DELHI CRIME ( WEB SERIES )

Review ✍️ Harpal Singh

ਇਸ ਵੈਬ ਸੀਰੀਜ਼ ਨੂੰ ਦੇਖਨ ਲਈ ਮਨ ਤਿਆਰ ਨਹੀਂ ਸੀ ਹੋਇਆ ਜਲਦੀ....ਕਿਉਂਕਿ ਜਦੋਂ ਇਸਦੇ ਬਾਰੇ ਪਤਾ ਲਗਾ ਸੀ ਕਿ ਇਹ ਦਿਲੀ ਵਿਚ ਹੋਏ ਰੇਪ ਦੀ ਘਟਨਾ ਉਪਰ ਬਣਿਆ ਹੈ ਤਾਂ ਉਦੋਂ ਹੀ ਇਸਨੂੰ ਦੇਖਣ ਦਾ ਖਿਆਲ ਛੱਡ ਦਿੱਤਾ ਸੀ...ਕਿਉਂਕਿ ਇਸਦੇ ਉਪਰ ਅਧਾਰਿਤ ਇਕ ਟੈਲੀ ਫਿਲਮ ਮੈਂ ਪਿਛਲੇ ਸਾਲ ਦੇਖ ਚੁੱਕਿਆ ਸੀ..

ਪਰ ਫੇਰ ਇਕ ਦਿਨ ਇਸਦਾ ਇਕ ਭਾਗ ਦੇਖਣ ਲਈ ਬੈਠਿਆ...ਤੇ ਫੇਰ ਇਸਦੇ ਸਾਰੇ ਭਾਗ ਦੇਖ ਕੇ ਹੀ ਰੁੱਕਿਆ...ਕਿਉਂਕਿ ਇਹ ਰੇਪ ਦੀ ਘਟਨਾ ਬਾਰੇ ਸਮਾਜਿਕ ਨਜ਼ਰੀਏ ਨੂੰ ਪੇਸ਼ ਕਰਨ ਦੀ ਬਜਾਏ ਪੁਲਿਸ ਦੀ ਤਫਤੀਸ਼ ਉਪਰ ਅਧਾਰਿਤ ਸੀ...ਤੇ ਏਹੀ ਚੀਜ਼ ਇਸ ਸੀਰੀਜ਼ ਵਿਚ ਦਿਲਚਸਪੀ ਪੈਦਾ ਕਰਦੀ ਹੈ....










ਇਸ ਸੀਰੀਜ਼ ਚ ਦਿਖਾਇਆ ਪੁਲਿਸ ਤਫਤੀਸ਼ ਦਾ ਸਾਰਾ ਕਿੱਸਾ ਪੁਲਿਸ ਦੀ ਤਰਫੋਂ ਬਿਆਨ ਕੀਤਾ ਗਿਆ ਹੈ....ਇਸ ਕਰਕੇ ਇਹ ਦਸਣਾ ਔਖਾ ਹੈ ਕਿ ਇਸ ਕਿੱਸੇ ਚ ਕਿੰਨੀ ਸਚਾਈ ਹੈ ਤੇ ਕਿੰਨਾ ਮਸਾਲਾ....ਪਰ ਜੇ ਇਸ ਬਹਿਸ ਨੂੰ ਇਕ ਪਾਸੇ ਕਰਕੇ ਸਿਰਫ ਤੇ ਸਿਰਫ ਸਕਰੀਨ ਉਪਰ ਚਲਦੇ ਡਰਾਮੇ ਦੀ ਗੱਲ ਕੀਤੀ ਜਾਵੇ ਤਾਂ ਇਹ ਬੇਹਦ ਮਨੋਰੰਜਕ ਤੇ ਥ੍ਰਿੱਲ ਨਾਲ ਭਰਿਆ ਹੈ...ਹਰ ਕਲਾਕਾਰ ਚਾਹੇ ਉਹ ਕਿਸੇ ਛੋਟੇ ਸਿਪਾਹੀ ਦੇ ਰੋਲ ਵਿਚ ਹੈ ਜਾਂ ਪੁਲਿਸ ਦੇ ਵੱਡੇ ਅਫਸਰ ਦੇ ਰੋਲ ਵਿਚ ਹੋਵੇ...ਚਾਹੇ ਉਹ ਕੋਈ ਕ੍ਰਿਮੀਨਲ ਹੋਵੇ ਜਾਂ ਬਿਲਕੁਲ ਝਲਕ ਮਾਤਰ ਵਾਂਗ ਨਜ਼ਰ ਆਉਣ ਵਾਲਾ ਕੋਈ ਵੀ ਹੋਵੇ...ਸਾਰਿਆਂ ਦਾ ਕੰਮ ਏਨਾ ਜਿਆਦਾ ਕੁਦਰਤੀ ਹੈ ਕਿ ਲਗਦਾ ਹੀ ਨਹੀਂ ਕਿ ਸਾਰੇ ਜਨੇ ਐਕਟਿੰਗ ਕਰ ਰਹੇ ਨੇ....

ਹਰ ਕਿਰਦਾਰ ਦੀ ਸਕਰੀਨ ਉਪਰ ਐਂਟਰੀ ਮਜੇਦਾਰ ਲਗਦੀ ਹੈ....ਤੇ ਉਹਨਾਂ ਦੇ ਵੱਖਰੇ ਸੁਭਾਅ ਅਤੇ ਡਾਇਲਾਗ ਡਿਲੀਵਰੀ ਡਰਾਮੇ ਚ ਫਲੇਵਰ ਕਾਇਮ ਰੱਖਦੀ ਹੈ....ਇਹ ਨਹੀਂ ਹੈ ਕਿ ਕਿਸੇ ਇਕ ਕਲਾਕਾਰ ਲਈ ਥੰਬਸ ਅੱਪ ਕੀਤਾ ਜਾਵੇ ਤੇ ਦੂਜੇ ਲਈ ਡਾਉਣ ਕਰ ਦਿੱਤਾ ਜਾਵੇ...ਸਭ ਦਾ ਕੰਮ ਇਕੋ ਜਿਹਾ ਸੋਹਣਾ ਹੈ....



ਪੁਲਿਸ ਤਫਤੀਸ਼ ਦੀਆਂ ਬਾਰੀਕੀਆਂ ਨੂੰ ਦੇਖ ਕੇ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਸਭ ਪੁਲਿਸ ਦੀ ਮਦਦ ਦੇ ਬਗੈਰ ਤਿਆਰ ਨਹੀਂ ਕੀਤਾ ਜਾ ਸਕਦਾ ਸੀ....ਮੇਰੇ ਕੁਛ ਫਬ ਮਿੱਤਰਾਂ ਦੇ ਅਨੁਸਾਰ ਇਸ ਸੀਰੀਜ਼ ਦੇ ਨਿਰਦੇਸ਼ਕ ਦਿੱਲੀ ਪੁਲਿਸ ਦੇ ਰਿਸ਼ਤੇਦਾਰ ਸੀ ਤੇ ਉਹਨਾਂ ਨੂੰ ਇਸ ਸੀਰੀਜ਼ ਰਾਹੀਂ ਇਹ ਜਿੰਮੇਦਾਰੀ ਮਿਲੀ ਸੀ ਕਿ ਓਹ ਪੁਲਿਸ ਦੀ ਇਮੇਜ ਨੂੰ ਸੁਧਾਰ ਕੇ ਪੇਸ਼ ਕਰਨ....

ਹਾਲਾਂਕਿ ਉਪਰਲੀ ਗੱਲ ਚ ਕਿੰਨੀ ਸਚਾਈ ਹੈ ਇਹ ਮੈਂ ਨਹੀਂ ਜਾਣਦਾ ਪਰ ਹਾਂ ਪੁਲਿਸ ਕਿਸੇ ਨੂੰ ਫੜ੍ਹੇ ...ਖਾਸ ਕਰਕੇ ਕਿਸੇ ਗਰੀਬ ਮੁਜ਼ਰਿਮ ਨੂੰ ਤੇ ਉਸਦੇ ਨਾਲ ਸੁਆਲ ਜੁਆਬ ਕਰਨ ਲੱਗੇ ਉਸਦੇ ਨਾਲ ਮਾਰ ਕੁੱਟ ਨਾ ਕਰੇ ਇਹ ਗੱਲ ਹਜ਼ਮ ਨਹੀਂ ਹੁੰਦੀ....ਜਦੋਂ ਕਿ ਇਸ ਸੀਰੀਜ਼ ਵਿਚ ਪੁਲਿਸ ਨੂੰ ਮਾਰ ਕੁੱਟ ਕਰਨ ਦੀ ਬਜਾਏ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਹੀ ਪੁੱਛਗਿੱਛ ਕਰਦੇ ਵਿਖਾਇਆ ਗਿਆ ਹੈ...






ਇਸ ਕਰਕੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਸੀਰੀਜ਼ ਪੁਲਿਸ ਦੀ ਓਹ ਇਮੇਜ ਹੀ ਦਿਖਾ ਰਹੀ ਹੁੰਦੀ ਹੈ ਜੋ ਅਸਲੀ ਲਾਈਫ ਚ ਆਪਾਂ ਨੂੰ ਬੜੀ ਘਟ ਵਾਰ ਨਜ਼ਰ ਆਉਂਦੀ ਹੈ....

ਪਰ ਇਕ ਗੱਲ ਜੋ ਇਸ ਸੀਰੀਜ਼ ਨੂੰ ਦੇਖਣ ਤੋਂ ਬਾਦ ਫੀਲ ਹੋਈ ਤੇ ਆਪਾਂ ਬਿਨਾਂ ਇਹ ਸੀਰੀਜ਼ ਦੇਖੇ ਵੀ ਜਾਣਦੇ ਹਾਂ ਕਿ ਪੁਲਿਸ ਉਪਰ ਲੀਡਰਾਂ ਦਾ ਕਿੰਨਾ ਦਬਾਅ ਹੁੰਦਾ ਹੈ....

ਆਮ ਜੇਹੇ ਮਾਮੂਲੀ ਘਰਾਂ ਦੇ ਬਲਾਤਕਾਰੀਆਂ ਨੂੰ ਫੜਨ ਲਈ ਪੁਲਿਸ ਨੂੰ ਏਨੇ ਔਖੇ ਰਾਹਾਂ ਚੋਂ ਲੰਘਣਾ ਪਿਆ ਹੋਵੇ...ਉਹਨਾਂ ਖਿਲਾਫ ਕੇਸ ਤਿਆਰ ਕਰਨ ਲਈ ਏਨੇ ਪਾਪੜ ਵੇਲਣੇ ਪਏ ਹੋਣ...ਉਥੇ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜੇ ਬਲਾਤਕਾਰੀ ਵੱਡੇ ਲੋਕ ਹੋਣ ਅਮੀਰ ਲੋਕ ਹੋਣ ਤਾਂ ਰੇਪ ਦੀ ਸ਼ਿਕਾਰ ਹੋਈ ਕੁੜੀ ਲਈ ਇਨਸਾਫ ਲੈ ਸਕਣਾ ਕਿੰਨਾ ਔਖਾ ਹੁੰਦਾ ਹੋਵੇਗਾ....

ਸ਼ੋਅ ਵਿਚ ਉਹ ਸਭ ਚੀਜ਼ਾਂ ਨੂੰ ਦਰਕਿਨਾਰ ਕੀਤਾ ਗਿਆ ਹੈ ਜੋ ਕਿਤੇ ਨਾ ਕਿਤੇ ਪੁਲਿਸ ਦੀ ਇਮੇਜ ਨੂੰ ਖਰਾਬ ਕਰਦੀਆਂ ਨੇ....ਜਿਵੇਂ ਕਿ ਪ੍ਰਦਰਸ਼ਨਕਾਰੀਆਂ ਉਪਰ ਡਾਂਗਾਂ ਸੋਟੇ ਵਰਾਉਣੇ ਜਾਂ ਪਾਣੀ ਦੀਆਂ ਬੌਛਾਰਾਂ ਛਡਣਾ...ਇਹ ਸਭ ਦਿਖਾਇਆ ਜਰੂਰ ਗਿਆ ਹੈ ਪਰ ਨਾ-ਮਾਤਰ ਜੇਹਾ...ਤੇ ਇਸ ਤਰੀਕੇ ਨਾਲ ਕਿ ਇਥੇ ਵੀ ਪੁਲਿਸ ਦਾ ਇਹ ਸਭ ਕਰਨਾ ਜਾਇਜ਼ ਸਾਬਤ ਹੋਵੇ....



ਇਕ ਵਾਰ ਫੇਰ ਜੇ ਸਿਰਫ ਡਰਾਮੇ ਦੀ ਗੱਲ ਕਰੀਏ...ਤਾਂ ਇਹ ਬਹੁਤ ਸ਼ਾਨਦਾਰ ਹੈ....ਕਸਿਆ ਹੋਇਆ ਸਕ੍ਰੀਨਪਲੇ....ਦਿਲਚਸਪ ਸਕ੍ਰਿਪਟ....ਤੇ ਬੜੇ ਵਧੀਆ ਡਿਆਲੋਗਸ ਇਸ ਨੂੰ ਦੇਖਣਯੋਗ ਬਣਾਉਂਦੇ ਨੇ....ਇਹ ਸੀਰੀਜ਼ ਨਾ ਕਿਤੇ ਕਾਹਲੀ ਨਾਲ ਅੱਗੇ ਵਧਦਾ ਲਗਿਆ ਹੈ ਨਾ ਜਾਣ ਬੁਝ ਕੇ ਲਮਕਾਇਆ ਗਿਆ ਹੈ...

ਬੱਸ ਨੂੰ ਲੱਭਣ ਲਈ ਪਲਾਨ ਤਿਆਰ ਕਰਨਾ...ਤੇ ਮੁਜ਼ਰਮਾਂ ਨੂੰ ਫੜਨ ਵਾਲੇ ਸਾਰੇ ਸੀਨ ਬੜੇ ਜਿਆਦਾ ਵਧੀਆ ਬਣੇ ਨੇ....ਇਹ ਸਭ ਕਿਸੇ ਜਸੂਸੀ ਨਾਵਲ ਨੂੰ ਪੜ੍ਹਨ ਵਰਗਾ ਅਹਿਸਾਸ ਹੈ....



ਇਹ ਵੀ ਇਕ ਤੱਸਲੀ ਵਾਲੀ ਗੱਲ ਰਹੀ ਕਿ ਇਸਦੇ ਵਿਚ ਰੇਪ ਨੂੰ ਲੈ ਕੇ ਚਰਚਾ ਨਹੀਂ ਛੇੜੀ ਗਈ ਜਾਂ ਕੁੜੀਆਂ ਲਈ ਕੋਈ ਸਲਾਹਾਂ ਦੇਣ ਟਾਈਪ ਡਾਇਲੋਗ ਨਹੀਂ ਬੁਲਵਾਏ ਗਏ...ਨਹੀਂ ਤਾਂ ਇਹ ਸਭ ਇਸ ਸ਼ੋਅ ਨੂੰ ਕਿਸੇ ਹੋਰ ਪਾਸੇ ਲੈ ਜਾ ਸਕਦਾ ਸੀ.. 






ਸ਼ੋਅ ਦਾ ਬੈਕਗਰਾਊਂਡ ਸੰਗੀਤ ਸਕੂਨ ਦੇਣ ਵਾਲਾ ਹੈ...ਤੇ ਤਾਜ਼ਗੀ ਮਹਿਸੂਸ ਕਰਵਾਉਂਦਾ ਹੈ...

ਜਦੋਂ ਵੀ ਅਊਟਡੋਰ ਸੀਨ ਆਉਂਦਾ ਹੈ...ਕੋਈ ਨਾ ਕੋਈ ਪੁਰਾਣਾ ਫ਼ਿਲਮੀ ਗਾਣਾ ਵਜਦਾ ਦਿਖਾਇਆ ਗਿਆ ਹੈ....ਪਰ ਜਦੋਂ ਪੁਲਿਸ ਵਾਲੇ ਤਫਤੀਸ਼ ਲਈ ਰਾਜਸਥਾਨ ਦੇ ਪਿਛੜੇ ਜਿਹੇ ਪਿੰਡਾਂ ਚ ਜਾਂਦੇ ਨੇ ਤਾਂ ਵੀ ਪੁਰਾਣੇ ਹਿੰਦੀ ਗਾਣੇ ਹੀ ਵੱਜਦੇ ਸੁਣਦੇ ਨੇ...ਜਦੋਂ ਕਿ ਅਸਲੀ ਜ਼ਿੰਦਗੀ ਚ ਕਿਸੇ ਵੀ ਪਿੰਡਾਂ ਚ ਜਾਓ ਤਾਂ ਜਿਆਦਵਾਰ ਉਸ ਇਲਾਕੇ ਦਾ ਗਾਣਾ ਵਜਾਨਾ ਚੱਲਦਾ ਹੈ...

ਇਸ ਕਰਕੇ ਵੀ ਪਿਛੋਕੜ ਚ ਵਜਦਾ ਇਹ ਓਲ੍ਡ ਸੌਂਗ ਵਾਲਾ ਥੀਮ ਇਕ ਦੋ ਵਾਰ ਤੋਂ ਬਾਦ ਨਕਲੀ ਜੇਹਾ ਲਗਣ ਲੱਗ ਜਾਂਦਾ ਹੈ...



ਇਹ ਸ਼ੋਅ ਰੇਪ ਉਪਰ ਬਣੇ ਹੋਣ ਦੇ ਬਾਵਜੂਦ ਵੀ ਪਰਿਵਾਰ ਵਿਚ ਬੈਠ ਕੇ ਦੇਖਿਆ ਜਾ ਸਕਦਾ ਹੈ....ਕਿਤੇ ਵੀ ਵਲਗਰ ਭਾਸ਼ਾ ਦੀ ਵਰਤੋ ਨਹੀਂ ਹੈ...ਪਰ ਹਾਂ...ਕੁਛ ਇਕ ਥਾਵਾਂ ਤੇ ਗਾਲਾਂ ਦੀ ਵਰਤੋਂ ਹੈ....ਪਰ ਇਹ ਬਹੁਤ ਜਿਆਦਾ ਨਹੀਂ ਹੈ...ਇਸ ਕਰਕੇ ਅਸਹਿਜ਼ ਨਹੀਂ ਫੀਲ ਹੁੰਦਾ...



ਇਸ ਸੀਰੀਜ਼ ਨੂੰ ਜੇ ਤਾਂ ਤੁਸੀਂ ਅਸਲੀ ਘਟਨਾਵਾਂ ਦਾ ਸੱਚਾ ਦਸਤਾਵੇਜ਼ ਸਮਝ ਕੇ ਦੇਖਣ ਦੇ ਇੱਛੁਕ ਹੋ ਤਾਂ ਫੇਰ ਇਹ ਤੁਹਾਨੂੰ ਇਕ ਤਰਫਾ ਲੱਗ ਸਕਦਾ ਹੈ...ਪਰ ਜੇ ਇਸਨੂੰ ਸਿਰਫ ਤੇ ਸਿਰਫ ਮਨੋਰੰਜਨ ਲਈ ਦੇਖਣ ਜਾਓਗੇ ਤਾਂ ਇਹ ਇਕ ਸ਼ਾਨਦਾਰ ਸ਼ੋਅ ਹੈ...

ਰੇਟਿੰਗ - 3.5/5

ਹਰਪਾਲਸਿੰਘ