FEMALE PASSENGER ( Basis On True Event )

written  Harpal Singh




ਕਮਲ ਨੇ ਬਸ ਦੀ ਟਿਕਟ ਨੂੰ ਆਪਣੀ ਗੋਦੀ ਚ ਪਏ ਪਰਸ ਚ ਪਾ ਲਿਆ...ਤੇ ਬਾਰੀ ਥਾਣੀ ਬਾਹਰ ਨੂੰ ਵੇਖਣ ਲਗੀ...ਪਰ ਧੁੰਦ ਕਰਕੇ ਬਸ ਦੇ ਸ਼ੀਸ਼ਿਆਂ ਚੋ ਬਾਹਰ ਕੁਛ ਵੀ ਨਜ਼ਰ ਨਹੀਂ ਸੀ ਆਉਂਦਾ...


ਉਸਨੇ ਪਰਸ ਨੂੰ ਆਪਣੇ ਸੱਜੇ ਪਾਸੇ ਖਾਲੀ ਜਗਾਹ ਉਪਰ ਰੱਖ ਦਿੱਤਾ....ਤੇ ਉਸਦੀ ਤਣੀ ਨੂੰ ਆਪਣੀ ਬਾਂਹ ਦੁਆਲੇ ਲਪੇਟ ਲਿਆ...ਸਵੇਰ ਦੇ ਅੱਠ ਹੀ ਵਜੇ ਸੀ....ਇਸ ਕਰਕੇ ਬਸ ਚ ਭੀੜ ਨਾ ਦੇ ਬਰਾਬਰ ਸੀ...ਉਸ ਵਾਂਗ ਹੋਰ ਵੀ ਟੀਚਰ ਬਸ ਚ ਬੈਠੇ ਸੀ ...


ਕਮਲ ਨੇ ਅੱਖਾਂ ਬੰਦ ਕਰ ਲਈਆਂ...ਰਾਤ ਨੂੰ ਓ ਦੇਰ ਰਾਤ ਤੱਕ ਸਟੂਡੈਂਟਸ ਨੂੰ ਦੇਣ ਲਈ ਆਪਣਾ ਲੈਕਚਰ ਤਿਆਰ ਕਰਦੀ ਰਹੀ ਸੀ...ਤੇ ਸਵੇਰੇ ਫੇਰ ਛੇ ਵਜੇ ਉਠ ਖੜੀ ਹੋਈ ਸੀ...ਘਰ ਦੇ ਇੱਕਾ ਦੁੱਕਾ ਕੰਮ ਕਰਕੇ ਆਪਣਾ ਨਾਸ਼ਤਾ ਤਿਆਰ ਕਰਕੇ ਓ ਘੜੀ ਦੀਆਂ ਸੂਈਆਂ ਨਾਲ ਰੇਸ ਲਗਾਉਂਦੀ ਹੋਈ ਤਿਆਰ ਹੋਈ ਸੀ...


" ਗੁਡ ਮੋਰਨਿੰਗ ਜੀ " ਆਪਣੇ ਦੋਸਤ ਰਵੀ ਨੂੰ ਮੈਸਜ ਭੇਜ ਕੇ ਓ ਫਟਾਫਟ ਸਕੂਟੀ ਲੈ ਕੇ ਬਸ ਸਟੈਂਡ ਆਈ ਸੀ...ਤੇ ਇਸੇ ਕਾਹਲ ਚ ਓ ਪਾਰਕਿੰਗ ਵਾਲੇ ਕੋਲੋ ਪਰਚੀ ਵੀ ਲੈਣਾ ਭੁਲ ਗਈ ਸੀ...


ਨੀਂਦ ਉਸਦੀਆਂ ਅੱਖਾਂ ਚ ਘੁੰਮਣਘੇਰੀਆਂ ਲੈਣ ਹੀ ਲਗੀ ਸੀ ਕਿ ਉਸਦੇ ਮੋਢੇ ਨੂੰ ਕਿਸੇ ਨੇ ਹਿਲਾਇਆ...


" ਆ ਪਰਸ ਚੁਕਿਓ ਜੀ " ਇਕ ਬਜ਼ੁਰਗ ਨੇ ਉਸਨੂੰ ਆਖਿਆ...


ਕਮਲ ਨੇ ਪਰਸ ਚੁੱਕ ਕੇ ਗੋਦੀ ਚ ਰੱਖ ਲਿਆ....ਬਜ਼ੁਰਗ ਲੋਈ ਦੀ ਬੁੱਕਲ ਮਾਰੀ ਉਸਦੇ ਨਾਲ ਬੈਠ ਗਿਆ...ਕਮਲ ਨੇ ਧੋਣ ਘੁੰਮਾ ਕੇ ਵੇਖਿਆ...ਉਸਦੇ ਅੱਗੇ ਅਤੇ ਪਿੱਛੇ ਕਾਫੀ ਸੀਟਾਂ ਖਾਲੀ ਸੀ...ਕਮਲ ਦੀ ਇਹ ਸੀਟ ਉਸਦੀ ਪਸੰਦ ਵਾਲੀ ਸੀਟ ਸੀ...ਦੋ ਜਣਿਆਂ ਵਾਲੀ ਇਹ ਸੀਟ ਬਸ ਦੇ ਅੱਧ ਵਿਚਕਾਰ ਸੀ....ਕਮਲ ਕੋਈ ਹੋਰ ਸੀਟ ਉਦੋਂ ਹੀ ਲੈਂਦੀ ਸੀ ਜਦੋਂ ਇਹ ਵਾਲੀ ਸੀਟ ਖਾਲੀ ਨਾ ਹੁੰਦੀ ਹੋਵੇ....


ਕਮਲ ਨੇ ਫੇਰ ਅੱਖਾਂ ਬੰਦ ਕਰ ਲਈਆਂ....ਇਕ ਘੰਟੇ ਦੇ ਸਫ਼ਰ ਨੂੰ ਓ ਸੌਂ ਕੇ ਪੂਰਾ ਕਰਨ ਦੇ ਮੂਡ ਚ ਸੀ....


ਅਚਾਨਕ ਉਸਨੂੰ ਲਗਿਆ ਕਿ ਉਸਦੇ ਪੱਟ ਨੂੰ ਕਿਸੇ ਨੇ ਛੂਹਿਆ ਹੈ...ਕਮਲ ਨੇ ਅੱਖਾਂ ਖੋਲੀਆਂ...ਤਾਂ ਵੇਖਿਆ ਕਿ ਬਜ਼ੁਰਗ ਬਾਬਾ ਜੀ ਨੇ ਆਪਣਾ ਹੱਥ ਆਪਣੇ ਪੱਟ ਉਪਰ ਰਖਿਆ ਹੋਇਆ ਸੀ...ਬਜ਼ੁਰਗ ਨੇ ਆਪਣੀਆਂ ਲੱਤਾਂ ਕਮਲ ਦੀਆਂ ਲੱਤਾਂ ਨਾਲ ਬਿਲਕੁਲ ਚਿਪਕਾ ਕੇ ਰੱਖੀਆਂ ਸੀ...ਹੱਥ ਉਪਰ ਲੋਈ ਹੋਣ ਕਰਕੇ ਕਮਲ ਨੂੰ ਬਾਬਾ ਜੀ ਦਾ ਹੱਥ ਨਜ਼ਰ ਤਾਂ ਨਹੀਂ ਸੀ ਆਇਆ ਪਰ ਉਸਦੇ ਸ਼ਰੀਰ ਨਾਲ ਕੁਛ ਤਾਂ ਜਰੂਰ ਛੂਹਿਆ ਸੀ...


ਕਮਲ ਨੇ ਫੇਰ ਅੱਖਾਂ ਬੰਦ ਕਰ ਲਈਆਂ....ਅਜੇ ਪਲ ਨਹੀਂ ਸੀ ਬੀਤਿਆ ਕਿ ਉਸਨੂੰ ਆਪਣੇ ਪੱਟ ਨਾਲ ਫੇਰ ਕੋਈ ਹਰਕਤ ਹੋਈ ਮਹਿਸੂਸ ਹੋਈ..ਉਸਨੇ ਫੇਰ ਅੱਖਾਂ ਖੋਲੀਆਂ...ਤੇ ਬਾਬੇ ਦਾ ਹੱਥ ਫੇਰ ਉਸੇ ਪੁਜੀਸ਼ਨ ਚ ਨਜ਼ਰ ਆਇਆ...


ਕਮਲ ਨੇ ਬਜ਼ੁਰਗ ਵਲ ਵੇਖਿਆ...ਓਸਦਾ ਇਰਾਦਾ ਸੀ ਕਿ ਬਜ਼ੁਰਗ ਨੂੰ ਮਹਿਸੂਸ ਹੋਵੇ ਕਿ ਉਸਦੀ ਹਰਕਤ ਦੀ ਮੈਨੂੰ ਖਬਰ ਹੈ..
" ਬੇਟਾ ਜੀ...ਪੜ੍ਹਦੇ ਹੋ ? " ਬਜ਼ੁਰਗ ਨੇ ਕਮਲ ਨੂੰ ਆਪਣੇ ਵੱਲ ਵੇਖਦੇ ਪਾਇਆ ਤਾਂ ਪੁੱਛ ਲਿਆ...


ਕਮਲ ਅਚਾਨਕ ਪੁੱਛੇ ਗਏ ਇਸ ਪ੍ਰਸ਼ਨ ਲਈ ਤਿਆਰ ਨਹੀਂ ਸੀ...ਉਤੋਂ ਉਸਦਾ ਜ਼ਰਾ ਮਨ ਨਹੀਂ ਸੀ ਕਿ ਓ ਇਸ ਬਾਬੇ ਨਾਲ ਕੋਈ ਗੱਲਬਾਤ ਕਰੇ...


" ਜੀ ਨਹੀਂ...ਮੈਂ ਪੜ੍ਹਾਉਂਦੀ ਹਾਂ " ਕਮਲ ਨੇ ਜੁਆਬ ਦਿੱਤਾ...


" ਕਿਥੇ ਪੜ੍ਹਾਉਂਦੇ ਹੋ ? " ਬਜ਼ੁਰਗ ਨੇ ਅਗਲਾ ਸੁਆਲ ਕਰਿਆ...


ਕਮਲ ਨੇ ਉਸ ਕਾਲਜ ਦਾ ਨਾਮ ਦਸਿਆ ਜਿਥੇ ਓ ਲੈਕਚਰਾਰ ਸੀ..


" ਵਿਆਹੇ ਹੋ ਬੇਟਾ ਜੀ ? " ਬਜ਼ੁਰਗ ਨੇ ਗੱਲਬਾਤ ਜਾਰੀ ਰੱਖਦੇ ਹੋਏ ਆਖਿਆ...


" ਨਹੀਂ ਜੀ...ਅਜੇ ਨਹੀਂ " ਕਮਲ ਨੇ ਖਿਝ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਈ...


" ਮੇਰੇ ਦੋ ਬੇਟੇ ਨੇ...ਇਕ ਪੜ੍ਹ ਲਿਖ ਕੇ ਸੋਹਣੀ ਨੌਕਰੀ ਤੇ ਲਗਿਆ ਹੈ " ਬਜ਼ੁਰਗ ਬੋਲਦਾ ਰਿਹਾ...


" ਵਧੀਆ ਗੱਲ ਹੈ ਜੀ " ਕਮਲ ਦਾ ਮਨ ਖਿਝ ਗਿਆ ਸੀ...ਕਿਥੇ ਓ ਸੋ ਕੇ ਸਫ਼ਰ ਮੁਕਾਉਣ ਦਾ ਸੋਚੀ ਬੈਠੀ ਸੀ ਤੇ ਕਿਥੇ ਹੁਣ ਇਹ ਸਭ ਬੋਲਣਾ ਪੈ ਰਿਹਾ ਸੀ....

ਕਮਲ ਨੇ ਇਕ ਇਕ ਪਲ ਲੰਬੇ ਸਾਲ ਵਾਂਗ ਬਿਤਾਇਆ...ਜਿਸ ਅੱਡੇ ਉਪਰ ਕਮਲ ਨੇ ਉਤਰਨਾ ਸੀ...ਬਜ਼ੁਰਗ ਵੀ ਉਥੇ ਹੀ ਉਤਰਿਆ ਤੇ ਬਿਨਾਂ ਕਮਲ ਵਲ ਦੁਬਾਰਾ ਵੇਖੇ ਹੀ ਚਲਾ ਗਿਆ...


ਕਮਲ ਦਾ ਮਨ ਸਾਰਾ ਦਿਨ ਖਿਝਿਆ ਹੀ ਰਿਹਾ...ਉਸਨੂੰ ਬਾਰ ਬਾਰ ਓਹੀ ਬਜ਼ੁਰਗ ਦਾ ਖਿਆਲ ਆਉਂਦਾ ਸੀ ਤੇ ਮਨ ਖਰਾਬ ਹੋ ਜਾਂਦਾ ਸੀ...ਕਹਿਣ ਨੂੰ ਤਾਂ ਅਗਲੇ ਨੇ ਉਸਨੂੰ ਬਸ ਇਕ ਉਂਗਲ ਨਾਲ ਛੂਹਿਆ ਸੀ..ਕਿਸੇ ਨੂੰ ਇਸ ਬਾਰੇ ਦਸੇ ਵੀ ਤਾਂ ਕੀ ਦਸੇ...ਪਰ ਉਸਦੇ ਆਪਣੇ ਉਪਰ ਜੋ ਬੀਤ ਰਹੀ ਸੀ ਓਹੀ ਜਾਣਦੀ ਸੀ...ਓ ਬਚਪਨ ਤੋਂ ਹੀ ਇੰਝ ਦੀ ਸੀ....ਆਪਣੇ ਸਰੀਰ ਨੂੰ ਲੈ ਕੇ ਬੜੀ ਚੇਤੰਨ ਰਹਿੰਦੀ ਸੀ...ਬੜੀ ਅਲਰਟ ਰਹਿੰਦੀ ਸੀ...

ਉਸਦਾ ਮਨ ਜਿਆਦਾ ਹੀ ਉਦਾਸ ਹੋ ਗਿਆ ਤਾਂ ਉਸਨੇ ਰਵੀ ਨੂੰ ਫੋਨ ਲਗਾ ਲਿਆ...


" ਹਾਂ...ਕੀ ਹਾਲ ਹੈ..? " ਰਵੀ ਨੇ ਹੱਸ ਕੇ ਉਸਦਾ ਹਾਲ ਪੁੱਛਿਆ ਸੀ...


ਅੱਗੋਂ ਕਮਲ ਨੇ ਇਕੋ ਸਾਹ ਚ ਸਾਰੀ ਹੱਡ ਬੀਤੀ ਕਹਿ ਸੁਣਾਈ....

" ਜੇ ਅਗਲੇ ਨੇ ਏਦਾਂ ਟੱਚ ਕੀਤਾ ਸੀ...ਤਾਂ ਤੈਨੂੰ ਉਸ ਨਾਲ ਉਸਦੀ ਗੱਲਬਾਤ ਚ ਸ਼ਾਮਲ ਹੋਣ ਦੀ ਕੀ ਜਰੂਰਤ ਸੀ...ਓ ਵੀ ਏਨੀ ਸੋਹਣੀ ਤਰਾਂ ਨਾਲ...ਅਗਲੇ ਨੂੰ ਤਾਂ ਤੂੰ ਜ਼ਰਾ ਵੀ ਇਹਸਾਸ ਨਹੀਂ ਕਰਾਇਆ ਕਿ ਓ ਗਲਤ ਹੈ " ਰਵੀ ਗੁੱਸੇ ਚ ਬੋਲਿਆ...


" ਮੇਰਾ ਮਨ ਗੁੱਸੇ ਚ ਹੀ ਸੀ...ਮੈਂ ਬਸ ਕਨਫਿਊਜ਼ ਹੋ ਗਈ ਸੀ....ਮੈਨੂੰ ਸੀ ਕਿ ਅਗਲਾ ਜ਼ਰਾ ਖੁਲ ਕੇ ਟੱਚ ਕਰੇ ਤਾਂ ਮੈਂ ਉਸਨੂੰ ਸੁਣਾਵਾਂ ਵੀ...ਪਰ ਓ ਬਸ ਉਂਗਲ ਨਾਲ ਟੱਚ ਕਰਦਾ ਸੀ...ਓ ਵੀ ਜਦੋ ਮੈਂ ਉਸ ਵਲ ਵੇਖਿਆ ਤਾਂ ਅਗਲਾ ਗੱਲਬਾਤ ਕਰਨ ਲਗ ਗਿਆ "


" ਉਸਨੂੰ ਖੁਲ ਕੇ ਟੱਚ ਕਰਨ ਦੀ ਕੋਈ ਜਰੂਰਤ ਨਹੀਂ ਸੀ...ਏਦਾਂ ਦੇ ਲੋਕ ਏਨੇ ਕੁ ਟੱਚ ਨਾਲ ਹੀ ਸੰਤੁਸ਼ਟ ਰਹਿੰਦੇ ਨੇ...ਏਹੀ ਤਰੀਕਾ ਏਨਾ ਦਾ ਹਥਿਆਰ ਹੁੰਦਾ...ਕਿਉਂਕਿ ਏਨੇ ਕੁ ਟੱਚ ਦਾ ਵਿਰੋਧ ਕੋਈ ਕੁੜੀ ਕਰਦੀ ਨਹੀਂ .. ਜੇ ਕਰਨਾ ਚਾਹਵੇ ਵੀ ਤਾਂ ਕੁੜੀ ਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਅੱਗੋਂ ਕਿਵੇ ਇਸਨੂੰ ਮਨਾਂ ਕਰਨਾ " ਰਵੀ ਬੋਲਿਆ...


" ਹਾਂ...ਬਿਲਕੁਲ ਏਹੀ ਮੇਰੇ ਮਨ ਚ ਵੀ ਸੀ....ਮੈਨੂੰ ਸੱਚੀ ਸਮਝ ਨਹੀਂ ਸੀ ਆ ਰਹੀ ਕਿ ਉਸਨੂੰ ਕੀ ਬੋਲਾਂ....ਜਦੋ ਓ ਸਾਰੀਆਂ ਸੀਟਾਂ ਖਾਲੀ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਆ ਕੇ ਬੈਠ ਗਿਆ ਸੀ...ਤਾਂ ਮਨ ਹੋਇਆ ਸੀ ਕਿ ਇਸਨੂੰ ਕਵਾਂ ਕਿ ਦੂਜੀ ਸੀਟ ਉੱਪਰ ਹੋ ਜਾਓ...ਪਰ...ਮੈਂ ਬੋਲ ਹੀ ਨਹੀਂ ਸਕੀ...ਪਤਾ ਨਹੀਂ ਕਿਉਂ..." ਕਮਲ ਢਿੱਲੀ ਜੇਹੀ ਆਵਾਜ਼ ਚ ਬੋਲੀ...


" ਇਹੋ ਜਿਹੇ ਬੰਦੇ ਨੂੰ ਗੱਲਬਾਤ ਚ ਕੋਈ ਰੇਸਪੌਂਸ ਨਹੀਂ ਦੇਣਾ ਚਾਹੀਦਾ...ਉਤੋਂ ਤੂੰ ਉਸਨੂੰ ਇਹ ਵੀ ਦੱਸ ਆਈ ਕਿ ਕਿਥੇ ਨੌਕਰੀ ਕਰਦੇ ਹੋ ਤੇ ਰੋਜ਼ ਆਉਂਦੇ ਜਾਂਦੇ ਹੋ " ਰਵੀ ਦੀ ਆਵਾਜ਼ ਚ ਉਲ੍ਹਾਮਾ ਸੀ...


" ਹੱਮ " ਕਮਲ ਨੂੰ ਆਪਣੀ ਗਲਤੀ ਮਹਿਸੂਸ ਹੋ ਰਹੀ ਸੀ...


" ਚਲ ਕੋਈ ਨਾ...ਮਨ ਉਦਾਸ ਨਾ ਕਰ...ਵੈਸੇ ਓ ਕਦੀ ਦੁਬਾਰਾ ਨਹੀਂ ਆਏਗਾ...ਜੇ ਓ ਆਵੇ ਵੀ ਕਦੀ...ਜਾਂ ਉਸ ਵਰਗਾ ਕੋਈ ਵੀ ਹੋਰ....ਤਾਂ ਅਗਲੇ ਨੂੰ ਸਾਫ ਕਹੋ ਕਿ ਭਾਈ ਆਪਣਾ ਹੱਥ ਪਰੇ ਰੱਖੋ...ਜਾਂ ਬੇਸ਼ਕ ਸੋਹਣੀ ਤਰਾਂ ਕਹਿ ਦਵੋ ਕਿ ਅਗਲੀ ਸੀਟ ਤੇ ਹੋ ਜਾਓ...ਏਨੇ ਨਾਲ ਹੀ ਅਗਲਾ ਚੌਕੰਨਾ ਹੋ ਜਾਂਦਾ ...ਤੇ ਹੱਟ ਜਾਂਦਾ ਹੈ " ਰਵੀ ਪਿਆਰ ਨਾਲ ਸਮਝਾਉਂਦਾ ਹੋਇਆ ਬੋਲਿਆ...


" ਹਾਂਜੀ...ਮੈਂ ਤਾਂ ਆਪ ਚਾਹੁੰਦੀ ਹਾਂ ਕਿ ਓ ਦੁਬਾਰਾ ਆਵੇ...ਤੇ ਮੈਂ ਉਸਨੂੰ ਇਸ ਵਾਰ ਓ ਸਭ ਬੋਲਾਂ ਜੋ ਅੱਜ ਨਹੀਂ ਸੀ ਬੋਲ ਸਕੀ....ਤਾਂ ਹੀ ਚੈਨ ਪੈਣੀ ਮੈਨੂੰ " ਕਮਲ ਜੋਸ਼ ਚ ਬੋਲੀ...


" ਕੋਈ ਨਾ....ਬਸ ਧਿਆਨ ਰੱਖਿਆ ਕਰ ਸਫ਼ਰ ਚ ਆਪਣਾ...ਬੜੀ ਵਾਰ ਸਾਨੂੰ ਲਗਦਾ ਹੁੰਦਾ ਕਿ ਅਸੀਂ ਇਕੱਲੇ ਸਫ਼ਰ ਕਰਦੇ ਪਏ ਹਾਂ...ਪਰ ਬੜੀਆਂ ਅਣਜਾਣ ਨਜ਼ਰਾਂ ਸਾਨੂੰ ਵੇਖ ਰਹੀਆਂ ਹੁੰਦੀਆਂ....ਇਸ ਕਰਕੇ ਆਲੇ ਦੁਆਲੇ ਨੂੰ ਲੈ ਕੇ ਹਮੇਸ਼ਾਂ ਸਾਵਧਾਨ ਰਹੋ...ਚਲ... ਹੁਣ ਮਨ ਠੀਕ ਕਰ "


" ਮਨ ਇਸ ਸਭ ਕਰਕੇ ਖਰਾਬ ਹੀ ਹੈ...ਮੈਨੂੰ ਬੜਾ ਔਖਾ ਹੁੰਦਾ ਕੋਈ ਵੀ ਓ ਟੱਚ ਸਹਿਣਾ ਜੋ ਬਿਨਾਂ ਮੇਰੀ ਮਰਜ਼ੀ ਦੇ ਮੈਨੂੰ ਕਰੇ ਕੋਈ...ਦਿਮਾਗ ਤੇ ਮਨ ਦੋਵੇ ਡਿਸਟਰਬ ਹੋ ਜਾਂਦੇ " ਕਮਲ ਨੇ ਮਨ ਦੀ ਗੱਲ ਬੋਲੀ


" ਮੈਂ ਕੁੜੀ ਨਹੀਂ ਹਾਂ...ਪਰ ਤੇਰੇ ਮਨ ਨੂੰ ਸਮਝ ਸਕਦਾ ਹਾਂ...ਚਲ ਹੱਸ ਕੇ ਦਿਖਾ ਇਕ ਵਾਰ...ਤਾਂ ਕਿ ਮੈਂ ਵੀ ਸੋਹਣੀ ਤਰਾਂ ਕੰਮ ਕਰ ਸਕਾਂ " ਰਵੀ ਨੇ ਹੱਸ ਕੇ ਆਖਿਆ...


" ਅਜੇ ਹੱਸ ਨਹੀਂ ਪਾ ਰਹੀ ਹਾਂ..." ਕਮਲ ਉਦਾਸ ਹੋ ਕੇ ਬੋਲੀ..


" ਚਲ...ਅੱਜ ਤੈਨੂੰ ਵਾਪਸੀ ਤੇ ਮੈਂ ਲੈਣ ਆਉਂਦਾ ਹਾਂ...ਹੁਣ ਖੁਸ਼ ? "


" ਵਾਹ...ਸੱਚੀ ਆਓਗੇ ? " ਕਮਲ ਦੀ ਆਵਾਜ਼ ਇਕ ਦਮ ਖੁਸ਼ੀ ਨਾਲ ਭਰ ਗਈ


" ਹਾਂ...ਸੱਚੀ ਆਉਂਗਾ "


" ਓਕੇ...ਉਡੀਕ ਕਰਾਂਗੀ "


ਕਮਲ ਨੇ ਫੋਨ ਕਟ ਕਰਤਾ ਸੀ....ਉਸਦਾ ਚੇਹਰਾ ਹੁਣ ਉਦਾਸ ਨਹੀਂ ਸੀ

( ਖਤਮ )

harpal1980.singh@gmail.com