ਪੜਦਾਦੇ ਬਾਰੇ ? " ਮੈਂਡੀ ਨੇ ਪੁੱਛਿਆ...

" ਮੇਰਾ ਦੋਸਤ ਹੈ ਇਕ...ਉਸਨੂੰ ਨਵਾਂ ਹੀ ਚਾਅ ਚੜਿਆ..."

" ਕਿਹੜਾ ਚਾਅ...ਪੂਰੀ ਗਲ ਦਸੋ ? " ਮੈਂਡੀ ਗਲ ਚ ਦਿਲਚਪਸੀ ਲੈਂਦੀ ਹੋਈ ਬੋਲੀ...

" ਆਖਦਾ ਹੈ ਕਿ ਉਹ ਆਪਣੀਆਂ ਪੁਰਾਣੀਆਂ ਪੀੜੀਆਂ ਦੇ ਨਾਮ ਪਤੇ ਲਿਖ ਕੇ ਰੱਖਣਾ ਚਾਹੰਦਾ ਹੈ...ਤਾਂ ਮੈਂ ਉਸਨੂੰ ਆਹੀ ਸਮਝਾਂਦਾ ਸੀ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਆਪਣੇ ਦਾਦੇ ਜਾਂ ਪੜਦਾਦੇ ਦਾ ਨਾਮ ਹੀ ਯਾਦ ਰਹਿੰਦਾ...ਉਸ ਤੋਂ ਬਾਦ ਲਕੜਦਾਦੇ ਦਾ ਨਾਮ ਭਲਾ ਕੌਣ ਯਾਦ ਰੱਖਦਾ..."

" ਪਰ ਉਸਨੇ ਏਦਾਂ ਕਰਨਾ ਕਿਉਂ ਹੈ..ਫਾਇਦਾ ਕੀ ਹੋਣਾ ? " ਮੈਂਡੀ ਨੂੰ ਕੁਛ ਸਮਝ ਨਹੀਂ ਸੀ ਆਇਆ...

" ਉਹ ਆਖਦਾ ਹੈ ਕਿ ਉਹ ਇਹ ਸਭ ਨੋਟ ਕਰਕੇ ਇਕ ਡਾਇਰੀ ਚ ਲਿਖ ਜਾਵੇਗਾ...ਤੇ ਉਸਦੀਆਂ ਆਉਣ ਵਾਲੀਆਂ ਪੀੜੀਆਂ ਜਾਣ ਸਕਦੀਆਂ ਹੋਣਗੀਆਂ ਕਿ ਉਹਨਾਂ ਦੇ ਵਡੇਰਿਆਂ ਦੇ ਨਾਮ ਕੀ ਸੀ...ਵਡੇਰੇ ਕੌਨ ਸਨ..."

" ਪਰ ਇਹ ਜੋ ਤੁਹਾਡਾ ਦੋਸਤ ਹੈ...ਇਹ ਆਪਣੇ ਪੜਦਾਦੇ ਤੱਕ ਦੇ ਨਾਮ ਕਿਵੇਂ ਪਤਾ ਕਰੇਗਾ...ਜਾਂ ਲੱਕੜਦਾਦੇ ਬਾਰੇ ਕਿਵੇਂ ਜਾਣੂਗਾ ? "

" ਉਹ ਆਖਦਾ ਹੈ ਕਿ ਉਹ ਹਰਦੁਆਰ ਜਾਏਗਾ...ਉਥੇ ਉਸਦੇ ਪਰਿਵਾਰ ਵਾਲੇ ਆਪਣੇ ਵੱਡਿਆਂ ਦੇ ਫੁੱਲ ਤਾਰ ਕੇ ਆਂਦੇ ਸੀ...ਤੇ ਉਥੇ ਰਹਿੰਦੇ ਪੰਡਤਾਂ ਕੋਲ ਕਈ ਪੀੜੀਆਂ ਦਾ ਡਾਟਾ ਸਾਂਭਿਆ ਹੁੰਦਾ ਹੈ "

ਮੈਂਡੀ ਦੇ ਦਿਮਾਗ ਚ ਬਿਜਲੀ ਚਮਕੀ.....

" ਆਪਣੇ ਸਰਦਾਰ ਤਾਂ ਸ਼ਾਇਦ ਇਸ ਸਭ ਲਈ ਕੀਰਤਪੁਰ ਸਾਬ ਜਾਂਦੇ ਨੇ....? " ਮੈਂਡੀ ਬੋਲੀ...

" ਸਾਰੇ ਨਹੀਂ....ਕਈ ਸਿਖ ਵੀ ਆਪਣੇ ਮਰ ਗਏ ਰਿਸ਼ਤੇਦਾਰਾਂ ਦੇ ਫੁੱਲ ਤਾਰਨ ਹਰਦੁਆਰ ਜਾਂਦੇ ਨੇ..."

ਮੈਂਡੀ ਨੂੰ ਅੱਗੇ ਵਧਣ ਲਈ ਇਕ ਰਾਹ ਨਜ਼ਰ ਆ ਚੁੱਕਾ ਸੀ....ਉਸਨੇ ਹਰਦੁਆਰ ਜਾਣ ਲਈ ਉਦੋਂ ਹੀ ਇਰਾਦਾ ਬਣਾ ਲਿਆ....

......


" ਮੈਨੂੰ ਇਕ ਉਮੀਦ ਦੀ ਰੋਸ਼ਨੀ ਨਜ਼ਰ ਆਈ ਹੈ...ਤੁਸੀਂ ਆਪਣਾ ਨੈਟ ਚਾਲੂ ਰੱਖਣਾ...ਜੇ ਮੈਨੂੰ ਕੋਈ ਜਰੂਰਤ ਪਈ ਤਾਂ ਨੈਟ ਰਾਹੀਂ ਫੋਨ ਕਰਾਂਗੀ " ਮੈਂਡੀ ਨੇ ਹਰਦੁਆਰ ਵਾਲੀ ਗੱਡੀ ਚ ਬੈਠਦੇ ਹੀ ਆਮਿਰ ਨੂੰ ਮੈਸਜ ਕੀਤਾ...

ਸਟੇਸ਼ਨ ਤੋਂ ਨਿਕਲਦੇ ਹੀ ਗੱਡੀ ਨੇ ਰਫਤਾਰ ਫੜ੍ਹੀ....ਤੇ ਦਿੱਲੀ ਨੂੰ ਪਿੱਛੇ ਛੱਡਦੀ ਹੋਈ ਹਰਦੁਆਰ ਵੱਲ ਵਧਣ ਲੱਗੀ....
ਮੈਂਡੀ ਨੇ ਬਾਰੀ ਚੋਂ ਬਾਹਰ ਦੇਖਿਆ....ਮਗਰ ਵੱਲ ਨੂੰ ਭੱਜੇ ਜਾਂਦੇ ਦਰਖਤ ਦੇਖਦੇ ਦੇਖਦੇ ਹੀ ਉਸਦੀਆਂ ਅੱਖਾਂ ਨੂੰ ਨੀਂਦ ਨੇ ਆਪਣੇ ਕਬਜ਼ੇ ਚ ਲੈ ਲਿਆ....


....


" ਮੈਂਡੀ...ਤੂੰ....ਮੈਂ ਖੁਸ਼ ਵੀ ਹਾਂ....ਤੇ ਹੈਰਾਨ ਵੀ..." ਮੈਂਡੀ ਦੀ ਸਹੇਲੀ ਉਸਨੂੰ ਆਪਣੇ ਬੂਹੇ ਚ ਦੇਖ ਕੇ ਬੋਲੀ...

ਮੈਂਡੀ ਉਸਨੂੰ ਜੱਫੀ ਚ ਲੈ ਕੇ ਮਿਲੀ....

" ਸੰਜਨਾ...ਤੂੰ ਵੀ ਸੋਚਦੀ ਹੋਵੇਂਗੀ...ਕਿ ਮੈਂਡੀ ਅੱਜ ਤੇਰੇ ਕੋਲ ਹਰਦੁਆਰ ਕਿਵੇਂ ਆ ਗਈ..? " ਮੈਂਡੀ ਸੋਫੇ ਉਪਰ ਬੈਠਦੀ ਬੋਲੀ...

" ਹੈਰਾਨ ਤਾਂ ਸੱਚੀ ਹੋ ਗਈ ਹਾਂ...ਤੇਰੇ ਕੋਲ ਮੇਰਾ ਐਡਰੈੱਸ ਹੈ ਸੀ ? " ਸੰਜਨਾ ਬੋਲੀ..

" ਹਾਂ ਐਡਰੈੱਸ ਵੀ ਸੀ...ਤੇ ਤੇਰੇ ਇਸ ਘਰ ਚ ਲੱਗੇ ਫੋਨ ਦਾ ਨੰਬਰ ਵੀ ਸੀ...ਤੂੰ ਹੀ ਤਾਂ ਦਿੱਤਾ ਸੀ..."

" ਮੈਨੂੰ ਯਾਦ ਨਹੀਂ...ਪਰ ਛੱਡ ਇਹ ਸਭ.. ਤੂੰ ਆ ਗਈ ਹੈਂ...ਮੇਰਾ ਦਿਲ ਖੁਸ਼ੀ ਨਾਲ ਗਾਰਡਨ ਗਾਰਡਨ ਹੋ ਗਿਆ...ਹੁਣ ਤੂੰ ਦੱਸ ਤੇਰੀ ਕੀ ਸੇਵਾ ਕਰਾਂ " ਸੰਜਨਾ ਸੱਚੀ ਬੜੀ ਖੁਸ਼ ਲੱਗ ਰਹੀ ਸੀ...

ਮੈਂਡੀ ਨੇ ਸੰਜਨਾ ਨੂੰ ਸਾਰੀ ਗੱਲ ਦਸੀ....ਆਮਿਰ ਦੇ ਮੈਸਜ ਬਾਰੇ ਦੱਸਿਆ....ਤੇ ਬਾਕੀ ਸਾਰੀ ਕਹਾਣੀ ਵੀ ਆਖ ਸੁਣਾਈ...

" ਹੱਮ...ਮੇਰੇ ਖਿਆਲ ਚ...ਆਪਾਂ ਨੂੰ ਗੰਗਾ ਘਾਟ ਤੇ ਜਾਣਾ ਪੈਣਾ....ਪਰ ਉਸ ਤੋਂ ਪਹਿਲਾਂ ਮੈਨੂੰ ਲਗਦਾ ਸਾਨੂੰ ਮੇਰੇ ਪਾਪਾ ਨਾਲ ਗੱਲ ਕਰਨੀ ਚਾਹੀਦੀ...ਉਹ ਸਾਨੂੰ ਸਿੱਧੇ ਰਾਹ ਪਾ ਸਕਦੇ ਨੇ..." ਸੰਜਨਾ ਬੋਲੀ...

" ਪਾਪਾ ਕਿਧਰ ਮਿਲਣਗੇ...? " ਮੈਂਡੀ ਬੇਸਬਰੀ ਨਾਲ ਬੋਲੀ...

" ਦੁਕਾਨ ਤੇ...ਚੱਲ..ਆਪਾਂ ਉਹਨਾਂ ਕੋਲ ਹੀ ਚਲਦੇ ਹਾਂ..."

ਮੈਂਡੀ ਨੇ ਆਪਣਾ ਪਰਸ ਫਡ਼ਿਆ....ਤੇ ਸੰਜਨਾ ਮਗਰ ਹੋ ਤੁਰੀ...


.....


" ਦੇਖੋ ਬੇਟਾ ਜੀ...ਮੈਂ ਤੁਹਾਨੂੰ ਘਾਟ ਬਾਰੇ ਥੋੜੀ ਬੇਸਿਕ ਜਾਣਕਾਰੀ ਦੇ ਦਿੰਦਾ ਹਾਂ...ਜੇ ਇਸਦੇ ਨਾਲ ਤੁਹਾਡਾ ਕੋਈ ਕੰਮ ਬਣ ਜਾਵੇ ਤਾਂ ਮੈਨੂੰ ਵੀ ਖੁਸ਼ੀ ਹੋਵੇਗੀ "

ਮੈਂਡੀ ਅਤੇ ਸੰਜਨਾ ਦੋਨੋਂ ਉਥੇ ਪਏ ਸਟੂਲਾਂ ਉਪਰ ਬੈਠ ਗਈਆਂ...

" ਘਾਟ ਉਪਰ ਕਿੰਨੇ ਸਾਰੇ ਪੰਡਤ ਮਿਲਣਗੇ...ਪਰ ਜਿੰਨੇ ਵੀ ਲੋਕ ਉਥੇ ਫੁਲ ਤਾਰਨ ਆਉਂਦੇ ਨੇ...ਸਭ ਦੇ ਪੰਡਤ ਵੱਖਰੇ ਹੁੰਦੇ ਨੇ " ਸੰਜਨਾ ਦੇ ਪਾਪਾ ਬੋਲੇ...

" ਵੱਖਰੇ ਦਾ ਕੀ ਮਤਲਬ ਅੰਕਲ ਜੀ...? " ਮੈਂਡੀ ਨੇ ਪੁੱਛਿਆ...

" ਇਕ ਗੋਤਰ ਦਾ ਇਕ ਪੰਡਤ ਹੁੰਦਾ ਹੈ...ਮੰਨ ਲਓ...ਤੁਸੀਂ ਚੌਹਾਨ ਹੋ...ਤਾਂ ਕਿਸੇ ਹੋਰ ਸ਼ਹਿਰ ਤੋਂ ਕੋਈ ਹੋਰ ਵੀ ਚੌਹਾਨ ਆਇਆ ਹੈ...ਤੁਹਾਡੇ ਦੋਨਾਂ ਦਾ ਇਕੋ ਪੰਡਤ ਹੋਵੇਗਾ...ਲੱਗੀ ਸਮਝ ? "

" ਹਾਂਜੀ...ਥੋੜੀ ਥੋੜੀ..." ਮੈਂਡੀ ਨੇ ਸਿਰ ਹਿਲਾਇਆ...

" ਪਰ ਕਈ ਵਾਰ...ਕੁਛ ਇਲਾਕਿਆਂ ਦੇ ਆਪਣੇ ਆਪਣੇ ਪੰਡਤ ਵੀ ਹੁੰਦੇ ਨੇ...ਜਿਵੇਂ ਦਿੱਲੀ ਦੇ ਕਿਸੇ ਖਾਸ ਇਲਾਕੇ ਦੇ ਸਾਰੇ ਲੋਕ ਏਥੇ ਆ ਕੇ ਕਿਸੇ ਇਕੋ ਪੰਡਤ ਕੋਲ ਆਂਦੇ ਹੋ ਸਕਦੇ ਨੇ...ਮੈਂ ਤੁਹਾਨੂੰ ਸੌਖਾ ਢੰਗ ਦਸਦਾ ਹਾਂ...ਤੁਸੀਂ ਇਹ ਦਸੋ...ਜਿਸ ਪਰਿਵਾਰ ਨੂੰ ਤੁਸੀਂ ਲਭਦੇ ਪਏ ਹੋ...ਉਹਨਾਂ ਦੇ ਨਾਮ ਮਗਰ ਕੀ ਗੋਤ ਲਗਦਾ ਹੈ ? " ਸੰਜਨਾ ਦੇ ਪਾਪਾ ਨੇ ਮੈਂਡੀ ਵੱਲ ਦੇਖਿਆ..

" ਰੁਕੋ...ਮੈਂ ਦਸਦੀ ਹਾਂ " ਮੈਂਡੀ ਆਪਣੇ ਪਰਸ ਚ ਪਏ ਕਾਗਜ਼ਾਂ ਨੂੰ ਫਰੋਲਣ ਲੱਗੀ...

" ਪ੍ਰੀਤਮ ਸਿੰਘ ਅਟਵਾਲ..ਗਰਜ਼ਾ ਸਿੰਘ ਅਟਵਾਲ..." ਮੈਂਡੀ ਨੇ ਦਸਿਆ...

" ਤੁਸੀਂ ਏਦਾਂ ਕਰਿਓ...ਘਾਟ ਉਪਰ ਜਾ ਕੇ ਕਿਸੇ ਵੀ ਪੰਡਤ ਪੁੱਛਣਾ ਕਿ ਤੁਸੀਂ ਅਟਵਾਲ ਪਰਿਵਾਰ ਦੇ ਪੰਡਤ ਨੂੰ ਮਿਲਣਾ ਹੈ...ਤੁਸੀਂ ਆਸਾਨੀ ਨਾਲ ਉਹਨਾਂ ਦੇ ਪੰਡਤ ਤੱਕ ਜਾ ਪੁਜੋਗੇ...ਜਿੰਨੇ ਵੀ ਅਟਵਾਲ ਏਥੇ ਆਉਂਦੇ ਨੇ ਉਹ ਉਸੇ ਪੰਡਤ ਕੋਲ ਜਾਂਦੇ ਹੋਣਗੇ...ਤੇ ਜਿਸ ਅਟਵਾਲ ਪਰਿਵਾਰ ਨੂੰ ਤੁਸੀਂ ਲਭ ਰਹੇ ਹੋ...ਜੇ ਉਹਨਾਂ ਨੇ ਕਦੀ ਆਪਣੇ ਵੱਡਿਆਂ ਦੇ ਫੁੱਲ ਏਥੇ ਤਾਰੇ ਹੋਣਗੇ ਤਾਂ ਉਸਦਾ ਪਤਾ ਤੁਹਾਨੂੰ ਜਰੂਰ ਮਿਲ ਜਾਵੇਗਾ.." ਸੰਜਨਾ ਦੇ ਪਾਪਾ ਨੇ ਸਮਝਾਇਆ...

" ਹੱਮ...ਰੱਬ ਕਰੇ ਮੇਰੀ ਤਲਾਸ਼ ਏਥੇ ਮੁਕ ਜਾਵੇ " ਮੈਂਡੀ ਖੜੀ ਹੁੰਦੀ ਹੋਈ ਬੋਲੀ...

" ਇਕ ਗੱਲ ਹੋਰ..." ਸੰਜਨਾ ਦੇ ਪਾਪਾ ਬੋਲੇ...

ਮੈਂਡੀ ਨੇ ਸੰਜਨਾ ਦੇ ਪਾਪਾ ਵੱਲ ਦੇਖਿਆ...

" ਜਦੋਂ ਵੀ ਕੋਈ ਪਰਿਵਾਰ ਏਥੇ ਗੰਗਾ ਚ ਆਪਣੇ ਜੀਅ ਦੇ ਫੁੱਲ ਤਾਰਨ ਆਂਦਾ ਹੈ...ਤਾਂ ਇਥੇ ਆਏ ਹਰ ਨਿੱਕੇ ਵੱਡੇ ਜੀਅ ਦੀ ਪੂਰੀ ਡਿਟੇਲ ਪੰਡਤ ਆਪਣੇ ਵਹੀ ਖਾਤੇ ਚ ਨੋਟ ਰੱਖਦਾ ਹੈ...ਪਰ...ਇਕ ਪੰਗਾ ਵੀ ਹੈ ? "

ਮੈਂਡੀ ਦਾ ਦਿਲ ਜ਼ੋਰ ਨਾਲ ਧੜਕਣ ਲਗਿਆ...

" ਇਹ ਪੰਡਤ ਇਹ ਡਿਟੇਲ ਕਿਸੇ ਅਣਜਾਣ ਸ਼ਕਸ ਨੂੰ ਨਹੀਂ ਦਸਦੇ...ਸਿਰਫ ਪਰਿਵਾਰ ਦੇ ਹੀ ਕਿਸੇ ਜੀਅ ਨੂੰ ਇਹ ਵਹੀ ਖਾਤੇ ਦਿਖਾਏ ਜਾਂਦੇ ਨੇ...ਹੁਣ ਤੁਸੀਂ ਦੇਖ ਲਵੋ ਬੇਟਾ ਜੀ...ਕਿਵੇਂ ਕਰੋਗੇ ? "

" ਪਾਪਾ...ਇਹ ਤਾਂ ਤੁਸੀਂ ਦਿਲ ਹੀ ਤੋੜ੍ਹਤਾ....ਇਸਦਾ ਵੀ ਕੋਈ ਰਾਹ ਦਸੋ ਹੁਣ " ਸੰਜਨਾ ਬੋਲੀ...

" ਪੈਸੇ....ਪੈਸੇ ਦਵਾਂਗੇ ਤਾਂ ਪੰਡਤ ਸਾਰਾ ਡਾਟਾ ਦੇ ਦਵੇਗਾ...ਪੈਂਸੇ ਨਾਲ ਸਭ ਮੰਨ ਜਾਂਦੇ ਨੇ " ਮੈਂਡੀ ਨੇ ਆਪਣੇ ਪਰਸ ਉਪਰ ਹੱਥ ਮਾਰਦੇ ਹੋਏ ਆਖਿਆ...

" ਨਹੀਂ ਬੇਟਾ...ਪੈਸੇ ਨਾਲ ਏਥੇ ਦਾਲ ਨਹੀਂ ਗਲਣੀ....ਕੋਈ ਹੋਰ ਤਰੀਕਾ ਸੋਚੋ "

" ਪਰ ਵਹੀ ਖਾਤੇ ਨਾ ਦਿਖਉਣ ਦਾ ਕੋਈ ਖਾਸ ਕਾਰਨ...? " ਮੈਂਡੀ ਨੇ ਪੁੱਛਿਆ...

" ਅਸਲ ਚ ਕਈ ਪਰਿਵਾਰਾਂ ਦੇ ਜਾਇਦਾਦਾਂ ਦੇ ਕੇਸ ਕੋਰਟ ਚ ਚਲਦੇ ਹੁੰਦੇ ਨੇ...ਤੇ ਕੋਈ ਅਣਜਾਣ ਏਥੋਂ ਆ ਕੇ ਕਈ ਜਾਣਕਾਰੀਆਂ ਕਢਵਾ ਲੈ ਜਾਂਦੇ ਸੀ...ਜਿਸਦੇ ਨਾਲ ਕਈ ਪਰਿਵਾਰਾਂ ਦੇ ਕੇਸਾਂ ਚ ਏਨਾ ਜਾਣਕਾਰੀਆਂ ਦੇ ਜਨਤਕ ਹੋਣ ਕਰਕੇ ਫਰਕ ਪਿਆ...ਇਸ ਕਰਕੇ ਹੁਣ ਪੰਡਤ ਇਸ ਮਾਮਲੇ ਚ ਸਖਤ ਨੇ...ਉਹ ਕਿਸੇ ਵੀ ਅਨਜਾਣ ਸ਼ਕਸ ਨੂੰ ਕਿਸੇ ਹੋਰ ਦੇ ਪਰਿਵਾਰ ਦੀ ਕੋਈ ਨਿੱਕੀ ਜਾਣਕਾਰੀ ਵੀ ਨਹੀਂ ਦਿੰਦੇ.. "

ਮੈਂਡੀ ਨੇ ਸੰਜਨਾ ਵੱਲ ਦੇਖਿਆ...ਸੰਜਨਾ ਨੇ ਮੋਢੇ ਚੁੱਕੇ...ਮੈਂਡੀ ਸਮਝ ਗਈ ਕਿ ਇਹ ਰਾਹ ਵੀ ਉਸਨੂੰ ਆਪ ਨੂੰ ਹੀ ਕਢਣਾ ਪੈਣਾ ਹੈ...

.....


" ਅਟਵਾਲ ਗੋਤਰ ਵਾਲੇ ਤਾਂ ਪੰਡਤ ਰਾਮਲਾਲ ਦੇ ਜਜਮਾਨ ਨੇ.." ਇਕ ਨੌਜਵਾਨ ਪੰਡਤ ਨੇ ਮੈਂਡੀ ਨੂੰ ਦਸਿਆ...

ਮੈਂਡੀ ਤੇ ਸੰਜਨਾ ਦਸੀ ਹੋਈ ਥਾਂ ਤੇ ਜਾ ਪੁੱਜੇ...

ਰਾਮਲਾਲ ਨੇ ਨੰਗੇ ਪਿੰਡੇ ਉਪਰ ਭਗਵੇਂ ਰੰਗ ਦਾ ਕਪੜਾ ਲਪੇਟਿਆ ਹੋਇਆ ਸੀ...ਜਿਸਦੇ ਉਪਰ ਰਾਮ ਸ਼ਬਦ ਕਿੰਨੀ ਹੀ ਵਾਰ ਲਿਖਿਆ ਹੋਇਆ ਸੀ...

" ਰਾਮ ਰਾਮ ਪੰਡਤ ਜੀ " ਮੈਂਡੀ ਹੱਥ ਜੋੜ ਕੇ ਬੋਲੀ...

" ਦਸੋ ਪੁੱਤਰ ਜੀ...? " ਪੰਡਤ ਨੇ ਆਪਣੇ ਸਾਹਮਣੇ ਖੜੀ ਮੈਂਡੀ ਵੱਲ ਨਜ਼ਰ ਚੁੱਕ ਕੇ ਵੇਖਿਆ...

" ਮੈਂ ਅਟਵਾਲ ਪਰਿਵਾਰ ਦੇ ਪੰਡਤ ਨੂੰ ਲਭਦੀ ਆਈ ਹਾਂ "

" ਹਾਂਜੀ ਦਸੋ...ਅਟਵਾਲ ਗੋਤ ਵਾਲੇ ਮੇਰੇ ਕੋਲ ਹੀ ਆਂਦੇ ਨੇ..."

" ਮੈਂ ਪ੍ਰੀਤਮ ਸਿੰਘ ਅਟਵਾਲ ਦੀ ਦੋਹਤਰੀ ਹਾਂ...ਤੇ ਕਈ ਸਾਲ ਪਹਿਲਾਂ ਮੇਰੀ ਮਾਂ ਵਿਦੇਸ਼ ਚਲੀ ਗਈ ਸੀ...ਮਾਂ ਤਾਂ ਹੁਣ ਰਹੀ ਨਹੀਂ...ਪਰ ਮੈਂ ਵਾਪਸ ਆਈ ਹਾਂ...ਆਪਣੇ ਨਾਨੇ ਦਾ ਪਤਾ ਲਭਦੀ ਪਈ ਹਾਂ...ਇਸੇ ਤਲਾਸ਼ ਨੇ ਅੱਜ ਤੁਹਾਡੇ ਸਾਹਮਣੇ ਲਿਆ ਖੜਾ ਕੀਤਾ ਹੈ..."

ਸੰਜਨਾ ਹੈਰਾਨੀ ਨਾਲ ਮੈਂਡੀ ਨੂੰ ਦੇਖ ਰਹੀ ਸੀ...ਜਿਸਨੇ ਪਲ ਵਿਚ ਹੀ ਕਹਾਣੀ ਤਿਆਰ ਕਰ ਲਈ ਸੀ...


" ਤੁਹਾਨੂੰ ਆਪਣੇ ਨਾਨੇ ਦਾ ਐਡਰੈੱਸ ਨਹੀਂ ਪਤਾ...ਹੈਰਾਨੀ ਹੈ..." ਪੰਡਤ ਵਿਅੰਗਮਈ ਲਹਿਜ਼ੇ ਚ ਬੋਲਿਆ...

" ਹੋ ਗਈ ਮੈਂਡੀ ਦੀ ਸਕੀਮ ਠੁੱਸ " ਸੰਜਨਾ ਮਨ ਹੀ ਮਨ ਬੋਲੀ...

ਪਰ ਓਹ ਭੁਲ ਗਈ ਸੀ ਕਿ ਮੈਂਡੀ ਜਿਸ ਕੰਮ ਨੂੰ ਕਰਨ ਦੀ ਜ਼ਿਦ ਫੜ੍ਹ ਲੈਂਦੀ ਹੈ ਉਸਨੂੰ ਏਨੀ ਆਸਾਨੀ ਨਾਲ ਨਹੀਂ ਛੱਡਦੀ...

" ਮੈਨੂੰ ਇਹ ਦਸਦੇ ਸ਼ਰਮ ਆ ਰਹੀ ਹੈ ਪਰ ਦਸਣਾ ਜਰੂਰੀ ਹੈ...ਇਸ ਕਰਕੇ ਸੁਣੋ...ਮੇਰੀ ਮਾਂ ਨੇ ਮਰਜ਼ੀ ਨਾਲ ਵਿਆਹ ਕਰਵਾਇਆ ਸੀ...ਜਿਸਦੇ ਕਰਕੇ ਉਹਨਾਂ ਦੇ ਪਿਤਾ ਨੇ ਉਹਨਾਂ ਨਾਲੋਂ ਨਾਤਾ ਤੋੜ ਲਿਆ...ਤੇ ਮੇਰੀ ਮਾਂ ਦੇ ਵਿਆਹ ਤੋਂ ਬਾਦ ਉਹ ਕਿਸੇ ਹੋਰ ਥਾਂ ਸ਼ਿਫਟ ਹੋ ਗਏ...ਜਿਸਦਾ ਪਤਾ ਮੇਰੀ ਮਾਂ ਕੋਲ ਨਹੀਂ ਸੀ..." ਮੈਂਡੀ ਉਥੇ ਹੀ ਪੰਡਤ ਦੇ ਸਾਹਮਣੇ ਬੈਠਦੀ ਬੋਲੀ...

" ਮੈਂ ਇਸ ਚ ਕੀ ਕਰ ਸਕਦਾ ਹਾਂ ? " ਪੰਡਤ ਨੇ ਪੁੱਛਿਆ...

" ਤੁਸੀਂ ਆਪਣੇ ਵਹੀ ਖਾਤੇ ਦੇਖ ਕੇ ਦੱਸ ਸਕਦੇ ਹੋ ਕਿ ਜੇ ਪ੍ਰੀਤਮ ਸਿੰਘ ਅਟਵਾਲ ਸਨ ਆਫ ਮਹਿੰਦਰ ਸਿੰਘ ਅਟਵਾਲ ਤੁਹਾਡੇ ਕੋਲ ਕਦੀ ਆਏ ਹੋਣ ? "

" ਉਹ ਮੇਰੇ ਕੋਲ ਨਹੀਂ ਆਏ..." ਪੰਡਤ ਨੇ ਦੋ ਟੁੱਕ ਜੁਆਬ ਦਿੱਤਾ...

ਮੈਂਡੀ ਦੇ ਉਪਰ ਜਿਵੇਂ ਕਈ ਘੜੇ ਪਾਣੀ ਦੇ ਪੈ ਗਏ ਸੀ...

" ਪ...ਪਰ ਸਾਨੂੰ ਤਾਂ ਤੁਹਾਡੇ ਕੋਲ ਹੀ ਭੇਜਿਆ ਗਿਆ ਸੀ..." ਮੈਂਡੀ ਮਰੀ ਹੋਈ ਆਵਾਜ਼ ਚ ਬੋਲੀ...

" ਨਹੀਂ...ਮੇਰੇ ਕੋਲ ਕਿਸੇ ਅਟਵਾਲ ਦਾ ਕੁਛ ਨਹੀਂ ਹੈ " ਰਾਮਲਾਲ ਨੇ ਨਾਂਹ ਚ ਸਿਰ ਹਿਲਾਇਆ...

ਮੈਂਡੀ ਤੇ ਸੰਜਨਾ ਉਠੀਆਂ...ਤੇ ਬਾਹਰ ਆ ਗਈਆਂ...

" ਹੁਣ ? " ਸੰਜਨਾ ਨੇ ਮੈਂਡੀ ਵੱਲ ਦੇਖਿਆ...

ਮੈਂਡੀ ਨੇ ਤੁਰੇ ਜਾਂਦੇ ਇਕ ਪੰਡਤ ਨੂੰ ਰੋਕਿਆ...ਤੇ ਆਪਣੇ ਆਉਣ ਦਾ ਮੰਤਵ ਦਸਿਆ....

" ਰਾਮਲਾਲ ਕੋਲ ਜਾਓ " ਉਹ ਵੀ ਰਾਮਲਾਲ ਦਾ ਹੀ ਨਾਮ ਦਸ ਗਿਆ ਸੀ...

" ਜਰੂਰ ਇਸਦੇ ਕੋਲ ਸਭ ਡਾਟਾ ਹੈ...ਬਸ ਇਹ ਦੱਸ ਕੇ ਨਹੀਂ ਰਾਜੀ " ਮੈਂਡੀ ਬੋਲੀ...

" ਕਿਵੇਂ ਪਤਾ...? " ਸੰਜਨਾ ਨੇ ਪੁੱਛਿਆ...

" ਜੇ ਇਸਦੇ ਕੋਲ ਕੁਛ ਨਾ ਹੁੰਦਾ...ਤਾਂ ਉਦੋਂ ਹੀ ਮਨਾ ਕਰ ਦਿੰਦਾ ਜਦੋਂ ਆਪਾਂ ਅਟਵਾਲ ਨਾਮ ਲਿਆ....ਪਰ ਉਸਨੇ ਉਦੋਂ ਅਣਜਾਣ ਬਣ ਕੇ ਦਿਖਾਇਆ...ਜਦੋਂ ਮੈਂ ਉਸਨੂੰ ਆਪਣੇ ਆਉਣ ਦਾ ਕਾਰਨ ਦੱਸਿਆ...ਪਰਿਵਾਰ ਦਾ ਪਤਾ ਮੰਗਿਆ...ਮਤਲਬ ਉਹ ਪਤਾ ਦੇ ਕੇ ਰਾਜੀ ਨਹੀਂ " ਮੈਂਡੀ ਦਾ ਦਿਮਾਗ ਹੁਣ ਤੇਜ਼ ਦੌੜ ਰਿਹਾ ਸੀ...

ਸੰਜਨਾ ਕੁਛ ਨਾ ਬੋਲੀ...ਬਸ ਸੁਣਦੀ ਰਹੀ....

" ਆਜਾ...ਇਕ ਵਾਰ ਦੁਬਾਰਾ ਕੋਸ਼ਿਸ਼ ਕਰਦੇ ਹਾਂ " ਮੈਂਡੀ ਵਾਪਸ ਰਾਮਲਾਲ ਦੇ ਬੂਹੇ ਵੱਲ ਮੁੜ ਪਈ..

.....


" ਤੁਸੀਂ ਫੇਰ ਆ ਗਏ ? " ਰਾਮਲਾਲ ਨੇ ਆਪਣੀਆਂ ਐਨਕਾਂ ਨੂੰ ਉਂਗਲੀਆਂ ਨਾਲ ਸੁਆਰਾ ਕੀਤਾ...

" ਤੁਸੀਂ ਕੁਛ ਨਾ ਦਸਿਓ ਜੋ ਦਸਣਾ ਤੁਹਾਡੇ ਪ੍ਰੋਫੈਸ਼ਨ ਦੇ ਖਿਲਾਫ ਹੈ...ਪਰ ਏਨਾ ਤਾਂ ਦਸ ਸਕਦੇ ਹੋ ਨਾ...ਕਿ ਵਾਕਿਆ ਹੀ ਕੋਈ ਪ੍ਰੀਤਮ ਸਿੰਘ ਅਟਵਾਲ ਤੁਹਾਡੇ ਕੋਲ ਆਇਆ ਸੀ ਕਿ ਨਹੀਂ...ਬਸ ਏਨਾ ਦਸਣ ਤੋਂ ਮਨ੍ਹਾ ਨਾ ਕਰਿਓ " ਮੈਂਡੀ ਨੇ ਤਰਲਾ ਕੀਤਾ...

ਪੰਡਤ ਦੇ ਚੇਹਰੇ ਨੂੰ ਦੇਖ ਕੇ ਮੈਂਡੀ ਨੂੰ ਲਗਿਆ ਕਿ ਉਹ ਉਲਝਣ ਚ ਸੀ ਕਿ ਦੱਸੇ ਕਿ ਨਾਂਹ...

" ਨਾਮ ਬੋਲੋ ਦੁਬਾਰਾ.." ਰਾਮਲਾਲ ਬੋਲਿਆ...

"ਮੈਂਡੀ "

" ਓ ਹੋ...ਆਪਣਾ ਨਹੀਂ...ਉਸ ਪਰਿਵਾਰ ਵਾਲੇ ਬੰਦੇ ਦਾ ਜਿਸਨੂੰ ਲਭਦੇ ਫਿਰਦੇ ਹੋ "

" ਪ੍ਰੀਤਮ ਸਿੰਘ ਅਟਵਾਲ...ਪਿਤਾ ਦਾ ਨਾਮ ਮਹਿੰਦਰ ਸਿੰਘ ਅਟਵਾਲ " ਮੈਂਡੀ ਜਲਦੀ ਨਾਲ ਬੋਲੀ...

ਰਾਮਲਾਲ ਨੇ ਆਪਣੇ ਕੋਲ ਪਈ ਅਲਮਾਰੀ ਚੋਂ ਇਕ ਮੋਟਾ ਰਜਿਸਟ ਚੁੱਕਿਆ...ਤੇ ਉਸਨੂੰ ਫਰੋਲਣ ਲੱਗਾ...

" ਪ੍ਰੀਤਮ ਸਿੰਘ ਅਟਵਾਲ...ਪੁੱਤਰ ਮਹਿੰਦਰ ਸਿੰਘ ਅਟਵਾਲ...ਭਰਾ ਦਾ ਨਾਮ ਗਰਜ਼ਾ ਸਿੰਘ ਅਟਵਾਲ....ਬੱਚਿਆਂ ਦੇ ਨਾਮ ਪੁੱਤਰ ਰਾਜਬੀਰ ਸਿੰਘ ਅਟਵਾਲ...ਤੇ ਧੀ ਰਹਿਮਤ ਕੌਰ ਅਟਵਾਲ..."

ਮੈਂਡੀ ਬੁੱਤ ਬਣ ਗਈ ਸੀ......

ਪ੍ਰੀਤਮ ਸਿੰਘ ਤੋਂ ਬਾਦ ਗਰਜ਼ਾ ਸਿੰਘ ਦੇ ਨਾਮ ਨੇ ਉਸਨੂੰ ਮੂਰਤੀ ਚ ਬਦਲਤਾ ਸੀ....ਉਸਦੀ ਤਲਾਸ਼ ਉਸਨੂੰ ਸਹੀ ਥਾਂ ਤੇ ਲੈ ਆਈ ਸੀ....

ਮੈਂਡੀ ਨੂੰ ਪੰਡਤ ਦੀ ਆਵਾਜ਼ ਨਹੀਂ ਸੀ ਸੁਣ ਰਹੀ ਹੁਣ....ਉਸਨੇ ਕੰਬਦੇ ਹੱਥਾਂ ਨਾਲ ਆਪਣੇ ਪਰਸ ਚੋਂ ਮੋਬਾਈਲ ਕੱਢਿਆ....ਉਸਦੀਆਂ ਕੰਬਦੀਆਂ ਉਂਗਲਾਂ ਮੋਬਾਈਲ ਸਕਰੀਨ ਉਪਰ ਘੁੰਮਣ ਲਗੀਆਂ...

" ਆਮਿਰ...ਮੈਂ ਸਫਲ ਹੋ ਗਈ....ਮੈਂ ਤੁਹਾਡੇ ਪਰਿਵਾਰ ਨੂੰ ਲੱਭ ਲਿਆ..."

ਮੈਂਡੀ ਨੇ ਮੈਸਜ ਲਿਖਿਆ...ਤੇ ਆਮਿਰ ਨੂੰ ਭੇਜ ਦਿੱਤਾ...

" ਮੈਡਮ...ਕਿਧਰ ਗੁਆਚ ਗਏ...? " ਰਾਮਲਾਲ ਜ਼ੋਰ ਦੀ ਬੋਲਿਆ...

" ਹ...ਹਾਂ ਮੈਂ ਇਥੇ ਹੀ ਹਾਂ " ਮੈਂਡੀ ਤ੍ਰਭਕ ਕੇ ਬੋਲੀ...

" ਤੁਸੀਂ ਤਾਂ ਆਖਿਆ ਸੀ ਕਿ ਤੁਹਾਡੀ ਮਾਂ ਦੇ ਪਿਤਾ ਨੇ ਪ੍ਰੀਤਮ ਸਿੰਘ ਜੀ...ਪਰ ਇਥੇ ਤਾਂ ਤੁਹਾਡੇ ਮਾਤਾ ਜੀ ਦਾ ਕੋਈ ਨਾਮ ਨਹੀਂ ਦਰਜ਼ " ਪੰਡਤ ਸ਼ੱਕ ਭਰੀਆਂ ਨਿਗਾਹਾਂ ਨਾਲ ਮੈਂਡੀ ਵੱਲ ਦੇਖਣ ਲੱਗਾ...

" ਦ...ਦਸਿਆ ਤਾਂ ਸੀ...ਕਿ ਮੇਰੇ ਮੰਮੀ ਨੇ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ...ਤਾਂ ਕਰਕੇ ਉਹਨਾਂ ਨਾਲ ਨਾਨਾ ਜੀ ਨੂੰ ਏਨੀ ਨਫਰਤ ਸੀ ਕਿ ਉਹਨਾਂ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਕਰਦੇ...ਇਸੇ ਕਰਕੇ ਏਥੇ ਵੀ ਉਹਨਾਂ ਦਾ ਨਾਮ ਤਾਂ ਹੀ ਨਹੀਂ ਹੈ " ਮੈਂਡੀ ਨੇ ਇਕ ਹੋਰ ਕਹਾਣੀ ਬਣਾਈ...

" ਬਸ....ਤੁਹਾਡਾ ਕੰਮ ਹੋ ਗਿਆ ਨਾ...ਜਾਓ ਹੁਣ " ਪੰਡਤ ਨੇ ਰਜਿਸਟਰ ਬੰਦ ਕਰ ਲਿਆ ਸੀ...

" ਏਨਾ ਦੇ ਪਰਿਵਾਰ ਦਾ ਮੌਜੂਦਾ ਪਤਾ ਦਸ ਦਵੋ ? " ਮੈਂਡੀ ਨੇ ਫੇਰ ਤਰਲਾ ਕੀਤਾ...

" ਨਹੀਂ...ਇਹ ਨਹੀਂ ਦਸ ਸਕਦਾ ਹਾਂ....ਜੋ ਦਸਣਾ ਸੀ..ਦਸ ਦਿੱਤਾ...ਹੁਣ ਜਾਓ..." ਰਾਮਲਾਲ ਬਾਹਰ ਵੱਲ ਇਸ਼ਾਰਾ ਕਰਦੇ ਬੋਲਿਆ...

" ਪੰਡਤ ਜੀ...ਮੇਰੇ ਵੱਲ ਦੇਖੋ..ਸਵੇਰ ਦੀ ਭੁੱਖੀ ਪਿਆਸੀ ਦੌੜ ਰਹੀ ਹਾਂ...ਕਿਉਂ...ਸਿਰਫ ਇਸ ਕਰਕੇ ਕਿ ਆਪਨੀ ਮਾਂ ਦੇ ਪਰਿਵਾਰ ਨੂੰ ਮਿਲ ਸਕਾਂ...ਜੋ ਗਲਤੀ ਮਾਂ ਮੇਰੀ ਨੇ ਕੀਤੀ ਹੈ...ਉਸਦੀ ਮੁਆਫੀ ਮੰਗ ਸਕਾਂ...." ਮੈਂਡੀ ਦੀ ਆਵਾਜ਼ ਰੋਣਹਾਕੀ ਹੋ ਗਈ ਸੀ....

ਪੰਡਤ ਸਮਝ ਨਹੀਂ ਸੀ ਪਾ ਰਿਹਾ...ਕਿ ਉਹ ਦਸੇ ਕਿ ਨਾ ਦਸੇ...

" ਤੁਹਾਨੂੰ ਅਜੇ ਵੀ ਯਕੀਨ ਨਹੀਂ...ਤਾਂ ਮੈਨੂੰ ਆਪ ਨਾਲ ਲੈ ਜਾਓ ਇਸ ਪਰਿਵਾਰ ਦੇ ਐਡਰੈੱਸ ਉਪਰ...ਦੇਖਣਾ ਉਹ ਆਪਣੇ ਖੂਨ ਨੂੰ ਦੇਖ ਕੇ ਮੇਰੀ ਮਾਂ ਦੀਆਂ ਗਲਤੀਆਂ ਭੁਲਾ ਦੇਣਗੇ...ਮੈਨੂੰ ਆਪਣੇ ਗੱਲ ਨਾਲ ਲਗਾ ਲੈਣਗੇ..." ਮੈਂਡੀ ਦੀਆਂ ਅੱਖਾਂ ਚੋਂ ਦੋ ਹੰਝੂ ਚੋਅ ਕੇ ਪੰਡਤ ਦੇ ਸਾਹਮਣੇ ਜਾ ਡਿਗੇ...

ਜੋ ਕੰਮ ਕੋਈ ਨਾ ਕਰ ਸਕਦਾ ਹੋਵੇ...ਉਹ ਕੰਮ ਔਰਤ ਦੇ ਹੰਝੂ ਕਰ ਸਕਦੇ ਨੇ...ਇਹ ਗੱਲ ਇਕ ਵਾਰ ਫੇਰ ਸਾਬਤ ਹੋ ਗਈ ਸੀ....
ਪੰਡਤ ਨੇ ਮੈਂਡੀ ਦੇ ਅੱਗੇ ਗਰਜ਼ਾ ਸਿੰਘ ਅਤੇ ਪ੍ਰੀਤਮ ਸਿੰਘ ਦੇ ਘਰਾਂ ਦੇ ਦੋ ਵੱਖ ਵੱਖ ਐਡਰੈੱਸ ਰੱਖੇ...ਇੱਕ ਪਤਾ ਦਿਲੀ ਦਾ ਸੀ ਤੇ ਇਕ ਹਿਮਾਚਲ ਪ੍ਰਦੇਸ਼ ਦਾ...

ਆਮਿਰ ਦਾ ਜੁਆਬ ਆ ਚੁੱਕਾ ਸੀ....ਉਸਨੇ ਰੋਂਦੀਆਂ ਹੋਈਆਂ ਸਮਾਈਲਿਆਂ ਭੇਜੀਆਂ ਸੀ...

ਮੈਂਡੀ ਉੱਡ ਕੇ ਏਨਾ ਪਰਿਵਾਰਾਂ ਦੇ ਕੋਲ ਪੁੱਜ ਜਾਣਾ ਚਾਹੰਦੀ ਸੀ....ਪਰ ਗੱਡੀ ਨੇ ਤਾਂ ਆਪਣੀ ਸਪੀਡ ਨਾਲ ਹੀ ਜਾਣਾ ਸੀ...

......


" ਪੰਡਤ ਨੇ ਦਸਿਆ...ਕਿ ਤੁਹਾਡੇ ਵੱਡੇ ਅੱਬੂ ਦੇ ਭਰਾ ਪ੍ਰੀਤਮ ਸਿੰਘ ਦੇ ਫੁੱਲ ਲੈ ਕੇ ਗਰਜ਼ਾ ਸਿੰਘ ਆਇਆ ਸੀ...ਉਸਦੇ ਨਾਲ ਪ੍ਰੀਤਮ ਸਿੰਘ ਦਾ ਪੁੱਤਰ ਅਤੇ ਇਕ ਧੀ ਸੀ...ਏਨਾ ਸਾਰਿਆਂ ਦੇ ਨਾਮ ਪੰਡਤ ਨੇ ਆਪਣੇ ਰਜਿਸਟਰ ਚ ਦਰਜ਼ ਕੀਤੇ ਸੀ...ਤੇ ਬਕਾਇਦਾ ਪ੍ਰੀਤਮ ਸਿੰਘ ਦੇ ਪਾਕਿਸਤਾਨ ਵਾਲੇ ਪਿੰਡ ਦਾ ਨਾਮ ਵੀ ਦਰਜ ਸੀ....ਜਿਸਨੂੰ ਦੇਖਣ ਤੋੰ ਬਾਦ ਮੈਨੂੰ ਤੱਸਲੀ ਹੋਈ ਕਿ ਮੈਂ ਡੇਢ ਮਹੀਨੇ ਦੀ ਮਿਹਨਤ ਤੋਂ ਬਾਅਦ ਆਖਰ ਤੁਹਾਨੂੰ ਤੁਹਾਡੇ ਪਰਿਵਾਰ ਦੀ ਕੋਈ ਖਬਰ ਦੇ ਸਕੀ ਹਾਂ "


ਆਮਿਰ ਇਸ ਮੈਸਜ ਨੂੰ ਪੜ੍ਹ ਕੇ ਖੁਸ਼ੀ ਨਾਲ ਦੇਰ ਤੱਕ ਰੋਂਦਾ ਰਿਹਾ.....ਆਫ਼ੀਆ ਨੂੰ ਜਿਵੇਂ ਹੀ ਇਹ ਖਬਰ ਮਿਲੀ...ਉਹ ਵੀ ਆਮਿਰ ਕੋਲ ਆ ਗਈ ਸੀ....ਹੁਣ ਦੋਨਾਂ ਨੂੰ ਉਡੀਕ ਸੀ ਕਿ ਮੈਂਡੀ ਕਦੋਂ ਪ੍ਰੀਤਮ ਸਿੰਘ ਅਤੇ ਗਰਜ਼ਾ ਸਿੰਘ ਦੇ ਪਰਿਵਾਰਾਂ ਕੋਲ ਜਾਵੇ ਤੇ ਉਹਨਾਂ ਦੀ ਗੱਲ ਕਰਾਵੇਗੀ...

ਜੈਨਬ ਦੀਆਂ ਵ ਅੱਖਾਂ ਚੋਂ ਪਾਣੀ ਚੋਅ ਰਿਹਾ ਸੀ....

.....


ਮੈਂਡੀ ਪੰਡਤ ਦੇ ਦੱਸੇ ਦਿਲੀ ਵਾਲੇ ਪੱਤੇ ਉਪਰ ਪੁੱਜੀ...ਤਾਂ ਉਥੇ ਕੋਈ ਨਾ ਮਿਲਿਆ...ਆਂਢ ਗੁਆਂਢ ਤੋਂ ਪਤਾ ਲਗਿਆ ਕਿ ਉਹ ਆਪਣਾ ਘਰ ਬਦਲ ਕੇ ਹੋਰ ਥਾਂ ਚਲੇ ਗਏ ਨੇ...ਮੈਂਡੀ ਨੇ ਉਹਨਾਂ ਦੇ ਨਵੇਂ ਪਤੇ ਉਪਰ ਪੁੱਜ ਕੇ ਹੀ ਸਾਹ ਲਿਆ....

....


" ਆਪਾਂ ਕਿਸੇ ਪਾਕਿਸਤਾਨੀ ਨੂੰ ਨਹੀਂ ਜਾਣਦੇ...ਨਾ ਆਪਾਂ ਕਿਸੇ ਨਾਲ ਗੱਲ ਕਰਨੀ ਹੈ " ਗਰਜ਼ਾ ਸਿੰਘ ਦੇ ਪੋਤਰੇ ਨੇ ਉੱਚੀ ਆਵਾਜ਼ ਚ ਆਖਿਆ...

" ਗਰਜ਼ਾ ਸਿੰਘ ਜੀ ਕਿਧਰ ਨੇ ? " ਮੈਂਡੀ ਘਰ ਚ ਏਧਰ ਓਧਰ ਵੇਖਦੀ ਬੋਲੀ...

" ਕੌਨ ਏਂ ਤੂੰ....ਕੋਈ ਰਿਪੋਰਟਰ ਏਂ...ਜਸੂਸ ਏਂ...ਕੌਨ ਏਂ ਤੂੰ...ਇਕ ਵਾਰ ਆਖਿਆ ਨਾ...ਆਪਾਂ ਨੂੰ ਕਿਸੇ ਪਾਕਿਸਤਾਨੀ ਨਾਲ ਕੋਈ ਗੱਲ ਨਹੀਂ ਕਰਨੀ " ਏਨਾ ਖਰਾਬ ਬੋਲਣ ਵਾਲੀ ਇਹ ਸ਼ਾਇਦ ਗਰਜ਼ਾ ਸਿੰਘ ਦੀ ਪੋਤਰ ਨੂੰਹ ਸੀ...

ਮੈਂਡੀ ਲਈ ਇਹ ਸਭ ਕਿਸੇ ਸਦਮੇ ਵਰਗਾ ਸੀ....

" ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਾਵਾਂਗੀ...ਸਰਦਾਰ ਗਰਜ਼ਾ ਸਿੰਘ ਜੀ ਬਾਰੇ ਤਾਂ ਦੱਸੋ " ਮੈਂਡੀ ਹਿੰਮਤ ਕਰਕੇ ਬੋਲੀ...

" ਉਹ ਕਦੋਂ ਦੇ ਪੂਰੇ ਹੋ ਚੁੱਕੇ ਨੇ...."

" ਪਰ ਉਹਨਾਂ ਦੀ ਮੌਤ ਦਾ ਜਿਕਰ ਤਾਂ ਪੰਡਤ ਨੇ ਨਹੀਂ ਕੀਤਾ ਸੀ " ਮੈਂਡੀ ਬੋਲੀ...

" ਜਰੂਰੀ ਤਾਂ ਨਹੀਂ ਕਿ ਹਰ ਵਾਰ ਹਰਦੁਆਰ ਹੀ ਜਾਈਏ..."

ਮੈਂਡੀ ਹੋਲੀ ਹੋਲੀ ਤੁਰਦੀ ਉਸ ਘਰ ਚੋਂ ਬਾਹਰ ਆ ਗਈ....ਆਮਿਰ ਨੂੰ ਉਹ ਕਿਸ ਮੂੰਹ ਨਾਲ ਦੱਸੇਗੀ ਕਿ ਗਰਜ਼ਾ ਸਿੰਘ ਦਾ ਪਰਿਵਾਰ ਤਾਂ ਉਹਨਾਂ ਨਾਲ ਗੱਲ ਕਰਨ ਨੂੰ ਵੀ ਰਾਜੀ ਨਹੀਂ ਹੈ...

....


ਮੈਂਡੀ ਪੰਜ ਘੰਟੇ ਦੇ ਸਫਰ ਤੋਂ ਬਾਦ ਹਿਮਾਚਲ ਚ ਉਸ ਘਰ ਦੇ ਅੱਗੇ ਖੜੀ ਸੀ...ਜੋ ਐਡਰੈੱਸ ਮੁਤਾਬਕ ਪ੍ਰੀਤਮ ਸਿੰਘ ਦਾ ਘਰ ਸੀ....
" ਤੁਸੀਂ ਕੌਨ ? " ਬੂਹੇ ਨੂੰ ਖੋਲਣ ਵਾਲੀ ਨੌਜਵਾਨ ਕੁੜੀ ਨੇ ਪੁੱਛਿਆ...

ਮੈਂਡੀ ਨੇ ਘਟ ਸ਼ਬਦਾਂ ਚ ਸਭ ਦਸਿਆ....

" ਹਾਏ...ਤੁਸੀਂ ਏਨੀ ਦੂਰੋਂ ਆਏ ਹੋ...ਲੰਘ ਆਓ...ਆਜੋ " ਨੌਜਵਾਨ ਕੁੜੀ ਮੈਂਡੀ ਨੂੰ ਅੰਦਰ ਲੈ ਆਈ...
ਘਰ ਦੇ ਹੋਰ ਜੀਅ ਵੀ ਇਕੱਠੇ ਹੋ ਗਏ ਸੀ...

......


" ਆਮਿਰ ਜੀ....ਮੈਨੂੰ ਵੀਡੀਓ ਕਾਲ ਕਰੋ...ਤੁਹਾਡਾ ਪਰਿਵਾਰ ਤੁਹਾਡੇ ਨਾਲ ਗੱਲ ਕਰਨਾ ਚਾਹੰਦਾ ਹੈ "

ਆਮਿਰ ਨੇ ਜਿਦਾਂ ਹੀ ਇਹ ਮੈਸਜ ਪੜ੍ਹਿਆ....ਉਸਦੀਆਂ ਭੁੱਬਾਂ ਨਿਕਲ ਗਈਆਂ.....

ਆਫ਼ੀਆ ਨੇ ਉਸਨੂੰ ਘੁੱਟ ਕੇ ਗੱਲ ਨਾਲ ਲਗਾ ਲਿਆ....

" ਕਾਲ ਕਰ ਆਮਿਰ " ਆਫ਼ੀਆ ਦਾ ਗਲਾ ਭਰ ਗਿਆ ਸੀ...

" ਹ...ਹਾਂ...ਕਰਦਾ ਹਾਂ..." ਆਮਿਰ ਨੇ ਕੰਬਦੇ ਹੱਥਾਂ ਨਾਲ ਮੈਂਡੀ ਨੂੰ ਫੇਸਬੁਕ ਉਪਰ ਵੀਡੀਓ ਕਾਲ ਲਗਾਈ...


.....


ਪ੍ਰੀਤਮ ਸਿੰਘ ਦੇ ਪੋਤਰੇ ਨੂੰ ਫੋਨ ਫੜ੍ਹਾ ਕੇ ਮੈਂਡੀ ਪਰੇ ਜਾ ਖੜੀ ਹੋਈ.....

ਸਾਰਾ ਟੱਬਰ ਵੀਡੀਓ ਕਾਲ ਦੁਆਲੇ ਹੋ ਗਿਆ ਸੀ....ਗੱਲਾਂ ਦੀ ਘੱਟ ਤੇ ਰੋਣੇ ਦੀ ਆਵਾਜ਼ ਜਿਆਦਾ ਆ ਰਹੀ ਸੀ...ਮੈਂਡੀ ਨੇ ਆਪਣੀਆਂ ਅੱਖਾਂ ਚ ਵੱਗ ਆਏ ਪਾਣੀ ਨੂੰ ਸਾਫ ਕਰਨ ਦੀ ਕੋਈ ਕੋਸ਼ਿਸ਼ ਨਾ ਕੀਤੀ.....

( ਖਤਮ ) - ਹਰਪਾਲ ਸਿੰਘ


....


ਸ਼ੁਕਰੀਆ ਇਸ ਲੰਮੀ ਕਹਾਣੀ ਨੂੰ ਪੜ੍ਹਨ ਲਈ...

ਇਸ ਕਹਾਣੀ ਬਾਰੇ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੰਦਾ ਹਾਂ...ਇਸ ਕਹਾਣੀ ਬਾਰੇ ਮੈਨੂੰ ਮੈਂਡੀ ਨੇ ਦਸਿਆ...ਹਾਲਾਂਕਿ ਮੈਂਡੀ ਅਸਲੀ ਨਾਮ ਨਹੀਂ ਹੈ...ਪਰ ਅਸਲੀ ਨਾਮ ਦਸਣ ਦਾ ਹੁਕਮ ਨਾ ਹੋਣ ਕਰਕੇ ਮੈਂ ਕਾਲਪਨਿਕ ਨਾਮ ਨਾਲ ਕਹਾਣੀ ਲਿਖੀ....

ਪਰ ਇਸ ਕਹਾਣੀ ਨੂੰ ਲਿਖਣ ਤੋਂ ਪਹਿਲਾਂ ਮੇਰੇ ਲਈ ਜਰੂਰੀ ਸੀ ਕਿ ਮੈਂ ਇਸਦੇ ਅਸਲੀ ਹੋਣ ਲਈ ਜਾਣਕਾਰੀ ਇਕੱਠੀ ਕਰਾਂ...ਇਸ ਦੇ ਲਈ ਮੈਂ ਮੈਂਡੀ ਨਾਲ ਗੱਲ ਕੀਤੀ...ਤਾਂ ਉਹਨਾਂ ਨੇ ਮੈਨੂੰ ਆਮਿਰ ( ਕਾਲਪਨਿਕ ਨਾਮ ) ਨਾਲ ਹੁੰਦੀ ਰਹੀ ਗੱਲਬਾਤ ਦੇ ਸਕ੍ਰੀਨਸ਼ੋਟ ਭੇਜੇ...ਤਸਵੀਰਾਂ ਭੇਜੀਆਂ...ਜਿਸਦੇ ਅਨੁਸਾਰ ਮੈਂ ਇਸ ਕਹਾਣੀ ਨੂੰ ਲਿਖਿਆ...


ਇਸ ਕਹਾਣੀ ਦੀ ਖਾਸ ਗੱਲ ਇਹ ਹੈ...ਕਿ ਸਿਰਫ ਨਾਮ ਬਦਲਣ ਤੋੰ ਇਲਾਵਾ ਇਸਦੇ ਵਿਚ ਕੁਛ ਵੀ ਕਾਲਪਨਿਕ ਨਹੀਂ ਲਿਖਿਆ...ਚਾਹੇ ਮੈਂਡੀ ਦਾ ਸਟੇਸ਼ਨ ਵਾਲਾ ਸੀਨ ਹੋਵੇ ਜਾਂ ਸਕੂਟਰ ਵਾਲੇ ਮੁੰਡਿਆਂ ਨੂੰ ਲੱਭਣ ਵਾਲਾ...ਸਭ ਜਿਦਾਂ ਵਾਪਰੇ ਸੀ ਉਦਾਂ ਹੀ ਲਿਖੇ ਗਏ...


ਪਰ ਜਦੋਂ ਮੈਂ ਮੈਂਡੀ ਦੇ ਹਰਦੁਆਰ ਜਾਣ ਵਾਲਾ ਸੀਨ ਲਿਖਣਾ ਸੀ...ਜਾਂ ਆਮਿਰ ਦੇ ਪਰਿਵਾਰ ਨੂੰ ਮੋਹੱਲੇ ਚ ਜਾ ਕੇ ਲਭਨ ਵਾਲਾ ਸੀਨ ਸੀ...ਤਾਂ ਮੈਂ ਮੈਂਡੀ ਨੂੰ ਪੁੱਛਿਆ...ਕਿ ਤੁਸੀਂ ਘਰ ਕੀ ਬੋਲ ਕੇ ਗਏ ਹਸਬੈਂਡ ਨੂੰ...ਹਰਦੁਆਰ ਕਿਸੇ ਨੇ ਏਦਾਂ ਹੀ ਕਿਵੇਂ ਭੇਜ ਦਿੱਤਾ...


" ਕਿਉਂ ਨਹੀਂ ਜਾ ਸਕਦੀ ਮੈਂ ਇਕੱਲੀ...ਵਾਏ ??...ਮੈਨੂੰ ਕਿਸੀ ਕੋਲੋਂ ਪ੍ਰਸਮਿਸ਼ਨ ਲੈਣ ਦੀ ਕੀ ਲੋੜ ਹੈ..." ਇਹ ਮੈਂਡੀ ਦਾ ਜੁਆਬ ਸੀ....


ਮੈਂ ਕਹਾਣੀ ਦੇ ਅੰਤ ਚ ਉਣਾ ਅਸਲੀ ਥਾਵਾਂ ਦੇ ਨਾਮ ਵੀ ਬਦਲ ਦਿੱਤੇ ਨੇ ਜਿਥੇ ਇਹ ਪਰਿਵਾਰ ਮਿਲੇ ਸੀ...

ਇਹ ਸਭ ਇਸ ਕਰਕੇ ਕੀਤਾ ਗਿਆ ਤਾਂ ਕਿ ਕਿਸੇ ਦੀ ਨਿਜ਼ੀ ਜ਼ਿੰਦਗੀ ਉਪਰ ਕੋਈ ਅਸਰ ਨਾ ਹੋਵੇ...ਮੈਂਡੀ ਦੀਆਂ ਅਸਲੀ ਤਸਵੀਰਾਂ ਅਤੇ ਉਹਨਾਂ ਦੀ ਅਸਲੀ ਪਛਾਣ ਮੈਂ ਸਾਂਝੀ ਕਰਨਾ ਚਾਹੰਦਾ ਸੀ...ਪਰ ਮੈਂਡੀ ਦੀ ਇਜਾਜ਼ਤ ਨਾ ਮਿਲਣ ਕਰਕੇ ਏਦਾਂ ਨਹੀਂ ਕੀਤਾ...ਮੈਂਡੀ ਤੁਹਾਡੇ ਕਮੈਂਟਸ ਪੜ੍ਹ ਕੇ ਆਪਣਾ ਆਪ ਤੁਹਾਡੇ ਨਾਲ ਸਾਂਝਾ ਕਰਨ ਦਾ ਫੈਸਲਾ ਕਰ ਵੀ ਸਕਦੀ ਹੈ...ਪਰ ਮੈਂ ਇਸਦੇ ਲਈ ਮੈਂਡੀ ਨੂੰ ਮਜਬੂਰ ਨਹੀਂ ਕਰਾਂਗਾ...


ਆਮਿਰ ਅਤੇ ਉਸਦਾ ਪਰਿਵਾਰ ਆਪਣੇ ਏਧਰ ਰਹਿੰਦੇ ਪਰਿਵਾਰਾਂ ਨਾਲ ਅਜੇ ਆਹਮਣੇ ਸਾਹਮਣੇ ਨਹੀਂ ਮਿਲੇ...ਸੋਸ਼ਲ ਮੀਡੀਆ ਦੇ ਰਾਹੀਂ ਇਕ ਦੂਜੇ ਨਾਲ ਗੱਲ ਕਰਦੇ ਨੇ...ਤੇ ਆਮਿਰ ਅਗਲੇ ਕੁਛ ਸਾਲਾਂ ਤੱਕ ਇੰਡੀਆ ਆਉਣ ਲਈ ਤਿਆਰੀ ਕਰ ਰਿਹਾ ਹੈ...ਦੋਨਾਂ ਮੁਲਕਾਂ ਚ ਜੇ ਸਭ ਠੀਕ ਰਿਹਾ ਤਾਂ ਇਹ ਪਰਿਵਾਰ ਇਕ ਦੂਜੇ ਨਾਲ ਜਲਦੀ ਮਿਲਣਗੇ...

ਮੈਂਡੀ ਦਾ ਜਿਕਰ ਇਸ ਪਰਿਵਾਰ ਵਲੋਂ ਆਪਣੀਆਂ ਪੋਸਟਾਂ ਰਾਹੀਂ ਕਈ ਵਾਰ ਕੀਤਾ ਜਾਂਦਾ ਹੈ...ਤੇ ਇਹ ਲੋਕ ਮੈਂਡੀ ਨੂੰ ' ਬਹਾਦਰ ਸਿੱਖਣੀ ' ਬੋਲ ਕੇ ਯਾਦ ਕਰਦੇ ਨੇ...


ਕਹਾਣੀ ਬਾਰੇ ਤੁਹਾਡੇ ਵਿਚਾਰ ਜਾਣਨ ਦੀ ਉਡੀਕ ਰਹੇਗੀ...ਪਸੰਦ ਆਏ ਜਾਂ ਨਾ ਆਏ...ਤੁਹਾਡੀ ਨਿਰਪੱਖ ਰਾਏ ਮੈਨੂੰ ਕਬੂਲ ਹੋਵੇਗੀ...


ਤੁਹਾਡਾ ਦੋਸਤ -
ਹਰਪਾਲ ਸਿੰਘ

harpal1980.singh@gmail.com