SONCHIRIYA ( HINDI MOVIE )
ਨਿਰਦੇਸ਼ਕ : ਅਭਿਸ਼ੇਕ ਚੋਬੇ
ਕਲਾਕਾਰ : ਸੁਸ਼ਾਂਤ ਸਿੰਘ , ਭੂਮੀ ਪਦਨੇਕਰ , ਮਨੋਜ ਵਾਜੇਪਈ , ਆਸ਼ੁਤੋਸ਼ ਰਾਨਾ , ਰਣਵੀਰ ਸ਼ੋਰੀ
ਸਮੀਖਿਆ : ਹਰਪਾਲ ਸਿੰਘ
ਡਾਕੂਆਂ ਉਪਰ ਬਣੀ ਫਿਲਮ ਹੋਵੇ ਤੇ ਉਸਦੇ ਵਿਚ ਘੋੜੇ ਨਾ ਹੋਣ....ਇਹ ਹੈਰਾਨੀ ਦੀ ਗੱਲ ਲੱਗ ਸਕਦੀ ਹੈ...ਪਰ ਇਸ ਫ਼ਿਲਮ ਚ ਡਾਕੂਆਂ ਨੂੰ ਇਕ ਐਸੇ ਅੰਦਾਜ਼ ਚ ਸਾਡੇ ਅੱਗੇ ਪੇਸ਼ ਕੀਤਾ ਗਿਆ ਹੈ ਕਿ ਆਪਾਂ ਫ਼ਿਲਮਾਂ ਰਾਹੀਂ ਬਣੀ ਡਾਕੂਆਂ ਦੀ ਪਿਛਲੀ ਇਮੇਜ ਨੂੰ ਭੁੱਲ ਜਾਂਦੇ ਹਾਂ...
ਫਿਲਮ ਦੀ ਕਹਾਣੀ ਕਿਸੇ ਨਾਵਲ ਦੇ ਵਾਂਗ ਚਲਦੀ ਹੈ ਜਿਸਦੇ ਵਿਚ ਕਿੰਨੀਆਂ ਹੀ ਨਿੱਕੀਆਂ ਕਹਾਣੀਆਂ ਨੇ ਜਿੰਨਾ ਨੂੰ ਸੋਨਚਿੜੀਆ ਨਾਮ ਦੀ ਇਕ ਨਿੱਕੀ ਕੁੜੀ ਇਕ ਥਾਂ ਇਕੱਠਿਆਂ ਕਰ ਦਿੰਦੀ ਹੈ...
ਫਿਲਮ ਦੇ ਸ਼ੁਰੂ ਚ ਹੀ ਜਿਹੜੀ ਖਾਸ ਚੀਜ਼ ਆਪਣੇ ਵੱਲ ਧਿਆਨ ਖਿੱਚਦੀ ਹੈ ਉਹ ਹੈ ਫਿਲਮ ਚ ਕੈਮਰੇ ਦਾ ਕੰਮ....ਕੈਮਰਾਮੈਨ ਨੇ ਬੇਹਤਰੀਨ ਕੰਮ ਕੀਤਾ ਹੈ....ਤੇ ਜਿਸ ਤਰਾਂ ਨਾਲ ਕੈਮਰਾ ਘੁੰਮਦਾ ਹੈ...ਸੀਨਾਂ ਨੂੰ ਫੋਕਸ ਕਰਦਾ ਹੈ...ਦੇਖ ਕੇ ਮਜ਼ਾ ਆਂਦਾ ਹੈ....
ਫਿਲਮ ਦਾ ਬੈਕਗਰਾਊਂਡ ਸੰਗੀਤ ਸੁਣਦੇ ਸਮੇਂ ਕਿਤੇ ਕਿਤੇ ਫਿਲਮ ' KGF ' ਦੇ ਸੰਗੀਤ ਦਾ ਅਹਿਸਾਸ ਹੁੰਦਾ ਹੈ...ਪਰ ਇਹ ਸਿਰਫ ਇਕ ਖਾਸ ਤਰਾਂ ਦੀ ਧੁੰਨ ਆਉਣ ਤੇ ਹੀ ਲਗਦਾ ਹੈ...ਫਿਲਮ ਦੇ ਬੜੇ ਦ੍ਰਿਸ਼ ਆਪਣੇ ਪਿਛੋਕੜ ਸੰਗੀਤ ਕਰਕੇ ਹੀ ਥ੍ਰਿੱਲ ਪੈਦਾ ਕਰਦੇ ਨੇ....ਪਰ ਇਹ ਕਿਤੇ ਵੀ ਲਾਊਡ ਨਹੀਂ ਹੈ....ਇਹ ਥ੍ਰਿਲਿੰਗ ਹੈ ਤੇ ਕਈ ਥਾਂ ਤੇ ਕੰਨਾਂ ਨੂੰ ਸਕੂਨ ਵੀ ਦਿੰਦਾ ਹੈ....ਕਿਸੇ ਵੀ ਫਿਲਮ ਚ ਉਸਦੇ ਪਿਛੋਕੜ ਸੰਗੀਤ ਦਾ ਕਿੰਨਾ ਅਹਿਮ ਰੋਲ ਹੁੰਦਾ ਹੈ ਇਹ ਤੁਸੀਂ ਇਸ ਫ਼ਿਲਮ ਨੂੰ ਦੇਖ ਕੇ ਮਹਿਸੂਸ ਕਰ ਸਕਦੇ ਹੋ....ਅਭਿਸ਼ੇਕ ਚੁਬੇ ਜੋ ਕਿ ਫ਼ਿਲਮ ਦੇ ਨਿਰਦੇਸ਼ਕ ਨੇ...ਏਨਾ ਦੀ ਹੀ ਪੁਰਾਣੀ ਫਿਲਮ ' ਇਸ਼ਕੀਆ ' ਦਾ ਬੈਕਗਰਾਊਂਡ ਸੰਗੀਤ ਵੀ ਏਨਾ ਹੀ ਵਧੀਆ ਸੀ...ਖਾਸ ਕਰਕੇ ਇਸ਼ਕੀਆ ਦੇ ਕਲਾਈਮੈਕਸ ਚ ਚਲਦੀ ਗ਼ਜ਼ਲ ਮੈਨੂੰ ਅੱਜ ਵੀ ਨਹੀਂ ਭੁਲਦੀ..
ਫਿਲਮ ਚ ਐਕਟਿੰਗ ਦੀ ਗੱਲ ਕਰੀਏ ਤਾਂ ਮਨੋਜ ਵਾਜਪਈ ਦਾ ਰੋਲ ਛੋਟਾ ਹੈ ਪਰ ਦਮਦਾਰ ਹੈ...ਰਣਵੀਰ ਸ਼ੋਰੀ ਨੂੰ ਮੈਂ ਪਹਿਲੀ ਵਾਰ ਏਦਾਂ ਦੇ ਦੇਸੀ ਕਿਰਦਾਰ ਚ ਦੇਖਿਆ ਹੈ...ਤੇ ਉਸਨੇ ਆਪਣਾ ਕੰਮ ਵਧੀਆ ਕੀਤਾ ਹੈ...ਉਸਦੀ ਸਕਰੀਨ ਉਪਰ ਆਮਦ ਦਿਲਚਪਸ ਲਗਦੀ ਹੈ...ਪਰ ਫਿਲਮ ਚ ਉਸਦੀ ਆਪਣੀ ਆਵਾਜ਼ ਨਹੀਂ ਹੈ....ਏਦਾਂ ਕਿਉਂ ਹੈ ਮੈਂ ਨਹੀਂ ਜਾਣਦਾ...ਫਿਲਮ ਚ ਸੁਸ਼ਾਂਤ ਰਾਜਪੂਤ ਮੁੱਖ ਕਿਰਦਾਰ ਹੈ...ਪਰ ਮੈਨੂੰ ਉਹ ਫਿਲਮ ਚ ਸੁਸ਼ਾਂਤ ਰਾਜਪੂਤ ਹੀ ਲਗਿਆ ਹੈ...ਜਦੋਂ ਕਿ ਬਾਕੀ ਸਾਰੇ ਕਲਾਕਾਰ ਅਸਲੀ ਡਾਕੂਆਂ ਵਾਂਗ ਹੀ ਮਹਿਸੂਸ ਹੋਏ ਨੇ....ਭੂਮੀ ਪੇਡਨੇਕਰ ਨੇ ਆਪਣੀ ਭੂਮਿਕਾ ਨਾਲ ਪੂਰਾ ਨਿਆਂ ਕੀਤਾ ਹੈ...ਪਰ ਫੇਰ ਵੀ ਮੈਨੂੰ ਐਦਾਂ ਲੱਗਿਆ ਜਿਵੇਂ ਉਸਨੂੰ ਪੂਰੀ ਤਰਾਂ ਨਾਲ ਖੋਲਿਆ ਨਹੀਂ ਗਿਆ....ਉਸਦੇ ਹਾਵ ਭਾਵ ਕਾਫ਼ੀ ਕੁਛ ਆਖਦੇ ਨੇ...ਪਰ ਫੇਰ ਵੀ ਉਸਦੇ ਅੰਦਰ ਜੋ ਦਰਦ ਦਿਖਾਇਆ ਗਿਆ ਹੈ ਉਸਨੂੰ ਬਾਹਰ ਕੱਢਣ ਦੀ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ ਗਈ...ਏਹੀ ਫੀਲ ਮੈਨੂੰ ਸੁਸ਼ਾਂਤ ਰਾਜਪੂਤ ਵਾਸਤੇ ਵੀ ਹੈ....ਇਹ ਦੋ ਕਿਰਦਾਰ ਅਧੂਰੇ ਅਧੂਰੇ ਲੱਗੇ...
ਆਸ਼ੂਤੋਸ਼ ਰਾਣਾ ਨੂੰ ਜਿਵੇਂ ਦੇ ਰੂਪ ਚ ਅਸੀਂ ਜਾਣਦੇ ਹਾਂ ਉਸੇ ਰੂਪ ਚ ਉਹ ਨਜ਼ਰ ਆਇਆ ਹੈ...ਤੇ ਉਸਦੀਆਂ ਅੱਖਾਂ ਡਰ ਪੈਦਾ ਕਰਦੀਆਂ ਨੇ....
ਫਿਲਮ ਚ ਫੂਲਨ ਦੇਵੀ ਦਾ ਟਵੀਸਟ ਵੀ ਹੈ....ਪਰ ਇਸ ਵਾਲੀ ਫਿਲਮ ਚ ਫੂਲਨ ਦੇਵੀ ਉਪਰ ਬਣੀ ਫਿਲਮ ਬੈਂਡਿਟ ਕੁਈਨ ਵਾਂਗ ਗਾਲਾਂ ਦੀ ਵਰਤੋਂ ਨਹੀਂ ਕੀਤੀ ਗਈ...ਕੁਛ ਇਕ ਥਾਂ ਤੇ ਗਾਲਾਂ ਹੈ ਵੀ ਨੇ...ਪਰ ਬਿਲਕੁਲ ਨਾ-ਮਾਤਰ...
ਫਿਲਮ ਦੀ ਸਾਰੀ ਸ਼ੂਟਿੰਗ ਨੂੰ ਅਸਲੀ ਬੀਹੜ ਦੀਆਂ ਲੋਕੇਸ਼ਨਾਂ ਉਪਰ ਹੋਈ ਹੈ...ਤੇ ਇਹ ਲੋਕੇਸ਼ਨਾਂ ਫ਼ਿਲਮ ਦੀ ਜਾਨ ਨੇ....ਉਡਦੀ ਧੂੜ...ਤੇ ਡਾਕੂਆਂ ਦਾ ਭੱਜਦੇ ਰਹਿਣਾ ..ਇਹ ਸਭ ਦੇਖਣਾ ਮਜੇਦਾਰ ਲਗਦਾ ਹੈ...
ਅਸਲ ਚ ਇਹ ਡਾਕੂ ਜੋ ਅਸੀਂ ਇਸ ਫ਼ਿਲਮ ਚ ਦੇਖਦੇ ਹਾਂ ਇਹ ਬਾਲੀਵੂਡ ਦੀਆਂ ਪਿਛਲੀਆਂ ਫ਼ਿਲਮਾਂ ਨਾਲੋਂ ਕਾਫ਼ੀ ਅਲੱਗ ਨੇ....ਏਥੇ ਡਾਕੂਆਂ ਦੇ ਸਾਹਮਣੇ ਨਾ ਕੋਈ ਹੀਰੋ ਹੈ ਨਾ ਕੋਈ ਵਿਲੇਨ...ਇਹ ਆਪ ਹੀ ਹੀ ਹੀਰੋ ਨੇ...ਆਪ ਹੀ ਵਿਲੇਨ ਨੇ...
ਜਿਥੇ ਇਹ ਡਾਕੂ ਪਹਾੜਾਂ ਚ ਇਕ ਦੂਜੇ ਨਾਲ ਲੜ੍ਹ ਰਹੇ ਨੇ...ਪੁਲਿਸ ਨਾਲ ਲੜ੍ਹ ਰਹੇ ਨੇ...ਉਥੇ ਇਹ ਆਪਣੇ ਆਪ ਨਾਲ ਵੀ ਲੜਦੇ ਨੇ...
" ਚੋਦਾਂ ਸਾਲ ਦੀ ਜੇਲ ਕਿਵੇਂ ਕਟਾਂਗੇ " ਸਰੈਂਡਰ ਕਰਨ ਲਈ ਜਾਣ ਬਾਰੇ ਗੱਲ ਕਰਦੇ ਹੋਏ ਡਾਕੂ ਆਪਣੇ ਦੋਸਤ ਨਾਲ ਗੱਲ ਕਰਦਾ ਹੈ...
ਤਾਂ ਦੂਜਾ ਡਾਕੂ ਜੁਆਬ ਦਿੰਦਾ ਹੈ ਕਿ ਹੁਣ ਵੀ ਆਪਾਂ ਕਿਹੜੇ ਸੌਖੇ ਹਾਂ...ਸਵੇਰ ਤੋਂ ਸ਼ਾਮ ਤੱਕ ਭੱਜਦੇ ਰਹਿਣਾ...ਨਾ ਕੋਈ ਸੋਣ ਦਾ ਟਿਕਾਣਾ ਨਾ ਕੋਈ ਖਾਣ ਦੀ ਜਗ੍ਹਾ...ਜੇਲ ਏਦਾਂ ਦੇ ਜੀਵਨ ਨਾਲੋਂ ਤਾਂ ਬੇਹਤਰ ਹੀ ਹੋਵੇਗੀ...
ਏਦਾਂ ਦੇ ਕਈ ਛੋਟੇ ਡਾਇਲਗਾਂ ਰਾਹੀਂ ਕਿਰਦਾਰਾਂ ਦੇ ਮਨੋਭਾਵਾਂ ਨੂੰ ਬਿਆਨ ਕੀਤਾ ਗਿਆ ਹੈ...
ਇਹ ਫ਼ਿਲਮ ਬਾਗੀਆਂ ਦੇ ਉਸ ਜੀਵਨ ਨੂੰ ਦਿਖਾਂਦੀ ਹੈ ਜਿਸ ਤੋਂ ਜਿਆਦਾ ਜਣੇ ਅਣਜਾਣ ਹੀ ਰਹਿੰਦੇ ਨੇ...ਹਕੂਮਤਾਂ ਨਾਲ ਲੜਦੇ ਇਹ ਲੋਕ ਆਪਣੇ ਆਪ ਨਾਲ ਲੜ੍ਹਾਈ ਚ ਕਿਵੇਂ ਦਾ ਮਹਿਸੂਸ ਕਰਦੇ ਨੇ ਇਹ ਇਸ ਫ਼ਿਲਮ ਚ ਫਿਲੋਸਫੀਕਲੀ ਢੰਗ ਨਾਲ ਦਿਖਾਇਆ ਹੈ...
" ਬਾਗੀ ਰੇ...ਅਭਾਗੀ ਰੇ "
ਗਾਣੇ ਦੀਆਂ ਇਹ ਦੋ ਸਤਰਾਂ ਹੀ ਫਿਲਮ ਦਾ ਸਾਰ ਨੇ....
" ਔਰਤਾਂ ਦੀ ਕੋਈ ਜਾਤੀ ਨਹੀਂ ਹੁੰਦੀ...ਸ਼ੂਦਰ...ਠਾਕੁਰ...ਜਾਟ
" ਚੂਹੇ ਨੂੰ ਸੱਪ ਖਾ ਜਾਂਦਾ ਹੈ ਤੇ ਸੱਪ ਨੂੰ ਗਿੱਧ " ਇਹ ਸਤਰਾਂ ਫਿਲਮ ਚ ਕਈ ਵਾਰ ਬੋਲੀਆਂ ਜਾਂਦੀਆਂ ਨੇ...ਤੇ ਫਿਲਮ ਦੇ ਅੰਤ ਚ ਏਨਾ ਸਤਰਾਂ ਦਾ ਮਤਲਬ ਡੂੰਘੀ ਤਰਾਂ ਨਾਲ ਸਮਝ ਪੈਂਦਾ ਹੈ...
ਔਰਤ ਦੀ ਦੁਰਦਸ਼ਾ...ਅੰਧਵਿਸ਼ਵਾਸ...ਤੇ ਜਾਤ ਪਾਤ ਇਹ ਸਾਰਾ ਕੁਝ ਇਸ ਫ਼ਿਲਮ ਦਾ ਹਿੱਸਾ ਹੈ...
ਇੰਟਰਵਲ ਤੋਂ ਪਹਿਲਾਂ ਵਾਲਾ ਹਿੱਸਾ ਮੈਨੂੰ ਬਹੁਤ ਵਧੀਆ ਲਗਿਆ...ਫਿਲਮ ਦੇ ਦੂਜੇ ਹਿੱਸੇ ਚ ਮੈਨੂੰ ਕਈ ਖਾਮੀਆਂ ਮਹਿਸੂਸ ਹੋਈਆਂ...ਸਕ੍ਰਿਪਟ ਹਲਕੀ ਜਹੀ ਢਿੱਲੀ ਪੈ ਗਈ ਲੱਗੀ....ਪਰ ਉਸ ਤੋਂ ਬਾਦ ਪੁਲਿਸ ਨਾਲ ਡਾਕੂਆਂ ਦੀ ਮੁਠਭੇੜ ਵਾਲੇ ਸੀਨ ਕਮਾਲ ਦੇ ਲੱਗੇ...ਜਿੰਨੀ ਵਾਰ ਵੀ ਡਾਕੂਆਂ ਦਾ ਮੁਕਾਬਲਾ ਦਿਖਾਇਆ ਗਿਆ...ਸਾਰੇ ਹੀ ਦ੍ਰਿਸ਼ ਬੇਹਤਰੀਨ ਨੇ...
ਫਿਲਮ ਦੇ ਕਈ ਹੋਰ ਸੀਨ ਵੀ ਨੇ ਜੋ ਮੈਨੂੰ ਬੜੇ ਪਸੰਦ ਆਏ...ਪਰ ਮੈਂ ਏਨਾ ਬਾਰੇ ਹੁਣੇ ਹੀ ਗੱਲ ਕਰਕੇ ਤੁਹਾਡਾ ਮਜ਼ਾ ਨਹੀਂ ਖਰਾਬ ਕਰਾਂਗਾ...ਕੁਛ ਇਕ ਸੀਨ ਕਿਸੇ ਹਾਰਰ ਫਿਲਮ ਵਾਂਗ ਡਰ ਵੀ ਪੈਦਾ ਕਰਦੇ ਨੇ....ਫਿਲਮ ਚ ਟੈਨਸ਼ਨ ਨੂੰ ਚੰਗੇ ਤਰੀਕੇ ਨਾਲ ਕਰੀਏਟ ਕਰਕੇ ਰਖਿਆ ਗਿਆ ਹੈ...ਖਾਸ ਕਰਕੇ ਇੰਟਰਵਲ ਤੋੰ ਪਹਿਲਾਂ ਵਾਲੇ ਹਿੱਸੇ ਚ ਪਲਕ ਨਹੀਂ ਝਪਕੀ ਜਾਂਦੀ...
ਮੈਨੂੰ ਫਿਲਮ ਚ ਕਈ ਚੀਜ਼ਾਂ ਸਰਪ੍ਰਾਈਜ਼ ਲਗੀਆਂ...ਜਿਵੇਂ ਕਿ ਮੈਨੂੰ ਲੱਗਿਆ ਸੀ ਕਿ ਭੂਮੀ ਪੇਡਨੇਕਰ ਫਿਲਮ ਚ ਡਾਕੂ ਬਣੀ ਹੋਵੇਗੀ...ਪਰ ਉਸਦਾ ਡਾਕੂ ਨਾ ਹੋਣਾ ਮੇਰੇ ਲਈ ਹੈਰਾਨੀ ਦੀ ਗੱਲ ਸੀ...
ਮੈਨੂੰ ਲੱਗਿਆ ਸੀ ਕਿ ਸੁਸ਼ਾਂਤ ਅਤੇ ਭੂਮੀ ਦੀ ਲਵ ਸਟੋਰੀ ਵਾਲਾ ਐਂਗਲ ਹੋਵੇਗਾ...ਪਰ ਇਹ ਵੀ ਨਾ ਹੋਣਾ ਵੀ ਮੇਰੀਆਂ ਉਮੀਦਾਂ ਤੋਂ ਪਰੇ ਸਾਬਤ ਹੋਇਆ...ਮੈਨੂੰ ਇਕ ਨਿਰਦੇਸ਼ਕ ਦੀ ਲਿਖੀ ਗੱਲ ਯਾਦ ਆਈ ਕਿ ਦਰਸ਼ਕ ਨੂੰ ਕੋਈ ਸੀਨ ਜਾਂ ਕਹਾਣੀ ਏਦਾਂ ਦਿਖਾਓ...ਕਿ ਉਸਨੂੰ ਲੱਗੇ ਕਿ ਉਹ ਜਾਣਦਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ...ਪਰ ਇਕ ਦਮ ਉਹ ਪੇਸ਼ ਕਰੋ ਜੋ ਉਸਦੀਆਂ ਸੋਚਾਂ ਤੋਂ ਪਰੇ ਹੋਵੇ...
ਫਿਲਮ ਚ ਕਿਰਦਾਰਾਂ ਵਲੋਂ ਬੋਲੀ ਗਈ ਭਾਸ਼ਾ ਠੇਠ ਹੈ...ਤੇ ਸ਼ਾਇਦ ਇਹ ਬੁੰਦੇਲਖੰਡ ਵੱਲ ਬੋਲੀ ਜਾਂਦੀ ਬੁੰਦੇਲੀ ਭਾਸ਼ਾ ਹੈ...ਜੋ ਕਈ ਵਾਰ ਸਮਝ ਨਹੀਂ ਆਂਦੀ...ਪਰ ਫਿਲਮ ਚ ਇੰਗਲਿਸ਼ ਦੇ ਸਬਟਾਈਟਲ ਦੀ ਵਰਤੋਂ ਕੀਤੀ ਗਈ ਹੈ ਜਿਸਦੇ ਕਰਕੇ ਡਾਇਲਾਗ ਨੂੰ ਸਮਝਣ ਚ ਕੋਈ ਅੱਖ ਨਹੀਂ ਹੁੰਦੀ...
ਫਿਲਮ ਚ ਗਾਣਿਆਂ ਦੇ ਨਾਮ ਉਪਰ ' ਬਾਗੀ ਰੇ ' ਗੀਤ ਹੈ...ਜਿਸਨੂੰ ਸੁਣ ਕੇ ਮਜ਼ਾ ਆਂਦਾ ਹੈ...ਤੇ ਇਕ ਛੋਟੀ ਜਹੀ ਲੋਰੀ ਹੈ...ਜਿਸਨੂੰ ਸੁਣ ਕੇ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਵਿਸ਼ਾਲ ਭਾਰਦਵਾਜ ਦੀ ਵਹੁਟੀ ਰੇਖਾ ਭਾਰਦਵਾਜ ਨੇ ਗਾਈ ਹੈ...ਪਰ ਮੈਂ ਬਸ ਅੰਦਾਜ਼ਾ ਜਾਹਰ ਕੀਤਾ ਹੈ...ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ ਕਿ ਮੇਰਾ ਅੰਦਾਜ਼ਾ ਸਹੀ ਸੀ ਕਿ ਨਹੀਂ...
ਫਿਲਮ ਦੀ ਲੰਬਾਈ ਵੈਸੇ ਜਿਆਦਾ ਹੈ...ਪਰ ਮੈਨੂੰ ਇਸਦੀ ਲੰਬਾਈ ਨੇ ਤੰਗ ਨਹੀਂ ਕੀਤਾ....
ਮੇਰੇ ਲਈ ਇਹ ਫ਼ਿਲਮ ਪੂਰੀ ਪੈਸਾ ਵਸੂਲ ਹੈ...ਤੁਹਾਨੂੰ ਕਿਵੇਂ ਦੀ ਲਗੇਗੀ ਨਹੀਂ ਦੱਸ ਸਕਦਾ...
ਕੁਛ ਲੋਕਾਂ ਨੂੰ ਫਿਲਮ ਦਾ ਅੰਤ ਕਮਜ਼ੋਰ ਲੱਗ ਸਕਦਾ ਹੈ...ਮੈਨੂੰ ਠੀਕ ਠਾਕ ਲਗਿਆ...ਨਾ ਬਹੁਤ ਵਧੀਆ...ਤੇ ਨਾ ਬਹੁਤ ਹੀ ਖਰਾਬ...ਪਰ ਅੰਤ ਚ ਕੁਛ ਚੀਜ਼ਾਂ ਗੈਰ ਜਰੂਰੀ ਲਗੀਆਂ...ਜਿੰਨਾ ਬਾਰੇ ਬੋਲਣ ਤੋਂ ਖੁਦ ਨੂੰ ਰੋਕਿਆ ਹੈ...ਕਿਉਂਕਿ ਮੈਂ ਤੁਹਾਨੂੰ ਸਭ ਦੱਸਾਂਗਾ ਤਾਂ ਤੁਸੀਂ ਆਪ ਜਾ ਕੇ ਕੀ ਵੇਖੋਗੇ...
ਮੈਂ ਤੁਹਾਨੂੰ ਇਸ ਫ਼ਿਲਮ ਨੂੰ ਦੇਖਣ ਦੀ ਸਲਾਹ ਤਾਂ ਹੀ ਦਵਾਂਗਾ ਜੇ ਤੁਸੀਂ ਰੂਟੀਨ ਤੋਂ ਹੱਟ ਕੇ ਕੁਛ ਚੰਗਾ ਦੇਖਣ ਦੇ ਚਾਹਵਾਨ ਹੋ...ਜੇ ਤੁਸੀਂ ਪਰਿਵਾਰ ਅਤੇ ਬੱਚਿਆਂ ਨਾਲ ਜਾ ਕੇ ਪਿਕਿਨਿਕ ਵਾਂਗ ਸਿਨੇਮਾ ਚ ਕੁਛ ਸਮਾਂ ਬਿਤਾਉਣ ਦੇ ਚਾਹਵਾਨ ਹੋ ਤਾਂ ਇਹ ਫ਼ਿਲਮ ਤੁਹਾਡੇ ਲਈ ਨਹੀਂ ਹੈ...
ਇਸ ਫ਼ਿਲਮ ਨੂੰ ਸਿਨੇਮਾ ਚ ਦੇਖਣਾ ਹੀ ਜਿਆਦਾ ਠੀਕ ਰਹੇਗਾ....ਤੇ ਮੋਬਾਈਲ ਦੀ ਸਕਰੀਨ ਉਪਰ ਇਹ ਫ਼ਿਲਮ ਜੇ ਤੁਸੀਂ ਦੇਖੋਗੇ ਤਾਂ ਸਮਝੋ ਫਿਲਮ ਨਾਲ ਅਨਿਆਂ ਕਰੋਗੇ...
ਰੇਟਿੰਗ - 3.5/5
harpal1980.singh@gmail.com

0 Comments