MANDY ( Punjabi Story On True Events ) - part 1

writer : Harpal Singh


( ਮੈਂ ਇਸ ਕਹਾਣੀ ਦਾ ਨਾਮ ਪਹਿਲਾਂ ' ਪੰਜਾਬ ਦੀ ਜਸੂਸ ਕੁੜੀ ' ਰਖਿਆ ਸੀ...ਪਰ ਹੁਣ ਇਸਨੂੰ ' ਮੈਂਡੀ ' ਨਾਮ ਨਾਲ ਪੋਸਟ ਕੀਤਾ ਹੈ....ਕਹਾਣੀ ਇਕ ਸੱਚੀ ਘਟਨਾ ਉਪਰ ਅਧਾਰਿਤ ਹੈ...ਪਰ ਮੈਂ ਪਾਤਰਾਂ ਦੇ ਨਾਮ ਬਦਲ ਦਿੱਤੇ ਨੇ...ਤੇ ਏਨੀ ਕੁ ਆਜ਼ਾਦੀ ਹੀ ਲਈ ਹੈ ਜਿੰਨੀ ਕਿਸੇ ਘਟਨਾ ਨੂੰ ਕਹਾਣੀ ਚ ਬਦਲਣ ਲਈ ਚਾਹੀਦੀ ਹੁੰਦੀ ਹੈ - ਹਰਪਾਲ ਸਿੰਘ )





ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ...ਜਦੋਂ ਭਾਰਤ ਅਤੇ ਪਾਕਿਸਤਾਨ ਦੋ ਵੱਖਰੇ ਮੁਲਕ ਨਹੀਂ ਸੀ...ਨਾ ਜ਼ਮੀਨ ਵੰਡੀ ਹੋਈ ਸੀ ਤੇ ਨਾ ਅੱਜ ਵਾਂਗ ਲੋਕਾਂ ਦੇ ਦਿਲਾਂ ਚ ਫਾਸਲੇ ਸੀ...

" ਮੈਂ ਮੁਸਲਮਾਨ ਬਣਨਾ ਚਾਹੁੰਦਾ ਹਾਂ "

ਸਿੱਖ ਪਰਿਵਾਰ ਦੇ ਮੁੰਡੇ ਦੇ ਕਹੇ ਏਨਾ ਲਫ਼ਜ਼ਾਂ ਨੇ ਜਿਵੇਂ ਘਰ ਵਿਚ ਬੰਬ ਧਮਾਕੇ ਵਰਗੀ ਆਵਾਜ਼ ਕੀਤੀ ਸੀ....

" ਮਨਜੀਤ ਸਿੰਘ...ਤੂੰ ਜਾਣਦਾ ਏਂ ਤੂੰ ਕੀ ਬੋਲ ਰਿਹਾ ਹੈਂ ? " ਪ੍ਰੀਤਮ ਸਿੰਘ ਨੇ ਆਪਣੇ ਭਰਾ ਵੱਲ ਗੁੱਸੇ ਨਾਲ ਤੱਕਿਆ...

" ਤੈਨੂੰ ਜ਼ਰਾ ਸ਼ਰਮ ਨਹੀਂ ਆਈ ? " ਤੀਸਰਾ ਭਰਾ ਗਰਜ਼ਾ ਸਿੰਘ ਵੀ ਗਰਜਿਆ...

ਪਰ ਮਨਜੀਤ ਸਿੰਘ ਆਪਣੀ ਗੱਲ ਤੋਂ ਟਸ ਤੋਂ ਮਸ ਨਾ ਹੋਇਆ....ਤੇ ਫੇਰ ਇਕ ਦਿਨ ਮਨਜੀਤ ਸਿੰਘ ਦਾ ਨਾਮ ' ਮੁਰਾਦ ' ਹੋ ਗਿਆ....ਇਕ ਸਿੱਖ ਮੁਸਲਮਾਨ ਬਣ ਗਿਆ....

.....

ਹੁਣ ਦੋ ਭਰਾ ਸਿੱਖ ਸੀ ਤੇ ਇਕ ਮੁਸਲਮਾਨ....ਪਰ ਸਾਰਿਆਂ ਚ ਪਿਆਰ ਬਰਕਰਾਰ ਸੀ....

ਏਨਾ ਭਰਾਵਾਂ ਦੇ ਵਿਆਹ ਵੀ ਹੋ ਗਏ....ਸਿੱਖ ਸਿਖਾਂ ਦੇ ਘਰਾਂ ਚ ਵਿਆਹੇ ਗਏ....ਤੇ ਮੁਸਲਮਾਨ ਮੁੰਡਾ ਮੁਸਲਮਾਨਾਂ ਘਰ ਵਿਆਹਿਆ ਗਿਆ...

ਸਮਾਂ ਦੌੜਦਾ ਰਿਹਾ.....ਤੇ ਫੇਰ ਉਹ ਸਮਾਂ ਆਇਆ ਜਦੋਂ ਪਾਕਿਸਤਾਨ ਦੀ ਬੁਨਿਆਦ ਰੱਖੀ ਗਈ....ਤੇ ਮਨੁੱਖ ਹੀ ਮਨੁੱਖ ਦੇ ਖੂਨ ਦਾ ਪਿਆਸਾ ਹੋ ਗਿਆ....

ਸਿੱਖ ਭਰਾਵਾਂ ਨੇ ਆਪਣੇ ਮੁਸਲਮਾਨ ਭਰਾ ਵੱਲ ਦੇਖਿਆ....

" ਮਤਲਬ ਤੂੰ ਸਾਡੇ ਨਾਲ ਨਹੀਂ ਆਵੇਂਗਾ ? "

" ਨਹੀਂ ਵੀਰ...ਮੇਰਾ ਮੁਲਕ ਹੁਣ ਏਹੀ ਹੈ...ਮੈਂ ਪਾਕਿਸਤਾਨੀ ਹਾਂ ਹੁਣ..ਮੈਂ ਇਥੇ ਹੀ ਰਹਿਣਾ ਹੈ " ਮੁਰਾਦ ਨੇ ਭਰੀਆਂ ਅੱਖਾਂ ਨਾਲ ਆਪਣੇ ਭਰਾਵਾਂ ਵੱਲ ਦੇਖਦੇ ਹੋਏ ਆਖਿਆ...

ਦੋਵੇਂ ਭਰਾ ਕੁਛ ਹੋਰ ਬੋਲਦੇ ਇਸ ਤੋਂ ਪਹਿਲਾਂ ਹੀ ਮੁਸਲਮਾਨਾਂ ਦੀ ਭੀੜ ਨੇ ਪਿੰਡ ਨੂੰ ਘੇਰ ਲਿਆ...ਤੇ ਸਿੱਖਾਂ ਦੇ ਘਰਾਂ ਨੂੰ ਅੱਗਾਂ ਲਗਾਈਆਂ ਜਾਣ ਲਗੀਆਂ....ਤੇ ਸਿੱਖਾਂ ਨੂੰ ਕਤਲ ਕੀਤਾ ਜਾਣ ਲੱਗਾ....

" ਤੇਰੇ ਸਿੱਖ ਭਰਾ ਕਿਧਰ ਗਏ ? ' ਭੀੜ ਮੁਰਾਦ ਦੇ ਬੂਹੇ ਅੱਗੇ ਆ ਖੜੀ ਹੋਈ...

" ਉਹ ਤਾਂ ਵੱਗ ਗਏ....ਦੌੜ ਗਏ ਏਥੋਂ ਰਾਤੀਂ " ਮੁਰਾਦ ਨੇ ਝੂਠ ਬੋਲਿਆ....

ਭੀੜ ਕੁਝ ਦੇਰ ਖੜੀ ਰਹੀ...ਸ਼ੱਕ ਦੀਆਂ ਨਜ਼ਰਾਂ ਨਾਲ ਮੁਰਾਦ ਨੂੰ ਵੇਖਦੀ ਰਹੀ....ਪਰ ਮੁਰਾਦ ਨੇ ਆਪਣੇ ਚੇਹਰੇ ਉਪਰ ਡਰ ਨੂੰ ਨਜ਼ਰ ਨਾ ਆਉਣ ਦਿੱਤਾ....ਆਖਰ ਭੀੜ ਸੰਤੁਸ਼ਟ ਹੋਈ ਤੇ ਅੱਗੇ ਵਧ ਗਈ....

ਮੁਰਾਦ ਨੇ ਫਤਾਫਟ ਆਪਣੇ ਭਰਾਵਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪਿੰਡ ਚੋਂ ਸੁਰੱਖਿਅਤ ਨਿਕਲ ਜਾਣ ਦਾ ਇੰਤਜ਼ਾਮ ਕੀਤਾ...
ਭਾਰਤ ਅਤੇ ਪਾਕਿਸਤਾਨ ਦੇ ਨਾਲ ਨਾਲ ਹੁਣ ਪ੍ਰੀਤਮ ਸਿੰਘ ਤੇ ਗਰਜ਼ਾ ਸਿੰਘ ਵੀ ਆਪਣੇ ਵੀਰ ਮੁਰਾਦ ਨਾਲੋਂ ਅੱਡ ਹੋ ਗਏ ਸੀ....

....


ਭਰਾਵਾਂ ਦਾ ਆਪਸ ਚ ਖਤਾਂ ਰਾਹੀਂ ਸੰਪਰਕ ਬਣਿਆ ਰਿਹਾ....ਮੁਲਕਾਂ ਦੀ ਵੰਡ ਤੋਂ ਬਾਦ ਵੀ ਅੱਠ ਕੁ ਸਾਲ ਤੱਕ ਸਾਰੇ ਭਰਾ ਇਕ ਦੂਜੇ ਦੀ ਖੈਰ ਖਬਰ ਜਾਣਦੇ ਰਹੇ....

ਪਰ ਸਮੇਂ ਨੇ ਹੋਲੀ ਹੋਲੀ ਮਹੀਨੇ ਚ ਦੋ ਲਿਖੀਆਂ ਜਾਂਦੀਆਂ ਚਿੱਠੀਆਂ ਨੂੰ ਇਕ ਤੱਕ ਸੀਮਤ ਕਰਤਾ...ਤੇ ਫੇਰ ਇਹ ਇਕ ਚਿੱਠੀ ਵੀ ਬੰਦ ਹੋ ਗਈ....ਸਰਹੱਦਾਂ ਦੇ ਫਾਸਲੇ ਰਿਸ਼ਤਿਆਂ ਚ ਆਏ ਫਾਸਲੇ ਬਣ ਗਏ...

ਸਿੱਖ ਭਰਾ ਜੋ ਪਾਕਿਸਤਾਨ ਤੋਂ ਆਏ ਸੀ ਪਟਿਆਲਾ ਰਹੇ...ਤੇ ਫੇਰ ਅੱਗੇ ਕਿਸੇ ਐਸੀ ਥਾਂ ਚਲੇ ਗਏ ਜਿਥੇ ਦੀ ਕੋਈ ਖਬਰ ਕੋਈ ਪਤਾ ਮੁਰਾਦ ਕੋਲ ਨਹੀਂ ਸੀ....

......


ਕਈ ਸਾਲਾਂ ਬਾਅਦ ਪੰਜਾਬ ਦੇ ਸੁਨਾਮ ਇਲਾਕੇ ਦੇ ਇਕ ਪਿੰਡ ਦੇ ਇਕ ਘਰ ਵਿਚ ਘੜੀ ਨੇ ਸਵੇਰੇ ਪੰਜ ਵਜੇ ਦਾ ਅਲਾਰਮ ਵਜਾਇਆ...

ਨੌਵੀਂ ਚ ਪੜ੍ਹਦੀ ਮਨਦੀਪ ਕੌਰ ਨੇ ਫਟਾਫਟ ਅੱਖਾਂ ਖੋਲੀਆਂ....

" ਮੈਂਡੀ...ਆ ਸਵੇਰੇ ਸਵੇਰੇ ਕਿਉ ਉਠ ਖੜੀ ਹੋਈ ਏਂ...ਅੱਜ ਤਾਂ ਤੂੰ ਸਕੂਲ ਵੀ ਨਹੀਂ ਜਾਣਾ..? " ਮੈਂਡੀ ਦੇ ਪਾਪਾ ਨੇ ਹੈਰਾਨੀ ਨਾਲ ਉਸਦੇ ਵੱਲ ਦੇਖਿਆ...

" ਮੈਂ ਦੀਦੀ ਨੂੰ ਮਿਲਣ ਜਾ ਰਹੀ ਹਾਂ...ਛੇ ਵਜੇ ਵਾਲੀ ਟ੍ਰੇਨ ਹੈ " ਮੈਂਡੀ ਜਲਦੀ ਨਾਲ ਤਿਆਰ ਹੁੰਦੀ ਬੋਲੀ....

" ਇਕੱਲੀ ਜਾ ਰਹੀ ਏਂ ? " ਉਸਦੇ ਪਾਪਾ ਨੇ ਪੁੱਛਿਆ...

" ਹਾਂਜੀ...." ਮੈਂਡੀ ਨੇ ਵਾਲਾਂ ਚ ਕੰਘੀ ਫੇਰਦੇ ਹੋਏ ਜੁਆਬ ਦਿੱਤਾ...

" ਕੋਈ ਪੈਸੇ ਚਾਹੀਦੇ ਹੋਏ ਤਾਂ ਮੰਮੀ ਕੋਲੋਂ ਲੈਂਦੀ ਜਾਵੀਂ " ਉਸਦੇ ਪਾਪਾ ਬੋਲ ਕੇ ਅੰਦਰ ਜਾ ਵੜੇ...

ਮੈਂਡੀ ਨੇ ਸਹਿਮਤੀ ਚ ਸਿਰ ਹਿਲਾਇਆ ਤੇ ਤਿਆਰ ਹੋਣ ਲੱਗੀ....

ਉਸਨੂੰ ਖੁਸ਼ੀ ਹੋ ਰਹੀ ਸੀ ਕਿ ਪੰਜ ਘੰਟਿਆਂ ਦੇ ਸਫ਼ਰ ਬਾਦ ਉਹ ਆਪਣੀ ਦੀਦੀ ਦੇ ਸ਼ਹਿਰ ਹੋਵੇਗੀ....

.....


ਤੁਸੀਂ ਹੈਰਾਨ ਹੋ ਰਹੇ ਹੋਵੋਗੇ...ਕਿ ਨੌਵੀਂ ਜਮਾਤ ਦੀ ਕੁੜੀ ਇਕੱਲੀ ਕਿਵੇਂ ਏਨੇ ਲੰਮੇ ਸਫ਼ਰ ਉਪਰ ਜਾ ਰਹੀ ਹੈ...

ਇਹ ਕਹਾਣੀ ਦੀ ਨਾਇਕਾ ਹੈ....ਤੇ ਇਹ ਏਦਾਂ ਦੀ ਹੀ ਹੈ...ਬਿੰਦਾਸ....ਦਲੇਰ....ਤੇ ਮਰਜ਼ੀ ਦੀ ਮਾਲਕ....

ਮੈਂਡੀ.....ਜਿਸਦੇ ਪਾਪਾ ਅਤੇ ਭਰਾਵਾਂ ਦਾ ਏਨਾ ਰੌਅਬ ਸੀ ਇਲਾਕੇ ਚ ਕਿ ਕਿਸੇ ਦੀ ਕੀ ਮਜਾਲ ਸੀ ਕੋਈ ਏਨਾ ਦੀ ਭੈਣ ਵੱਲ ਅੱਖ ਟੇਢੀ ਵੀ ਕਰ ਜਾਵੇ...

" ਓਏ ਹੈਲੋ....ਤੇਰਾ ਮਤਲਬ ਹੈ ਕਿ ਮੈਂ ਤਾਂ ਦਲੇਰ ਹਾਂ ਕਿ ਮੇਰੇ ਤਕੜੇ ਭਰਾ ਨੇ ? " ਮੈਂਡੀ ਮੇਰੇ ਵੱਲ ਟੇਢੀ ਨਜ਼ਰ ਨਾਲ ਵੇਖਦੀ ਹੈ...
" ਹੱਮ...ਮਤਲਬ ਤਾਂ ਏਹੀ ਸੀ...." ਮੈਂ ਹੋਲੀ ਜਹੀ ਆਖਿਆ...

" ਇਹ ਮੈਂ ਹਾਂ...ਮੈਂ ਮਤਲਬ ਮੈਂਡੀ....ਮੇਰੀ ਦਲੇਰੀ ਮੇਰੇ ਆਪਣੇ ਕਰਕੇ ਹੈ....ਮੈਂ ਦਲੇਰੀ ਨਾਲ ਕਿਤੇ ਵੀ ਜਾ ਸਕਦੀ ਹਾਂ ਕਿਉਂਕਿ ਮੈਂ ਦਲੇਰ ਹਾਂ....ਮੈਨੂੰ ਡਰਨਾ ਨਹੀਂ ਆਂਦਾ "

ਮੈਂਡੀ ਦੇ ਕਹੇ ਲਫ਼ਜ਼ ਮੇਰੇ ਕੰਨਾਂ ਅੰਦਰ ਹਲਚਲ ਮਚਾ ਦਿੰਦੇ ਨੇ...

......


ਮੁਰਾਦ ਆਪਣੀ ਚਿੱਟੀ ਹੋ ਗਈ ਦਾਹੜੀ ਤੇ ਹੱਥ ਫੇਰਦੇ ਹੋਏ ਆਪਣੇ ਪੋਤਰੇ ਆਮਿਰ ਕੋਲ ਆ ਬੈਠਿਆ...

" ਹੋਰ ਪੁੱਤਰ...ਹੋਮ ਵਰਕ ਕਰ ਲਿਆ ਤੂੰ ? "

" ਜੀ ਵੱਡੇ ਅਬੂ ਜੀ...ਬਸ ਮੁਕਣ ਹੀ ਵਾਲਾ....ਫੇਰ ਮੈਂ ਗੱਲੀ ਚ ਖੇਡਣ ਵੀ ਜਾਣਾ ਹੈ " ਆਮਿਰ ਨੇ ਹੱਸ ਕੇ ਜੁਆਬ ਦਿੱਤਾ...

" ਮੇਰੇ ਭਰਾਵਾਂ ਦੇ ਵੀ ਪੋਤੇ ਹੋਣਗੇ...ਖੋਰੇ ਪੋਤਰੀਆਂ ਹੀ ਨਾ ਹੋਣ...." ਮੁਰਾਦ ਬੁੜਬੜਾਇਆ...

" ਆ ਤੁਸੀਂ ਹਮੇਸ਼ਾਂ ਕੀ ਬੋਲਦੇ ਰਹਿੰਦੇ ਹੋ ਮੂੰਹ ਚ...ਮੈਨੂੰ ਵੀ ਦਸੋ " ਆਮਿਰ ਕੰਮ ਵਾਲੀ ਕਾਪੀ ਇਕ ਪਾਸੇ ਰੱਖਦਾ ਬੋਲਿਆ...

" ਕੁਛ ਨਹੀਂ ਪੁੱਤਰ...ਮੈਂ ਤੇਰੇ ਭਰਾਵਾਂ ਨੂੰ ਯਾਦ ਕਰਦਾ ਹਾਂ...ਉਹ ਜਰੂਰ ਤੇਰੇ ਜਿੱਡੇ ਹੋਣਗੇ " ਮੁਰਾਦ ਦੀਆਂ ਅੱਖਾਂ ਚ ਪਾਣੀ ਆਉਣ ਨੂੰ ਤਿਆਰ ਸੀ...ਪਰ ਉਸਨੇ ਜਲਦੀ ਹੀ ਆਪਣੇ ਆਪ ਉਪਰ ਕਾਬੂ ਪਾ ਲਿਆ...

ਆਮਿਰ ਆਪਣੇ ਵੱਡੇ ਅੱਬੂ ਵੱਲ ਦੇਖਦਾ ਰਿਹਾ...ਪਰ ਮੁਰਾਦ ਕੋਈ ਜੁਆਬ ਦਿੱਤੇ ਬਿਨਾਂ ਉਠ ਕੇ ਚਲਾ ਗਿਆ ਸੀ...

.....


ਸਮੇਂ ਨੇ ਉਲਾਂਗ ਪੁੱਟੀ ਤੇ ਮੈਂਡੀ ਹੁਣ ਗਿਆਰਵੀਂ ਚ ਜਾ ਪੁੱਜੀ ਸੀ....

ਰੋਹਤਕ ਦੇ ਰੇਲਵੇ ਸਟੇਸ਼ਨ ਉਪਰ ਗੱਡੀ ਨੇ ਆ ਬਰੇਕ ਮਾਰੀ...

" ਮੈਂਡੀ....ਆਪਣੀ ਭਾਬੀ ਦੇ ਨਾਲ ਹੀ ਰਹੀਂ...ਭਤੀਜੇ ਆਪਣੇ ਨੂੰ ਵੀ ਦੇਖਦੀ ਰਹੀਂ...ਜਿਆਦਾ ਤੰਗ ਕਰੇ ਭਰਜਾਈ ਨੂੰ ਤਾਂ ਇਸਨੂੰ ਸਾਂਭ ਲਵੀਂ " ਮੈਂਡੀ ਦੇ ਭਰਾ ਨੇ ਮੈਂਡੀ ਨੂੰ ਆਖਿਆ...

ਮੈਂਡੀ ਨੇ ਸਹਿਮਤੀ ਚ ਸਿਰ ਹਿਲਾਇਆ....

ਮੈਂਡੀ ਦੇ ਭਰਾ ਨੇ ਆਪਣੀ ਵਹੁਟੀ ਦੀ ਗੋਦੀ ਚ ਪਏ ਆਪਣੇ ਇਕ ਸਾਲ ਦੇ ਪੁੱਤਰ ਨੂੰ ਪਿਆਰ ਦਿੱਤਾ...

" ਤੁਹਾਡੀ ਗੱਡੀ ਏਥੋਂ ਜਾਖਲ ਤੱਕ ਜਾਏਗੀ...ਅੱਗੋਂ ਯਾਦ ਹੈ ਨਾ ਜੋ ਸਮਝਾਇਆ ਸੀ ? " ਮੈਂਡੀ ਦੇ ਭਰਾ ਨੇ ਮੈਂਡੀ ਦੀ ਭਰਜਾਈ ਨੂੰ ਆਖਿਆ...

" ਹਾਂਜੀ ਵੀਰੇ ਯਾਦ ਹੈ...ਆਪਾਂ ਚਾਰ ਕੁ ਵਜੇ ਸ਼ਾਮਾਂ ਨੂੰ ਜਾਖਲ ਸਟੇਸ਼ਨ ਤੇ ਪਹੁੰਚ ਜਾਣਾ ਹੈ...ਉਥੋਂ ਫੇਰ ਸੁਨਾਮ ਲਈ ਗੱਡੀ ਬਦਲਣੀ ਹੈ " ਮੈਂਡੀ ਫਟਾਫਟ ਬੋਲੀ...

ਮੈਂਡੀ ਦਾ ਭਰਾ ਅਤੇ ਉਸਦੀ ਭਰਜਾਈ ਉਸਦੇ ਵੱਲ ਹੈਰਾਨੀ ਨਾਲ ਦੇਖਣ ਲੱਗੇ...ਮੈਂਡੀ ਨੇ ਦੋਵਾਂ ਨੂੰ ਆਪਣੇ ਵੱਲ ਤੱਕਦੇ ਦੇਖ ਕੇ ਹੱਸ ਕੇ ਦਿਖਾਇਆ ਤਾਂ ਦੋਵੇਂ ਵੀ ਅੱਗੋਂ ਹੱਸ ਪਏ...

ਟ੍ਰੇਨ ਨੇ ਜ਼ੋਰ ਦੀ ਚੀਕ ਮਾਰੀ....ਤੇ ਚੱਲਣ ਦਾ ਐਲਾਨ ਕੀਤਾ....ਇੰਜਨ ਨੇ ਜ਼ੋਰ ਨਾਲ ਸਾਹ ਲਿਆ...ਛੁੱਕ ਛੁੱਕ ਦੀ ਆਵਾਜ਼ ਨਾਲ ਗੱਡੀ ਅੱਗੇ ਵਧੀ....ਮੈਂਡੀ ਨੇ ਆਪਣੇ ਵੀਰੇ ਨੂੰ ਹੱਥ ਹਿਲਾ ਕੇ ਬਾਏ ਬੋਲਿਆ....

ਗੱਡੀ ਹੁਣ ਪੂਰੀ ਰਫਤਾਰ ਨਾਲ ਜਾਖਲ ਵੱਲ ਦੌੜ ਰਹੀ ਸੀ...

.....


ਜਾਖਲ ਪੁੱਜਦੇ ਪੁੱਜਦੇ ਗੱਡੀ ਨੇ ਪੰਜ ਵਜਾ ਦਿੱਤੇ ਸੀ....ਸਰਦੀਆਂ ਦੀ ਸ਼ਾਮ ਵੀ ਰਾਤ ਵਰਗੀ ਮਹਿਸੂਸ ਹੋ ਰਹੀ ਸੀ...

ਮੈਂਡੀ ਅਤੇ ਉਸਦੀ ਭਾਬੀ ਨੇ ਸਟੇਸ਼ਨ ਉਪਰ ਕਦਮ ਰੱਖਿਆ...

" ਵੀਰ ਜੀ...ਜਾਖਲ ਜਾਣ ਵਾਲੀ ਗੱਡੀ ਕਦੋਂ ਆਏਗੀ ? " ਮੈਂਡੀ ਦੀ ਭਾਬੀ ਨੇ ਕਿਸੇ ਨੂੰ ਪੁੱਛਿਆ....

" ਭੈਣ ਜੀ ਉਹ ਗੱਡੀ ਤਾਂ ਕੈਂਸਲ ਹੋ ਗਈ ਹੈ..."

" ਕੈਂਸਲ ਹੋ ਗਈ...ਪਰ ਕਿਉਂ ? " ਮੈਂਡੀ ਦੀ ਭਰਜਾਈ ਦੇ ਚੇਹਰੇ ਉਪਰ ਸਰਦੀਆਂ ਚ ਵੀ ਪਸੀਨਾ ਚਮਕ ਆਇਆ ਸੀ....

" ਕੋਈ ਹੜਤਾਲ ਵਗੇਰਾਹ ਹੈ ਜੀ...ਜਿਧਰੋਂ ਇਹ ਗੱਡੀ ਆਣੀ ਸੀ ਉਸ ਪਾਸੇ ਵਾਲੀਆਂ ਸਾਰੀਆਂ ਗੱਡੀਆਂ ਰੱਦ ਨੇ "

ਮੈਂਡੀ ਨੇ ਆਪਣੀ ਭਰਜਾਈ ਵੱਲ ਦੇਖਿਆ....ਜਿੰਨਾ ਦਾ ਚਿਹਰਾ ਘਬਰਾਹਟ ਨਾਲ ਪੀਲਾ ਪੈ ਗਿਆ ਸੀ....ਹਨੇਰੇ ਹੁਣ ਡਰਾਵਣਾ ਲੱਗਣ ਲਗਿਆ ਸੀ....

" ਭੈਣ ਜੀ...ਘਬਰਾਓ ਨਾ....ਤੁਸੀਂ ਕਿਧਰ ਜਾਣਾ ਹੈ...ਜਿਧਰ ਕਹੋਗੇ ਮੈਂ ਛੱਡ ਦਵਾਂਗਾ...ਆਪਣੇ ਕੋਲ ਜੀਪ ਹੈ " ਇਕ ਪੁਲਿਸ ਵਾਲਾ ਉਹਨਾਂ ਦੇ ਕੋਲ ਆਉਂਦਾ ਬੋਲਿਆ....

" ਤੁਸੀਂ ਡਰੋ ਨਾ....ਆਪਾਂ ਤੁਹਾਡੇ ਨਾਲ ਹਾਂ...ਕਿਸੇ ਮਦਦ ਦੀ ਲੋੜ ਹੈ ਸਾਨੂੰ ਹੁਕਮ ਕਰੋ " ਆਲੇ ਦੁਆਲੇ ਖੜੇ ਲੋਕਾਂ ਚੋਂ ਕੋਈ ਬੋਲਿਆ ਸੀ....

ਭਰਜਾਈ ਨੂੰ ਕੁਛ ਸਮਝ ਨਹੀਂ ਸੀ ਆ ਰਿਹਾ.....

" ਆਉ ਭਾਬੀ ਜੀ...ਏਧਰ ਆਓ...ਆਪਾਂ ਆਪੀ ਕਰਦੇ ਹਾਂ ਕੁਛ " ਮੈਂਡੀ ਨੇ ਆਪਣੀ ਭਾਬੀ ਦੇ ਹੱਥੋਂ ਭਤੀਜੇ ਨੂੰ ਫਡ਼ਿਆ...ਤੇ ਉਸਨੂੰ ਚੁੱਕ ਕੇ ਇਕ ਪਾਸੇ ਤੁਰ ਪਈ...

ਭਰਜਾਈ ਨੇ ਪਹਿਲਾਂ ਲੋਕਾਂ ਵੱਲ ਦੇਖਿਆ...ਤੇ ਫੇਰ ਮੈਂਡੀ ਮਗਰ ਤੁਰ ਪਈ....

.......


" ਵੱਡੇ ਅੱਬੂ...ਮੈਨੂੰ ਦਸੋ....ਤੁਸੀਂ ਕਿੰਨਾ ਦੇ ਨਾਮ ਲੈਂਦੇ ਰਹਿੰਦੇ ਹੋ ? " ਆਮਿਰ ਮੰਜੇ ਉਪਰ ਆ ਕੇ ਮੁਰਾਦ ਦੇ ਕੋਲ ਬੈਠ ਗਿਆ...
 
" ਤੈਨੂੰ ਨਹੀਂ ਸਮਝ ਲਗਣੀ ਪੁੱਤਰ..."ਮੁਰਾਦ ਹੱਸ ਕੇ ਬੋਲਿਆ....

" ਲੈ...ਮੈਂ ਦਸਵੀਂ ਪਾਸ ਕਰ ਲਈ ਹੈ....ਅਜੇ ਵੀ ਬੱਚਾ ਨਾ ਸਮਝੋ ਮੈਨੂੰ...ਦਸੋ ਵੀ ਕਿਸਨੂੰ ਯਾਦ ਕਰਦੇ ਰਹਿੰਦੇ ਹੋ ? " ਆਮਿਰ ਜ਼ਿਦ ਕਰਦਾ ਬੋਲਿਆ....

" ਤੇਰੇ ਭਰਾਵਾਂ ਨੂੰ ਯਾਦ ਕਰਦਾ ਹਾਂ...." ਮੁਰਾਦ ਨੇ ਆਮਿਰ ਨੂੰ ਗਲਵਕੜੀ ਚ ਲੈਂਦੇ ਹੋਏ ਆਖਿਆ...

" ਪਰ ਮੇਰੇ ਭਰਾ ਤਾਂ ਕੋਈ ਹੈ ਨਹੀਂ....ਆਫ਼ੀਆ ਬਾਜੀ ਹੈ ਬਸ...ਤੇ ਉਹ ਤਾਂ ਸਾਡੇ ਨਾਲ ਹੀ ਰਹਿੰਦੀ ਹੈ..." ਆਮਿਰ ਬੋਲਿਆ...

" ਤੇਰੇ ਭਰਾ ਜਾਂ ਭੈਣ ਹੋਣਗੇ ਜਰੂਰ....ਤੂੰ ਉਹਨਾਂ ਨੂੰ ਨਹੀਂ ਦੇਖਿਆ....ਉਹ ਏਥੇ ਨਹੀਂ ਰਹਿੰਦੇ "

" ਫੇਰ ਕਿਥੇ ਰਹਿੰਦੇ ਨੇ ? " ਆਮਿਰ ਨੇ ਆਪਣੇ ਦਾਦੇ ਵੱਲ ਮੂੰਹ ਘੁੰਮਾਇਆ...

" ਉਹ ਹਿੰਦੋਸਤਾਨ ਚ ਰਹਿੰਦੇ ਨੇ...." ਮੁਰਾਦ ਦੇ ਮੂੰਹੋਂ ਨਿਕਲਿਆ....

ਆਮਿਰ ਅਜੇ ਵੀ ਆਪਣੇ ਦਾਦੇ ਵੱਲ ਦੇਖ ਰਿਹਾ ਸੀ....

" ਇਹ ਕੀ ਬੋਲ ਰਹੇ ਹੋ ਵੱਡੇ ਅੱਬੂ...? " ਆਫ਼ੀਆ ਕਮਰੇ ਅੰਦਰ ਆਉਂਦੀ ਬੋਲੀ....

ਮੁਰਾਦ ਇਕ ਦਮ ਤ੍ਰਭਕ ਗਿਆ ਸੀ...ਉਸਨੂੰ ਨਹੀਂ ਸੀ ਪਤਾ ਕਿ ਆਫ਼ੀਆ ਇਹ ਸਭ ਸੁਣ ਰਹੀ ਹੈ...

" ਬਾਜੀ...ਵੱਡੇ ਅੱਬੂ ਬੋਲਦੇ ਨੇ ਕਿ ਸਾਡੇ ਹੋਰ ਵੀ ਭੈਣ ਭਰਾ ਨੇ..." ਆਮਿਰ ਬੋਲਿਆ...

ਮੁਰਾਦ ਨੇ ਆਮਿਰ ਵਲ ਦੇਖਿਆ....ਫੇਰ ਆਫ਼ੀਆ ਵੱਲ....ਆਫ਼ੀਆ ਕਾਲਜ ਚ ਦੂਜੇ ਸਾਲ ਦੀ ਸਟੂਡੈਂਟ ਨੂੰ ਟਾਲਣਾ ਔਖਾ ਲਗਿਆ ਉਸਨੂੰ....ਤੇ ਆਖਰ ਉਸਨੇ ਸਭ ਦੱਸ ਦਿੱਤਾ...

ਕਮਰੇ ਅੰਦਰ ਸੰਨਾਟਾ ਸੀ....

" ਆਪਾਂ ਸਿੱਖ ਪਰਿਵਾਰ ਚੋਂ ਹਾਂ " ਆਫ਼ੀਆ ਹੋਲੀ ਜਹੀ ਬੋਲੀ...

" ਹਾਂ ਧੀਏ...ਤੇ ਸਾਡੇ ਭਰਾ ਹੁਣ ਦੂਜੇ ਮੁਲਕ ਚ ਰਹਿੰਦੇ ਨੇ...ਪਰ ਪਤਾ ਨਹੀਂ ਕਿਧਰ ਰਹਿੰਦੇ ਨੇ...." ਮੁਰਾਦ ਰੋਣਹਾਕਾ ਹੋ ਗਿਆ ਸੀ....

" ਪਰ ਆਪਾਂ ਉਹਨਾਂ ਨੂੰ ਕਿਵੇਂ ਲਭਾਂਗੇ....ਏਨਾ ਵੱਡਾ ਹੈ ਹਿੰਦੁਸਤਾਨ....ਪਤਾ ਨਹੀਂ ਕਿਧਰ ਹੋਣਗੇ ਉਹ " ਆਫ਼ੀਆ ਬੋਲੀ...

" ਜਦੋਂ ਉਹ ਏਧਰੋਂ ਗਏ ਸੀ ਤਾਂ ਦਸਿਆ ਸੀ ਉਹਨਾਂ ਨੇ ਕਿ ਉਹ ਪਟਿਆਲਾ ਨਾਮ ਦੀ ਜਗ੍ਹਾ ਤੇ ਰਹਿੰਦੇ ਨੇ...ਫੇਰ ਉਹਨਾਂ ਨੂੰ ਜ਼ਮੀਨ ਕਿਧਰੇ ਹੋਰ ਅਲਾਟ ਹੋ ਗਈ....ਹੁਣ ਮੈਨੂੰ ਨਹੀਂ ਪਤਾ ਉਹ ਕਿਥੇ ਰਹਿੰਦੇ ਨੇ..." ਮੁਰਾਦ ਦਾ ਦਿਲ ਦਰਦ ਨਾਲ ਭਰ ਗਿਆ ਸੀ...

" ਕੋਈ ਤਾਂ ਪਤਾ ਹੋਵੇਗਾ ਉਹਨਾਂ ਦਾ....ਤੁਸੀਂ ਉਹਨਾਂ ਨਾਲ ਆਖਰੀ ਗੱਲ ਕਦੋਂ ਕੀਤੀ ਸੀ...ਕਿਦਾਂ ਕੀਤੀ ਸੀ....ਦਸੋ " ਆਫ਼ੀਆ ਕੁਰਸੀ ਖਿੱਚ ਕੇ ਬੈਠਦੀ ਬੋਲੀ....

ਮੁਰਾਦ ਸੋਚਾਂ ਵਿਚ ਡੁੱਬ ਗਿਆ....

" ਬੋਲੋ ਵੀ ਵੱਡੇ ਅੱਬੂ " ਆਫ਼ੀਆ ਬੇਚੈਨ ਮਹਿਸੂਸ ਕਰਦੀ ਬੋਲੀ....

" ਇਕ ਮਿੰਟ ਪੁੱਤਰ...ਮੇਰੇ ਕੋਲ ਉਹਨਾਂ ਦੀਆਂ ਚਿੱਠੀਆਂ ਪਈਆਂ ਨੇ....ਸ਼ਾਇਦ ਉਹਨਾਂ ਨੂੰ ਦੁਬਾਰਾ ਪੜ੍ਹ ਕੇ ਕੋਈ ਖਬਰ ਮਿਲ ਜਾਵੇ..." ਮੁਰਾਦ ਬੋਲਿਆ....ਤੇ ਉਠ ਕੇ ਆਪਣੇ ਕਮਰੇ ਚ ਚਲਾ ਗਿਆ...

ਆਫ਼ੀਆ ਤੇ ਆਮਿਰ ਚੁਪਚਾਪ ਬੈਠੇ ਰਹੇ....

ਮੁਰਾਦ ਦੁਬਾਰਾ ਕਮਰੇ ਅੰਦਰ ਦਾਖਲ ਹੋਇਆ....ਤਾਂ ਉਸਦੇ ਹੱਥ ਚ ਕਾਫ਼ੀ ਸਾਰੀਆਂ ਚਿੱਠੀਆਂ ਸੀ...

.....


ਮੈਂਡੀ ਨੇ ਸਟੇਸ਼ਨ ਮਾਸਟਰ ਦੇ ਕਮਰੇ ਅੰਦਰ ਪੈਰ ਰਖਿਆ...ਮਗਰ ਹੀ ਉਸਦੀ ਭਰਜਾਈ ਸੀ...

" ਅੰਕਲ ਜੀ....ਸਾਡੀ ਗੱਡੀ ਸੀ ਜਾਖਲ ਵਾਲੀ...? " ਮੈਂਡੀ ਬੋਲੀ....ਭਤੀਜਾ ਉਸਦੇ ਕੁੱਛੜ ਸੀ...

" ਉਹ ਤਾਂ ਬੇਟਾ ਜੀ ਕੈਂਸਲ ਹੋ ਗਈ ਹੈ " ਸਟੇਸ਼ਨ ਮਾਸਟਰ ਉਹਨਾਂ ਦੋਨਾਂ ਵੱਲ ਦੇਖਦਾ ਬੋਲਿਆ...

ਮੈਂਡੀ ਨੇ ਭਰਜਾਈ ਵੱਲ ਦੇਖਿਆ...ਜੋ ਬਸ ਰੋ ਪੈਣ ਨੂੰ ਤਿਆਰ ਸੀ....

" ਆਪਾਂ ਫੇਰ ਕਿਧਰ ਜਾਈਏ ਹੁਣ...? " ਮੈਂਡੀ ਸਟੇਸ਼ਨ ਮਾਸਟਰ ਨੂੰ ਬੋਲੀ...

ਸਟੇਸ਼ਨ ਮਾਸਟਰ ਕਦੀ ਮੈਂਡੀ ਵੱਲ ਦੇਖ ਰਿਹਾ ਸੀ ਕਦੀ ਉਸਦੀ ਭਰਜਾਈ ਵੱਲ....ਜਿਸਨੂੰ ਬੋਲਣਾ ਚਾਹੀਦਾ ਸੀ ਉਹ ਡਰੀ ਬੈਠੀ ਸੀ ਤੇ ਨਿਆਣੀ ਵੱਡਿਆਂ ਵਾਂਗ ਸੁਆਲ ਕਰ ਰਹੀ ਸੀ....

" ਵੇਟਿੰਗ ਰੂਮ ਹੈ ਤਾਂ ਸਹੀ ਪਰ ਓਹ ਰਿਜ਼ਰਵੇਸ਼ਨ ਵਾਲਿਆਂ ਲਈ ਹੈ " ਸਟੇਸ਼ਨ ਮਾਸਟਰ ਬੋਲਿਆ...

" ਸਾਨੂੰ ਓਹੀ ਖੋਲ ਦਵੋ...ਆਪਾਂ ਇਸ ਟੈਮ ਹੁਣ ਕਿਧਰ ਜਾਵਾਂਗੇ..." ਮੈਂਡੀ ਬੋਲੀ...

" ਪਰ ਉਸ ਚ ਵੀ ਠੰਡ ਹੋਣੀ....ਰਾਤ ਕਿਵੇਂ ਕਟੋਗੇ ? " ਸਟੇਸ਼ਨ ਮਾਸਟਰ ਉਲਝਨ ਮਹਿਸੂਸ ਕਰ ਰਿਹਾ ਸੀ...

" ਕੋਈ ਨਾ...ਤੁਸੀਂ ਕਮਰਾ ਤਾਂ ਦਵੋ...ਮੈਂ ਕੋਈ ਚਾਦਰ ਕੰਬਲ ਦਾ ਵੀ ਆਪੀ ਇੰਤਜ਼ਾਮ ਕਰ ਲਵਾਂਗੀ "

ਸਟੇਸ਼ਨ ਮਾਸਟਰ ਹੈਰਾਨ ਹੋਇਆ ਮੈਂਡੀ ਵੱਲ ਦੇਖ ਰਿਹਾ ਸੀ ਜਿਸਦੀਆਂ ਅੱਖਾਂ ਚ ਡਰ ਜ਼ਰਾ ਨਹੀਂ ਸੀ...ਤੇ ਇੰਝ ਬੋਲ ਰਹੀ ਸੀ ਜਿਵੇਂ ਕੋਈ ਰਿਆਸਤ ਦੀ ਰਾਜਕੁਮਾਰੀ ਹੋਵੇ....

" ਚਲੋ..ਆਜੋ ਮੇਰੇ ਮਗਰ " ਸਟੇਸ਼ਨ ਮਾਸਟਰ ਨੇ ਮੇਜ਼ ਦੇ ਦਰਾਜ਼ ਚੋਂ ਚਾਬੀ ਕੱਢੀ ਤੇ ਬਾਹਰ ਨਿਕਲ ਆਇਆ....
ਮੈਂਡੀ ਤੇ ਉਸਦੀ ਭਾਬੀ ਵੀ ਉਸਦੇ ਮਗਰ ਸੀ....

......


ਮੁਰਾਦ ਨੇ ਚਿੱਠੀਆਂ ਦਾ ਢੇਰ ਬਿਸਤਰੇ ਉਪਰ ਸੁੱਟਿਆ...

ਆਫ਼ੀਆ ਤੇ ਮੁਰਾਦ ਬੇਸਬਰੀ ਨਾਲ ਚਿੱਠੀਆਂ ਫਰੋਲਣ ਲੱਗੇ....

" ਪਿਆਰੇ ਵੀਰ...
ਸਤਿ ਸ੍ਰੀ ਅਕਾਲ..
ਆਪਾਂ ਏਥੇ ਰਾਜੀ ਖੁਸ਼ੀ ਹਾਂ ਤੇ ਪਰਮਾਤਮਾ ਪਾਸੋਂ ਤੇਰੀ ਰਾਜੀ ਖੁਸ਼ੀ ਮੰਗਦੇ ਹਾਂ...
ਆਪਾਂ ਏਧਰ ਹੁਣ ਆਪਣਾ ਘਰ ਸਜਾਉਣ ਲੱਗੇ ਹੋਏ ਹਾਂ...ਪਰ ਸਰਕਾਰ ਆਖਦੀ ਹੈ ਕਿ ਇਹ ਥਾਂ ਅਜੇ ਸਾਨੂੰ ਕੁਛ ਸਮੇਂ ਲਈ ਦਿੱਤੀ ਗਈ ਹੈ...ਹੋ ਸਕਦਾ ਹੈ ਸਾਨੂੰ ਅੱਗੇ ਕਿਸੇ ਹੋਰ ਇਲਾਕੇ ਚ ਭੇਜ ਦੇਣ...ਪਰ ਆਪਾਂ ਚਿੱਠੀ ਪੱਤਰ ਕਰਦੇ ਰਹਾਂਗੇ...ਆਪਾਂ ਤੈਨੂੰ ਯਾਦ ਕਰਦੇ ਰਹਿੰਦੇ ਹਾਂ...
ਭਾਬੀ ਨੂੰ ਵੀ ਫਤਹਿ ਬੁਲਾਵੀਂ..."
ਤੇਰਾ ਭਰਾ
ਪ੍ਰੀਤਮ ਸਿੰਘ 



ਆਫ਼ੀਆ ਚਿੱਠੀ ਪੜ੍ਹ ਕੇ ਉਸਦੇ ਉਪਰ ਲੱਗੀ ਮੋਹਰ ਦੇਖਣ ਲੱਗੀ....ਇਸਦੇ ਉਪਰ ਪਟਿਆਲਾ ਦੀ ਮੋਹਰ ਸੀ...

" ਇਹ ਤਾਂ ਪਟਿਆਲਾ ਦੀ ਮੋਹਰ ਲੱਗੀ ਹੈ ਵੱਡੇ ਅੱਬੂ " ਆਫ਼ੀਆ ਬੋਲੀ...

" ਹਾਂ ਧੀਏ...ਪਰ ਇਹ ਵਾਲੀ ਆਖਰੀ ਚਿੱਠੀ ਹੈ ਜੋ ਸਾਨੂੰ ਮਿਲੀ ਸੀ " ਮੁਰਾਦ ਨੇ ਢੇਰ ਚੋਂ ਇਕ ਚਿੱਠੀ ਚੁੱਕੀ ਤੇ ਆਫ਼ੀਆ ਨੂੰ ਫੜ੍ਹਾਈ...

" ਇਸਦੇ ਉਪਰ ਤਾਂ ਕੋਈ ਸ..ਦ..ਰ ਬਾਜ਼ਾਰ ਕਰਕੇ ਲਿਖਿਆ ਹੈ " ਆਫ਼ੀਆ ਚਿੱਠੀ ਉਪਰ ਲੱਗੀ ਮੋਹਰ ਨੂੰ ਧਿਆਨ ਨਾਲ ਦੇਖਦੀ ਬੋਲੀ...

ਮੁਰਾਦ ਮੰਜੀ ਉਪਰ ਬੈਠ ਗਿਆ ਸੀ...

" ਸਦਰ ਬਾਜ਼ਾਰ ਦਿੱਲੀ " ਆਫ਼ੀਆ ਨੇ ਦੁਬਾਰਾ ਪੜ੍ਹਿਆ...

" ਦਿੱਲੀ ਤਾਂ ਹਿੰਦੋਸਤਾਨ ਦੀ ਰਾਜਧਾਨੀ ਹੈ " ਆਮਿਰ ਬੋਲਿਆ...

" ਵਾਹ ਪੁੱਤਰਾ...ਤੈਨੂੰ ਬੜੀ ਖਬਰ ਹੈ ? " ਮੁਰਾਦ ਖੁਸ਼ ਹੋ ਕੇ ਬੋਲਿਆ...

" ਸਾਡੀ ਕਿਤਾਬ ਚ ਲਿਖਿਆ ਹੋਇਆ ਹੈ...ਮੈਨੂੰ ਤਾਂ ਯਾਦ ਹੈ " ਆਮਿਰ ਆਕੜ ਕੇ ਬੋਲਿਆ...

ਆਫ਼ੀਆ ਚਿੱਠੀਆਂ ਚ ਮਗਨ ਸੀ....

" ਤੁਹਾਡੇ ਕੋਲ ਪਟਿਆਲਾ ਦਾ ਪਤਾ ਹੈ ? " ਆਫ਼ੀਆ ਨੇ ਪੁੱਛਿਆ...

" ਉਸ ਪਤੇ ਤੇ ਚਿੱਠੀ ਘੱਲੀ ਸੀ.. ਪਰ ਕੋਈ ਜੁਆਬ ਨਹੀਂ ਆਇਆ...ਖੌਰੇ ਉਹ ਦਿੱਲੀ ਨਾ ਤੁਰ ਗਏ ਹੋਣ " ਮੁਰਾਦ ਉਦਾਸ ਹੋ ਕੇ ਬੋਲਿਆ....

ਆਫ਼ੀਆ ਇਕ ਵਾਰ ਫੇਰ ਚਿੱਠੀਆਂ ਨਾਲ ਰੁਝ ਗਈ...

......


" ਕਮਰੇ ਚ ਉਹ ਪਰੇ ਬਾਥਰੂਮ ਨੇ...ਬਾਕੀ ਤੁਸੀਂ ਏਥੇ ਰੁਕੋ...ਮੈਂ ਆਪਣੇ ਦਫਤਰ ਚ ਹੀ ਹਾਂ ਕੋਈ ਲੋੜ ਪਵੇਗੀ ਤਾਂ ਦਸ ਦੇਣਾ " ਸਟੇਸ਼ਨ ਮਾਸਟਰ ਮੈਂਡੀ ਵੱਲ ਦੇਖ ਕੇ ਬੋਲਿਆ...

" ਸ਼ੁਕਰੀਆ "

ਮੈਂਡੀ ਦਾ ਸੰਖੇਪ ਜੇਹਾ ਜੁਆਬ ਸੁਣ ਕੇ ਸਟੇਸ਼ਨ ਮਾਸਟਰ ਸ਼ਰਮੀਂਦਾ ਜੇਹਾ ਮੂੰਹ ਲੈ ਕੇ ਉਥੋਂ ਆ ਗਿਆ...

" ਭਾਬੀ...ਤੁਸੀਂ ਬੈਠੋ ਅਰਾਮ ਨਾਲ..."

ਉਸਦੀ ਭਾਬੀ ਇਕ ਪਾਸੇ ਬੈਠ ਗਈ...ਤੇ ਮੈਂਡੀ ਨੇ ਭਤੀਜੇ ਨੂੰ ਉਸਦੀ ਗੋਦੀ ਚ ਲੰਮੇ ਪਾਇਆ...

" ਮੈਂ ਜ਼ਰਾ ਬਾਹਰ ਜਾ ਕੇ ਕੁਛ ਖਾਣ ਲਈ ਵੇਖਦੀ ਹਾਂ...ਤੁਸੀਂ ਅੰਦਰੋਂ ਬੂਹਾ ਮਾਰ ਲਓ...ਮੈਂ ਆ ਕੇ ਆਵਾਜ਼ ਦਵਾਂਗੀ...ਫੇਰ ਹੀ ਖੋਲਿਓ "

" ਪਰ ਤੂੰ ਕੱਲੀ ਕਿਧਰ ਜਾਏਂਗੀ...ਹਨੇਰਾ ਵੀ ਦੇਖ ਕਿੰਨਾ ਹੈ ਬਾਹਰ " ਭਰਜਾਈ ਬੋਲੀ...

" ਹਨੇਰਾ ਹੀ ਹੈ...ਖਾ ਤਾਂ ਨਹੀਂ ਜਾਊਗਾ...ਹੁੰਹ " ਮੈਂਡੀ ਹੱਸੀ ਤੇ ਬਾਹਰ ਨਿਕਲ ਗਈ....

ਭਰਜਾਈ ਨੇ ਉਠ ਕੇ ਫਟਾਫਟ ਬੂਹੇ ਨੂੰ ਅੰਦਰੋਂ ਕੁੰਡੀ ਲਗਾ ਲਈ...

......


ਮੈਂਡੀ ਨੇ ਪਲੇਟਫਾਰਮ ਤੇ ਨਿਗਾਹ ਘੁੰਮਾਈ....ਸਟੇਸ਼ਨ ਉਪਰ ਸ਼ਾਂਤੀ ਨੇ ਪੈਰ ਜਮਾ ਲਏ ਸੀ....ਹਲਕੀ ਟਿਊਬ ਲਾਈਟਾਂ ਦੀ ਰੋਸ਼ਨੀ ਚ ਸਟੇਸ਼ਨ ਕਿਸੀ ਡਰਾਵਣੀ ਫਿਲਮ ਦਾ ਸੈੱਟ ਜਾਪ ਰਿਹਾ ਸੀ...

ਮੈਂਡੀ ਤੁਰਦੀ ਹੋਈ ਸਟੇਸ਼ਨ ਤੋਂ ਬਾਹਰ ਆ ਗਈ...ਉਸਨੂੰ ਸਾਹਮਣੇ ਹੀ ਇਕ ਢਾਬਾ ਨਜ਼ਰ ਆਇਆ...

" ਅੰਕਲ ਜੀ...ਖਾਣ ਨੂੰ ਕੀ ਮਿਲੇਗਾ...? " ਮੈਂਡੀ ਨੇ ਢਾਬੇ ਵਾਲੇ ਕੋਲ ਜਾ ਕੇ ਪੁੱਛਿਆ....

ਢਾਬੇ ਵਾਲੇ ਨੇ ਸਬਜ਼ੀਆਂ ਦੇ ਨਾਮ ਗਿਣਾਏ...

" ਅੰਦਰ ਵੇਟਿੰਗ ਰੂਮ ਚ ਭੇਜ ਦਵੋਗੇ...ਪੈਸੇ ਵੀ ਉਥੋਂ ਲੈ ਲਿਓ " ਮੈਂਡੀ ਨੇ ਆਖਿਆ...

ਢਾਬੇ ਵਾਲੇ ਨੇ ਸਹਿਮਤੀ ਚ ਸਿਰ ਹਿਲਾਇਆ....

" ਤੁਹਾਡੇ ਕੋਲ ਕੋਈ ਕੰਬਲ ਹੋਊਗਾ...? " ਮੈਂਡੀ ਨੇ ਪੁੱਛਿਆ...

" ਕੰਬਲ...ਇਹ ਕੀ ਕਰਨਾ ? " ਢਾਬੇ ਵਾਲੇ ਨੇ ਹੈਰਾਨ ਹੁੰਦੇ ਪੁੱਛਿਆ...

ਮੈਂਡੀ ਨੇ ਸਾਰੀ ਗੱਲ ਦੱਸੀ....

" ਇਕ ਹੈ ਤਾਂ ਸਹੀ....ਉਹ ਪਿਆ...ਲੈ ਜਾਓ...ਪਰ ਸਵੇਰੇ ਫੜ੍ਹਾ ਜਾਇਓ " ਢਾਬੇ ਵਾਲੇ ਨੇ ਇਕ ਪਾਸੇ ਨੂੰ ਇਸ਼ਾਰਾ ਕੀਤਾ....
ਮੈਂਡੀ ਦੇ ਚੇਹਰੇ ਉਪਰ ਖੁਸ਼ੀ ਵਾਲੇ ਫੁੱਲ ਉੱਗ ਆਏ ਸੀ.....

" ਤੁਸੀਂ ਏਦਾਂ ਕਰਿਓ...ਸਵੇਰੇ ਤੜਕੇ ਹੀ ਥੋੜ੍ਹਾ ਦੁੱਧ ਦੇ ਜਾਇਓ...ਛੋਟੇ ਬੱਚੇ ਲਈ ਉਦੋਂ ਕੰਬਲ ਵੀ ਲੈ ਜਾਇਓ ਵਾਪਸ...ਤੇ ਆ ਰੋਟੀ ਹੁਣ ਜਲਦੀ ਦੇ ਜਾਇਓ...ਐਵੀਂ ਨਾ ਦੇਰ ਕਰ ਦਿਓ "

ਮੈਂਡੀ ਬੋਲ ਕੇ ਵਾਪਸ ਮੁੜੀ ਤੇ ਲਗਭਗ ਦੌੜਦੀ ਹੋਈ ਵਾਪਸ ਵੇਟਿੰਗ ਰੂਮ ਚ ਪੁੱਜੀ....

ਉਸਦੀ ਭਾਬੀ ਨੂੰ ਚੈਨ ਆਇਆ ਸੀ...ਮੈਂਡੀ ਨੂੰ ਦੇਖ ਕੇ..

.....


ਠਕ ਠਕ ਠਕ...

ਬੂਹਾ ਜ਼ੋਰ ਨਾਲ ਖੜਕਿਆ ਸੀ...ਭਰਜਾਈ ਨੇ ਡਰਦੀਆਂ ਨਜ਼ਰਾਂ ਨਾਲ ਮੈਂਡੀ ਵੱਲ ਦੇਖਿਆ...

" ਕੌਨ ਹੈ ? " ਮੈਂਡੀ ਬੂਹੇ ਕੋਲ ਜਾ ਕੇ ਬੋਲੀ...

" ਸਾਹਮਣੇ ਢਾਬੇ ਤੋਂ ਆਇਆਂ...ਰੋਟੀ ਲੈ ਕੇ...ਬੂਹਾ ਖੋਲੋ " ਬੰਦੇ ਦੀ ਆਵਾਜ਼ ਆਈ..

" ਕਿਵੇਂ ਪਤਾ ਲੱਗੇਗਾ ਕਿ ਤੁਸੀਂ ਢਾਬੇ ਵਾਲੇ ਹੀ ਹੋ...ਕੋਈ ਹੋਰ ਵੀ ਹੋ ਸਕਦਾ " ਮੈਂਡੀ ਬੂਹੇ ਦੀ ਚੀਥ ਥਾਣੀਂ ਬਾਹਰ ਦੇਖਣ ਦੀ ਕੋਸ਼ਿਸ਼ ਕਰਦੀ ਬੋਲੀ...

ਅਗਲੇ ਪਾਸੇ ਚੁੱਪ ਛਾ ਗਈ ਸੀ....

" ਹੱਦ ਹੈ ਭੈਣ ਜੀ...ਮੈਂ ਰੋਟੀ ਲੈ ਕੇ ਬਾਹਰ ਖੜਾ ਵਾਂ...ਕਮਾਲ ਹੋਈ ਪਈ ਹੈ " ਬੰਦਾ ਖਿਝ ਕੇ ਬੋਲਿਆ...

" ਮੈਂ ਤੁਹਾਡੇ ਢਾਬੇ ਤੋਂ ਹੋਰ ਕੀ ਲੈ ਕੇ ਆਈ ਸੀ ਭਲਾ ? " ਮੈਂਡੀ ਬਿਨਾਂ ਬੂਹਾ ਖੋਲ੍ਹੇ ਬੋਲੀ...

" ਨਾ ਖੋਲੋ...ਚਲਾ ਹਾਂ ਮੈਂ...ਰਹੋ ਭੁੱਖੇ ਹੀ "

ਮੈਂਡੀ ਨੇ ਫਟਾਫਟ ਬੂਹਾ ਖੋਲਿਆ...

" ਓ ਹੋ....ਤੁਸੀਂ ਤਾਂ ਗੁੱਸਾ ਹੀ ਕਰ ਗਏ...ਮੈਂ ਬਸ ਆਹੀ ਪੱਕਾ ਕਰ ਰਹੀ ਸੀ ਕਿ ਕੋਈ ਹੋਰ ਤਾਂ ਨਹੀਂ ਆ ਗਿਆ..." ਮੈਂਡੀ ਉਸਦੇ ਹੱਥੋਂ ਰੋਟੀ ਫੜਦੀ ਬੋਲੀ...

" ਪੈਸੇ ਦਵੋ ਮੈਂ ਜਾਵਾਂ..." ਬੰਦਾ ਅਜੇ ਵੀ ਖਿਝਿਆ ਪਿਆ ਸੀ....

ਮੈਂਡੀ ਨੇ ਫਟਾਫਟ ਬਣਦੇ ਪੈਸੇ ਉਸਨੂੰ ਦਿੱਤੇ...ਬੰਦਾ ਲੈ ਕੇ ਵਾਪਸ ਮੁੜਿਆ...

" ਸਵੇਰੇ ਦੁੱਧ ਦੇ ਜਾਇਓ ਟੈਮ ਨਾਲ " ਮੈਂਡੀ ਮਗਰੋਂ ਉੱਚੀ ਸਾਰੀ ਆਵਾਜ਼ ਚ ਬੋਲੀ...

ਬੰਦਾ ਬਿਨਾਂ ਕੋਈ ਜੁਆਬ ਦਿੱਤੇ ਬੁੜ ਬੁੜ ਕਰਦਾ ਚਲਾ ਗਿਆ...

......


ਮੈਂਡੀ ਨੇ ਆਪਣੀ ਭਾਬੀ ਵੱਲ ਦੇਖਿਆ...ਜੋ ਕੰਬਲ਼ ਚ ਲੰਮੇ ਪਈ ਨੀਂਦ ਦੇ ਹਵਾਲੇ ਹੋ ਚੁਕੀ ਸੀ...

ਮੈਂਡੀ ਨੇ ਉਬਾਸੀ ਲਈ...ਪਰ ਓਹ ਸੋਣਾ ਨਹੀਂ ਸੀ ਚਾਹੰਦੀ....ਉਸਨੇ ਸ਼ਾਲ ਦੀ ਬੁੱਕਲ ਮਾਰੀ...ਤੇ ਕਮਰੇ ਅੰਦਰ ਹੀ ਏਧਰ ਓਧਰ ਤੁਰਨ ਲੱਗੀ....

ਤੁਰਦੀ ਤੁਰਦੀ ਅਚਾਨਕ ਉਹ ਰੁਕੀ...ਕਮਰੇ ਦੇ ਬਾਹਰ ਕੁਛ ਕਦਮਾਂ ਦੀ ਆਵਾਜ਼ ਮਹਿਸੂਸ ਹੋਈ ਸੀ ....

ਮੈਂਡੀ ਨੇ ਆਪਣੇ ਕੰਨ ਬੂਹੇ ਨਾਲ ਜੋੜ ਲਏ ਤੇ ਬਾਹਰ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਨ ਲੱਗੀ...ਏਦਾਂ ਲਗਦਾ ਸੀ ਜਿਵੇਂ ਬਾਹਰ ਕੋਈ ਦੋ ਤਿੰਨ ਜਣੇਂ ਆਪਸ ਚ ਗੱਲਾਂ ਕਰ ਰਹੇ ਹੋਣ....ਮੈਂਡੀ ਦਾ ਦਿਲ ਜ਼ੋਰ ਨਾਲ ਧੜਕਣ ਲਗਿਆ...

ਠਕ ਠਕ....

ਮੈਂਡੀ ਤ੍ਰਭਕ ਕੇ ਬੂਹੇ ਤੋਂ ਪਰੇ ਜਾ ਖੜੀ ਹੋਈ....

" ਕੌਨ ? " ਮੈਂਡੀ ਬੋਲੀ...

" ਪੁੱਤਰ ਮੈਂ ਹਾਂ...ਸਟੇਸ਼ਨ ਮਾਸਟਰ " ਬਾਹਰੋਂ ਆਵਾਜ਼ ਆਈ...

" ਰਾਤ ਦੇ ਤਿੰਨ ਵੱਜੇ ਬੂਹਾ ਕਿਉ ਭੰਨ ਰਹੇ ਹੋ...? " ਮੈਂਡੀ ਸ਼ੱਕ ਨਾਲ ਭਰੀ ਬੋਲੀ...

" ਕੋਈ ਬੰਦਾ ਆਇਆ ਹੈ...ਆਪਣੇ ਆਪ ਨੂੰ ਤੁਹਾਡਾ ਭਰਾ ਬੋਲਦਾ ਹੈ..." ਬਾਹਰੋਂ ਸਟੇਸ਼ਨ ਮਾਸਟਰ ਦੀ ਆਵਾਜ਼ ਆਈ...
ਮੈਂਡੀ ਇਕ ਦਮ ਸ਼ਾਂਤ ਹੋ ਗਈ...ਪਰ ਅਜੇ ਵੀ ਉਸਨੇ ਬੂਹਾ ਖੋਲਣ ਦੀ ਕੋਈ ਕੋਸ਼ਿਸ਼ ਨਹੀਂ ਸੀ ਕੀਤੀ...

" ਮੈਂਡੀ...ਮੈਂ ਹਾਂ...."

ਮੈਂਡੀ ਨੇ ਆਵਾਜ਼ ਝੱਟ ਪਹਿਚਾਣ ਲਈ...ਇਹ ਉਸਦਾ ਵੀਰ ਸੀ....ਮੈਂਡੀ ਨੇ ਝੱਟ ਬੂਹਾ ਖੋਲਿਆ....

ਸਾਹਮਣੇ ਵੀਰ ਖੜਾ ਸੀ ...

" ਭਾਬੀ ਕਿਧਰ ਆ ਤੇਰੀ " ਉਸਦਾ ਵੀਰ ਅੰਦਰ ਆ ਕੇ ਫਟਾਫਟ ਬੋਲਿਆ....

ਮੈਂਡੀ ਨੇ ਸੁੱਤੀ ਪਈ ਭਰਜਾਈ ਵੱਲ ਤੱਕਿਆ....ਉਸਦੇ ਵੀਰ ਦੇ ਚੇਹਰੇ ਉਪਰ ਚੈਨ ਨਜ਼ਰ ਆਉਣ ਲੱਗਿਆ....

" ਸ਼ੁਕਰੀਆ ਸਰ....ਤੁਸੀਂ ਏਨਾ ਕੀਤਾ " ਮੈਂਡੀ ਦਾ ਵੀਰ ਸਟੇਸ਼ਨ ਮਾਸਟਰ ਵੱਲ ਦੇਖ ਕੇ ਬੋਲਿਆ...

" ਸ਼ੁਕਰੀਆ ਇਸ ਕੁੜੀ ਦਾ ਕਰੋ...ਸਭ ਇਸੇ ਨੇ ਕੀਤਾ...ਪੂਰੀ ਦਾਦੀ ਮਾਂ ਹੈ ਇਹ " ਸਟੇਸ਼ਨ ਮਾਸਟਰ ਨੇ ਹੱਸ ਕੇ ਮੈਂਡੀ ਵੱਲ ਦੇਖਿਆ....ਤੇ ਆਪਣੇ ਦਫਤਰ ਵੱਲ ਚਲਾ ਗਿਆ...

ਮੈਂਡੀ ਦਾ ਵੀਰ ਅਜੀਬ ਨਜ਼ਰਾਂ ਨਾਲ ਉਸਦੇ ਵੱਲ ਦੇਖਦਾ ਰਿਹਾ....ਉਸਦੀ ਭਾਬੀ ਵੀ ਉਠ ਬੈਠੀ ਸੀ....

" ਕੰਬਲ਼ ਦੇ ਕੇ ਜਾਣਾ ਹੈ ਢਾਬੇ ਵਾਲੇ ਦਾ " ਮੈਂਡੀ ਸਮਾਨ ਪੈਕ ਕਰਦੀ ਬੋਲੀ....

" ਠੀਕ ਹੈ...ਮੈਂ ਕਾਰ ਲੈ ਕੇ ਆਇਆ ਹਾਂ ਕਿਰਾਏ ਤੇ...ਤੁਸੀਂ ਬੈਠੋ ਜਾਓ...ਮੈਂ ਕੰਬਲ਼ ਮੋੜ ਕੇ ਆਂਦਾ ਹਾਂ " ਮੈਂਡੀ ਦਾ ਵੀਰ ਸਟੇਸ਼ਨ ਦੇ ਬਾਹਰ ਆ ਕੇ ਬੋਲਿਆ...

ਮੈਂਡੀ ਨੇ ਕਾਰ ਚ ਬੈਠਦੇ ਹੀ ਅੱਖਾਂ ਬੰਦ ਕਰ ਲਈਆਂ...ਨੀਂਦ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ ਸੀ....

.....


ਆਫ਼ੀਆ ਦੀਆਂ ਅੱਖਾਂ ਚ ਨੀਂਦ ਦਾ ਨਾਮੋ-ਨਿਸ਼ਾਨ ਨਹੀਂ ਸੀ....ਉਹ ਹਿੰਦੁਸਤਾਨ ਬਾਰੇ ਸੋਚ ਰਹੀ ਸੀ....ਉਥੇ ਰਹਿੰਦੇ ਆਪਣੇ ਵੱਡੇ ਅੱਬੂ ਦੇ ਭਰਾਵਾਂ ਬਾਰੇ ਸੋਚ ਰਹੀ ਸੀ....

" ਅੱਬੂ...ਮੈਂ ਤੁਹਾਡੇ ਭਰਾਵਾਂ ਨੂੰ ਜਰੂਰ ਲਭ ਲਿਆਵਾਂਗੀ...." ਆਫ਼ੀਆ ਆਪਣੇ ਆਪ ਨਾਲ ਗੱਲਾਂ ਕਰਦੀ ਬੋਲੀ....

ਪਰ ਉਹ ਨਹੀਂ ਸੀ ਜਾਣਦੀ ਕਿ ਇਹ ਸਭ ਉਹ ਕਿਵੇਂ ਕਰੇਗੀ...ਹਿੰਦੋਸਤਾਨ ਜਾਣ ਲਈ ਕੀ ਕਰਨਾ ਪੈਂਦਾ ਹੈ ਇਹ ਸਭ ਉਸਨੂੰ ਨਹੀਂ ਸੀ ਪਤਾ....

" ਬਾਜੀ...ਮੈਂ ਵੀ ਤੇਰੇ ਨਾਲ ਹਿੰਦੋਸਤਾਨ ਜਾਵਾਂਗਾ...." ਆਮਿਰ ਲੰਮੇ ਪਿਆ ਪਿਆ ਬੋਲਿਆ...

ਆਫ਼ੀਆ ਨੇ ਉਸਦੇ ਭੋਲੇ ਚੇਹਰੇ ਵੱਲ ਦੇਖਿਆ....ਉਹ ਕੁਛ ਬੋਲਣ ਲਗੀ ਸੀ ਪਰ ਚੁੱਪ ਰਹੀ....ਤੇ ਅੱਖਾਂ ਬੰਦ ਕਰਕੇ ਵੱਡੇ ਅੱਬੂ ਦੇ ਭਰਾਵਾਂ ਨੂੰ ਲੱਭਣ ਦਾ ਕੋਈ ਰਾਹ ਸੋਚਣ ਲੱਗੀ....

.....


ਸਮਾਂ ਦੋਨਾਂ ਕੁੜੀਆਂ ਨੂੰ ਦੇਖਦਾ ਰਿਹਾ....ਕਦੀ ਉਹ ਕਾਰ ਚ ਜਾਂਦੀ ਮੈਂਡੀ ਨੂੰ ਵੇਖਦਾ ਰਿਹਾ...ਕਦੀ ਉਸਦੀਆਂ ਨਜ਼ਰਾਂ ਸੁੱਤੀ ਪਈ ਆਫ਼ੀਆ ਵੱਲ ਘੁੰਮ ਜਾਂਦੀਆਂ ਰਹੀਆਂ....

" ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿਛੜੇ ਮਿਲਨੇ ਏਨੇ ਸੌਖੇ ਨਹੀਂ ਹੁੰਦੇ ਮੇਰੇ ਬੱਚਿਓ...."

ਸਮੇਂ ਦੀਆਂ ਅੱਖਾਂ ਚੋਂ ਦੋ ਤੁਪਕੇ ਚੋਅ ਕੇ ਧਰਤੀ ਉਪਰ ਡਿੱਗੇ.....

......


ਆਫ਼ੀਆ ਦਾ ਨਿਕਾਹ ਹੋ ਗਿਆ ਸੀ.....ਆਮਿਰ ਹੁਣ ਕਾਲਜ ਚ ਜਾਣ ਲੱਗਿਆ ਸੀ....

ਮੁਰਾਦ ਆਪਣੇ ਭਰਾਵਾਂ ਨੂੰ ਵੇਖਣ ਦੀ ਚਾਹ ਚ ਮੰਜੇ ਨਾਲ ਜਾ ਲਗਿਆ....

ਆਮਿਰ ਕੋਲੋਂ ਆਪਣੇ ਦਾਦੇ ਦਾ ਦੁੱਖ ਦੇਖਿਆ ਨਹੀਂ ਸੀ ਜਾਂਦਾ....ਅੱਗੇ ਉਹ ਇਸ ਸਭ ਬਾਰੇ ਆਫ਼ੀਆ ਨਾਲ ਮਨ ਸਾਂਝਾ ਕਰ ਲੈਂਦਾ ਸੀ....ਪਰ ਆਪਣੀ ਬਾਜੀ ਦੇ ਨਿਕਾਹ ਤੋਂ ਬਾਅਦ ਉਹ ਇਕੱਲਾ ਰਹਿ ਗਿਆ ਸੀ....

.....


ਮੈਂਡੀ ਨੇ ਗ੍ਰੈਜ਼ੁਏਸ਼ਨ ਦੇ ਦੂਜੇ ਸਾਲ ਚ ਐਂਟਰੀ ਮਾਰੀ.....ਤੇ ਹੁਣ ਉਹ ਆਪਣੀ ਫੀਏਟ ਉਪਰ ਕਾਲਜ ਜਾਂਦੀ ਸੀ....

ਇਹ ਫੀਏਟ ਕੋਈ ਕਾਰ ਨਹੀਂ ਸੀ...ਸਾਈਕਲ ਸੀ....ਜਿਸਨੂੰ ਓਹ ਬੜੀ ਸ਼ਾਨ ਨਾਲ ਚਲਾਈ ਫਿਰਦੀ ਸੀ....

" ਹੈਲੋ ਸੋਹਣਿਓ ਕੀ ਹਾਲ ਨੇ "

ਮੈਂਡੀ ਦੇ ਕੰਨਾਂ ਚ ਇਹ ਲਫ਼ਜ਼ ਪਏ ਤਾਂ ਉਸਨੇ ਧੋਣ ਘੁੰਮਾਈ...ਇਕ ਸਕੂਟਰ ਉਸਦੇ ਕੋਲੋਂ ਨਿਕਲਿਆ...ਜਿਸਦੇ ਉਪਰ ਦੋ ਨੌਜਵਾਨ ਉਸਨੂੰ ਦੇਖ ਕੇ ਹੱਸਦੇ ਹੋਏ ਨਿਕਲ ਗਏ....

ਮੈਂਡੀ ਦੀਆਂ ਤੇਜ਼ ਨਜ਼ਰਾਂ ਨੇ ਸਕੂਟਰ ਦਾ ਲਾਈਟ ਗ੍ਰੀਨ ਰੰਗ ਯਾਦ ਰੱਖ ਲਿਆ...ਤੇ ਸਕੂਟਰ ਦੇ ਮਗਰ ਲੱਗੀ ਨੰਬਰ ਪਲੇਟ ਦੇ ਆਖਰੀ ਦੋ ਨੰਬਰ ਉਸਨੂੰ ਯਾਦ ਰਹਿ ਗਏ...

" 73 ਤੇ ਰੰਗ ਲਾਈਟ ਗ੍ਰੀਨ " ਇਹ ਸਭ ਦੋਹਰਾਉਂਦੀ ਹੋਈ ਮੈਂਡੀ ਨੇ ਸਾਈਕਲ ਨੂੰ ਪੈਡਲ ਮਾਰੇ ਤੇ ਉਧਰ ਚੱਲ ਪਈ ਜਿਧਰ ਨੂੰ ਸਕੂਟਰ ਗਿਆ ਸੀ....

......


" ਵੱਡੇ ਅੱਬੂ....ਆ ਪਾਣੀ ਪੀ ਲਵੋ..." ਆਮਿਰ ਨੇ ਮੁਰਾਦ ਨੂੰ ਪਾਣੀ ਦਾ ਗਲਾਸ ਫੜਾਇਆ....

" ਪੁੱਤਰ...ਮੇਰੀ ਪਿਆਸ ਪਾਣੀ ਨਾਲ ਨਹੀਂ ਬੁਝਣੀ....ਮੈਨੂੰ ਆਪਣੇ ਭਰਾਵਾਂ ਨੂੰ ਦੇਖਣਾ ਹੈ...ਉਹਨਾਂ ਨੂੰ ਆਪਣੀ ਛਾਤੀ ਨਾਲ ਲਗਾਉਣਾ ਹੈ...." ਮੁਰਾਦ ਦੀਆਂ ਅੱਖਾਂ ਚੋਂ ਹੰਝੂ ਵੱਗ ਆਏ....

ਆਮਿਰ ਨੇ ਪਾਣੀ ਦਾ ਗਲਾਸ ਮੁਰਾਦ ਦੇ ਕੋਲ ਹੀ ਮੇਜ਼ ਉਪਰ ਰਖਿਆ....ਤੇ ਭਰੀਆਂ ਅੱਖਾਂ ਨਾਲ ਆਪਣੇ ਕਮਰੇ ਅੰਦਰ ਆ ਗਿਆ....

" ਕਿਵੇਂ ਲੱਭ ਲਿਆਵਾਂ ਉਹਨਾਂ ਨੂੰ...." ਆਮਿਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ....

ਉਸ ਰਾਤ ਆਮਿਰ ਰੋਣੋਂ ਨਾ ਹੱਟਿਆ......

ਹਿੰਦ- ਪਾਕ ਦੀਆ ਸਰਹੱਦਾਂ ਉਪਰ ਦੋਵਾਂ ਦੇਸ਼ਾਂ ਦੀ ਆਰਮੀ ਮੁਸਤੈਦੀ ਨਾਲ ਗਸ਼ਤ ਕਰ ਰਹੀ ਸੀ....ਉਹਨਾਂ ਦਾ ਜ਼ੋਰ ਨਹੀਂ ਸੀ ਚਲਦਾ...ਨਹੀਂ ਤਾਂ ਉਹ ਇਕ ਦੂਜੇ ਦੇ ਮੁਲਕਾਂ ਨੂੰ ਜਾਂਦੀਆਂ ਹਵਾਵਾਂ ਨੂੰ ਵੀ ਰੋਕ ਲੈਂਦੇ....

......


ਮੈਂਡੀ ਨੇ ਸਾਰੀਆਂ ਉਹ ਥਾਵਾਂ ਵੇਖ ਮਾਰੀਆਂ ਸੀ ਜਿਥੇ ਨੌਜਵਾਨ ਮੁੰਡੇ ਟੋਲੀ ਬਣਾ ਕੇ ਖੜਦੇ ਸੀ...ਪਰ ਉਸਨੂੰ ਪੂਰੇ ਬਜ਼ਾਰ ਚ ਉਹ ਸਕੂਟਰ ਨਜ਼ਰ ਨਾ ਆਇਆ ਜਿਸਨੂੰ ਉਹ ਲਭਦੀ ਫਿਰਦੀ ਸੀ.....

" ਏਦਾਂ ਤਾਂ ਚੈਨ ਨਹੀਂ ਪੈਣਾ...ਲੱਭਣਾ ਤਾਂ ਉਹਨਾਂ ਨੂੰ ਜਰੂਰ ਹੈ " ਮੈਂਡੀ ਸਾਈਕਲ ਨੂੰ ਪੈਡਲ ਮਾਰਦੀ ਬੋਲੀ....

ਪਰ ਮੈਂਡੀ ਨੂੰ ਓਹ ਨਜ਼ਰ ਨਾ ਆਏ.....ਥੱਕੀ ਹੋਈ ਮੈਂਡੀ ਨੇ ਸਾਈਕਲ ਨੂੰ ਆਪਣੀ ਸਹੇਲੀ ਕਮਲੀ ਦੇ ਘਰ ਵੱਲ ਮੋੜ ਲਿਆ.....

" ਉਹ ਤੇਰੀ....ਇਹ ਸਕੂਟਰ ਏਥੇ ਹੈ "

ਮੈਂਡੀ ਨੇ ਆਪਣੀ ਸਹੇਲੀ ਦੇ ਘਰ ਦੇ ਬਾਹਰ ਸਕੂਟਰ ਖੜਾ ਦੇਖਿਆ....ਤਾਂ ਉਸਦੇ ਮੂੰਹ ਚੋਂ ਹੈਰਾਨੀ ਨਾਲ ਚੀਕ ਨਿਕਲ ਗਈ.....
....


ਮੈਂਡੀ ਨੇ ਆਪਣਾ ਸਾਈਕਲ ਸਟੈਂਡ ਤੇ ਖੜਾ ਕੀਤਾ...

" ਆਂਟੀ ਜੀ...ਆ ਸਕੂਟਰ ਏਥੇ ਕੌਨ ਲਗਾ ਕੇ ਗਿਆ ਏ ? " ਮੈਂਡੀ ਨੇ ਗੱਲੀ ਚ ਖੜੀ ਇਕ ਜਨਾਨੀ ਨੂੰ ਪੁੱਛਿਆ...

" ਮੁੰਡੇ ਸੀ ਕੋਈ ਦੋ...ਕਿਸੇ ਦਾ ਐਡਰੈੱਸ ਪੁੱਛਦੇ ਫਿਰਦੇ ਸੀ...ਤਾਂ ਕਮਲੀ ਦੀ ਮਾਂ ਨੇ ਆਖਿਆ ਕਿ ਖੱਜਲ ਹੁੰਦੇ ਫਿਰਦੇ ਹੋ ਪਾਣੀ ਦਾ ਘੁੱਟ ਪੀ ਜਾਓ "

" ਪੀ ਗਏ ਫੇਰ ? " ਮੈਂਡੀ ਬੋਲੀ...

" ਅੰਦਰ ਹੀ ਨੇ...ਆਏ ਨਹੀਂ ਅਜੇ ਤਾਂ ਬਾਹਰ "

ਮੈਂਡੀ ਨੇ ਆਪਣੀ ਕਮੀਜ਼ ਨੂੰ ਬਾਹਵਾਂ ਤੋੰ ਚੁੱਕਿਆ....ਤੇ ਕਮਲੀ ਦੇ ਘਰੇ ਦਾਖਲ ਹੋਈ....


ਸਾਹਮਣੇ ਹੀ ਵੇਹੜੇ ਚ ਦੋ ਮੁੰਡੇ ਚਾਹ ਦੇ ਕੱਪ ਫੜ੍ਹੀ ਹੱਸ ਰਹੇ ਸੀ...ਲਾਗੇ ਹੀ ਕਮਲੀ ਦੀ ਮਾਂ ਖੜੀ ਸੀ....

" ਆਜਾ ਮੈਂਡੀ ਲੰਘ ਆ..." ਕਮਲੀ ਦੀ ਮਾਂ ਨੇ ਮੈਂਡੀ ਨੂੰ ਵੇਖਿਆ...ਤੇ ਬੋਲੀ...

ਦੋਵਾਂ ਨੌਜਵਾਨਾਂ ਦਾ ਮੂੰਹ ਵੀ ਮੈਂਡੀ ਵੱਲ ਘੁੰਮ ਗਿਆ....ਉਹਨਾਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਸੀ....

" ਲੈ....ਤੁਸੀਂ ਦੋਨੋਂ ਏਥੇ ਬੈਠੇ ਹੋ...ਮੈਂ ਪਾਗਲਾਂ ਵਾਂਗ ਤੁਹਾਨੂੰ ਸਾਰੇ ਬਾਜ਼ਾਰ ਚ ਲਭਦੀ ਫਿਰਦੀ ਆਂ " ਮੈਂਡੀ ਉਹਨਾਂ ਵੱਲ ਦੇਖ ਕੇ ਬੋਲੀ....


" ਤੂੰ ਏਨਾ ਨੂੰ ਜਾਣਦੀ ਏਂ ? " ਕਮਲੀ ਦੀ ਮਾਂ ਹੈਰਾਨ ਹੁੰਦੀ ਬੋਲੀ...


" ਆ ਮੇਰੇ ਕੋਲੋਂ ਲੰਘੇ ਸੀ...ਖੌਰੇ ਕੋਈ ਗੱਲ ਕਰਨੀ ਸੀ ਏਨਾ ਨੇ ਮੇਰੇ ਨਾਲ...ਪਰ ਜਲਦੀ ਚ ਲਗਦੇ ਸੀ...ਆਪਣੀ ਗੱਲ ਬੋਲ ਕੇ ਫਟਾਫਟ ਤੁਰ ਆਏ...ਮੈਂ ਫੇਰ ਏਨਾ ਨੂੰ ਲਭਦੀ ਸੀ ਕਿ ਆਖਾਂ ਏਨੀ ਵੀ ਕਾਹਦੀ ਕਾਹਲੀ ਹੈ...ਕਿਤੇ ਹੋਟਲ ਚ ਬਹਿੰਦੇ ਹਾਂ...ਚਾਹ ਪੀਂਦੇ ਹਾਂ...ਅਰਾਮ ਨਾਲ ਫੇਰ ਦਸਣ ਜੋ ਇਹ ਕਾਹਲੀ ਚ ਸਕੂਟਰ ਤੇ ਦਸ ਕੇ ਭੱਜ ਆਏ " ਮੈਂਡੀ ਨੌਜਵਾਨਾਂ ਵੱਲ ਇਕ ਟੱਕ ਦੇਖਦੀ ਰਹੀ....

ਨੌਜਵਾਨਾਂ ਦੇ ਚੇਹਰੇ ਦੇਖ ਕੇ ਲਗ ਰਿਹਾ ਸੀ ਕਿ ਕਿਸੇ ਵੀ ਸਮੇਂ ਉਹ ਰੋ ਪੈਣਗੇ...

ਮੈਂਡੀ ਨੇ ਕਮਲੀ ਦੀ ਮਾਂ ਨੂੰ ਸਾਰਾ ਕਿੱਸਾ ਬਿਆਨ ਕੀਤਾ....ਉਸ ਤੋੰ ਬਾਦ ਫੇਰ ਕਮਲੀ ਦੀ ਮਾਂ ਨਹੀਂ ਰੁਕੀ....ਉਸਨੇ ਮੁੰਡਿਆਂ ਨੂੰ ਜੋ ਗਾਲ ਵਾਹੀ...ਪੂਰੇ ਮੋਹੱਲੇ ਨੇ ਸੁਣੀ....

ਮੈਂਡੀ ਨੇ ਆਪਣੀ ਫੀਏਟ ਚੁੱਕੀ....ਤੇ ਬੜੀ ਸ਼ਾਨ ਨਾਲ ਗਲੀ ਚੋਂ ਨਿਕਲੀ....

ਇਸ ਘਟਨਾ ਨੇ ਮੈਂਡੀ ਦਾ ਖੌਫ ਮੁੰਡਿਆਂ ਦੇ ਦਿਲਾਂ ਦਿਮਾਗਾਂ ਚ ਏਨਾ ਭਰ ਦਿੱਤਾ ਸੀ ਕਿ ਜਿਧਰੋਂ ਮੈਂਡੀ ਨਿਕਲਦੀ ਸੀ ਮੁੰਡੇ ਰਾਹ ਬਦਲ ਲਿਆ ਕਰਦੇ ਸੀ...

......


ਆਮਿਰ ਦਾ ਹੁਣ ਕਿੰਨਾ ਸਾਰਾ ਸਮਾਂ ਦੁਬਾਰਾ ਚਿੱਠੀਆਂ ਨੂੰ ਫਰੋਲਣ ਚ ਲਗਦਾ ਸੀ....ਇਕ ਦਿਨ ਚਿੱਠੀਆਂ ਫਰੋਲਦੇ ਹੋਏ ਉਸਨੂੰ ਜਿਵੇਂ ਕੋਈ ਖਿਆਲ ਆਇਆ...ਉਸਨੇ ਹਰ ਚਿੱਠੀ ਨੂੰ ਦੁਬਾਰਾ ਖੋਲਿਆਂ....ਤੇ ਇਕ ਖਾਸ ਗੱਲ ਨੋਟ ਕੀਤੀ...


" ਵੱਡੇ ਅੱਬੂ...ਮੈਂ ਸਾਰੇ ਖ਼ਤ ਦੇਖੇ....ਪਰ ਇਹ ਸਭ ਤੁਹਾਡੇ ਇਕੋ ਭਰਾ ਦੇ ਨੇ....ਦੂਜਾ ਭਰਾ ਜਿਸਦਾ ਨਾਮ ਤੁਸੀਂ ਸ਼ਾਇਦ ਗਰਜ਼ਾ ਸਿੰਘ ਦਸਿਆ ਸੀ...ਉਸਦਾ ਇੱਕ ਵੀ ਖ਼ਤ ਮੇਰੀ ਨਜ਼ਰ ਨਹੀਂ ਪਿਆ...? " ਆਮਿਰ ਨੇ ਵੱਡੇ ਅੱਬੂ ਵੱਲ ਦੇਖਿਆ...


" ਉਸਨੂੰ ਮੁਸਲਮਾਨਾਂ ਨਾਲ ਨਫ਼ਰਤ ਹੈ.." ਮੁਰਾਦ ਦੇ ਬੁੱਲਾਂ ਚੋਂ ਮਰੀ ਹੋਈ ਆਵਾਜ਼ ਨਿਕਲੀ...

" ਪਰ ਕਿਉਂ...ਇਸ ਕਰਕੇ ਕਿ ਤੁਸੀਂ ਮੁਸਲਮਾਨ ਬਣ ਗਏ ਸੀ ? "

" ਨਹੀਂ...ਮੇਰੇ ਮੁਸਲਮਾਨ ਬਣਨ ਨੂੰ ਕਿਸੇ ਨੇ ਏਨਾ ਦਿਲ ਤੇ ਨਹੀਂ ਸੀ ਲਾਇਆ...ਪਰ ਜਦੋਂ ਪਾਕਿਸਤਾਨ ਬਣਿਆ...ਤਾਂ ਸਾਡੇ ਪਿੰਡ ਚ ਸਭ ਤੋਂ ਵੱਧ ਸਿੱਖ ਕਤਲ ਕੀਤੇ ਗਏ...ਸਿੱਖਾਂ ਦਾ ਗੁਰਦੁਆਰਾ ਸਾੜ ਦਿੱਤਾ ਗਿਆ...ਮੇਰਾ ਇਹ ਦਸਦੇ ਕਲੇਜਾ ਫੱਟਦਾ ਹੈ ਕਿ ਇਹ ਸਭ ਕੁਛ ਮੁਸਲਮਾਨਾਂ ਨੇ ਕੀਤਾ "

ਆਮਿਰ ਕੁਛ ਨਾ ਬੋਲਿਆ...ਤੇ ਆਪਣੇ ਵੱਡੇ ਅੱਬੂ ਦੀ ਗੱਲ ਸੁਣਦਾ ਰਿਹਾ...

" ਪ੍ਰੀਤਮ ਨੇ ਤਾਂ ਇਹ ਸਾਰੀਆਂ ਗੱਲਾਂ ਨੂੰ ਛੱਡ ਦਿੱਤਾ...ਪਰ ਗਰਜ਼ਾ ਇਹ ਕਦੀ ਨਾ ਭੁਲਿਆ...ਤੇ ਉਹ ਮੁਸਲਮਾਨ ਨਾਮ ਨਾਲ ਵੀ ਨਫਰਤ ਕਰਦਾ ਸੀ..."

ਆਮਿਰ ਨੂੰ ਹੁਣ ਸਾਰੀ ਸਮਝ ਆਈ ਸੀ ਕਿ ਸਾਰੇ ਖੱਤ ਇਕੋ ਭਰਾ ਦੇ ਹੀ ਕਿਉਂ ਨੇ...

ਆਮਿਰ ਦਾ ਦਿਲ ਕੀਤਾ ਕਿ ਆਪਣੇ ਵੱਡੇ ਅੱਬੂ ਨੂੰ ਬਾਹਵਾਂ ਚ ਭਰ ਲਵੇ ਤੇ ਆਖੇ ਕਿ ਉਹ ਸਭ ਦੂਰੀਆਂ ਖਤਮ ਕਰੇਗਾ...ਤੇ ਇਕ ਵਾਰ ਫੇਰ ਸਾਰੇ ਭਰਾ ਇਕ ਦੂਜੇ ਸਾਹਮਣੇ ਹੋਣਗੇ....

ਪਰ ਕਾਸ਼ ਏਦਾਂ ਹੋ ਜਾਂਦਾ.....ਹੋਣੀ ਨੂੰ ਇਹ ਮਨਜ਼ੂਰ ਨਹੀਂ ਸੀ....

ਮੁਰਾਦ ਆਪਣੇ ਭਰਾਵਾਂ ਨੂੰ ਇਕ ਵਾਰ ਮਿਲਣ ਦੀ ਹਸਰਤ ਲੈ ਕੇ ਹੀ ਇਹ ਜਹਾਨ ਛੱਡ ਗਿਆ.....ਉਸਦੀਆਂ ਅੱਖਾਂ ਦਾ ਦਰਦ ਆਮਿਰ ਦੀਆਂ ਅੱਖਾਂ ਨੇ ਵੇਖਿਆ ਸੀ....ਤੇ ਓਹੀ ਦਰਦ ਹੁਣ ਆਮਿਰ ਦੀਆਂ ਅੱਖਾਂ ਚ ਨਜ਼ਰ ਆਣ ਲਗਿਆ....

ਆਫ਼ੀਆ ਨੇ ਆਪਣੇ ਭਰਾ ਦੀਆਂ ਅੱਖਾਂ ਚ ਇਹ ਦੁਖ ਬੜੀ ਵਾਰ ਮਹਿਸੂਸ ਕੀਤਾ....

" ਵੱਡੇ ਅੱਬੂ ਦੇ ਨਾਲ ਹੀ ਸਭ ਖਤਮ ਹੋ ਗਿਆ...ਤੂੰ ਵੀ ਆਪਣੇ ਆਪ ਨੂੰ ਸਾਂਭ...ਅੱਗੇ ਜ਼ਿੰਦਗੀ ਬੜੀ ਲੰਮੀ ਹੈ.." ਆਫ਼ੀਆ ਨੇ ਆਪਣੇ ਭਰਾ ਨੂੰ ਆਖਿਆ...

ਆਮਿਰ ਨੇ ਅੱਖਾਂ ਭਰ ਲਈਆਂ.....ਤੇ ਸਹਿਮਤੀ ਚ ਸਿਰ ਹਿਲਾਇਆ....ਉਹ ਵੀ ਮੰਨ ਚੁਕਾ ਸੀ ਕਿ ਹੁਣ ਉਹ ਕਦੀ ਨਹੀਂ ਜਾਣ ਸਕੇਗਾ ਕਿ ਹਿੰਦੁਸਤਾਨ ਚ ਰਹਿੰਦਾ ਉਣਾ ਦਾ ਹੀ ਖੂਨ ਕਿਥੇ ਹੈ....

ਪਰ ਉਸਨੇ ਵੱਡੇ ਅੱਬੂ ਦੇ ਦਿੱਤੇ ਖ਼ਤ ਸਾਂਭ ਕੇ ਰੱਖ ਲਏ ਸੀ....ਉਹ ਚਾਹ ਕੇ ਵੀ ਏਨਾ ਨਾਲ ਆਪਣਾ ਮੋਹ ਨਾ ਮੁਕਾ ਸਕਿਆ....

......


ਸਮਾਂ ਅੱਗੇ ਵੱਧ ਰਿਹਾ ਸੀ....ਆਮਿਰ ਨੂੰ ਵੀ ਅੱਗੇ ਵਧਣਾ ਪਿਆ....ਪੁਰਾਣੀਆਂ ਚੀਜ਼ਾਂ ਬਦਲਣ ਲਗੀਆਂ....ਕਾਲੇ ਚਿੱਟੇ ਟੀਵੀ ਘਰਾਂ ਚੋਂ ਗਾਇਬ ਹੋ ਗਏ....ਰੰਗਦਾਰ ਟੀਵੀ ਹਰ ਘਰ ਚ ਨਜ਼ਰ ਆਉਣ ਲੱਗੇ....

ਸਾਡੀ ਕਹਾਣੀ ਦੀ ਨਾਇਕਾ ਮੈਂਡੀ ਦਾ ਵਿਆਹ ਹੋ ਗਿਆ....ਉਹ ਸੁਨਾਮ ਤੋਂ ਦਿੱਲੀ ਆ ਗਈ....

ਭਾਰਤ ਪਾਕਿਸਤਾਨ ਦੂਰ ਸੀ....ਹੋਰ ਦੂਰ ਹੋ ਗਏ.....ਵਾਹਗਾ ਸਰਹੱਦ ਉਪਰ ਦੋਨਾਂ ਦੇਸ਼ਾਂ ਦੇ ਫੌਜੀ ਇਕ ਦੂਜੇ ਨੂੰ ਨਕਲੀ ਘੂਰੀਆਂ ਵੱਟ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ....

ਆਮਿਰ ਵਰਗੇ ਕਈ ਜਣੇ ਇਸ ਉਮੀਦ ਨਾਲ ਇਸ ਸਰਹੱਦ ਉਪਰ ਪੁੱਜਦੇ ਸੀ ਕਿ ਸ਼ਾਇਦ ਉਸ ਪਾਰ ਕੋਈ ਆਪਣਾ ਨਜ਼ਰ ਆ ਜਾਵੇ....

" ਨਜ਼ਰ ਆਂਦਾ ਵੀ ਹੋਵੇਗਾ ਤਾਂ ਮੈਂ ਕਿਸੇ ਨੂੰ ਵੀ ਕਿਵੇਂ ਪਛਾਣ ਲੈਣਾ...ਮੈਨੂੰ ਤਾਂ ਕਿਸੇ ਦੀ ਪਛਾਣ ਵੀ ਨਹੀਂ.....ਬਸ ਨਾਮ ਪਤਾ ਨੇ...ਤੇ ਪੁਰਾਣੀਆਂ ਫੋਟੋਆਂ ਦੇਖੀਆਂ ਨੇ...ਪਰ ਕੌਨ ਭਲਾ ਸਾਰੀ ਉਮਰ ਇਕੋ ਜਿਹਾ ਦਿਖਦਾ ਰਹਿੰਦਾ ਹੈ..." ਆਮਿਰ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ....

ਆਮਿਰ ਦਾ ਵੀ ਨਿਕਾਹ ਹੋ ਗਿਆ.....ਪਰ ਉਸਦੇ ਦਿਲ ਅੰਦਰ ਆਪਣੇ ਵੱਡੇ ਅੱਬੂ ਦੇ ਭਰਾਵਾਂ ਨੂੰ ਲੱਭਣ ਦੀ ਚਾਹ ਕਦੀ ਨਾ ਮੁੱਕੀ....
" ਆਮਿਰ....ਇਹ ਤੇਰੀ ਈਦੀ " ਆਫ਼ੀਆ ਨੇ ਆਮਿਰ ਦੇ ਹੱਥ ਚ ਇਕ ਡੱਬਾ ਫੜਾਇਆ....

" ਹੁਣ ਮੈਂ ਵੱਡਾ ਹੋ ਗਿਆ ਹਾਂ...ਤੂੰ ਹਾਲੇ ਵੀ ਮੇਰੇ ਲਈ ਏਦਾਂ ਤੋਹਫੇ ਚੱਕੀ ਲਿਆਂਦੀ ਏਂ ਜਿਵੇਂ ਮੈਂ ਨਿੱਕਾ ਨਿਆਣਾ ਹੋਵਾਂ " ਆਮਿਰ ਹੱਸ ਕੇ ਬੋਲਿਆ...

" ਮੇਰੇ ਲਈ ਤੂੰ ਅਜੇ ਵੀ ਨਿੱਕਾ ਹੀ ਏਂ....ਤੇ ਇਹ ਮੋਬਾਈਲ ਹੈ..." ਆਫ਼ੀਆ ਵੀ ਹੱਸੀ...

" ਪਰ ਮੋਬਾਈਲ ਤਾਂ ਮੇਰੇ ਕੋਲ ਹੈ...ਇਸਦੀ ਕੀ ਲੋੜ ਸੀ...ਤੂੰ ਨਾ ਏਵੀਂ ਪੈਸੇ ਬਰਬਾਦ ਕੀਤੇ " ਆਮਿਰ ਡੱਬੇ ਨੂੰ ਹੱਥ ਚ ਘੁਮਾਉਂਦਾ ਬੋਲਿਆ...

" ਤੇਰਾ ਮੋਬਾਈਲ ਦੇਖਿਆ ਏ ਮੈਂ...ਜਮੈਂਟਰੀ ਬਾਕਸ ਵਰਗਾ...ਆ ਵਾਲਾ ਤੇਰੇ ਮੋਬਾਈਲ ਵਰਗਾ ਨਹੀਂ ਹੈ...ਖੋਲ੍ਹ ਕੇ ਤਾਂ ਵੇਖ.." ਆਫ਼ੀਆ ਨਕਲੀ ਗੁੱਸਾ ਦਿਖਉਂਦੀ ਬੋਲੀ....

ਆਮਿਰ ਨੇ ਡੱਬਾ ਖੋਲਿਆ.....

" ਇਹਦੇ ਤਾਂ ਕੋਈ ਬਟਨ ਹੀ ਨਹੀਂ...." ਆਮਿਰ ਹੈਰਾਨ ਹੋ ਕੇ ਬੋਲਿਆ....

" ਕਿਹਾ ਸੀ ਨਾ...ਇਹ ਤੇਰੇ ਮੋਬਾਈਲ ਵਰਗਾ ਨਹੀਂ....ਇਹ ਟੱਚ ਸਕਰੀਨ ਹੈ...ਇਸਦੇ ਬਟਨ ਨਹੀਂ ਹੁੰਦੇ...ਸਕਰੀਨ ਉਪਰ ਹੀ ਉਂਗਲਾਂ ਮਾਰ ਕੇ ਚਲਾਣਾ ਪੈਂਦਾ ਹੈ " ਆਫ਼ੀਆ ਉਸਨੂੰ ਸਮਝਾਉਣ ਲੱਗੀ...

ਆਮਿਰ ਨੇ ਮੋਬਾਈਲ ਦੀ ਸਕਰੀਨ ਉਪਰ ਉਂਗਲੀਆਂ ਘੁੰਮਾ ਕੇ ਵੱਖਰਾ ਹੀ ਮਜ਼ਾ ਆਉਣ ਲੱਗਾ....

ਕੁਛ ਦਿਨ ਤਾਂ ਉਹ ਬਾਕੀ ਦੁਨੀਆਂ ਨੂੰ ਭੁੱਲ ਹੀ ਗਿਆ ਸੀ....ਮੋਬਾਈਲ ਚ ਗੇਮਾਂ ਖੇਡ ਖੇਡ ਉਹ ਥੱਕਦਾ ਨਹੀਂ ਸੀ....

.....


" ਫੇਸਬੁਕ ਹੈ ਇਹ....ਏਦੇ ਨਾਲ ਨਾ ਪੰਗਾ ਲਵੀਂ..."

ਮੈਂਡੀ ਨੇ ਆਪਣੇ ਘਰਵਾਲੇ ਦੇ ਮੋਬਾਈਲ ਨੂੰ ਹੱਥਾਂ ਚ ਫਡ਼ਿਆ ਸੀ ਜਦੋਂ ਉਸਨੂੰ ਇਹ ਸਭ ਸੁਣਨ ਨੂੰ ਮਿਲਿਆ....

ਮੈਂਡੀ ਤੇ ਕਿਸੇ ਚੀਜ਼ ਦੀ ਤੈਅ ਵਿਚ ਨਾ ਜਾਵੇ....ਇਹ ਭਲਾ ਕਿਦਾਂ ਹੋ ਸਕਦਾ ਸੀ....ਉਸਨੇ ਆਪਣੇ ਹਸਬੈਂਡ ਦੀ ਫੇਸਬੁਕ ਖੋਲੀ....ਤੇ ਸਾਈਕਲ ਦੇ ਪੈਡਲ ਮਾਰਨ ਵਾਲੀ ਮੈਂਡੀ ਹੁਣ ਮੋਬਾਈਲ ਚ ਉਂਗਲਾਂ ਮਾਰ ਰਹੀ ਸੀ....

" ਤੈਨੂੰ ਕਿਹਾ ਨਾ....ਇਹ ਮੇਰੀ ਆਈ ਡੀ ਹੈ....ਜਿਆਦਾ ਹੀ ਸ਼ੋਂਕ ਹੈ ਤਾਂ ਆਪਦੀ ਬਣਾ ਲੈ " ਮੈਂਡੀ ਦਾ ਹਸਬੈਂਡ ਖਿਝ ਕੇ ਬੋਲਿਆ....

ਮੈਂਡੀ ਨੇ ਆਪਣੇ ਹਸਬੈਂਡ ਵੱਲ ਦੇਖਿਆ....

" ਮ...ਮੇਰਾ ਮਤਲਬ ਸੀ ਕਿ ਮੈਂ ਤੈਨੂੰ ਤੇਰੀ ਆਈ ਡੀ ਬਣਾ ਦਿੰਦਾ ਹਾਂ...ਦੇ ਬਣਾ ਦਵਾਂ " ਮੈਂਡੀ ਦੇ ਹਸਬੈਂਡ ਨੇ ਫਟਾਫਟ ਗੱਲ ਬਦਲੀ...

ਮੈਂਡੀ ਨੇ ਆਪਣੇ ਹਸਬੈਂਡ ਨੂੰ ਘੂਰਦੇ ਹੋਏ ਮੋਬਾਈਲ ਉਸਦੇ ਹੱਥਾਂ ਚ ਫੜਾਇਆ....

......



ਆਮਿਰ ਨੇ ਫੇਸਬੁਕ ਚ ਆਪਣਾ ਖਾਤਾ ਬਣਾਇਆ....ਤੇ ਫੇਰ ਜਿਵੇਂ ਸਾਰੀ ਦੁਨੀਆਂ ਉਸਦੀਆਂ ਅੱਖਾਂ ਸਾਹਮਣੇ ਸੀ....

" ਅੱਲ੍ਹਾ....ਤੌਬਾ....ਇਹ ਤਾਂ ਬਿਨਾਂ ਵੀਜ਼ੇ ਦੇ ਦੁਨੀਆਂ ਦੀ ਸੈਰ ਹੈ " ਆਮਿਰ ਫੇਸਬੁਕ ਦੇਖ ਕੇ ਹੈਰਾਨ ਹੋ ਗਿਆ ਸੀ....

.....


" ਮੈਂਡੀ....ਤੂੰ ਫੇਰ ਫੇਸਬੁਕ ਉਪਰ ਖਾਤਾ ਨਹੀਂ ਬਣਾਇਆ...? " ਮੈਂਡੀ ਦਾ ਹਸਬੈਂਡ ਆਪਣੀ ਫੇਸਬੁਕ ਚਲਾਉਂਦਾ ਬੋਲਿਆ...

" ਬਣਿਆ ਤਾਂ ਹੋਇਆ ਹੈ..ਤੁਸੀਂ ਹੀ ਬਣਾ ਕੇ ਦਿੱਤਾ ਸੀ...ਭੁਲ ਗਏ ? " ਮੈਂਡੀ ਚਾਹ ਨੂੰ ਉਬਾਲਾ ਦਿੰਦੇ ਬੋਲੀ..

"ਪਰ ਤੇਰੀ ਆਈ ਡੀ ਦਿਖਦੀ ਨਹੀਂ ਪਈ...."

" ਕਿਉਂਕਿ ਤੁਸੀਂ ਬਲੌਕ ਹੋ " ਮੈਂਡੀ ਹੱਸ ਕੇ ਬੋਲੀ....

ਉਸਦੇ ਹਸਬੈਂਡ ਨੇ ਕੁਛ ਬੋਲਣ ਲਈ ਮੂੰਹ ਖੋਲਿਆ...ਪਰ ਉਸਦੇ ਦਿਮਾਗ ਨੇ ਉਸਨੂੰ ਚੁੱਪ ਹੀ ਰਹਿਣ ਦਾ ਇਸ਼ਾਰਾ ਕੀਤਾ....

......


ਬੱਦਲਾਂ ਦੇ ਜ਼ੋਰ ਨਾਲ ਗਰਜ਼ਣ ਦੀ ਆਵਾਜ਼ ਆਈ...ਤੇ ਮੀਂਹ ਸ਼ੁਰੂ ਹੋ ਗਿਆ...


" ਜੈਨਬ...ਓ ਜੈਨਬ " ਆਮਿਰ ਨੇ ਬਾਰੀ ਨੂੰ ਖੋਲਦੇ ਹੋਏ ਆਪਣੀ ਬੇਗਮ ਨੂੰ ਆਵਾਜ਼ ਮਾਰੀ...

" ਹਾਂਜੀ ਦਸੋ...ਲੈ ਆ ਕੀ...ਏਨਾ ਮੀਂਹ ਹੈ ਤੁਸੀਂ ਬਾਰੀਆਂ ਖੋਲੀ ਬੈਠੇ ਹੋ..." ਜੈਨਬ ਬਾਰੀ ਨੂੰ ਵਾਪਸ ਬੰਦ ਕਰਦੀ ਬੋਲੀ...

" ਮਸੀਂ ਮਸੀਂ ਮੀਂਹ ਪੈਂਦਾ ਹੈ...ਤੇ ਆਪਾਂ ਇਹਦੇ ਕੋਲੋਂ ਵੀ ਲੁਕਦੇ ਫਿਰਦੇ ਹਾਂ " ਆਮਿਰ ਆਪਣੀ ਜੇਬ ਚੋਂ ਮੋਬਾਈਲ ਬਾਹਰ ਕੱਢਦਾ ਬੋਲਿਆ...

" ਮੀਂਹ ਤੋਂ ਲੁਕਣ ਦਾ ਤਾਂ ਪਤਾ ਨਹੀਂ...ਪਰ ਤੁਸੀਂ ਅੱਜ ਕਲ੍ਹ ਮੇਰੇ ਤੋਂ ਜਰੂਰ ਲੁਕਦੇ ਫਿਰਦੇ ਹੋ...ਜਦੋਂ ਦਾ ਬਾਜੀ ਇਹ ਖਸਮਾ ਨੂੰ ਖਾਣਾ ਮੋਬਾਇਲ ਦੇ ਕੇ ਗਈ ਹੈ...ਤੁਸੀਂ ਇਸਦੇ ਦੁਆਲੇ ਹੀ ਰਹਿੰਦੇ ਹੋ...ਮੈਨੂੰ ਤਾਂ ਵੇਖਦੇ ਵੀ ਨਹੀਂ ਹੋ.." ਜੈਨਬ ਗੁੱਸੇ ਚ ਬੋਲੀ...

" ਏਧਰ ਆ...ਤੈਨੂੰ ਫੇਸਬੁਕ ਦਿਖਾਵਾਂ...ਆਜਾ...ਆ ਬੈਠ ਕੋਲ " ਆਮਿਰ ਨੇ ਮੋਬਾਈਲ ਚ ਫੇਸਬੁਕ ਖੋਲੀ...

" ਇਹ ਕਿੰਨਾ ਦੀਆਂ ਫੋਟੋਆਂ ਨੇ ? " ਜੈਨਬ ਮੋਬਾਈਲ ਸਕਰੀਨ ਵੱਲ ਦੇਖ ਕੇ ਬੋਲੀ...

" ਇਹ ਮੇਰੇ ਫੇਸਬੁਕ ਦੋਸਤਾਂ ਦੇ ਅੱਗੋਂ ਦੋਸਤ ਨੇ...ਫੇਸਬੁਕ ਆਖਦੀ ਹੈ ਕਿ ਏਨਾ ਨੂੰ ਵੀ ਦੋਸਤੀ ਦਾ ਸੁਨੇਹਾ ਭੇਜ ਸਕਦੇ ਹੋ " ਆਮਿਰ ਫਰੈਂਡ ਸਜੈਸ਼ਨ ਦੇਖਦਾ ਬੋਲਿਆ...

" ਆ ਪਗੜੀ ਵਾਲੇ ਸਰਦਾਰ ਜੀ ਕੌਨ ਨੇ ? " ਜੈਨਬ ਸਕਰੀਨ ਵੱਲ ਇਸ਼ਾਰਾ ਕਰਕੇ ਬੋਲੀ....

ਆਮਿਰ ਦੀ ਵੀ ਨਜ਼ਰ ਪਈ....ਵਾਕਿਆ ਇਹ ਇਹ ਕਿਸੇ ਸਰਦਾਰ ਦੀ ਫੋਟੋ ਸੀ....ਆਮਿਰ ਦਾ ਦਿਲ ਜ਼ੋਰ ਨਾਲ ਧੜਕਿਆ.....

ਆਮਿਰ ਨੇ ਉਸਦੀ ਫੋਟੋ ਤੇ ਕਲਿੱਕ ਕੀਤਾ...ਤਾਂ ਸਰਦਾਰ ਬੰਦੇ ਦੀ ਟਾਈਮਲਾਈਨ ਖੁਲ ਗਈ....

ਆਮਿਰ ਦਾ ਦਿਲ ਹੋਰ ਜੋਰ ਨਾਲ ਧੜਕਣ ਲਗਿਆ ਸੀ....ਕਿੰਨੇ ਹੀ ਸਰਦਾਰ ਉਸਨੂੰ ਨਜ਼ਰ ਆ ਰਹੇ ਸੀ....

" ਜੈ...ਨਬ...." ਆਮਿਰ ਦੇ ਮੂੰਹੋਂ ਨਿਕਲਿਆ...

" ਕੀ ਹੋਇਆ...ਏਦਾਂ ਸਾਹੋ ਸਾਹੀ ਹੋਏ ਕਿਉਂ ਲੱਗ ਰਹੇ ਹੋ "

" ਤੈਨੂੰ ਪਤਾ ਏ...ਮੇਰੇ ਵੱਡੇ ਅੱਬੂ ਦੇ ਭਰਾ ਵੀ ਸਰਦਾਰ ਨੇ...ਜੋ ਏਦਾਂ ਹੀ ਪਗੜੀ ਬਣਦੇ ਹੋਣਗੇ...ਹਿੰਦੋਸਤਾਨ ਚ ਰਹਿੰਦੇ ਨੇ..." ਆਮਿਰ ਕਿਸੇ ਹੋਰ ਹੀ ਦੁਨੀਆਂ ਚ ਗੁਆਚਾ ਬੋਲਿਆ...

" ਹਾਂਜੀ ਤੁਸੀਂ ਦਸਿਆ ਸੀ ਅੱਗੇ ਵੀ...ਪਰ ਓਹ ਭਲਾ ਕਿਦਾਂ ਲੱਭ ਪੈਣਗੇ...ਜਿਵੇਂ ਸਾਡੇ ਅੱਬਾ ਜੀ ਜੰਨਤ ਨਸ਼ੀਨ ਹੋ ਗਏ ਨੇ...ਪਤਾ ਨਹੀਂ ਉਣਾ ਦੇ ਭਰਾ ਵੀ ਹੋਣਗੇ ਕਿ ਨਹੀਂ..."

ਆਮਿਰ ਨੇ ਜੈਨਬ ਦੀ ਗੱਲ ਉਪਰ ਗੌਰ ਕੀਤਾ....ਉਹ ਸਹੀ ਬੋਲ ਰਹੀ ਸੀ....ਫੇਸਬੁਕ ਤੇ ਵੱਡੇ ਅੱਬੂ ਦੇ ਭਰਾਵਾਂ ਨੂੰ ਲੱਭਣਾ ਮੁਮਕਿਨ ਨਹੀਂ ਸੀ ਜਾਪਦਾ....ਪਰ ਜਿਵੇਂ ਅੱਜ ਉਹ ਫੇਸਬੁਕ ਉਪਰ ਹੈ...ਏਦਾਂ ਅੱਬੂ ਦੇ ਭਰਾਵਾਂ ਦੇ ਬੱਚੇ ਵੀ ਜਰੂਰ ਹੋਣਗੇ....

" ਪਟਿਆਲਾ " ਆਮਿਰ ਨੇ ਫੇਸਬੁਕ ਚ ਜਾ ਕੇ ਸਰਚ ਆਪਸ਼ਨ ਤੇ ਭਰਿਆ...ਤੇ ਸਰਚ ਕਰਨੀ ਸ਼ੁਰੂ ਕਰਤੀ...

ਕਿੰਨੇ ਹੀ ਸਰਦਾਰਾਂ ਦੀਆਂ ਫੋਟੋਆਂ ਖੁਲ ਗਈਆਂ ਜਿੰਨਾ ਦਾ ਹੋਮ ਟਾਊਨ ਪਟਿਆਲਾ ਲਿਖਿਆ ਆ ਰਿਹਾ ਸੀ....ਆਮਿਰ ਨੇ ਹਰ ਜਣੇ ਨੂੰ ਫਰੈਂਡ ਰਿਕੁਐਸਟ ਭੇਜਣੀ ਸ਼ੁਰੂ ਕਰਤੀ.....

......


ਮੈਂਡੀ ਦਾ ਮਨ ਫੇਸਬੁਕ ਤੋਂ ਜਲਦੀ ਹੀ ਖੱਟਾ ਹੋ ਗਿਆ....ਜਣਾ ਖਣਾ ਉਸਨੂੰ ਬੇਨਤੀਆਂ ਭੇਜਣ ਲੱਗਾ ਸੀ...ਹਾਲਾਂਕਿ ਉਸਨੇ ਆਪਣੀ ਫੋਟੋ ਨਹੀਂ ਸੀ ਲਗਾਈ....ਆਪਣਾ ਨਾਮ ਵੀ ਮੈਂਡੀ ਸਿੰਘ ਲਿਖਿਆ ਸੀ....ਪਰ ਲੋਕ ਕਿਥੇ ਜਿਉਣ ਦਿੰਦੇ ਸੀ...ਲੋਕ ਮੈਸਜ ਕਰਨੋਂ ਨਾ ਹੱਟਦੇ...ਤੇ ਮੈਂਡੀ ਕੋਲ ਹੁਣ ਉਹਨਾਂ ਨੂੰ ਕੱਢਣ ਲਈ ਗਾਲਾਂ ਖਤਮ ਹੋ ਚੁੱਕੀਆਂ ਸੀ....

" ਚੰਗੇ ਲੋਕ ਵੀ ਹੁੰਦੇ ਹੋਣਗੇ ਇਥੇ ਕਿ ਸਾਰੇ ਆਹੀ ਨੇ ਬੇਕਾਰ ਜਿਹੇ " ਮੈਂਡੀ ਖਿਝ ਕੇ ਬੋਲੀ....

ਪਰ ਇਕੱਲੀ ਬੈਠੀ ਨੂੰ ਭਲਾ ਕੌਣ ਸੁਣਦਾ.....

ਮੈਂਡੀ ਨੇ ਉਹਨਾਂ ਸਾਰਿਆਂ ਨੂੰ ਬਲਾਕ ਕਰਨਾ ਸ਼ੁਰੂ ਕਰਤਾ ਜੋ ਫਾਲਤੂ ਚ ਹੀ ਐਡ ਹੋਏ ਬੈਠੇ ਸੀ....

" ਜਿਹੜੇ ਮੁੰਡੇ ਸਕੂਟਰ ਚਲਾ ਕੇ ਗੇੜੀਆਂ ਮਾਰਦੇ ਸੀ...ਹੁਣ ਫੇਸਬੁਕ ਚਲਾਈ ਜਾਂਦੇ ਨੇ...ਪਰ ਕੰਮ ਓਹੀ ਨੇ ਏਨਾ ਦੇ..ਗੇੜੀਆਂ ਵਾਲੇ ਹੀ "

ਮੈਂਡੀ ਨੇ ਮੋਬਾਈਲ ਇਕ ਪਾਸੇ ਰਖਿਆ....ਤੇ ਅੱਖਾਂ ਬੰਦ ਕਰ ਲਈਆਂ....ਤੇਜ਼ ਪੈਂਦੇ ਮੀਂਹ ਦੀ ਆਵਾਜ਼ ਨੇ ਉਸਦੇ ਦਿਲ ਦਿਮਾਗ ਨੂੰ ਸ਼ਾਂਤੀ ਨਾਲ ਭਰ ਦਿੱਤਾ ਸੀ....ਉਸਦੀਆਂ ਅੱਖਾਂ ਆਪ ਮੁਹਾਰੇ ਬੰਦ ਹੋ ਗਈਆਂ....
......


ਆਮਿਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ...ਪਟਿਆਲਾ ਦੇ ਕਾਫ਼ੀ ਸਾਰੇ ਸਰਦਾਰ ਬੰਦਿਆਂ ਨੇ ਉਸਦੀ ਦੋਸਤੀ ਵਾਲੀ ਬੇਨਤੀ ਮਨਜ਼ੂਰ ਕਰ ਲਈ ਸੀ....

" ਸਤਿ ਸ੍ਰੀ ਅਕਾਲ ਸਰਦਾਰ ਜੀ " ਉਸਨੇ ਮਸੰਜਰ ਚ ਜਾ ਕੇ ਮੈਸਜ ਟਾਈਪ ਕੀਤਾ...ਤੇ ਧੜਕਦੇ ਦਿਲ ਨਾਲ ਸੈਂਡ ਉਪਰ ਜਾ ਕੇ ਕਲਿੱਕ ਕੀਤਾ....

ਉਸਦਾ ਪਹਿਲਾ ਸੁਨੇਹਾ ਹਿੰਦੁਸਤਾਨ ਦੀ ਜ਼ਮੀਨ ਤੇ ਵਸਦੇ ਕਿਸੇ ਸਰਦਾਰ ਕੋਲ ਜਾ ਪੁੱਜਾ ਸੀ.....

" ਤੁਹਾਨੂੰ ਇਹ ਸਤਿ ਸ੍ਰੀ ਅਕਾਲ ਕਿਸਨੇ ਸਿਖਾਇਆ...? " ਜੈਨਬ ਹੈਰਾਨ ਹੋ ਕੇ ਉਸਦੇ ਭੇਜੇ ਸੁਨੇਹੇ ਨੂੰ ਪੜ੍ਹ ਕੇ ਬੋਲੀ..

" ਵੱਡੇ ਅੱਬੂ ਨੇ " ਆਮਿਰ ਦੀਆਂ ਅੱਖਾਂ ਅੱਗੇ ਮੁਰਾਦ ਦਾ ਚਿਹਰਾ ਘੁੰਮ ਗਿਆ ਸੀ....

" ਕੌਨ ਜੀ ? "

ਮੈਸਜ ਦਾ ਜੁਆਬ ਆ ਚੁੱਕਾ ਸੀ....

" ਮੈਂ ਆਮਿਰ ਪਾਕਿਸਤਾਨ ਤੋਂ ਜੀ " ਆਮਿਰ ਨੇ ਜਲਦੀ ਨਾਲ ਜੁਆਬ ਭੇਜਿਆ...

ਆਮਿਰ ਉਡੀਕਦਾ ਰਿਹਾ....ਪਰ ਅੱਗੋਂ ਕੋਈ ਜੁਆਬ ਨਾ ਆਇਆ....

ਆਮਿਰ ਨੇ ਦੁਬਾਰਾ ਮੈਸਜ ਭੇਜਣ ਦੀ ਕੋਸ਼ਿਸ਼ ਕੀਤੀ...ਪਰ ਸਰਦਾਰ ਜੀ ਉਸਨੂੰ ਬਲੌਕ ਕਰਕੇ ਜਾ ਚੁੱਕੇ ਸੀ....

ਆਮਿਰ ਨੇ ਏਦਾਂ ਦੇ ਮੈਸਜ ਸਭ ਨੂੰ ਭੇਜੇ...ਪਰ ਕਿਸੇ ਨੇ ਜੁਆਬ ਨਾ ਦਿੱਤਾ...ਜਿਸਨੇ ਦਿੱਤਾ ਵੀ ਉਸਨੇ ਪਾਕਿਸਤਾਨ ਦਾ ਨਾਮ ਸੁਣਦੇ ਹੀ ਉਸਨੂੰ ਜਾਂ ਤਾਂ ਦੋਸਤੀ ਦੀ ਲਿਸਟ ਤੋਂ ਹਟਾ ਦਿੱਤਾ...ਜਾਂ ਬਲੌਕ ਹੀ ਕਰ ਦਿੱਤਾ...

ਆਮਿਰ ਦਾ ਮਨ ਖਰਾਬ ਹੋ ਗਿਆ ਸੀ....ਪਰ ਉਸਨੇ ਹਿੰਮਤ ਨਾ ਹਾਰਨ ਦਾ ਇਰਾਦਾ ਬਣਾ ਲਿਆ ਸੀ....ਉਹ ਰੋਜ਼ ਜਿੰਨੇ ਵੀ ਸਰਦਾਰਾਂ ਨੂੰ ਦੋਸਤੀ ਦੀ ਬੇਨਤੀ ਭੇਜ ਸਕਦਾ ਸੀ ਭੇਜਦਾ ਰਿਹਾ....

ਆਖਰ ਇਕ ਦਿਨ ਇਕ ਸਰਦਾਰ ਬੰਦੇ ਨੇ ਉਸਦੀ ਗੱਲ ਸੁਣੀ...

" ਦੇਖੋ ਆਮਿਰ ਜੀ....ਜੇ ਤੁਹਾਡੇ ਕੋਲ ਆਪਣੇ ਏਧਰ ਆਏ ਰਿਸ਼ਤੇਦਾਰ ਦੀ ਕੋਈ ਫੋਟੋ ਹੈ ਤਾਂ ਭੇਜੋ...ਕੋਈ ਅਤਾ ਪਤਾ ਹੈ ਤਾਂ ਦਸ ਦਵੋ....ਮੈਂ ਦੇਖ ਲੈਂਦਾ ਹਾਂ ਜੇ ਕੁਛ ਹੋ ਸਕਦਾ ਹੈ ਤਾਂ " ਸਰਦਾਰ ਸ਼ਕਸ ਨੇ ਜੁਆਬ ਭੇਜਿਆ...

" ਫੋਟੋ ਤਾਂ ਨਹੀਂ ਹੈ...ਐਡਰੈੱਸ ਵੀ ਬਸ ਏਨਾ ਪਤਾ ਹੈ ਕਿ ਪਟਿਆਲਾ ਰਹਿੰਦੇ ਸੀ..." ਆਮਿਰ ਨੇ ਮੈਸਜ ਭੇਜਿਆ...
" ਚਲੋ ਆਪਾਂ ਕੱਲ ਨੂੰ ਏਥੇ ਦੇ ਦੁੱਖ ਨਿਵਾਰਨ ਸਾਹਬ ਗੁਰਦੁਆਰੇ ਚ ਅਨੋਉਂਸਮੇੰਟ ਕਰਵਾ ਦਿੰਦੇ ਹਾਂ...ਜੇ ਕੋਈ ਖਬਰ ਮਿਲੀ ਤਾਂ ਤੁਹਾਨੂੰ ਜਰੂਰ ਦੱਸਾਂਗੇ "

ਉਸ ਰਾਤ ਆਮਿਰ ਸੋਂ ਨਾ ਸਕਿਆ....ਉਸਨੂੰ ਆਹੀ ਲਗਦਾ ਰਿਹਾ ਕਿ ਕਿਸੇ ਵੇਲੇ ਵੀ ਉਸਨੂੰ ਅੱਬੂ ਦੇ ਭਰਾਵਾਂ ਦੀ ਖਬਰ ਮਿਲ ਜਾਣੀ ਹੈ...

ਪਰ ਉਸਦੇ ਪੱਲੇ ਇਕ ਵਾਰ ਫੇਰ ਨਿਰਾਸ਼ਾ ਪਈ....

" ਆਮਿਰ ਵੀਰ ਜੀ....ਆਪਾਂ ਕਲ੍ਹ ਸਵੇਰੇ ਸ਼ਾਮ ਦੋਨੋ ਵਾਰ ਅਨੋਉਂਸਮੇੰਟ ਕਰਵਾਈ...ਪੁੱਛਿਆ ਵੀ ਕਿ ਜੇ ਕੋਈ ਪਾਕਿਸਤਾਨ ਤੋਂ ਆਇਆ ਕੋਈ ਪਰਿਵਾਰ ਏਧਰ ਹੈ ਤਾਂ ਸੰਪਰਕ ਕਰੋ...ਪਰ ਅਜੇ ਤੱਕ ਕੋਈ ਰਿਸਪਾਂਸ ਨਹੀਂ ਜੇ ਆਇਆ...ਤੇ ਉਮੀਦ ਵੀ ਨਹੀਂ ਜਾਪਦੀ "

ਇਹ ਮੈਸਜ ਪੜ੍ਹ ਕੇ ਆਮਿਰ ਦਾ ਦਿਲ ਡੁੱਬ ਗਿਆ.....ਜੈਨਬ ਉਸਦੀ ਹਾਲਤ ਉਪਰ ਤਰਸ ਕਰਦੀ ਰਹੀ....ਪਰ ਓਹ ਵੀ ਕੀ ਕਰ ਸਕਦੀ ਸੀ.....

ਆਮਿਰ ਨੇ ਹੁਣ ਹਰ ਉਸ ਸ਼ਕਸ ਨੂੰ ਬੇਨਤੀ ਭੇਜਣੀ ਸ਼ੁਰੂ ਕਰ ਦਿੱਤੀ ਸੀ....ਜਿਸਦੇ ਨਾਮ ਨਾਲ ਸਿੰਘ ਲਗਿਆ ਹੁੰਦਾ ਸੀ....ਤੇ ਜਿਵੇਂ ਹੀ ਉਸਦੀ ਦੋਸਤੀ ਕਿਸੇ ਵਲੋਂ ਮਨਜ਼ੂਰ ਕੀਤੀ ਜਾਂਦੀ...ਉਹ ਉਹਨਾਂ ਨੂੰ ਮੈਸਜ ਕਰਕੇ ਆਪਣੀ ਕਹਾਣੀ ਸੁਣਾਉਣ ਲੱਗ ਜਾਂਦਾ ਸੀ....
ਪਰ ਕੋਈ ਵੀ ਉਸਦੀ ਗੱਲ ਨੂੰ ਜਿਆਦਾ ਤਵੱਜੋ ਨਹੀਂ ਸੀ ਦਿੰਦਾ...ਜੇ ਕੋਈ ਉਸਦੀ ਗੱਲ ਸੁਣ ਲੈਂਦਾ ਵੀ ਸੀ...ਉਸਨੂੰ ਵੀ ਕੋਈ ਰਾਹ ਨਹੀਂ ਸੀ ਪਤਾ ਲਗਦਾ ਕਿ ਏਦਾਂ ਕਿਦਾਂ ਕਿਸੀ ਨੂੰ ਲੱਭਿਆ ਜਾਵੇ....ਉਹ ਵੀ ਉਹਨਾਂ ਨੂੰ ਜਿੰਨਾ ਦੀ ਕੋਈ ਤਸਵੀਰ ਨਹੀਂ....ਕੋਈ ਐਡਰੈੱਸ ਨਹੀਂ...ਬਸ ਨਾਮ ਹੈ....ਇਕੱਲੇ ਨਾਮ ਦੇ ਆਸਰੇ ਕਿਸੇ ਨੂੰ ਕਿਵੇਂ ਲੱਭਿਆ ਜਾ ਸਕਦਾ ਸੀ ਏਨੇ ਵੱਡੇ ਮੁਲਕ ਚ....
" ਕੋਈ ਤੁਹਾਡੇ ਵਰਗਾ ਜ਼ਿਦ ਦਾ ਪੱਕਾ ਹੀ ਕੁਛ ਕਰ ਸਕਦਾ ਹੈ...ਉਦਾਂ ਮੁਸ਼ਕਲ ਹੀ ਹੈ " ਜੈਨਬ ਉਸਦੇ ਅੱਗੇ ਚਾਹ ਦਾ ਕੱਪ ਰੱਖਦੀ ਬੋਲੀ....

ਆਮਿਰ ਆਪਣੀ ਹੀ ਧੁੰਨ ਚ ਹਰੇਕ ' ਸਿੰਘ ' ਨੂੰ ਦੋਸਤੀ ਦੀ ਰਿਕੁਐਸਟ ਭੇਜਦਾ ਜਾ ਰਿਹਾ ਸੀ....

......


" ਆਮਿਰ ਫਰੋਮ ਪਾਕਿਸਤਾਨ "

ਮੈਂਡੀ ਨੇ ਫੇਸਬੁਕ ਚ ਆਈਆਂ ਹੋਈਆਂ ਬੇਨਤੀਆਂ ਦੇਖਦੇ ਹੋਏ ਨਾਮ ਪੜ੍ਹਿਆ....

ਮੈਂਡੀ ਨੇ ਆਮਿਰ ਦੀ ਟਾਈਮਲਾਈਨ ਦੇਖੀ....

" ਬੰਦਾ ਜੇਨੂਅਨ ਹੀ ਜਾਪਦਾ ਹੈ..." ਮੈਂਡੀ ਨੇ ਆਪਣੇ ਆਪ ਨੂੰ ਆਖਿਆ...ਤੇ ਉਸਦੀ ਦੋਸਤੀ ਦੀ ਬੇਨਤੀ ਮਨਜ਼ੂਰ ਕਰਨ ਦਾ ਬਟਨ ਦਬਾਇਆ....

ਅਗਲੇ ਹੀ ਪਲ ਆਮਿਰ ਦਾ ਮੈਸਜ ਆਇਆ ਹੋਇਆ ਸੀ....

" ਸਤਿ ਸ੍ਰੀ ਅਕਾਲ ਜੀ...ਮੈਂ ਆਮਿਰ ਪਾਕਿਸਤਾਨ ਤੋਂ ਹਾਂ ਤੇ ਆਪਣੇ ਵੱਡੇ ਅੱਬੂ ਦੇ ਉਹਨਾਂ ਭਰਾਵਾਂ ਨੂੰ ਲਭਦਾ ਫਿਰ ਰਿਹਾ ਹਾਂ ਜੋ 1947 ਚ ਪਾਕਿਸਤਾਨ ਤੋਂ ਹਿੰਦੋਸਤਾਨ ਆ ਗਏ ਸੀ...ਇਕ ਸਰਦਾਰ ਪ੍ਰੀਤਮ ਸਿੰਘ ਜੀ ਸੀ....ਤੇ ਇਕ ਸਰਦਾਰ ਗਰਜ਼ਾ ਸਿੰਘ ਜੀ ਸੀ...ਕੀ ਤੁਸੀਂ ਮੇਰੀ ਹੈਲਪ ਕਰੋਗੇ ਕਿ ਮੈਂ ਉਹਨਾਂ ਨੂੰ ਲੱਭ ਸਕਾਂ ? "

ਮੈਂਡੀ ਨੇ ਆਹੀ ਮੈਸਜ ਦੋ ਕੁ ਵਾਰ ਪੜ੍ਹਿਆ....

" ਬੇਵਕੂਫ ਬੰਦਾ " ਮੈਂਡੀ ਨੇ ਮਨ ਹੀ ਮਨ ਆਖਿਆ....ਤੇ ਮੈਸਜ ਡਲੀਟ ਦਾ ਬਟਨ ਕਲਿੱਕ ਕਰਿਆ....


( ਬਾਕੀ ਅਗਲੀ ਪੋਸਟ ਚ ) - ਹਰਪਾਲ ਸਿੰਘ

harpal1980.singh@gmail.com