HOTEL MUMBAI ( MOVIE REVIEW )

Director : Anthony Maras

Cast : Dev Patel , Nazanin Boniadi , Amandeep Singh , Anupam kher , jason Isacs , Armie Hammer 

Review : Harpal Singh


ਮੁੰਬਈ ਤੇ ਜੋ ਅਤਵਾਦੀ ਹਮਲਾ 2008 ਚ ਹੋਇਆ ਸੀ ਉਸਦੇ ਉਪਰ ਇਸ ਤੋਂ ਪਹਿਲਾਂ ਵੀ ਦੋ ਫ਼ਿਲਮਾਂ ਆ ਚੁੱਕੀਆਂ ਨੇ ਜਿੰਨਾ ਨੂੰ ਮੈਂ ਦੇਖ ਨਹੀਂ ਸਕਿਆ....ਇਹ ਵਾਲੀ ਪਹਿਲੀ ਫ਼ਿਲਮ ਸੀ ਇਸ ਵਿਸ਼ੇ ਤੇ ਬਣੀ ਜਿਸਨੂੰ ਮੈਂ ਸਿਨੇਮਾ ਦੇ ਪਰਦੇ ਤੇ ਦੇਖ ਰਿਹਾ ਸੀ...
ਫਿਲਮ ਦੀ ਸ਼ੁਰੂਆਤ ਚ ਜਿਆਦਾ ਭੂਮਿਕਾ ਬਣਾਉਣ ਚ ਸਮਾਂ ਨਹੀਂ ਬਰਬਾਦ ਕੀਤਾ ਗਿਆ....ਤੇ ਕਹਾਣੀ ਝੱਟ ਹੀ ਰਫਤਾਰ ਫੜ ਲੈਂਦੀ ਹੈ...


ਇਸ ਫ਼ਿਲਮ ਦੇ ਜਿਵੇਂ ਕਿ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਇਹ ਫ਼ਿਲਮ ਹੋਟਲ ਤਾਜ਼ ਉਪਰ ਹੋਏ ਹਮਲੇ ਨੂੰ ਹੀ ਕੇਂਦਰ ਚ ਰੱਖ ਕੇ ਚਲਦੀ ਹੈ ਤੇ ਬਾਕੀ ਮੁੰਬਈ ਚ ਹੋਏ ਹਮਲਿਆਂ ਬਾਰੇ ਬਸ ਗੱਲਬਾਤ ਰਾਹੀਂ ਦਸਿਆ ਜਾਂਦਾ ਹੈ...

ਦੇਵ ਪਟੇਲ ਫਿਲਮ ਚ ਇਕ ਸਿੱਖ ਨੌਜਵਾਨ ਦੇ ਰੋਲ ਵਿਚ ਹੈ....ਉਸਦੇ ਡਾਇਲੋਗ ਜਿਸਦੇ ਵਿਚ ਉਹ ਇਕ ਅੰਗਰੇਜ਼ ਔਰਤ ਨੂੰ ਆਪਣੇ ਸਿੱਖ ਹੋਣ ਬਾਰੇ ਦੱਸਦਾ ਹੈ...ਕਿਉਂਕਿ ਉਹ ਉਸਦੀ ਪੱਗ ਨੂੰ ਦੇਖ ਕੇ ਡਰ ਰਹੀ ਹੁੰਦੀ ਹੈ...ਦੇਵ ਉਸਨੂੰ ਬੋਲਦਾ ਹੈ -

" ਇਹ ਮੇਰੀ ਪੱਗ ਹੈ...ਜੇ ਇਹ ਮੇਰੇ ਸਿਰ ਤੇ ਨਹੀਂ ਹੋਵੇਗੀ ਤਾਂ ਇਹ ਮੇਰੇ ਅਤੇ ਮੇਰੇ ਘਰਦਿਆਂ ਦੇ ਲਈ ਬੇਜ਼ਤੀ ਦੀ ਗੱਲ ਹੋਵੇਗੀ...ਪਰ ਜੇ ਤੁਹਾਨੂੰ ਇਸਨੂੰ ਦੇਖ ਕੇ ਡਰ ਲਗ ਰਿਹਾ ਹੈ ਤਾਂ ਮੈਂ ਤੁਹਾਨੂੰ ਕਮਫਰਟੇਬਲ ਕਰਨ ਦੇ ਲਈ ਇਸਨੂੰ ਉਤਾਰ ਸਕਦਾ ਹਾਂ " 

ਔਰਤ ਉਸਦੀਆਂ ਗੱਲਾਂ ਸੁਣ ਕੇ ਰਿਲੇਕਸ ਹੋ ਜਾਂਦੀ ਹੈ...ਪਰ ਮੈਂ ਇਹ ਦ੍ਰਿਸ਼ ਦੇਖ ਕੇ ਸੋਚ ਰਿਹਾ ਸੀ ਕਿ ਆਪਾਂ ਅੰਗਰੇਜਾਂ ਨੂੰ ਜਾਂ ਹੋਰ ਵਿਦੇਸ਼ੀਆਂ ਨੂੰ ਕਿੰਨਾ ਮਾਡਰਨ ਜਾਂ ਅਗਾਂਹਵਧੂ ਸਮਝਦੇ ਹਾਂ ਪਰ ਅਸਲ ਚ ਕੀ ਇਹ ਵਾਕਿਆ ਹੀ ਅਗਾਂਵਾਧੂ ਨੇ ??...ਨਹੀਂ....ਇਹ ਇੰਝ ਦੇ ਨਹੀਂ ਨੇ...ਜੇ ਇੰਝ ਦੇ ਹੁੰਦੇ ਤਾਂ ਅਮਰੀਕਾ ਚ ਹੋਏ ਅਤਵਾਦੀ ਹਮਲਿਆਂ ਤੋਂ ਬਾਦ ਸਿਰਫ ਕਿਸੇ ਦਾ ਭੇਸ਼ ਦੇਖ ਕੇ ਹੀ ਉਸਦੇ ਉਪਰ ਹਮਲੇ ਨਾ ਕਰਦੇ....ਕੁਛ ਇਕ ਜਣਿਆਂ ਦੇ ਕਰਕੇ ਪੁਰੀ ਕਿਸੇ ਕੌਮ ਲਈ ਹੀ ਨਫਰਤ ਨਾਲ ਕਦੀ ਨਾ ਭਰਦੇ..



ਫਿਲਮ ਚ ਇਕ ਰਸ਼ੀਅਨ ਅਧਖੜ ਉਮਰ ਦਾ ਬੰਦਾ ਵੀ ਹੈ....ਜਿਹੜਾ ਕੁੜੀਆਂ ਦਾ ਸ਼ੌਕੀਨ ਹੈ....ਤੇ ਕਿਸੇ ਕੁੜੀ ਦੇ ਕੋਲ ਆਉਣ ਲਈ....ਉਸਦੇ ਕੋਲ ਰਹਿਣ ਲਈ ਉਹ ਮੌਤ ਨੂੰ ਵੀ ਗਲੇ ਲਗਾਉਣ ਨੂੰ ਤਿਆਰ ਰਹਿੰਦਾ ਹੈ....ਮੈਂ ਸਾਰੀ ਫਿਲਮ ਚ ਇਸ ਇਕ ਪਾਤਰ ਦੇ ਲਈ ਕਨਫਿਊਜ਼ ਹੀ ਰਿਹਾ ਹੈ ਕਿ ਇਹ ਕਿਸੇ ਔਰਤ ਦੀ ਮਦਦ ਕਰਨ ਦੇ ਲਈ ਉਸਦੇ ਨਾਲ ਹੈ ਜਾਂ ਸਿਰਫ ਆਪਣੇ ਠਰਕ ਨੂੰ ਪੂਰਾ ਕਰਨ ਦੇ ਲਈ ਉਸਦੇ ਨਾਲ ਹੈ...ਪਰ ਜੋ ਵੀ ਸੀ ਇਹ ਕਿਰਦਾਰ ਜੋ jason isac ਨੇ ਨਿਭਾਇਆ ਹੈ ਦਿਲਚਸਪ ਸੀ...


ਇਸ ਤਰ੍ਹਾਂ ਦੀਆਂ ਫ਼ਿਲਮਾਂ ਚ ਜਿਥੇ ਬਹੁਤ ਸਾਰੇ ਅਲੱਗ ਅਲੱਗ ਨਸਲਾਂ ਅਤੇ ਧਰਮ ਫਿਰਕਿਆਂ ਨਾਲ ਜੁੜੇ ਮਨੁੱਖ ਕਿਸੇ ਬਿਪਤਾ ਚ ਇਕੱਠੇ ਫੱਸ ਗਏ ਹੋਣ ਏਥੇ ਮਨੁੱਖੀ ਕਮਜ਼ੋਰੀਆਂ...ਇਮੋਸ਼ਨਸ ਨੂੰ ਦਿਖਾਉਣ ਦਾ ਬਹੁਤ ਸੋਹਣਾ ਮੌਕਾ ਹੁੰਦਾ ਹੈ...ਜਿਵੇਂ ਆਪਾਂ ਫਿਲਮ ਟਾਈਟੈਨਿਕ ਚ ਦੇਖਿਆ ਸੀ...ਹਿੰਦੀ ਫ਼ਿਲਮ ਕੇਦਾਰਨਾਥ ਚ ਵੀ ਏਨਾ ਇਮੋਸ਼ਨਲ ਭਾਵਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਪਰ ਇਸ ਵਾਲੀ ਫਿਲਮ ਚ ਇਸ ਪੱਖ ਤੋਂ ਨਿਰਾਸ਼ਾ ਮਿਲਦੀ ਹੈ....ਸਿਵਾਏ ਸਾਰੇ ਲੋਕ ਇਕ ਦੂਜੇ ਨਾਲ ਮਿਲ ਕੇ ਦੌੜਨ ਜਾਂ ਲੁਕਣ ਦੇ ਹੋਰ ਕਿਸੇ ਪਾਸਿਓਂ ਯਾਦ ਨਹੀਂ ਰਹਿ ਜਾਂਦੇ....


ਫਿਲਮ ਦਾ ਸਾਊਂਡ ਕਮਾਲ ਦਾ ਹੈ...ਗੋਲੀਆਂ ਦੀ ਆਵਾਜ਼ ਗੂੰਜਦੀ ਹੈ ਤਾਂ ਸ਼ਰੀਰ ਚ ਝੁਰਝੂਰੀ ਪੈਦਾ ਹੁੰਦੀ ਹੈ...ਪਰ ਅੱਤਵਾਦੀਆਂ ਤੋਂ ਲੁਕਣ ਲਈ ਦੌਡ਼ ਰਹੇ ਲੋਕ ਜਦੋਂ ਆਪਣੇ ਬੂਟਾਂ ਦੀ ਆਵਾਜ਼ ਕਰਦੇ ਨੇ ਤਾਂ ਹੈਰਾਨੀ ਹੁੰਦੀ ਹੈ ਕਿ ਏਨਾ ਨੇ ਆਪਣੇ ਬੂਟ ਉਤਾਰੇ ਕਿਉਂ ਨਹੀਂ....ਆਖਰ ਇਹ ਜ਼ਿੰਦਗੀ ਮੌਤ ਦਾ ਸਵਾਲ ਸੀ....ਤੇ ਜਦੋਂ ਕੋਈ ਬਿਨ੍ਹਾਂ ਆਵਾਜ਼ ਪੈਦਾ ਕਰੇ ਇਕ ਥਾਂ ਤੋਂ ਦੂਜੀ ਥਾਂ ਤੇ ਹੋਲੀ ਹੋਲੀ ਤੁਰ ਕੇ ਜਾ ਰਿਹਾ ਹੋਵੇ ਤਾਂ ਉਸਦੇ ਬੂਟ ਟੱਕ ਟੱਕ ਦੀ ਆਵਾਜ਼ ਪੈਦਾ ਕਰਨ ਤਾਂ ਅਜੀਬ ਲਗਦਾ ਹੈ...


ਫਿਲਮ ਚ ਅਤਵਾਦੀ ਬਣੇ ਮੁੰਡੇ ਬਹੁਤ ਭੋਲੇ ਦਿਖਾਏ ਗਏ ਨੇ....ਇਹ ਅਨਪੜ੍ਹ ਨੇ...ਏਨਾ ਨੂੰ ਨਹੀਂ ਪਤਾ ਕਿ ਇੰਗਲਿਸ਼ ਚ ਕਿਸੇ ਦਾ ਨਾਮ ਵੀ ਕਿਵੇਂ ਪੁੱਛਿਆ ਜਾਂਦਾ ਹੈ....ਇਕ ਦ੍ਰਿਸ਼ ਜਿਸਦੇ ਵਿਚ ਇਕ ਵਿਦੇਸ਼ੀ ਔਰਤ ਦੀ ਤਲਾਸ਼ੀ ਲੈਣ ਲਈ ਅਤਵਾਦੀ ਮੁੰਡੇ ਨੂੰ ਉਹਨਾਂ ਦਾ ਲੀਡਰ ਜੋ ਫੋਨ ਤੇ ਉਹਨਾਂ ਨੂੰ ਨਿਰਦੇਸ਼ ਦੇ ਰਿਹਾ ਹੈ ਆਖਦਾ ਹੈ ਕਿ ਉਹ ਕੁੜੀ ਦੀ ਬ੍ਰਾ ਚ ਹੱਥ ਪਾ ਕੇ ਚੈਕ ਕਰੇ ਕਿ ਕੁੜੀ ਨੇ ਉਥੇ ਕੋਈ ਡਾਕੂਮੈਂਟ ਤਾਂ ਨਹੀਂ ਲੁਕਾਇਆ....ਪਰ ਮੁੰਡਾ ਬੋਲਦਾ ਹੈ ਕਿ ਕਿਸੇ ਬੇਗਾਨੀ ਔਰਤ ਨੂੰ ਐਦਾਂ ਛੁਹਣਾ ਗੁਨਾਹ ਹੈ...ਪਰ ਆਹੀ ਮੁੰਡਾ ਆਪਣੇ ਲੀਡਰ ਦੇ ਆਖੇ ਅਣਗਿਣਤ ਲੋਕਾਂ ਨੂੰ ਕਤਲ ਕਰ ਰਿਹਾ ਹੁੰਦਾ ਹੈ ਪਰ ਉਸਦਾ ਦਿਮਾਗ ਸਿਰਫ ਉਸੇ ਗੁਨਾਹ ਨੂੰ ਗੁਨਾਹ ਮੰਨ ਰਿਹਾ ਹੁੰਦਾ ਹੈ ਜਿਸਨੂੰ ਕਰਨ ਲੱਗੇ ਉਸਦੀ ਆਪਣੀ ਸਮਝ ਉਸਦੇ ਨਾਲ ਹੁੰਦੀ ਹੈ....ਇਹ ਦ੍ਰਿਸ਼ ਬ੍ਰੇਨਵਾਸ਼ ਦੀ ਵੱਡੀ ਉਦਾਹਰਣ ਹੈ.....ਅਸੀਂ ਅਕਸਰ ਪਾਪ ਅਤੇ ਪੁੰਨ ਚੁਣਨ ਲੱਗੇ ਧਰਮ ਨੂੰ ਸਾਹਮਣੇ ਰੱਖ ਕੇ ਚਲਦੇ ਹਾਂ....ਧਰਮ ਜਿਸ ਕਰਮ ਨੂੰ ਬੁਰਾ ਬੋਲਦਾ ਹੈ ਸਾਡੇ ਲਈ ਓਹ੍ਹ ਬੁਰਾ ਹੈ...ਤੇ ਜੇ ਕਿਸੇ ਬੁਰੇ ਕੰਮ ਨੂੰ ਵੀ ਚੰਗਾ ਕਹਿ ਕੇ ਪ੍ਰਚਾਰਿਆ ਜਾਂਦਾ ਹੈ ਤਾਂ ਲੋਕ ਧਰਮ ਦੇ ਨਾਮ ਤੇ ਇਸ ਖਰਾਬ ਕੰਮ ਨੂੰ ਵੀ ਪੁੰਨ ਵਾਂਗ ਕਰਦੇ ਨੇ...ਕੁਝ ਉਦਾਹਰਨਾਂ...ਕਿਸੇ ਜਾਨਵਰ ਦੀ ਬਲੀ ਦੇਣਾ....ਤੇ ਆਪਣੇ ਧਰਮ ਨੂੰ ਨਾ ਮੰਨਣ ਵਾਲੇ ਹਰ ਦੂਜੇ ਇਨਸਾਨ ਨੂੰ ਨਫ਼ਰਤ ਦਾ ਪਾਤਰ ਸਮਝਣਾ...




ਇਹ ਫ਼ਿਲਮ ਆਪਣੇ ਅੰਤਲੇ ਕੁਛ ਮਿੰਟਾਂ ਚ ਬਹੁਤ ਕਾਹਲੀ ਚ ਖਤਮ ਕਰ ਦਿੱਤੀ ਜਾਪਦੀ ਹੈ....ਤੇ ਅੰਤ ਮਜ਼ਾ ਨਹੀਂ ਦਿੰਦਾ.....
ਫਿਲਮ ਦੇ ਆਖਰੀ ਲਮਹਿਆਂ ਚ ਆਇਆ ਗੀਤ ਚੰਬੇ ਦੀ ਬੂਟੀ ਬਹੁਤ ਸ਼ਾਨਦਾਰ ਨਿਭਿਆ ਹੈ....ਤੇ ਇਸ ਗੀਤ ਨੂੰ ਗਾਉਣ ਵਾਲਾ ਮੁੰਡਾ ਜੋ ਅਤਵਾਦੀ ਦੇ ਰੋਲ ਚ ਹੈ...ਮੈਨੂੰ ਲਗਦਾ ਹੈ ਮੈਂ ਇਸ ਮੁੰਡੇ ਨੂੰ ਨਿਜ਼ੀ ਤੌਰ ਤੇ ਜਾਣਦਾ ਹਾਂ ਜੋ ਅੰਮ੍ਰਿਤਸਰ ਚ ਥਿਏਟਰ ਕਰਦਾ ਰਿਹਾ ਹੈ...ਪਰ ਮੈਂ ਏਸਦਾ ਨਾਮ ਸ਼ਾਇਦ ਭੁਲ ਗਿਆ ਹਾਂ....ਦਿਨੇਸ਼ ਨਾਮ ਏਸਦਾ ਹੋ ਸਕਦਾ ਹੈ ਪਰ ਮੈਂ ਕਨਫ਼ਰਮ ਨਹੀਂ....ਪਰ ਇਸਦੀ ਬੋਲੀ ਲਾਹੌਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅੰਮ੍ਰਿਤਸਰ ਵਾਲ਼ੇ ਸਮਝ ਜਾਂਦੇ ਨੇ ਕਿ ਇਹ ਅਮ੍ਰਿਤਸਰੀ ਪੰਜਾਬੀ ਹੈ...


ਫਿਲਮ ਚ ਹਿੰਸਾ ਹੈ ਪਰ ਇਹ ਘਟੋ ਘਟ ਮੈਨੂੰ ਡਿਸਟਰਬ ਨਹੀਂ ਸੀ ਕਰ ਰਹੀ....ਕਤਲੇਆਮ ਦੇ ਸੀਨ ਦਿਲ ਨਹੀਂ ਦਹਿਲਾਉਂਦੇ....ਪਤਾ ਨਹੀਂ ਕਿਉਂ ਆਹੀ ਇਕ ਥਾਂ ਸੀ ਜਿਥੇ ਮੈਨੂੰ ਥਰਿੱਲ ਦੀ ਕਮੀ ਲਗੀ....ਮੌਤ ਦਾ ਡਰ ਅਤੇ ਖੌਫ ਉਹ ਨਜ਼ਰ ਨਹੀਂ ਆਇਆ ਜੋ ਅਜਿਹੇ ਹਾਲਤਾਂ ਚ ਪੈਦਾ ਹੁੰਦਾ ਹੈ.... ਹਾਲੀਵੁਡ ਫਿਲਮ NO ESCAPE ਚ ਅਜਿਹੀ ਹੀ ਸਿਚੁਏਸ਼ਨ ਚ ਡਰ ਅਤੇ ਖੌਫ ਦਾ ਸਿਖਰ ਮਹਿਸੂਸ ਹੋਇਆ ਸੀ...


ਫਿਲਮ ਬੇਸ਼ਕ ਸੱਚੀਆਂ ਘਟਨਾਵਾਂ ਨੂੰ ਕੇਂਦਰ ਚ ਰੱਖ ਕੇ ਬਣਾਈ ਗਈ ਹੈ ਪਰ ਫਿਲਮਕਾਰ ਫਿਲਮ ਦੇ ਸ਼ੁਰੂ ਚ ਹੀ ਇਹ ਆਖ ਦਿੰਦੇ ਨੇ ਕਿ ਫਿਲਮ ਨੂੰ ਉਹ ਕਿਸੇ ਡਾਕੂਮੈਂਟਰੀ ਵਾਂਗ ਨਹੀਂ ਬਣਾ ਰਹੇ...ਇਹ ਪੂਰੀ ਤਰਾਂ ਨਾਲ ਇਕ ਕਮਰਸ਼ੀਅਲ ਫਿਲਮ ਹੈ ਤੇ ਫਿਲਮ ਨੂੰ ਮਨੋਰੰਜਕ ਬਣਾਉਣ ਲਈ ਉਹਨਾਂ ਨੇ ਕਾਲਪਨਿਕ ਪਾਤਰ ਅਤੇ ਕੁਛ ਕਾਲਪਨਿਕ ਘਟਨਾਵਾਂ ਨੂੰ ਕਹਾਣੀ ਚ ਥਾਂ ਦਿਤੀ ਹੈ...
ਇਹ ਫ਼ਿਲਮ ਅਸਲੀ ਚ ਇੰਗਲਿਸ਼ ਭਾਸ਼ਾ ਚ ਬਣੀ ਹੈ ਤੇ ਹਿੰਦੀ ਚ ਰਿਲੀਜ਼ ਹੋਇਆ ਇਹ ਡੱਬ ਵਰਸ਼ਨ ਹੈ ਜਿਥੇ ਕਿਤੇ ਕਿਤੇ ਖਰਾਬ ਡਬਿੰਗ ਦਾ ਫੀਲ ਆਉਂਦਾ ਹੈ...

ਫਿਲਮ ਦਾ ਸਕ੍ਰੀਨਪਲੇ ਕਸਿਆ ਹੋਇਆ ਹੈ....ਦਰਸ਼ਕ ਅੰਤ ਤੱਕ ਫਿਲਮ ਦੇ ਨਾਲ ਜੁੜੇ ਰਹਿੰਦੇ ਨੇ...

ਇਹ ਫ਼ਿਲਮ ਅਤਵਾਦੀ ਮੁੰਡਿਆਂ ਨੂੰ ਤਰਸ ਦਾ ਪਾਤਰ ਦਿਖਾਉਂਦੀ ਹੈ....ਤੇ ਇਹ ਯਕੀਨ ਨਾਲ ਦਿਖਾਂਦੀ ਹੈ ਕਿ ਏਨਾ ਦਾ ਬ੍ਰੇਨਵਾਸ਼ ਕੀਤਾ ਗਿਆ ਹੈ...ਜਿਸਦੇ ਮਗਰ ਉਹਨਾਂ ਦਾ ਗਰੀਬ ਹੋਣਾ ਹੈ....ਤੇ ਧਰਮ ਨੂੰ ਇਕ ਹਥਿਆਰ ਵਾਂਗ ਵਰਤਿਆ ਗਿਆ....


ਇਸ ਫ਼ਿਲਮ ਚ ਵਿਦੇਸ਼ੀ ਕਲਾਕਾਰ ਹੋਣ ਦੇ ਬਾਵਜ਼ੂਦ ਸੈਕਸ ਅਤੇ ਕਿਸਿੰਗ ਦ੍ਰਿਸ਼ਾਂ ਤੋਂ ਪਰਹੇਜ਼ ਰਖਿਆ ਗਿਆ ਹੈ...ਤੇ ਤੁਸੀਂ ਇਸਨੂੰ ਅਪਣੇ ਨੌਜਵਾਨ ਬੱਚਿਆਂ ਦੇ ਨਾਲ ਬੈਠ ਕੇ ਸਹਿਜ ਰਹਿ ਕੇ ਦੇਖ ਸਕਦੇ ਹੋ....

ਫਿਲਮ ਦੀ ਲੰਬਾਈ ਵੀ ਠੀਕ ਠਾਕ ਹੈ....ਇਸ ਕਰਕੇ ਇਹ ਤੁਹਾਡੇ ਕੀਮਤੀ ਸਮੇਂ ਨੂੰ ਜ਼ਰਾ ਵੀ ਖਰਾਬ ਨਹੀਂ ਕਰਦੀ....ਤੇ ਪੈਸੇ ਜੋ ਤੁਸੀਂ ਖਰਚੇ ਹੋਣਗੇ ਉਹਨਾਂ ਦਾ ਮੁੱਲ ਮੋੜਦੀ ਹੈ...


ਆਖਰੀ ਚ ਇਸ ਫਿਲਮ ਬਾਰੇ ਬਸ ਏਨਾ ਕਹਾਂਗਾ ਕਿ ਇਹ ਫ਼ਿਲਮ ਮਨੋਰੰਜਨ ਲਈ ਹੀ ਬਣਾਈ ਗਈ ਹੈ...ਤੇ ਇਹ ਕਿਸੇ ਵੀ ਘਟਨਾ ਨੂੰ ਧੁਰ ਅੰਦਰ ਜਾ ਕੇ ਨਹੀਂ ਫਰੋਲਦੀ....ਤੇ ਇਸ ਬੁਰੀ ਘਟਨਾ ਦੇ ਇਕ ਹਿੱਸੇ ਨੂੰ ਫ਼ਿਲਮੀ ਅੰਦਾਜ਼ ਚ ਸਾਹਮਣੇ ਰੱਖਦੀ ਹੈ....

ਰੇਟਿੰਗ - 3/5

harpal1980.singh@gmail.com