COURT ( Movie Review )

Director : Chaitanya Tamhane 

Cast : Vivek Gomber , Vira Sathidar , Pradeep Joshi , Gitanjali Kulkarni

Review : Harpal Singh

ਕੋਰਟ ਫਿਲਮ ਨੂੰ ਦੇਖਣ ਤੋਂ ਬਾਦ ਤੁਹਾਨੂੰ ਇਹ ਜਿਆਦਾ ਸੋਹਣੀ ਤਰ੍ਹਾਂ ਨਾਲ ਸਮਝ ਆ ਜਾਵੇਗਾ ਕਿ ਭਾਰਤ ਚ ਕੋਈ ਵੀ ਕੇਸ ਏਨੇ ਸਾਲ ਤੱਕ ਬਿਨ੍ਹਾਂ ਕਿਸੇ ਫੈਸਲੇ ਤੱਕ ਪੁੱਜੇ ਕਿਵੇਂ ਚਲਦਾ ਰਹਿੰਦਾ ਹੈ....ਤੇ ਕਿਵੇਂ ਜੱਜ ਸਹਿਬਾਨ ਅਜੀਬੋ ਗਰੀਬ ਫੈਸਲੇ ਸੁਣਾ ਦਿੰਦੇ ਨੇ...


ਫਿਲਮ ਦੀ ਕਹਾਣੀ ਇਕ ਲੋਕ ਗਾਇਕ ਤੋਂ ਸ਼ੁਰੂ ਹੁੰਦੀ ਹੈ....ਜਿਸਦਾ ਫਿਲਮ ਚ ਨਾਮ ਨਾਰਾਇਣ ਕਾਂਬਲੇ ਹੈ....ਇਹ ਰੋਲ ਵੀਰਾ ਸਤਿਧਰ ਨੇ ਨਿਭਾਇਆ ਹੈ....ਕਾਂਬਲੇ ਉਪਰ ਇਹ ਦੋਸ਼ ਲੱਗੇ ਨੇ ਕਿ ਉਸਦੇ ਗੀਤ ਨੂੰ ਸੁਣ ਕੇ ਇਕ ਮਜ਼ਦੂਰ ਜੋ ਗਟਰ ਦੀ ਸਫ਼ਾਈ ਕਰਦਾ ਸੀ ਉਸਨੇ ਆਤਮਹੱਤਿਆ ਕਰ ਲਈ ਹੈ...


ਇਸ ਕੇਸ ਚ ਜਿਦਾਂ ਪੁਲਿਸ ਕਾਰਵਾਈ ਕਰਦੀ ਹੈ....ਤੇ ਫੇਰ ਅੱਗੇ ਸਰਕਾਰੀ ਵਕੀਲ ਕੇਸ ਨੂੰ ਜੱਜ ਅੱਗੇ ਪੇਸ਼ ਕਰਦਾ ਹੈ... ਤੇ ਜਿਸ ਮੈਂਟੇਲਟੀ ਦੇ ਨਾਲ ਸਰਕਾਰੀ ਵਕੀਲ ਆਪਣੀ ਗੱਲ ਰੱਖਦੇ ਹੋਏ ਕਾਂਬਲੇ ਨੂੰ ਦੋਸ਼ੀ ਸਾਬਤ ਕਰਨ ਉਪਰ ਜੋਰ ਲਗਾਉਂਦਾ ਹੈ....ਇਹ ਸਭ ਦੇਖ ਕੇ ਤੁਸੀਂ ਸਮਝ ਜਾਓਗੇ ਕਿ ਕਿਵੇਂ ਇਸ ਮੁਲਕ ਚ ਬੇਦੋਸ਼ਿਆਂ ਨੂੰ ਜੇਲਾਂ ਚ ਕਈ ਸਾਲਾਂ ਤੱਕ ਰਖਿਆ ਜਾਂਦਾ ਹੈ....


ਪੁਲਿਸ ਵਾਲੇ ਕਿਦਾਂ ਇਕ ਸਾਧਾਰਨ ਚਿੱਠੀ ਨੂੰ ਵੀ ਅਪਰਾਧਿਕ ਸਾਜਿਸ਼ ਕਰਾਰ ਦਿੰਦੇ ਨੇ.....ਸਿਰਫ ਇਸ ਕਰਕੇ ਕਿ ਉਹਨਾਂ ਦੀ ਕਿਸੇ ਮੁੱਦੇ ਨੂੰ ਲੈ ਕੇ ਸੋਚ ਸਮਝ ਮੁਜ਼ਰਮ ਕਰਾਰ ਦਿੱਤੇ ਬੰਦੇ ਦੇ ਵਿਰੁੱਧ ਭੁਗਤਦੀ ਹੈ....ਇਕ ਖੁੰਦਕ ਦੇ ਅਧਾਰ ਤੇ ਹੀ ਕਿਵੇਂ ਸਾਰਾ ਹੀ ਸਿਸਟਮ ਇਕ ਆਮ ਬੰਦੇ ਨੂੰ ਐਦਾਂ ਦੇ ਦੋਸ਼ਾਂ ਚ ਫਸਾਉਣ ਲਈ ਸਾਰਾ ਜ਼ੋਰ ਲਗਾ ਦਿੰਦਾ ਹੈ ਜੋ ਦੋਸ਼ ਹੈ ਹੀ ਨਹੀਂ....


ਇਕ ਦ੍ਰਿਸ਼ ਚ ਪਬਲਿਕ ਵਕੀਲ ਕਟਹਿਰੇ ਚ ਖੜੇ ਸ਼ਖਸ ਦੇ ਨਾਟਕਾਂ ਨੂੰ ਉਸਦੇ ਗੀਤਾਂ ਨੂੰ ਪਬਲਿਕ ਲਈ ਖਤਰਨਾਕ ਕਰਾਰ ਦੇ ਰਹੀ ਹੁੰਦੀ ਹੈ....ਬੋਲਦੀ ਹੈ ਕਿ ਇਸ ਬੰਦੇ ਦੇ ਗੀਤ ਅਤੇ ਕਵਿਤਾਵਾਂ ਆਮ ਲੋਕਾਂ ਨੂੰ ਭੜਕਾ ਰਹੇ ਨੇ...ਪਰ ਖੁਦ ਓਹੀ ਵਕੀਲ ਸ਼ਾਮ ਨੂੰ ਆਪਣੇ ਪਰਿਵਾਰ ਦੇ ਨਾਲ ਇਕ ਅਜਿਹਾ ਨਾਟਕ ਦੇਖ ਰਹੀ ਹੁੰਦੀ ਹੈ ਜਿਸਦੇ ਵਿਚ ਗੈਰ ਮਰਾਠੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ....ਤੇ ਉਹ ਇਸ ਨਾਟਕ ਨੂੰ ਦੇਖ ਕੇ ਤਾੜੀਆਂ ਵਜਾ ਰਹੀ ਹੁੰਦੀ ਹੈ..


ਇਕ ਸੀਨ ਜਿਸਦੇ ਵਿਚ ਜੱਜ ਇਕ ਬੱਚੇ ਨੂੰ ਸਿਰਫ ਇਸ ਕਰਕੇ ਥੱਪੜ ਮਾਰ ਦਿੰਦਾ ਹੈ ਕਿਉਂਕਿ ਬੱਚੇ ਨੇ ਉਸਦੀ ਨੀਂਦ ਚ ਖੱਲਲ ਪਾਇਆ ਸੀ...ਜਦੋ ਕਿ ਆਹੀ ਜੱਜ ਉਸ ਬੰਦੇ ਦੇ ਕੇਸ ਨੂੰ ਲਟਕਾਉਣ ਲੱਗੇ ਕੋਈ ਪ੍ਰੇਸ਼ਾਨੀ ਨਹੀਂ ਮਹਿਸੂਸ ਕਰਦਾ ਜੋ ਬਿਮਾਰ ਹੈ ਤੇ ਸ਼ਾਇਦ ਕੇਸ ਦੇ ਕਿਸੇ ਫੈਸਲੇ ਤੇ ਪੁੱਜਣ ਤੋਂ ਪਹਿਲਾਂ ਹੀ ਮਰ ਜਾਵੇਗਾ....ਜੱਜ ਨੂੰ ਕਿਸੇ ਨੇ ਤੰਗ ਕੀਤਾ ਤੇ ਉਸਨੇ ਗੁੱਸਾ ਕੀਤਾ....ਪਰ ਜੱਜ ਦੀਆਂ ਕਿਸੇ ਕੇਸ ਚ ਤਰੀਕਾਂ ਤੇ ਬਹੁਤ ਸਾਰੀਆਂ ਤਰੀਕਾਂ ਕਿਸੇ ਨੂੰ ਕਿੰਨਾ ਤੰਗ ਕਰਦੀਆਂ ਹੋਣਗੀਆਂ...



ਇਕ ਨਿੱਕੇ ਜਿਹੇ ਕੇਸ ਚ...ਜਿਸ ਚ ਕਿਸੇ ਦੀ ਘੜੀ ਉਸਦੇ ਗਵਾਂਢੀ ਨੇ ਚੋਰੀ ਕਰ ਲਈ ਹੈ ਵੀ ਤਰੀਕਾਂ ਪਾ ਦਿਤੀਆਂ ਜਾਂਦੀਆਂ ਨੇ....ਖੁਦ ਸੋਚੋ ਕਿ ਅਹਿਮ ਕੇਸਾਂ ਚ ਜਲਦੀ ਫੈਸਲਾ ਕਿਦਾਂ ਆਵੇਗਾ...

ਜੱਜ ਇਕ ਔਰਤ ਨੂੰ ਸਿਰਫ ਇਸ ਕਰਕੇ ਅਗਲੀ ਤਾਰੀਕ ਦੇ ਦਿੰਦਾ ਹੈ....ਉਸਦਾ ਕੇਸ ਸੁਣਨ ਤੋਂ ਮਨ੍ਹਾ ਕਰ ਦਿੰਦਾ ਹੈ ਕਿਉਂਕਿ ਔਰਤ ਸਲੀਵਲੈੱਸ ਸੂਟ ਪਾ ਕੇ ਉਸਦੀ ਅਦਾਲਤ ਚ ਆ ਗਈ ਸੀ...

ਕਿਸੇ ਉਸ ਸ਼ਕਸ ਨੂੰ ਰੋਕਣ ਲਈ ਸਰਕਾਰ ਅਤੇ ਕਾਨੂੰਨ ਕੋਲ ਹਜ਼ਾਰਾਂ ਤਰੀਕੇ ਨੇ ਜੋ ਸਰਕਾਰ ਖਿਲਾਫ ਲਿਖਦਾ ਹੈ ਜਾਂ ਕੁਝ ਛਾਪਦਾ ਹੈ....ਵਕੀਲ ਬੇਸ਼ਕ ਇਮਾਨਦਾਰ ਵੀ ਹੋਵੇਗਾ ਪਰ ਜੱਜ ਲੋਕ ਹੀ ਗੱਲ ਨੂੰ ਕਿਸੇ ਪਾਸੇ ਨਹੀਂ ਲਗਨ ਦਿੰਦੇ ਇਹ ਸਭ ਇਸ ਫ਼ਿਲਮ ਚ ਬਹੁਤ ਜ਼ਬਰਦਸਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ....

ਆਖਰ ਜੱਜ ਲੋਕ ਵੀ ਇਸੇ ਧਰਤੀ ਤੇ ਰਹਿੰਦੇ ਨੇ...ਉਹ ਵੀ ਆਮ ਲੋਕਾਂ ਵਾਂਗ ਵਹਿਮੀ ਨੇ....ਪੈਸੇ ਕਮਾਉਣ ਲਈ ਨੌਕਰੀ ਕਰ ਰਹੇ ਨੇ....ਫੇਰ ਆਪਾਂ ਕਿਦਾਂ ਸੋਚ ਸਕਦੇ ਹਾਂ ਕਿ ਇਹ ਲੋਕ ਨਿਰਪੱਖ ਰਹਿ ਕੇ ਫੈਸਲਾ ਸੁਣਾਉਂਦੇ ਹੋਣਗੇ...

ਜੱਜ....ਜੇ ਇਹ ਕਿਸੇ ਵੀ ਧਰਮ ਚ ਪੱਕੇ ਨੇ....ਤੇ ਆਪਣੇ ਪ੍ਰੋਫੈਸ਼ਨ ਦੌਰਾਨ ਜੇ ਆਪਣੇ ਵਿਸ਼ਵਾਸਾਂ ਨਾਲ ਬੱਝੇ ਰਹਿੰਦੇ ਨੇ ਤਾਂ ਇਹ ਕਦੀ ਵੀ ਸਹੀ ਤਰਾਂ ਨਾਲ ਨਿਆਂ ਨਹੀਂ ਦੇ ਸਕਦੇ..

ਫਿਲਮ ਚ ਸਕ੍ਰਿਪਟ ਏਨੀ ਕੱਸੀ ਹੋਈ ਹੈ ਕਿ ਏਨੇ ਔਖੇ ਵਿਸ਼ੇ ਨੂੰ ਵੀ ਬਿਨ੍ਹਾਂ ਡਰਾਮਾ ਕਰੇ ਅਸਲੀਅਤ ਦੇ ਨੇੜੇ ਰੱਖਦੀ ਹੋਈ ਵੀ ਬੋਰ ਨਹੀਂ ਹੋਣ ਦਿੰਦੀ....

ਕੈਮਰੇ ਚ ਬਹੁਤ ਸਾਰੇ ਦ੍ਰਿਸ਼ ਪਾਤਰਾਂ ਦੇ ਕਲੋਜਅਪ ਨੇ....ਐਦਾਂ ਦੇ ਦ੍ਰਿਸ਼ਾਂ ਚ ਮੰਝੇ ਹੋਏ ਕਲਾਕਾਰ ਹੀ ਪਾਰ ਪਾਉਂਦੇ ਨੇ.....


ਫਿਲਮ ਚ ਬਹੁਤ ਸਾਰੇ ਸੀਨ ਇਕ ਸਨਾਟਾ ਛੱਡਦੇ ਹੋਏ ਖਤਮ ਹੁੰਦੇ ਨੇ....ਜਿਦਾਂ ਸਾਡੇ ਸੁਣਨ ਸਮਝਣ ਨੂੰ ਸਪੇਸ ਦੇ ਰਹੇ ਹੋਣ....


ਅਦਾਲਤ ਵਾਲੇ ਸੀਨ ਬਹੁਤ ਹੀ ਜਿਆਦਾ ਅਸਲੀ ਨੇ....ਏਥੇ ਕੋਈ ਸੰਨੀ ਦਿਓਲ ਨਹੀਂ ਹੈ ਜੋ ਚੀਖ ਰਿਹਾ ਹੈ...ਨਾ ਕੋਈ ਅਰਸ਼ਦ ਵਾਰਸੀ ਹੈ ਜੋ ਹਸਾਉਂਦਾ ਹੈ....ਏਥੇ ਅਦਾਲਤ ਦੀ ਕਾਰਵਾਈ ਬਿਲਕੁਲ ਉਦਾਂ ਚੱਲ ਰਹੀ ਦਿਖਦੀ ਹੈ ਜਿਵੇਂ ਦੀ ਅਸਲੀਅਤ ਚ ਹੁੰਦੀ ਹੈ....




ਕੇਸ ਲੜ ਰਹੇ ਦੋਵੇਂ ਵਕੀਲ ਅਲੱਗ ਅਲੱਗ ਤਰ੍ਹਾਂ ਦੇ ਪਰਿਵਾਰਾਂ ਨਾਲ ਤਾਅਲੁਕ ਰੱਖਦੇ ਨੇ....ਮਰਦ ਵਕੀਲ ਜਿਥੇ ਅਮੀਰ ਸਰਦੇ ਪੁੱਜਦੇ ਪਰਿਵਾਰ ਚ ਹੈ...ਉਥੇ ਔਰਤ ਵਕੀਲ ਮਿਡਲ ਕਲਾਸ ਪਰਿਵਾਰ ਦੀ ਮੈਂਬਰ ਹੈ...ਇਹ ਸਭ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ.. ਆਖਰ ਇਹ ਲੋਕ ਹੀ ਨੇ ਜਿੰਨਾ ਨੇ ਆਮ ਪਬਲਿਕ ਨੂੰ ਅਦਾਲਤਾਂ ਤੋਂ ਇਨਸਾਫ ਲੈ ਕੇ ਦੇਣਾ ਹੁੰਦਾ ਹੈ...

ਮਰ ਚੁਕੇ ਮਜ਼ਦੂਰ ਦੀ ਵਹੁਟੀ ਦਾ ਸੀਨ ਵੀ ਬਹੁਤ ਜਾਨਦਾਰ ਹੈ...ਉਸਦੇ ਨਾਲ ਜਦੋਂ ਵਕੀਲ ਸੁਆਲ ਜੁਆਬ ਕਰਦਾ ਹੈ ਤਾਂ ਇਕ ਪਲ ਲਈ ਭੁਲ ਜਾਂਦੇ ਹਾਂ ਕਿ ਉਹ ਐਕਟਿੰਗ ਕਰ ਰਹੀ ਹੈ...

ਫਿਲਮ ਚ ਬੇਕਗਰਾਊਂਡ ਚ ਅਸਲੀ ਅਵਾਜ਼ਾਂ ਦੀ ਵਰਤੋਂ ਹੀ ਕੀਤੀ ਗਈ ਹੈ...ਫਿਲਮ ਚ ਦੋ ਵਾਰ ਲੋਕ ਗੀਤ ਵਰਗੇ ਗੀਤ ਆਉਂਦੇ ਨੇ ਜਿੰਨਾ ਦੇ ਲਿਰਿਕਸ ਬਹੁਤ ਦਮਦਾਰ ਨੇ....

ਫਿਲਮ ਚ ਹਰ ਅਦਾਕਾਰ ਆਪਣੇ ਰੋਲ ਚ ਇਕ ਦਮ ਫਿੱਟ ਹੈ....

ਚੇਤਨਿਆ ਦੀ ਨਿਰਦੇਸ਼ਕ ਵਜੋਂ ਇਹ ਪਹਲੀ ਫਿਲਮ ਹੈ ਤੇ ਪਹਲੀ ਹੀ ਕੋਸ਼ਿਸ਼ ਚ ਉਸਨੇ ਕਮਾਲ ਕੀਤਾ ਹੈ.....

ਇਸ ਫ਼ਿਲਮ ਉਹਨਾਂ ਦਰਸ਼ਕਾਂ ਦੇ ਲਈ ਹੈ ਜਿਹੜੇ ਅਸਲੀਅਤ ਦੇ ਨੇੜੇ ਵਾਲਾ ਅਤੇ ਗੰਭੀਰ ਸਿਨੇਮਾ ਪਸੰਦ ਕਰਦੇ ਨੇ....
ਫਿਲਮ ਪੂਰੀ ਤਰਾਂ ਨਾਲ ਪਰਿਵਾਰਕ ਹੈ....ਤੇ ਇਸ ਚ ਨਾ ਕੋਈ ਡਾਓਲੋਗ ਅਸਹਿਜ ਹੈ ਨਾ ਕੋਈ ਸੀਨ....

ਫਿਲਮ ਚ ਬਹੁਤ ਸਾਰੇ ਦ੍ਰਿਸ਼ ਕਿਸੇ ਹੋਰ ਦ੍ਰਿਸ਼ ਦੇ ਨਾਲ ਕੋਈ ਸੰਬੰਧ ਨਹੀਂ ਰੱਖਦੇ...ਇਹ ਬਿਲਕੁਲ ਆਜ਼ਾਦ ਦ੍ਰਿਸ਼ ਨੇ ਜਿਨਾਂ ਨੂੰ ਦਰਸ਼ਕਾਂ ਦੀ ਸਮਝ ਉੱਪਰ ਛੱਡ ਦਿੱਤਾ ਗਿਆ ਹੈ...ਏਨਾ ਦ੍ਰਿਸ਼ਾਂ ਨੂੰ ਤੁਸੀਂ ਦੇਖੋ...ਸਮਝੋ....ਫੇਰ ਇਹ ਕਹਾਣੀ ਦੇ ਨਾਲ ਆਪੀ ਜੁੜ ਜਾਣਗੇ...

ਰੇਟਿੰਗ - 4/5

harpal1980.singh@gmail.com