HAMID

ਨਿਰਦੇਸ਼ਕ : ਏਜਾਜ ਖਾਨ 

ਸਮੀਖਿਆ : ਹਰਪਾਲ ਸਿੰਘ



ਕਸ਼ਮੀਰ ਦੀ ਇਹ ਕਹਾਣੀ ਆਪਣੇ ਵਿਚ ਕਾਫੀ ਕੁਝ ਸਮੇਟੀ ਬੈਠੀ ਹੈ....ਕਸ਼ਮੀਰੀ ਲੋਕਾਂ ਦੀ ਜ਼ਿੰਦਗੀ ਵਾਂਗ ਇਹ ਰਫਤਾਰ ਚ ਬੜੀ ਹੋਲੀ ਹੋ ਗਈ ਹੈ...ਪਰ ਫੇਰ ਵੀ ਅੰਤ ਤੱਕ ਆਪਣੇ ਨਾਲ ਰੋਕ ਕੇ ਰੱਖਦੀ ਹੈ...

ਹਾਮਿਦ ਨਾਮ ਦੇ ਇਕ ਸੱਤ ਸਾਲ ਦਾ ਬੱਚਾ ਹੈ ਜਿਸਦੇ ਪਿਤਾ ਜੀ ਗੁਆਚ ਜਾਂਦੇ ਨੇ....ਤੇ ਇਹ ਬੱਚਾ ਆਪਣੇ ਪਿਤਾ ਦੀ ਭਾਲ ਚ ਆਪਣੇ ਵਲੋਂ ਕੋਸ਼ਿਸ਼ ਕਰਦਾ ਹੈ....ਤੇ ਇਸੇ ਕੋਸ਼ਿਸ਼ ਚ ਉਸਨੂੰ ਇਹ ਜਾਪਦਾ ਹੈ ਕਿ ਅੱਲ੍ਹਾ ਦਾ ਮੋਬਾਈਲ ਨੰਬਰ ਜਰੂਰ ਹੀ 786 ਹੋਵੇਗਾ....ਉਹ ਇਸੇ ਨੰਬਰ ਨੂੰ ਡਾਇਲ ਕਰਦਾ ਹੈ...ਤਾਂ ਉਸਨੂੰ ਪਤਾ ਲਗਦਾ ਹੈ ਕਿ ਕੋਈ ਵੀ ਮੋਬਾਈਲ ਨੰਬਰ ਦੱਸ ਅੱਖਰਾਂ ਦਾ ਹੀ ਹੋ ਸਕਦਾ ਹੈ...ਤਾਂ ਓਹ ਇਸੇ ਨੰਬਰ ਨੂੰ 9786786786 ਕਰਕੇ ਡਾਇਲ ਕਰਦਾ ਹੈ...ਜੋ ਕਿ ਸੀ ਆਰ ਪੀ ਐਫ ਦੇ ਇਕ ਸਿਪਾਹੀ ਦਾ ਹੈ....

ਫਿਲਮ ਦੀ ਕਹਾਣੀ ਬਹੁਤ ਹੀ ਹੋਲੀ ਅੱਗੇ ਵਧਦੀ ਹੈ...ਪਰ ਬੱਚੇ ਅਤੇ ਫੌਜੀ ਦੀ ਫੋਨ ਵਿਚ ਗੱਲਬਾਤ ਮਾਹੌਲ ਨੂੰ ਰੋਚਕ ਬਣਾਈ ਰੱਖਦੀ ਹੈ....

....

ਫਿਲਮਕਾਰ ਕਸ਼ਮੀਰ ਦੀ ਸਮੱਸਿਆ ਦੇ ਧੁਰ ਅੰਦਰ ਨਹੀਂ ਗਏ.....ਉਹ ਬਸ ਇਕ ਬੱਚੇ ਦੁਆਲੇ ਹੀ ਰਹਿੰਦੇ ਨੇ ਜਿਸਦਾ ਬਾਪ ਗੁਆਚਿਆ ਹੈ...ਪਰ ਉਸਦਾ ਬਚਪਨਾ ਨਹੀਂ....ਉਸਦਾ ਭੋਲਾਪਨ ਬੜੀ ਥਾਂ ਤੇ ਅੱਖਾਂ ਨੂੰ ਹੰਝੂਆਂ ਨਾਲ ਭਿਉਂ ਦਿੰਦਾ ਹੈ....ਖਾਸ ਕਰਕੇ ਉਹ ਦ੍ਰਿਸ਼ ਜਿਸਦੇ ਵਿਚ ਬੱਚਾ ਇਕ ਭਿਖਾਰੀ ਕੋਲੋਂ ਪੈਸੇ ਮੰਗਦਾ ਹੈ....

.....



ਫਿਲਮ ਚ ਆਰਮੀ ਨੂੰ ਹਟਵੇਂ ਨਜ਼ਰੀਏ ਨਾਲ ਦਿਖਾਇਆ ਗਿਆ ਹੈ....ਆਰਮੀ ਅਤੇ ਉਸਦੇ ਸਾਹਮਣੇ ਪੱਥਰ ਲੈ ਕੇ ਖੜੇ ਲੋਕ....ਏਨਾ ਵਿਚਕਾਰ ਇਕ ਰਿਸ਼ਤਾ ਜੁੜ ਜਾਂਦਾ ਹੈ....ਕਦੀ ਇਹ ਦੋਵੇਂ ਇਕ ਦੂਜੇ ਦੇ ਵੈਰੀ ਬਣੇ ਪ੍ਰਤੀਤ ਹੁੰਦੇ ਨੇ...ਤੇ ਕਦੀ ਇਕ ਦੂਜੇ ਦੇ ਗੁੱਸੇ ਮਗਰ ਲੁਕੇ ਹੋਏ ਅਹਿਸਾਸਾਂ ਨੂੰ ਮਹਿਸੂਸ ਕਰਦੇ ਨੇ....

ਇਕ ਆਰਮੀ ਵਾਲਾ ਉਦੋਂ ਭੜਕਦਾ ਹੈ ਜਦੋਂ ਉਸਦਾ ਕੋਈ ਸਿਪਾਹੀ ਦੋਸਤ ਮਾਰਿਆ ਜਾਂਦਾ ਹੈ....ਮਤਲਬ ਉਸਦੇ ਜਜ਼ਬਾਤ ਛਲਣੀ ਹੁੰਦੇ ਨੇ....ਫੇਰ ਉਹ ਪੱਥਰ ਮਾਰਨ ਵਾਲਿਆਂ ਉਪਰ ਗੋਲੀ ਚਲਾਉਣ ਨੂੰ ਤਿਆਰ ਹੋ ਜਾਂਦਾ ਹੈ...

ਇੰਝ ਹੀ ਇਕ ਬੱਚਾ ਹੈ....ਉਸਨੂੰ ਉਦੋਂ ਆਰਮੀ ਉਪਰ ਗੁੱਸਾ ਆਂਦਾ ਹੈ ਜਦੋਂ ਉਸਨੂੰ ਆਪਣੇ ਪਿਤਾ ਦੇ ਮਰ ਜਾਣ ਦੀ ਖਬਰ ਮਿਲਦੀ ਹੈ...

ਦੇਸ਼...ਕੌਮ ਸਭ ਬਾਦ ਚ ਨੇ....ਪਹਿਲਾਂ ਹਰ ਕਿਸੇ ਦੇ ਨਿੱਜੀ ਜਜ਼ਬਾਤ ਹਿਲਦੇ ਨੇ....ਉਸਦਾ ਆਪਣਾ ਕੋਈ ਸੱਟ ਖਾਂਦਾ ਹੈ ਤਾਂ ਖੂਨ ਉਬਾਲਾ ਖਾਂਦਾ ਹੈ...

.....

ਫਿਲਮ ਕਸ਼ਮੀਰ ਨੂੰ ਜਿਆਦਾ ਨਹੀਂ ਦਿਖਾਂਦੀ....ਪਰ ਫੇਰ ਵੀ ਫਿਲਮ ਦੇਖਦੇ ਹੋਏ ਆਪਣਾ ਆਪ ਕਸ਼ਮੀਰ ਦੇ ਅੰਦਰ ਹੀ ਮਹਿਸੂਸ ਹੁੰਦਾ ਹੈ...

ਕਸ਼ਮੀਰੀ ਭਾਸ਼ਾ ....ਉਹਨਾਂ ਦੇ ਬੋਲਣ ਦਾ ਲਹਿਜ਼ਾ...ਇਹ ਸਭ ਅਸਲੀ ਦੇ ਬਹੁਤ ਨੇੜੇ ਰਹਿੰਦਾ ਹੈ...

.....

ਇਸ ਕਹਾਣੀ ਚ ਕਈ ਦ੍ਰਿਸ਼ ਜਿਵੇਂ ਕਿ ਆਰਮੀ ਦਾ ਉਸ ਕੰਧ ਉਪਰ ਪੇਸ਼ਾਬ ਕਰਨਾ ਜਿਸਦੇ ਉਪਰ ਆਜ਼ਾਦੀ ਦਾ ਸਲੋਗਨ ਹੈ....ਜਾਂ ਇਕ ਦ੍ਰਿਸ਼ ਜਿਸਦੇ ਵਿਚ ਇਕ ਨੇਤਾ ਟਾਈਪ ਬੰਦਾ ਬੱਚਿਆਂ ਨੂੰ ਭੜਕਾਊ ਫ਼ਿਲਮਾਂ ਦਿਖਾਉਂਦਾ ਹੈ....ਇਹ ਸਾਰੇ ਦ੍ਰਿਸ਼ ਕਿਸੇ ਨਾ ਕਿਸੇ ਨੂੰ ਇਕ ਪਾਸੜ ਗੱਲ ਕਰਦੇ ਜਾਪ ਸਕਦੇ ਨੇ....ਪਰ ਫਿਲਮ ਦਾ ਅੰਤ ਦੋ ਅਲੱਗ ਅਲੱਗ ਕੰਢਿਆਂ ਉਪਰ ਖੜੀਆਂ ਦੋਨਾਂ ਧਿਰਾਂ ਦੀਆਂ ਅੱਖਾਂ ਨੂੰ ਵੀ ਪਿਆਰ ਦੇ ਪਾਣੀਆਂ ਨਾਲ ਭਰ ਸਕਦਾ ਹੈ...

.....

ਇਕ ਦ੍ਰਿਸ਼ ਜਿਸਦੇ ਵਿਚ ਸਿਪਾਹੀ ਨੂੰ ਇਸ ਕਰਕੇ ਝਿੜਕਾਂ ਪੈਂਦੀਆਂ ਨੇ ਆਪਣੇ ਅਫਸਰ ਕੋਲੋਂ ਕਿ ਉਹ ਕਿਸੇ ਬੱਚੇ ਦੀ ਮਦਦ ਕਰ ਰਿਹਾ ਹੈ..ਉਸਨੂੰ ਆਖਿਆ ਜਾਂਦਾ ਹੈ ਕਿ ਤੂੰ ਬਸ ਸਿਪਾਹੀ ਹੈਂ....ਸਿਪਾਹੀ ਬਣ ਕੇ ਰਹਿ..

ਇਹ ਡਾਇਲਾਗ ਬੜਾ ਡੂੰਘਾ ਹੈ....ਜੇ ਕੋਈ ਸਮਝੇ ਤਾਂ...

ਮੈਂ ਕਸ਼ਮੀਰ ਚ ਜਦੋਂ ਨੌਕਰੀ ਕਰਦਾ ਸੀ...ਤਾਂ ਕਈ ਆਰਮੀ ਵਾਲਿਆਂ ਦਾ ਲੋਕਲ ਲੋਕਾਂ ਨਾਲ ਮੋਹ ਪੈ ਜਾਂਦਾ ਸੀ...ਪਰ ਸਰਕਾਰ ਉਹਨਾਂ ਨੂੰ ਇਕ ਸਮੇਂ ਤੱਕ ਹੀ ਇਕ ਇਲਾਕੇ ਚ ਰੱਖਦੀ ਸੀ....ਫੇਰ ਉਹਨਾਂ ਦੀ ਡਿਊਟੀ ਬਦਲ ਦਿੱਤੀ ਜਾਂਦੀ ਸੀ...ਕਿ ਸਿਪਾਹੀ ਲੋਕ ਕਿਸੇ ਨਾਲ ਭਾਵਨਾਵਾਂ ਚ ਨਾ ਬੱਝ ਜਾਣ...

ਅਸਲ ਚ ਸਿਪਾਹੀ ਦਾ ਕੰਮ ਬਸ ਸਰਕਾਰ ਦਾ ਹੁਕਮ ਵਜਾਉਣਾ ਹੈ....ਉਸਦਾ ਕੰਮ ਡਿਸਟਰਬ ਇਲਾਕੇ ਦੇ ਅਵਾਮ ਨਾਲ ਪਿਆਰ ਪਾਉਣਾ ਹਰਗਿਜ਼ ਨਹੀਂ ਹੈ....ਉਹ ਉਥੋਂ ਦੇ ਵਸਨੀਕਾਂ ਉਪਰ ਗੋਲੀ ਚਲਾ ਸਕਦਾ ਹੈ ਪਰ ਉਹਨਾਂ ਨਾਲ ਪਿਆਰ ਦਾ ਰਿਸ਼ਤਾ ਨਹੀਂ ਬਣਾ ਸਕਦਾ...ਜੇ ਬਣਾਏਗਾ ਤਾਂ ਉਹ ਨੌਕਰੀ ਲਈ ਕਾਬਲ ਨਹੀਂ ਸਮਝਿਆ ਜਾਏਗਾ....

ਇਹ ਬੋਲਣਾ ਕਿ ਫੌਜ ਕਿਸੇ ਇਲਾਕੇ ਚ ਸ਼ਾਂਤੀ ਬਣਾਉਣ ਲਈ ਭੇਜੀ ਜਾਂਦੀ ਹੈ....ਇਹ ਇਕ ਕੋਰਾ ਝੂਠ ਹੈ....ਉਸਦਾ ਕੰਮ ਬਸ ਕਿਸੇ ਇਲਾਕੇ ਦੇ ਲੋਕਾਂ ਚ ਸਰਕਾਰ ਲਈ ਸਹਿਮ ਬਣਾ ਕੇ ਰੱਖਣਾ ਹੁੰਦਾ ਹੈ...



ਇਕ ਆਰਮੀ ਵਾਲਾ ਇਕ ਗਰੀਬ ਦੀ ਡਾਇਰੀ ਦਾ ਉਹ ਪੰਨਾ ਫਾੜ ਦਿੰਦਾ ਹੈ ਜਿਸਦੇ ਵਿਚ ਉਸਨੇ ਆਪਣੇ ਦਿਲ ਦੀਆਂ ਗੱਲਾਂ ਨੂੰ ਸ਼ਾਇਰੀ ਦੇ ਰੂਪ ਚ ਲਿਖਿਆ ਸੀ....

ਇਕ ਆਮ ਬੰਦੇ ਦੇ ਜਜ਼ਬਾਤ ਵੀ ਜੇ ਸਰਕਾਰ ਦੇ ਵੱਲ ਦੀ ਗੱਲ ਨਾ ਕਰਨ....ਤਾਂ ਵੀ ਉਸ ਬੰਦੇ ਨੂੰ ਸਰਕਾਰੀ ਜ਼ਬਰ ਭੁਗਤਣਾ ਪੈਂਦਾ ਹੈ....ਪੰਜਾਬ ਚ ਬੜੇ ਨੌਜਵਾਨ ਇਸ ਕਰਕੇ ਜੇਲਾਂ ਚ ਨੇ ਕਿ ਉਹਨਾਂ ਦੀ ਸਾਹਿਤਿਕ ਰੁਚੀ ਉਸ ਸਾਹਿਤ ਨਾਲ ਸੀ ਜਿਸਦੇ ਚ ਸਰਕਾਰ ਦਾ ਵਿਰੋਧ ਕੀਤਾ ਜਾਂਦਾ ਹੈ...

ਏਨੀ ਗੱਲ ਤੋਂ ਅੰਦਾਜ਼ਾ ਲਗਾਓ ਕਿ ਤੁਸੀਂ ਸਿਰਫ ਹਥਿਆਰ ਚੁੱਕ ਕੇ ਹੀ ਸਰਕਾਰ ਲਈ ਖਤਰਨਾਕ ਨਹੀਂ ਹੋ....ਤੁਹਾਡਾ ਸਰਕਾਰ ਖਿਲਾਫ ਜਜ਼ਬਾਤ ਰੱਖਣਾ ਵੀ ਜੁਰਮ ਹੈ....ਤੇ ਤੁਸੀਂ ਸਿਰਫ ਤੇ ਸਿਰਫ ਆਪਣੇ ਜਜਬਾਤਾਂ ਕਰਕੇ ਹੀ ਅਤਵਾਦੀ ਸਾਬਤ ਹੋ ਸਕਦੇ ਹੋ...

....



ਫਿਲਮ ਚ ਛੋਟੇ ਬੱਚੇ ਨੇ ਬੇਹਤਰੀਨ ਕੰਮ ਕੀਤਾ ਹੈ....ਰਸਿਕਾ ਦੁੱਗਲ ਜੋ ਬੱਚੇ ਦੀ ਮਾਂ ਬਣੀ ਹੈ ਉਸਦਾ ਕੰਮ ਵੀ ਸੋਹਣਾ ਹੈ....ਫੌਜੀ ਦੇ ਰੋਲ ਚ ਕਲਾਕਾਰ ਆਪਣੇ ਹਾਵ ਭਾਵ ਨਾਲ ਖੁਦ ਲਈ ਮੋਹੱਬਤ ਪੈਦਾ ਕਰਵਾਉਂਦਾ ਹੈ...

ਫਿਲਮ ਚ ਕਿਤੇ ਕਿਤੇ ਲੋਕ ਸੰਗੀਤ ਸੁਣਦਾ ਹੈ...ਮਜ਼ਾ ਆਂਦਾ ਹੈ ਸੁਣ ਕੇ....ਫਿਲਮ ਚ ਇਕਲੌਤਾ ਗੀਤ ਹੁਕੁਸ ਬੁਕੁਸ ਨੂੰ ਯੂ ਟਿਊਬ ਤੇ ਸੁਣੋਗੇ ਤਾਂ ਯਕੀਨਨ ਇਹ ਇਕ ਤੋਂ ਜਿਆਦਾ ਵਾਰ ਸੁਨਣਯੋਗ ਹੈ...

ਰੇਟਿੰਗ - 3/5


 harpal1980.singh@gmail.com